ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚਰਚਿਤ ‘ਮੋਦੀ ਲਹਿਰ’ ਦੇ ਉਤਰਾਅ ਦੀ ਇਕ ਹੋਰ ਝਾਕੀ ਪੰਜਾਬ ਵਿਚ ਦੇਖਣ ਨੂੰ ਮਿਲ ਗਈ। ਉਹ 23 ਮਾਰਚ ਦੇ ਸ਼ਹੀਦਾਂ- ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਨੂੰ ਸ਼ਰਧਾਂਜਲੀ ਦੇਣ ਹੁਸੈਨੀਵਾਲਾ ਅੱਪੜਿਆ ਸੀ ਅਤੇ ਉਥੇ ਉਹਦਾ ਸਵਾਗਤ ਪੰਡਾਲ ਵਿਚ ਖਾਲੀ ਪਈਆਂ ਕੁਰਸੀਆਂ ਨਾਲ ਹੋਇਆ।
ਭਾਸ਼ਨਕਾਰ ਵਜੋਂ ਮਸ਼ਹੂਰ ਮੋਦੀ ਇਸ ਸਮਾਗਮ ਦੌਰਾਨ ਠੁੱਕਦਾਰ ਭਾਸ਼ਨ ਵੀ ਨਾ ਦੇ ਸਕਿਆ। ਇਸ ਤੋਂ ਪਹਿਲਾਂ ਮੀਡੀਆ ਵਿਚ ਅਤੇ ਫੇਸਬੁੱਕ ਆਦਿ ਉਤੇ ਵੀ ਉਹਦੇ ਖਿਲਾਫ ਟਿੱਪਣੀਆਂ ਦਾ ਹੜ੍ਹ ਆਇਆ ਰਿਹਾ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ‘ਮੋਦੀ ਲਹਿਰ’ ਦੀ ਫੂਕ ਹੁਣ ਨਿਕਲੀ ਸੀ। ਸਭ ਨੂੰ ਚੇਤੇ ਹੋਵੇਗਾ ਕਿ ਮੋਦੀ ਨੇ ਆਪਣੀ ਲੋਕ ਸਭਾ ਚੋਣ ਮੁਹਿੰਮ ਦਾ ਆਗਾਜ਼ ਪੰਜਾਬ ਤੋਂ ਕੀਤਾ ਸੀ। ਉਦੋਂ ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਹ ਬੰਦਾ ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਪੰਜਾਬ ਪੁੱਜੇਗਾ। ਸਿਆਸੀ ਮਾਹਿਰਾਂ ਅਤੇ ਪੱਤਰਕਾਰਾਂ ਦੀਆਂ ਗਿਣਤੀਆਂ-ਮਿਣਤੀਆਂ ਮੁਤਾਬਕ, ਕਿਸੇ ਵੀ ਸੂਰਤ ਵਿਚ ਭਾਜਪਾ ਦੀ ਅਗਵਾਈ ਵਾਲੇ ਐਨæਡੀæਏæ ਨੂੰ ਬਹੁਮਤ ਜੋਗੀਆਂ ਸੀਟਾਂ ਉਤੇ ਜਿੱਤ ਹਾਸਲ ਨਹੀਂ ਹੋਵੇਗੀ, ਪਰ ਜਿਉਂ-ਜਿਉਂ ਲੋਕ ਸਭਾ ਚੋਣਾਂ ਵਾਲੀਆਂ ਤਰੀਕਾਂ ਨੇੜੇ ਆਉਂਦੀਆਂ ਗਈਆਂ, ਹਾਲਾਤ ਬਦਲਦੇ ਰਹੇ। ਕਾਂਗਰਸ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਅਤੇ ਕਿਸੇ ਹੋਰ ਨਰੋਈ ਧਿਰ ਦੀ ਗੈਰ-ਹਾਜ਼ਰੀ ਵਿਚ ਐਨæਡੀæਏæ ਦੀ ਸਰਕਾਰ ਡੰਕੇ ਦੀ ਚੋਟ ਉਤੇ ਬਣ ਗਈ ਅਤੇ ਸਭ ਦੇ ਦੇਖਦਿਆਂ-ਦੇਖਦਿਆਂ ਤੇ ਬਹੁਤਿਆਂ ਦੇ ਨਾ ਚਾਹੁੰਦਿਆਂ ਵੀ ਨਰੇਂਦਰ ਮੋਦੀ ਨੇ ਭਾਰਤ ਦੀ ਵਾਗਡੋਰ ਸੰਭਾਲ ਲਈ। ਨਰੇਂਦਰ ਮੋਦੀ, ਭਾਰਤੀ ਜਨਤਾ ਪਾਰਟੀ ਅਤੇ ਆਰæਐਸ਼ਐਸ਼ ਦੀ ਜੋ ਸਿਆਸਤ ਹੈ, ਉਸ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਇਹ ਲੋਕ ਭਾਰਤ ਉਤੇ ਆਪਣੀ ਵਿਸ਼ੇਸ਼ ਵਿਚਾਰਧਾਰਾ ਥੋਪਣ ਲੱਗੇ ਹੋਏ ਹਨ। ਇਹ ਉਹੀ ਵਿਚਾਰਧਾਰਾ ਹੈ ਜਿਸ ਨੂੰ ਪਛਾੜਨ ਲਈ ਭਗਤ ਸਿੰਘ ਅਤੇ ਉਹਦੇ ਸੰਗੀ-ਸਾਥੀ ਸਾਰੀ ਉਮਰ ਲੱਗੇ ਰਹੇ। ਹਾਲਾਤ ਦਾ ਇਹ ਕੇਹਾ ਮੋੜ ਹੈ ਕਿ ਮੋਦੀ ਵਰਗਾ ਲੀਡਰ, ਇਨ੍ਹਾਂ ਉਚ ਦਮਾਲੜੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰ ਰਿਹਾ ਹੈ! ਇਸ ਤੋਂ ਹੀ ਭਾਰਤੀ ਆਵਾਮ ਦੀ ਹੋਣੀ ਦਾ ਪਤਾ ਲੱਗ ਜਾਂਦਾ ਹੈ।
23 ਮਾਰਚ ਦੇ ਸ਼ਹੀਦਾਂ ਅਤੇ ਇਨ੍ਹਾਂ ਦੇ ਸਾਥੀਆਂ ਦਾ ਭਾਰਤ ਦੀ ਆਜ਼ਾਦੀ ਦੇ ਘੋਲ ਵਿਚ ਵੱਖਰਾ ਅਤੇ ਵਿਲੱਖਣ ਸਥਾਨ ਹੈ। ਜਿਸ ਦੌਰ ਵਿਚ ਇਹ ਨੌਜਵਾਨ ਸਰਗਰਮ ਹੋਏ ਸਨ, ਉਸ ਸਮੇਂ ਭਾਰਤ ਵਿਚ ਸਿਆਸੀ, ਸਮਾਜਕ, ਕਲਾ ਤੇ ਧਾਰਮਿਕ ਖੇਤਰਾਂ ਵਿਚ ਵੱਡੀ ਉਥਲ-ਪੁਥਲ ਹੋ ਰਹੀ ਸੀ। ਇਨ੍ਹਾਂ ਨੌਜਵਾਨਾਂ ਨੇ ਮਹਾਤਮਾ ਗਾਂਧੀ ਦੀ ਸਿਆਸਤ ਨੂੰ ਮੁੱਢੋਂ-ਸੁੱਢੋਂ ਤਾਂ ਰੱਦ ਕੀਤਾ ਹੀ ਸੀ, ਇਸ ਦੇ ਐਨ ਬਰਾਬਰ ਬਦਲਵੀਂ ਸਿਆਸਤ ਦਾ ਨਗਾਰਾ ਵੀ ਵਜਾਇਆ ਸੀ। ਇਸ ਬਦਲਵੀਂ ਸਿਆਸਤ ਦੀ ਸੁਰ ਇੰਨੀ ਤੀਖਣ ਅਤੇ ਤੀਬਰ ਸੀ ਕਿ ਇਸ ਦੀ ਆਮਦ ਨੇ ਆਕਾਸ਼ ਗੂੰਜਾ ਦਿੱਤਾ। ਇਨ੍ਹਾਂ ਨੌਜਵਾਨਾਂ ਦੀਆਂ ਸਰਗਰਮੀਆਂ ਨੂੰ ਭਾਵੇਂ ਆਮ ਕਰ ਕੇ ਦਹਿਸ਼ਤਪਸੰਦੀ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ, ਪਰ ਉਸ ਦੌਰ ਅਤੇ ਇਨ੍ਹਾਂ ਨੌਜਵਾਨਾਂ ਦੀ ਸਿਆਸਤ ਨੂੰ ਜੇ ਰਤਾ ਕੁ ਗਹੁ ਨਾਲ ਵਾਚਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਹ ਸਿਆਸੀ ਪਿੜ ਵਿਚ ਕਿੰਨਾ ਵੱਡਾ ਦਖਲ ਦੇ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿਚੋਂ ਹੁਣ ਤੱਕ ਸਭ ਤੋਂ ਵੱਧ ਚਰਚਾ ਭਗਤ ਸਿੰਘ ਦੀ ਹੀ ਹੋਈ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਉਂਜ ਇਨ੍ਹਾਂ ਨੌਜਵਾਨਾਂ ਦੀ ਸਿਆਸਤ ਨੂੰ ਸਮਝਣ ਲਈ ਜੇ ਇਕੱਲੇ ਭਗਤ ਸਿੰਘ ਉਤੇ ਹੀ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਬੌਧਿਕ ਬੁਲੰਦੀ ਅਤੇ ਸਿਆਸਤ ਦੀ ਸਰਗਰਮੀ ਨੂੰ ਉਹ ਕਿਸ ਪੱਧਰ ‘ਤੇ ਲਿਜਾਣ ਬਾਰੇ ਸੋਚ ਰਹੇ ਸਨ। ਭਗਤ ਸਿੰਘ ਅਤੇ ਉਹਦੇ ਸਾਥੀਆਂ ਦੀਆਂ ਲਿਖਤਾਂ ਉਤੇ ਸਰਸਰੀ ਜਿਹੀ ਨਿਗ੍ਹਾ ਮਾਰਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਦੇ ਦਾਈਏ ਕਿੰਨੇ ਵੱਡੇ ਸਨ ਅਤੇ ਇਨ੍ਹਾਂ ਨੇ ਆਪਣੇ ਰਾਹਾਂ ਵਿਚ ਆਈਆਂ ਔਕੜਾਂ ਅਤੇ ਦੁਸ਼ਵਾਰੀਆਂ ਨਾਲ ਨਜਿੱਠਣ ਲਈ ਕੀ-ਕੀ ਤਰੱਦਦ ਕੀਤੇ। ਇਹ ਰਾਹ ਸੁਖਾਲੇ ਨਹੀਂ ਸਨ, ਸਗੋਂ ਇਨ੍ਹਾਂ ਨੌਜਵਾਨਾਂ ਨੇ ਪੈਰ-ਪੈਰ ‘ਤੇ ਸਿਆਸਤ ਦਾ ਨਵਾਂ ਰਾਹ ਬਣਾਉਣ ਦੇ ਯਤਨ ਕੀਤੇ। ਇਸੇ ਕਰ ਕੇ ਇਨ੍ਹਾਂ ਨੇ ਪ੍ਰੇਰਨਾ ਦਾ ਸਰੋਤ ਬਣਨ ਦੀ ਮੰਜ਼ਲ ਤੱਕ ਦਾ ਸਫਰ ਤੈਅ ਕੀਤਾ।
ਸੰਜੀਦਾ ਲੋਕਾਂ ਦੀ ਵਿਚਾਰ-ਚਰਚਾ ਵਿਚ ਇਹ ਨੁਕਤਾ ਸਦਾ ਹੀ ਮੁੱਖ ਰਿਹਾ ਹੈ ਕਿ ਸ਼ਹੀਦਾਂ ਅਤੇ ਜੁਝਾਰੂਆਂ ਨੇ ਆਜ਼ਾਦੀ ਦਾ ਜੋ ਸੁਪਨਾ ਲਿਆ ਸੀ, ਉਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਅਸਲ ਵਿਚ ਇਨ੍ਹਾਂ ਜੁਝਾਰੂਆਂ ਦਾ ਸੁਪਨਾ ਪੂਰਾ ਕਰਨ ਲਈ ਭਾਰਤੀ ਹਾਕਮ ਤੁਰੇ ਹੀ ਨਹੀਂ। ਭਾਰਤ ਵਰਗੇ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਦੇਸ ਵਿਚ ਇਕ ਲੀਹ-ਪਾੜੂ ਸਿਆਸਤ ਦੀ ਜ਼ਰੂਰਤ ਸੀ ਜਿਸ ਲਈ ਆਜ਼ਾਦੀ ਦੇ ਪ੍ਰਵਾਨੇ ਜੂਝਦੇ ਰਹੇ ਅਤੇ ਅੱਜ ਤੱਕ ਜੂਝ ਰਹੇ ਹਨ। ਇਹੀ ਕਾਰਨ ਹੈ ਕਿ ਜਦੋਂ ਨਰੇਂਦਰ ਮੋਦੀ ਵਰਗਾ ਚੁਣਿਆ ਹੋਇਆ ਸ਼ਾਸਕ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਤਾਂ ਸਹਿਵਨ ਹੀ ਆਮ ਲੋਕ, ਤਿੱਖੀਆਂ ਟਿੱਪਣੀਆਂ ਦੀ ਝੜੀ ਲਾਉਂਦਾ ਹੈ। ਇਹ ਟਿੱਪਣੀਆਂ ਅਸਲ ਵਿਚ ਉਸ ਜੁਰਅਤ ਦਾ ਹੀ ਹਿੱਸਾ ਹਨ ਜੋ ਗਾਹੇ-ਬਗਾਹੇ ਵੱਖ-ਵੱਖ ਸੰਘਰਸ਼ਾਂ ਦੇ ਰੂਪ ਵਿਚ ਦੇਖਣ ਨੂੰ ਮਿਲ ਜਾਂਦੀ ਹੈ। ਇਹ ਸਿਲਸਿਲਾ ਅਮੁੱਕ ਹੈ ਅਤੇ ਨਾਲੋ-ਨਾਲ ਚੱਲਦਾ ਹੈ। ਫਿਲਹਾਲ ਮੋਦੀ ਮਾਰਕਾ ਸਿਆਸਤ ਦਾ ਦੌਰ-ਦੌਰਾ ਹੈ, ਪਰ ਲੋਕ-ਟਿੱਪਣੀਆਂ ਦੀ ਤੀਖਣਤਾ ਦੱਸਦੀ ਹੈ ਕਿ ਚੰਗਿਆੜੀ ਬੁਝੀ ਨਹੀਂ ਹੈ। ਜਿਸ ਰੋਜ਼ ਕੁਰਬਾਨੀ ਨਾਲ ਲੈਸ ਨੌਜਵਾਨ ਸਿਆਸੀ ਪਿੜ ਵਿਚ ਡਟੇ, ਉਸੇ ਤਰ੍ਹਾਂ ਦਾ ਮਾਹੌਲ ਇਕ ਵਾਰ ਫਿਰ ਸਿਰਜਿਆ ਜਾਵੇਗਾ ਜਿਸ ਤਰ੍ਹਾਂ ਕਈ ਦਹਾਕੇ ਪਹਿਲਾਂ ਆਜ਼ਾਦੀ ਦੇ ਇਨ੍ਹਾਂ ਪ੍ਰਵਾਨਿਆਂ ਨੇ ਸਿਰਜਿਆ ਸੀ। ਇਸ ਮਾਹੌਲ ਦੇ ਆਪਣੇ ਅਤੇ ਵੱਖ-ਵੱਖ ਪੜਾਅ ਹਨ, ਪਰ ਇਨ੍ਹਾਂ ਦਾ ਮਕਸਦ ਇਕ ਹੀ ਹੈ। ਇਸ ਮਕਸਦ ਦਾ ਨਾੜੂਆ, ਆਵਾਮ ਦੀ ਹਰ ਪੱਧਰ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ। 23 ਮਾਰਚ ਦੇ ਸ਼ਹੀਦਾਂ ਨੇ ਇਹ ਮਾਹੌਲ ਸਿਰਜਣ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ, ਇਸੇ ਕਰ ਕੇ ਅਜਿਹਾ ਮਾਹੌਲ ਸਿਰਜਣ ਵਾਲਿਆਂ ਦਾ ਸਿਦਕ ਤੇ ਸਿਰੜ ਬਰਕਰਾਰ ਹੈ।