ਯਾਰੀ ਫਿਰ ਖੁਆਰੀ?

ਪਹਿਲਾਂ ਮਿੱਠੀਆਂ ਗੱਲਾਂ ਦੇ ਢੇਰ ਲਾਉਂਦੇ, ਫਿਰ ਬੋਲਦੇ ਜੀਭ ਨੂੰ ਟੁੱਕਦੇ ਨੇ।
ਪਲਕਾਂ ਰਾਹ ਦੇ ਵਿਚ ਵਿਛਾਉਣ ਵਾਲੇ, ਮੁੜ ਕੇ ਸਾਹਮਣੇ ਹੋਣ ਤੋਂ ਲੁਕਦੇ ਨੇ।
ਸੁਣ ਇਕ, ਹੁੰਗਾਰੇ ਸੀ ਚਾਰ ਭਰਦੇ, ਮਗਰੋਂ ‘ਹੂੰਅ’ ਵੀ ਕਹਿਣ ਤੋਂ ਉਕਦੇ ਨੇ।
ਫਹਿਆ ਮੋਹ ਦਾ ਜ਼ਖਮ ‘ਤੇ ਰੱਖਣਾ ਕੀ, ਆ ਕੇ ਗੁੱਸੇ ‘ਚ ਲੂਣ ਹੀ ਭੁੱਕਦੇ ਨੇ।
ਅੱਖਾਂ ਮੀਟ ਇਤਬਾਰ ਕਰ ਲੈਣ ਵਾਲੇ, ਗਲਤੀ ਕੀਤਿਆਂ ਬਿਨਾਂ ਹੀ ਠੁੱਕਦੇ ਨੇ।
ਮਿਲਦਾ ਹੋਊ ਕੀ ਇਨ੍ਹਾਂ ਨੂੰ ਰੱਬ ਜਾਣੇ, ਕੋਠੇ ਚਾੜ੍ਹ ਕੇ ਪੌੜੀ ਜੋ ਚੁੱਕਦੇ ਨੇ।