ਧੂਰੀ ਦੀ ਜ਼ਿਮਨੀ ਚੋਣ ਬਣੀ ਵੱਕਾਰ ਦਾ ਸਵਾਲ, ਬੱਝਿਆ ਸਿਆਸੀ ਪਿੜ

ਸੰਗਰੂਰ: ਧੂਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਸਰਗਰਮੀ ਫੜ ਲਈ ਹੈ। ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਅਤਿ ਨਜ਼ਦੀਕੀ ਤੇ ਤਿੰਨ ਵਾਰ ਵਿਧਾਇਕ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਇਸ ਹਲਕੇ ਵਿਚ ਕਾਂਗਰਸ ਪਾਰਟੀ ਨੇ ਵੀ ਆਪਣਾ ਪੱਤਾ ਖੇਡਦਿਆਂ ਨੌਜਵਾਨ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਪੋਤਰਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਟਿਕਟ ਦੇ ਕੇ ਦੰਗਲ ਵਿਚ ਉਤਾਰਿਆ ਹੈ। ਵਿਧਾਨ ਸਭਾ ਹਲਕੇ ਧੂਰੀ ਤੋਂ ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਪਿਤਾ ਗਗਨਦੀਪ ਸਿੰਘ ਬਰਨਾਲਾ 2002 ਵਿਚ ਧੂਰੀ ਤੋਂ ਵਿਧਾਇਕ ਬਣੇ ਹਨ ਤੇ ਸੁਰਜੀਤ ਸਿੰਘ ਬਰਨਾਲਾ ਨੇ ਰਾਜਪਾਲ ਹੁੰਦਿਆਂ ਧੂਰੀ ਵਿਚ ਓਵਰਬ੍ਰਿਜ ਤੇ ਹੋਰ ਕਾਰਜ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਦੱਸੀ ਗਈ ਹੈ।
ਚੋਣਾਂ ਵਿਚ ਫਤਿਹ ਲਈ ਪੰਜਾਬ ਕਾਂਗਰਸ ਨੇ ਵੀ ਅੰਦਰੂਨੀ ਕਲੇਸ਼ ਨੂੰ ਲਾਂਭੇ ਕਰ ਦਿੱਤਾ ਹੈ। ਸਮੁੱਚੀ ਲੀਡਰਸ਼ਿਪ ਨੇ ਧੂਰੀ ਵਿਖੇ ਇਕ ਮੰਚ ਉਤੇ ਇਕੱਠੇ ਹੋ ਕੇ ‘ਹਮ ਸਾਥ ਸਾਥ ਹੈ’ ਹੋਣ ਦਾ ਸਬੂਤ ਦਿੱਤਾ। ਧੂਰੀ ਵਿਖੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਪੁੱਜੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਲੋਕ ਸਭਾ ਵਿਚ ਪਾਰਟੀ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਿਨ੍ਹਾਂ ਨੂੰ ਇਕ ਮੰਚ ਉਤੇ ਇਕੱਠਿਆਂ ਤੇ ਇਕ ਦੂਜੇ ਪ੍ਰਤੀ ਨਰਮੀ ਵੇਖ ਕੇ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ।
ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ, ਬਾਜਵਾ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤਿੰਨੋਂ ਇਕੱਠਿਆਂ ਪਹਿਲਾਂ ਬਰਨਾਲਾ ਨਿਵਾਸ ਤੇ ਬਾਅਦ ਵਿਚ ਰੈਲੀ ਵਿਚ ਪੁੱਜੇ, ਜਦੋਂ ਕਿ ਰੈਲੀ ਸ਼ੁਰੂ ਹੋਣ ਤੋਂ ਕਰੀਬ ਅੱਧਾ ਘੰਟਾ ਪਿਛੋਂ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਆਪਣੇ ਪੂਰੇ ਲਾਮ ਲਸ਼ਕਰ ਸਮੇਤ ਸਿੱਧੇ ਰੈਲੀ ਵਿਚ ਸ਼ਾਮਲ ਹੋਏ। ਜਿਉਂ ਹੀ ਕੈਪਟਨ ਅਮਰਿੰਦਰ ਸਿੰਘ ਸਟੇਜ ‘ਤੇ ਚੜ੍ਹੇ ਤਾਂ ਸਾਰੇ ਆਗੂਆਂ ਨੇ ਉਨ੍ਹਾਂ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਪਰ ਪ੍ਰਤਾਪ ਸਿੰਘ ਬਾਜਵਾ ਆਪਣੀ ਕੁਰਸੀ ‘ਤੇ ਬਿਰਾਜਮਾਨ ਰਹੇ।
ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਆਗੂਆਂ ਨਾਲ ਹੱਥ ਮਿਲਾਇਆ ਤੇ ਗਰਮਜੋਸ਼ੀ ਨਾਲ ਮਿਲੇ ਪਰ ਪ੍ਰਤਾਪ ਸਿੰਘ ਬਾਜਵਾ ਨਾਲ ਹੱਥ ਨਹੀਂ ਮਿਲਾਇਆ। ਦੋਵਾਂ ਨੇ ਸੰਬੋਧਨ ਤੋਂ ਪਹਿਲਾਂ ਇਕ ਦੂਜੇ ਦਾ ਨਾਮ ਜ਼ਰੂਰ ਲਿਆ। ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਬਾਰੇ ਸ੍ਰੀ ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ ਪਰ ਜੇਕਰ ਕਿਸੇ ਨਾਲ ਦਿਲ ਨਹੀਂ ਮਿਲਦਾ ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਦਿਲ ਤਾਂ ਅਕਾਲੀ ਦਲ ਤੇ ਭਾਜਪਾ ਦੇ ਵੀ ਨਹੀਂ ਮਿਲਦੇ।
___________________________________
ਬਾਦਲ ਵੱਲ ਜੁੱਤੀ ਸੁੱਟਣ ਵਾਲੇ ਵਿਕਰਮ ਧਨੌਲਾ ਨੇ ਭਰੇ ਕਾਗਜ਼
ਧੂਰੀ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਇਕ ਸਮਾਗਮ ਦੌਰਾਨ ਜੁੱਤੀ ਸੁੱਟਣ ਵਾਲੇ ਵਿਕਰਮ ਕੁਮਾਰ ਉਰਫ ਬਿਕਰਮ ਸਿੰਘ ਧਨੌਲਾ ਨੇ ਧੂਰੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਉਸ ਵੱਲੋਂ ਦਿੱਤੇ ਵੇਰਵੇ ਅਨੁਸਾਰ ਉਸ ਕੋਲ ਕਿਸੇ ਵੀ ਕਿਸਮ ਦੀ ਅਚੱਲ ਜਾਇਦਾਦ ਨਹੀਂ ਹੈ।
_____________________________________
ਸਹਿਜਧਾਰੀ ਸਿੱਖ ਪਾਰਟੀ ਕਾਂਗਰਸ ਦੀ ਹਮਾਇਤ ‘ਤੇ
ਚੰਡੀਗੜ੍ਹ: ਸਹਿਜਧਾਰੀ ਸਿੱਖ ਪਾਰਟੀ ਨੇ ਧੂਰੀ ਜ਼ਿਮਨੀ ਚੋਣ ਵਿਚ ਸਾਬਕਾ ਰਾਜਪਾਲ ਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਤੇ ਕਾਂਗਰਸ ਦੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾæ ਪਰਮਜੀਤ ਸਿੰਘ ਰਾਣੂ ਨੇ ਕਿਹਾ ਸਹਿਜਧਾਰੀ ਸਿੱਖਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਤੇ ਹੁਣ ਵੀ ਜੇਕਰ ਆਮ ਆਦਮੀ ਪਾਰਟੀ ਉਮੀਦਵਾਰ ਖੜ੍ਹਾ ਕਰਦੀ ਤਾਂ ਇਸੇ ਪਾਰਟੀ ਦਾ ਸਮਰਥਨ ਕਰਨਾ ਸੀ। ਉਨ੍ਹਾਂ ਕਿਹਾ ਕਿ ਹੁਕਮਰਾਨ ਗੱਠਜੋੜ ਨੂੰ ਭਾਂਝ ਦੇਣ ਲਈ ਹਮਖਿਆਲ ਪਾਰਟੀਆਂ ਨੂੰ ਰਾਜਨੀਤਕ ਮੁਫਾਦ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਇਕਜੁਟ ਹੋਣ ਦੀ ਲੋੜ ਹੈ।