ਗੁਰੂ ਕੀ ਨਗਰੀ ‘ਤੇ ਮਿਹਰਬਾਨ ਹੋਈ ਪੰਜਾਬ ਸਰਕਾਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਲ 2015-16 ਦੇ ਬਜਟ ਵਿਚ ਸਿਫ਼ਤੀ ਦੇ ਘਰ ਅੰਮ੍ਰਿਤਸਰ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਣ ਦੀ ਫ਼ਰਾਖ਼ਦਿਲੀ ਜ਼ਰੂਰ ਦਿਖਾਈ ਹੈ। ਵਿੱਤ ਮੰਤਰੀ ਨੇ ਬਜਟ ਵਿਚ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਚ ਸੈਰ-ਸਪਾਟਾ ਤੇ ਵਿਰਾਸਤੀ ਸੱਭਿਆਚਾਰਕ ਕਾਰਜਾਂ ਲਈ 500 ਕਰੋੜ ਰੁਪਏ ਦੀ ਰਾਸ਼ੀ ਦਾ ਵਿਸ਼ੇਸ਼ ਉਪਬੰਧ ਕੀਤਾ ਹੈ।

ਇਸ ਰਕਮ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਡਿਉਢੀ ਵਿਚ ਐਂਟਰੈਂਸ ਪਲਾਜ਼ਾ ਦੀ ਉਸਾਰੀ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਟਾਊਨ ਹਾਲ ਤੇ ਹਾਲ ਗੇਟ ਦੇ ਆਲੇ-ਦੁਆਲੇ ਦੀ ਬਾਹਰੀ ਸਜਾਵਟ ਵਿਚ ਸੁਧਾਰ ਕਾਰਜ ਸ਼ਾਮਲ ਹਨ। ਗੁਰੂ ਕੀ ਨਗਰੀ ਨੂੰ ਸੈਰ-ਸਪਾਟਾ ਤੇ ਸੱਭਿਆਚਾਰ ਦੇ ਵਿਕਾਸ ਦੀ ਮੱਦ ਅਧੀਨ ਰੱਖੇ ਗਏ 500 ਕਰੋੜ ਰੁਪਏ ਵਿਚੋਂ ਭਗਵਾਨ ਬਾਲਮੀਕ ਦੇ ਤੀਰਥ ਸਥੱਲ, ਰਾਮਤੀਰਥ ਦੇ ਵਿਕਾਸ ਲਈ ਵੀ ਲੋੜੀਂਦੇ ਫੰਡ ਦਿੱਤੇ ਜਾਣਗੇ। ਇਸ ਤੋਂ ਇਲਾਵਾ ਏਸ਼ੀਅਨ ਵਿਕਾਸ ਪ੍ਰੋਜੈਕਟ ਅਧੀਨ ਸੈਰ-ਸਪਾਟੇ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ 398 ਕਰੋੜ ਰੁਪਏ ਦੇ ਪ੍ਰੋਗਰਾਮ ਵਿਚੋਂ ਵੀ ਅੰਮ੍ਰਿਤਸਰ ਨੂੰ ਵੱਡਾ ਹਿੱਸਾ ਮਿਲਣ ਦੀ ਆਸ ਹੈ ਕਿਉਂਕਿ ਇਸ ਪ੍ਰੋਜੈਕਟ ਵਿਚ ਰਾਮ ਬਾਗ਼ ਅਤੇ ਸਿੱਖ ਸੱਭਿਆਚਾਰ ਦੀ ਸੰਭਾਲ ਦੀ ਮੱਦ ਸ਼ਾਮਲ ਹੈ।
ਸੁਰੱਖਿਆ ਸੇਵਾਵਾਂ ਭਲਾਈ ਲਈ ਉਲੀਕੀਆਂ ਯੋਜਨਾਵਾਂ ਤਹਿਤ ਵੀ ਅੰਮ੍ਰਿਤਸਰ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਪੱਧਰ ਦਾ ਜੰਗੀ ਯਾਦਗਾਰੀ ਕੰਪਲੈਕਸ ਸਥਾਪਤ ਕੀਤਾ ਜਾਵੇਗਾ। 50 ਬਿਸਤਰਿਆਂ ਦਾ ਉੱਤਮ ਦਰਜੇ ਦਾ ਨਸ਼ਾ-ਮੁਕਤੀ ਕੇਂਦਰ ਵੀ ਸਾਲ 2015-16 ਵਿਚ ਕਾਰਜਸ਼ੀਲ ਹੋ ਜਾਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਹਦੂਦ ਦੇ ਸ਼ੁਰੂ ਵਿਚ ਹੀ ‘ਐਂਟਰੈਂਸ ਟੂ ਗੋਲਡਨ ਸਿਟੀ’ ਉਸਾਰਿਆ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਦੀ ਸ਼ੋਭਾ ਵਿਚ ਹੋਰ ਵਾਧਾ ਹੋਵੇਗਾ। ਪੰਜਾਬ ਸਰਕਾਰ ਦੇ ਬਜਟ ਤੋਂ ਪਹਿਲਾਂ ਕੇਂਦਰੀ ਬਜਟ ਵਿਚ ਭਾਵੇਂ ਪੰਜਾਬ ਦੇ ਪੱਲੇ ਨਿਰਾਸ਼ਾ ਹੀ ਪਈ ਸੀ, ਪਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਨਾਲ ਆਪਣਾ ਸਨੇਹ ਪ੍ਰਗਟ ਕਰਦਿਆਂ ਜੱਲਿਆਂਵਾਲਾ ਬਾਗ਼ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਦੇ ਨਾਲ-ਨਾਲ ਇਥੇ ਇਕ ਕੌਮੀ ਬਾਗ਼ਬਾਨੀ ਖੋਜ ਸੰਸਥਾ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਸੀ।
ਦੱਸਣਯੋਗ ਹੈ ਕਿ ਅਕਾਲੀ ਤੇ ਭਾਜਪਾ ਦੇ ਆਗੂਆਂ ਦੀ ਰੱਸਾਕਸ਼ੀ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਦੇ ਵਿਕਾਸ ਕਾਰਜ ਖੜੋਤ ਵਿਚ ਹਨ। ਕੁਝ ਸਾਲ ਪਹਿਲਾਂ ਹੀ ਲੱਖਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਬੱਸ ਅੱਡਾ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਸਫ਼ਾਈ ਪੱਖੋਂ ਸ਼ਹਿਰ ਦਾ ਹਾਲ ਬਹੁਤ ਹੀ ਮੰਦਾ ਹੈ।
ਦਹਾਕਾ ਪਹਿਲਾਂ ਡਾæ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਗੋਬਿੰਦਗੜ੍ਹ ਕਿਲਾ ਪੰਜਾਬ ਸਰਕਾਰ ਨੂੰ ਸੌਂਪਿਆ ਸੀ ਪਰ ਉਸਦੀ ਮੁਰੰਮਤ ਤੇ ਸਜਾਵਟ ਦਾ ਕੰਮ ਵੀ ਹਾਲੇ ਤੱਕ ਮੁਕੰਮਲ ਨਹੀਂ ਹੋਇਆ। ਜਲ੍ਹਿਆਂਵਾਲਾ ਬਾਗ਼, ਰਾਮਬਾਗ਼ ਤੇ ਕਈ ਹੋਰ ਇਤਿਹਾਸਕ ਵਿਰਾਸਤੀ ਸਥੱਲਾਂ ਨੂੰ ਸਰਕਾਰਾਂ ਨੇ ਸੰਭਾਲਣ ਦੀ ਥਾਂ ਵਪਾਰਕ ਮੰਤਵਾਂ ਲਈ ਵਰਤਣ ਦੇ ਮਨਸੂਬੇ ਘੜ ਲਏ ਸਨ ਭਾਵੇਂ ਕਿ ਇਹ ਭਾਰੀ ਲੋਕ ਵਿਰੋਧ ਕਾਰਨ ਸਫ਼ਲ ਨਹੀਂ ਹੋ ਸਕੇ। ਪਵਿੱਤਰ ਸ਼ਹਿਰ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਤਹਿਤ ਖ਼ਰਚੀ ਜਾ ਰਹੀ ਰਾਸ਼ੀ ਵਿਚ ਭ੍ਰਿਸ਼ਟਾਚਾਰ ਦੀਆਂ ਕਨਸੋਆਂ ਵੀ ਆਉਂਦੀਆਂ ਰਹਿੰਦੀਆਂ ਹਨ। ਇਸ ਸ਼ਹਿਰ ਦੀ ਹੋਟਲ ਸਨਅਤ ਪਹਿਲਾਂ ਹੀ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੈ।
ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ਦੀ ਵੀ ਕੇਂਦਰ ਸਰਕਾਰ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਵੀ ਸ਼ਹਿਰ ਦੀ ਕੌਮੀ ਤੇ ਕੌਮਾਂਤਰੀ ਮਹੱਤਤਾ ਦੇ ਮੁਤਾਬਿਕ ਵਿਕਾਸ ਨਹੀਂ ਹੋਇਆ। ਹੁਣ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਕਰਨ ਵਿਚ ਵਿਖਾਈ ਫਰਾਖਦਿਲੀ ਕਾਰਨ ਇਸ ਪਵਿੱਤਰ ਸ਼ਹਿਰ ਦੇ ਵਿਕਾਸ ਦੀ ਆਸ ਬੱਝੀ ਹੈ।
_____________________________________________
ਸ੍ਰੀ ਹਰਿਮੰਦਰ ਸਾਹਿਬ ਦੁਆਲੇ ਲੱਗਣਗੇ ਪ੍ਰਦੂਸ਼ਣ ਮਾਪਕ
ਜਲੰਧਰ: ਹਾਈਕੋਰਟ ਦੇ ਹੁਕਮਾਂ ਉਤੇ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਹਵਾ ਵਿਚ ਫੈਲਦੇ ਪ੍ਰਦੂਸ਼ਣ ਬਾਰੇ ਆਈæਆਈæਟੀæ ਦਿੱਲੀ ਦੇ ਵਿਗਿਆਨੀਆਂ ਤੋਂ ਅਧਿਐਨ ਕਰਵਾਏ ਜਾਣ ਮਗਰੋਂ ਉਨ੍ਹਾਂ ਦੀ ਸਿਫਾਰਸ਼ ‘ਤੇ ਇਸ ਪਵਿੱਤਰ ਸਥਾਨ ਦੇ ਆਲੇ ਦੁਆਲੇ ਪ੍ਰਦੂਸ਼ਣ ਨੂੰ ਮਾਪਣ ਲਈ ਯੰਤਰ ਲਾਇਆ ਜਾਵੇਗਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 1æ10 ਕਰੋੜ ਦੀ ਰਕਮ ਨਾਲ ਲੱਗਣ ਵਾਲੇ ਇਸ ਯੰਤਰ ਲਈ 55 ਲੱਖ ਰੁਪਏ ਪਿਛਲੇ ਸਾਲ ਹੀ ਦੇ ਦਿੱਤੇ ਸਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਿੱਸੇ ਦੇ 27æ 5 ਲੱਖ ਰੁਪਏ ਵੀ ਸਤੰਬਰ 2014 ਵਿਚ ਜਮ੍ਹਾਂ ਕਰਵਾ ਦਿੱਤੇ ਸਨ ਪਰ ਨਗਰ ਨਿਗਮ ਅੰਮ੍ਰਿਤਸਰ ਨੇ 27æ5 ਲੱਖ ਰੁਪਏ ਫੰਡਾਂ ਦੀ ਘਾਟ ਕਾਰਨ ਜਮ੍ਹਾਂ ਨਹੀਂ ਸੀ ਕਰਵਾਏ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਇਹ ਰਕਮ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ।
________________________________________________
ਅੰਮ੍ਰਿਤਸਰ ਸਮੇਤ 12 ਸ਼ਹਿਰ ਵਿਸ਼ੇਸ਼ ਵਿਕਾਸ ਲਈ ਚੁਣੇ
ਨਵੀਂ ਦਿੱਲੀ: ਅੰਮ੍ਰਿਤਸਰ, ਅਜਮੇਰ, ਅਮਰਾਵਤੀ, ਦਵਾਰਕਾ, ਗਾਯਾ, ਕਾਂਚੀਪੁਰਮ, ਮਥੁਰਾ, ਪੁਰੀ, ਵਾਰਾਨਸੀ, ਵੈਲਾਨਕਾਨੀ, ਕੇਦਾਰਨਾਥ ਤੇ ਕਾਮਖਿਆ ਸ਼ਹਿਰਾਂ ਦੀ ਤੀਰਥ ਸਥਾਨ ਪੁਨਰ ਨਿਰਮਾਣ ਤੇ ਅਧਿਆਤਮਿਕ ਪ੍ਰਗਤੀ ਮੁਹਿੰਮ ਤਹਿਤ ਵਿਕਾਸ ਲਈ ਚੋਣ ਕੀਤੀ ਗਈ ਹੈ। ਇਹ ਜਾਣਕਾਰੀ ਸਭਿਆਚਾਰ ਰਾਜ ਮੰਤਰੀ ਮਹੇਸ਼ ਸ਼ਰਮਾ ਨੇ ਇਕ ਪ੍ਰਸ਼ਨ ਦੇ ਲਿਖਤੀ ਉਤਰ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰੀ ਵਿਕਾਸ ਮੰਤਰਾਲੇ ਨੇ ਕੌਮੀ ਵਿਰਾਸਤ ਸ਼ਹਿਰ ਵਿਕਾਸ ਤੇ ਪ੍ਰਗਤੀ ਯੋਜਨਾ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪਹਿਲੇ ਪੜਾਅ ਤਹਿਤ ਉਕਤ 12 ਸ਼ਹਿਰਾਂ ਦੀ ਸ਼ਨਾਖਤ ਕੀਤੀ ਗਈ ਹੈ।