ਮੋਦੀ ਨੇ ਅਕਾਲੀਆਂ ਨੂੰ ਅੰਗੂਠਾ ਦਿਖਾਇਆ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਪਹਿਲੇ ਦੌਰੇ ‘ਤੇ ਆਏ ਨਰੇਂਦਰ ਮੋਦੀ, ਸੂਬੇ ਨੂੰ ਕੋਈ ਵਿੱਤੀ ਰਾਹਤ ਦੇਣ ਦੀ ਥਾਂ ਅੰਗੂਠਾ ਵਿਖਾ ਕੇ ਚੱਲਦੇ ਬਣੇ; ਹਾਂਲਾਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਲੰਮੀਆਂ-ਚੌੜੀਆਂ ਲਿਸਟਾਂ ਬਣਾਈਆਂ ਹੋਈਆਂ ਸਨ ਪਰ ਸ੍ਰੀ ਮੋਦੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਹੀ ਗਿਣਾਉਂਦੇ ਰਹੇ ਤੇ ਜਾਂਦੇ-ਜਾਂਦੇ ਬਾਦਲ ਸਰਕਾਰ ਨੂੰ ਨਸੀਹਤਾਂ ਦੇ ਗਏ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ੍ਰੀ ਮੋਦੀ ਨੇ ਇਹ ਪੈਂਤੜਾ ਅਕਾਲੀ ਦਲ ਨੂੰ ਸਿਆਸੀ ਪਿੜ ਵਿਚ ਪਿੱਛੇ ਧੱਕਣ ਅਤੇ ਭਾਜਪਾ ਨੂੰ ਅੱਗੇ ਰੱਖਣ ਦੇ ਹਿਸਾਬ ਨਾਲ ਲਿਆ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਕਾਲੀਆਂ ਤੇ ਪੰਜਾਬ ਭਾਜਪਾਈਆਂ ਵਲੋਂ ਮੋਦੀ ਦਾ ਦੌਰਾ ਆਪਣੇ ਨਾਂ ਕਰਨ ਦੀ ਦੌੜ ਲੱਗ ਗਈ ਸੀ। ਸ਼ ਬਾਦਲ ਨੇ ਮੋਦੀ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੇ ਦਿਹਾੜੇ ‘ਤੇ ਖਟਕੜ ਕਲਾਂ ਆਉਣ ਦਾ ਸੱਦਾ ਦਿੱਤਾ ਸੀ, ਪਰ ਐਨ ਮੌਕੇ ‘ਤੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਮੋਦੀ ਨੂੰ ਪੱਤਰ ਲਿਖ ਕੇ ਇਹ ਰੂਟ ਹੁਸੈਨੀਵਾਲੇ ਵੱਲ ਮੋੜ ਦਿੱਤਾ। ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਮੋਦੀ ਤੋਂ ਪਹਿਲਾਂ ਭਾਸ਼ਣ ਦੇਣ ਉਠੇ ਮੁੱਖ ਮੰਤਰੀ ਬਾਦਲ ਨੇ ਗੱਲਾਂ-ਗੱਲਾਂ ਵਿਚ ਸੂਬੇ ਲਈ ਮੰਗਾਂ ਦੀ ਲੰਮੀ-ਚੌੜੀ ਲਿਸਟ ਪੜ੍ਹ ਸੁਣਾਈ, ਪਰ ਮੋਦੀ ਨੇ ਆਪਣੇ 37 ਮਿੰਟ ਦੇ ਭਾਸ਼ਣ ਵਿਚ ਇਨ੍ਹਾਂ ਮੰਗਾਂ ਵੱਲ ਗੌਰ ਕਰਨ ਦੀ ਥਾਂ ਨਵੇਂ ਭੋਂ ਪ੍ਰਾਪਤੀ ਬਿੱਲ ਦੇ ਫਾਇਦੇ ਗਿਣਾਉਂਦਿਆਂ ਸਮਾਂ ਲੰਘਾ ਦਿੱਤਾ। ਭੋਂ ਪ੍ਰਾਪਤੀ ਬਿੱਲ ਨੂੰ ਲੈ ਕੇ ਕਿਸਾਨ ਦੇਸ਼ ਭਰ ਵਿਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਮੋਦੀ ਦੇ ਦੌਰੇ ਦੌਰਾਨ ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਵੀ ਪੰਜਾਬ ਆਏ ਹੋਏ ਸਨ ਜੋ ਕਿਸਾਨਾਂ ਨੂੰ ਇਸ ਬਿੱਲ ਖਿਲਾਫ ਲਾਮਬੰਦ ਕਰ ਰਹੇ ਹਨ।
ਮੁੱਖ ਮੰਤਰੀ ਬਾਦਲ ਨੇ ਨਾ ਸਿਰਫ ਪਾਕਿਸਤਾਨ ਨਾਲ ਲੱਗਦੀਆਂ ਹੁਸੈਨੀਵਾਲਾ ਤੇ ਫਾਜ਼ਿਲਕਾ ਦੀਆਂ ਸਰਹੱਦਾਂ ਨੂੰ ਦੁਵੱਲੇ ਵਪਾਰ ਲਈ ਖੋਲ੍ਹੇ ਜਾਣ ਦੀ ਮੰਗ ਕੀਤੀ, ਸਗੋਂ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਤਾਰੋਂ ਪਾਰਲੀ ਜ਼ਮੀਨ ‘ਤੇ ਕੇਂਦਰ ਵਲੋਂ ਦਿੱਤੀ ਜਾਂਦੀ ਆਰਥਿਕ ਸਹਾਇਤਾ ਨੂੰ ਮੁੜ ਚਾਲੂ ਕਰਨ ਤੇ ਵਧਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ ਬਾਦਲ ਨੇ ਸੂਬਾਈ ਤੇ ਕੇਂਦਰੀ ਪ੍ਰਾਜੈਕਟਾਂ ਲਈ ਜ਼ਮੀਨ ਪ੍ਰਾਪਤੀ ਦਾ ਮਸਲਾ ਭਾਰਤ ਸਰਕਾਰ ਨੂੰ ਸੂਬਿਆਂ ‘ਤੇ ਛੱਡਣ ਦੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਆਪਣੇ ਭਾਸ਼ਣ ਦੇ ਅੰਤ ਤੱਕ ਇਸ ਸਰਹੱਦੀ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ ਦਾ ਕੋਈ ਐਲਾਨ ਨਹੀਂ ਕੀਤਾ। ਸ੍ਰੀ ਮੋਦੀ ਨੇ ਸਿਰਫ਼ ਅੰਮ੍ਰਿਤਸਰ ਵਿਚ ‘ਸ਼ਹੀਦ ਭਗਤ ਸਿੰਘ ਪੋਸਟ ਗਰੈਜੁਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਐਂਡ ਰਿਸਰਚ ਸੈਂਟਰ’ ਖੋਲ੍ਹਣ ਦਾ ਹੀ ਐਲਾਨ ਕੀਤਾ। ਸ਼ ਬਾਦਲ ਨੂੰ ਪ੍ਰਧਾਨ ਮੰਤਰੀ ਨੇ ਸਿਰਫ਼ ਭਰੋਸਾ ਹੀ ਦਿੱਤਾ ਕਿ ਉਨ੍ਹਾਂ ਵਲੋਂ ਰੱਖੀਆਂ ਗਈਆਂ ਮੰਗਾਂ ‘ਤੇ ਕੇਂਦਰ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ। ਪੰਜਾਬ ਤੇ ਖਾਸਕਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਵੱਡੀਆਂ ਆਸਾਂ ਸਨ ਪਰ ਉਨ੍ਹਾਂ ਵਲੋਂ ਕੋਈ ਖਾਸ ਐਲਾਨ ਨਾ ਕਰਨ ਤੇ ਸ਼ਬਦਾਂ ਨਾਲ ਹੀ ਡੰਗ ਸਾਰ ਦੇਣ ਨਾਲ ਰੈਲੀ ਵਿਚ ਪਹੁੰਚੇ ਲੋਕਾਂ ਦੇ ਚਿਹਰੇ ਮਾਯੂਸ ਦੇਖੇ ਗਏ।
ਦੱਸਣਯੋਗ ਹੈ ਕਿ ਬਾਦਲ ਸਰਕਾਰ ਨੂੰ ਕੇਂਦਰ ਵਿਚ ਭਾਈਵਾਲਾਂ ਦੀ ਸਰਕਾਰ ਆਉਣ ਪਿਛੋਂ ਵੱਡੀਆਂ ਉਮੀਦਾਂ ਸਨ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੁਣ ਤੱਕ ਅਣਗੌਲਿਆ ਹੀ ਕੀਤਾ ਹੋਇਆ ਹੈ। ਬਾਦਲ ਵਲੋਂ ਸੂਬੇ ਨੂੰ ਵਿਸ਼ੇਸ਼ ਰਾਹਤ ਦੀਆਂ ਮੰਗਾਂ ਵਾਰ-ਵਾਰ ਰੱਦ ਕਰ ਦਿੱਤੀਆਂ ਗਈਆਂ। ਹੁਣ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਿਚ ਪੰਜਾਬ ਨੂੰ ਲੋੜਵੰਦ ਰਾਜਾਂ ਦੀ ਸੂਚੀ ਵਿਚੋਂ ਬਾਹਰ ਕੱਢਣ ਨਾਲ ਸੂਬੇ ਨੂੰ ਵੱਡਾ ਰਗੜਾ ਲੱਗਾ ਹੈ। ਸੂਬੇ ਨੂੰ ਹਰ ਸਾਲ ਮਿਲਣ ਵਾਲੀ ਤਿੰਨ ਹਜ਼ਾਰ ਕਰੋੜ ਰੁਪਏ ਦੀ ਮਾਲੀ ਘਾਟਾ ਗ੍ਰਾਂਟ ਬੰਦ ਹੋ ਜਾਵੇਗੀ ਤੇ ਕੇਂਦਰੀ ਗ੍ਰਾਂਟ ਵਿਚੋਂ 732æ97 ਕਰੋੜ ਰੁਪਏ ਦੀ ਹਿੱਸੇਦਾਰੀ ਘੱਟ ਹੋ ਗਈ ਹੈ। ਪੰਜਾਬ ਸਰਕਾਰ ਦੀ ਵਿੱਤੀ ਹਾਲਤ ਵੀ ਠੀਕ ਨਹੀਂ ਹੈ ਤੇ ਸਰਕਾਰ ਨੇ ਅੱਠ ਸਾਲਾਂ ਦੌਰਾਨ 94,000 ਕਰੋੜ ਦਾ ਕਰਜ਼ਾ ਲਿਆ ਹੈ। ਸਰਕਾਰ ਸਿਰ ਕਰਜ਼ੇ ਦਾ ਭਾਰ ਅਗਲੇ ਮਾਲੀ ਸਾਲ ਦੇ ਅੰਤ ਤੱਕ 1 ਲੱਖ 25 ਹਜ਼ਾਰ ਕਰੋੜ ਰੁਪਏ ਹੋ ਜਾਵੇਗਾ। ਅਜਿਹੇ ਹਾਲਾਤ ਵਿਚ ਬਾਦਲ ਸਰਕਾਰ ਨੂੰ ਮੋਦੀ ਦੌਰੇ ਤੋਂ ਵੱਡੀਆਂ ਉਮੀਦਾਂ ਸਨ ਤੋਂ ਢਹਿ-ਢੇਰੀ ਹੋ ਗਈਆਂ।
ਨਸ਼ਿਆਂ ਬਾਰੇ ਚੁੱਪ ਰਹੇ ਬਾਦਲ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਅਕਾਲੀ ਦਲ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਬਾਰੇ ਚੁੱਪ ਹੀ ਰਿਹਾ ਜਦਕਿ ਸ਼ ਬਾਦਲ ਇਸ ਤੋਂ ਪਹਿਲਾਂ ਸਰਹੱਦ ‘ਤੇ ਹੁੰਦੀ ਨਸ਼ਾ ਤਸਕਰੀ ਦਾ ਮੁੱਦਾ ਲਗਾਤਾਰ ਚੁੱਕ ਰਹੇ ਹਨ। ਮੋਦੀ ਦੀ ਸਰਹੱਦੀ ਖੇਤਰ ਦੇ ਦੌਰੇ ਵਾਲੇ ਦਿਨ ਹੀ ਸਰਹੱਦ ਉਤੇ ਡੇਰਾ ਬਾਬਾ ਨਾਨਕ ਨੇੜੇ ਬੀæਐਸ਼ਐਫ਼ ਵਲੋਂ 90 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਹੈ। ਇਸ ਦੇ ਬਾਵਜੂਦ ਇਹ ਮੁੱਦਾ ਅਣਗੌਲਿਆ ਹੀ ਰਹਿ ਗਿਆ। ਹਾਲਾਂਕਿ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨੇ ਸੂਬੇ ਵਿਚ ਨਸ਼ਿਆਂ ਦਾ ਮਾਮਲਾ ਉਠਾਉਂਦੇ ਹੋਏ ਸਰਹੱਦ ਪਾਰੋਂ ਹੋ ਰਹੀ ਤਸਕਰੀ ਨੂੰ ਰੋਕਣ ਦੀ ਮੰਗ ਉਠਾਈ ਪਰ ਮੋਦੀ ਨੇ ਆਪਣੇ ਭਾਸ਼ਣ ਵਿਚ ਇਸ ਮੁੱਦੇ ਨੂੰ ਛੋਹਣ ਤੋਂ ਗੁਰੇਜ਼ ਹੀ ਕੀਤਾ।
______________________________________
ਸਿੱਖ ਮੁੱਦਿਆਂ ‘ਤੇ ਵੀ ਮਿਲਿਆ ਗੋਲਮੋਲ ਜਵਾਬ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਸ਼੍ਰੋਮਣੀ ਕਮੇਟੀ ਨੇ ਸਿੱਖ ਮੁੱਦੇ ਚੁੱਕੇ। ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਈ, ਵਿਦੇਸ਼ਾਂ ਵਿਚ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ, ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਜ਼ਰੂਰੀ ਦਸਤਾਵੇਜ਼ ਤੇ ਹੋਰ ਅਹਿਮ ਸਾਮਾਨ ਜੋ ਫੌਜ ਆਪਣੇ ਨਾਲ ਲੈ ਗਈ ਸੀ, ਵਾਪਸ ਕਰਨ ਬਾਰੇ ਮੰਗ ਕੀਤੀ। ਸ੍ਰੀ ਮੋਦੀ ਇਨ੍ਹਾਂ ਮੰਗਾਂ ਬਾਰੇ ਕਾਨੂੰਨੀ ਅੜਿੱਕੇ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਗਏ।