ਪੰਜਾਬ ਦੇ ਮੁਲਾਜ਼ਮਾਂ ਨੂੰ ਧੱਫੇ, ਵਜ਼ੀਰਾਂ ਤੇ ਵਿਧਾਇਕਾਂ ਨੂੰ ਮਿਲੇ ਗੱਫੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਬਜਟ ਵਿਚ ਭਾਵੇਂ ਆਰਥਿਕ ਤੰਗੀ ਦਾ ਵਾਸਤਾ ਪਾ ਕੇ ਸੂਬੇ ਦੇ ਮੁਲਾਜ਼ਮਾਂ ਨੂੰ ਅੰਗੂਠਾ ਵਿਖਾ ਦਿੱਤਾ ਹੈ ਪਰ ਆਪਣੇ ਵਿਧਾਇਕਾਂ ਤੇ ਵਜ਼ੀਰਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿਚ ਖੁੱਲ੍ਹੇ ਦਿਲ ਨਾਲ ਵਾਧਾ ਕਰ ਦਿੱਤਾ ਹੈ।

ਪੰਜਾਬ ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ, ਸਪੀਕਰ, ਡਿਪਟੀ ਸਪੀਕਰ, ਮੁੱਖ ਸੰਸਦੀ ਸਕੱਤਰਾਂ ਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਵਿਚ ਵਾਧੇ ਨਾਲ ਪਹਿਲਾਂ ਹੀ ਆਰਥਿਕ ਮੰਦਵਾੜੇ ਦਾ ਸਾਹਮਣਾ ਕਰ ਰਹੇ ਸੂਬੇ ਉੱਤੇ ਕਰੋੜਾਂ ਰੁਪਏ ਦਾ ਹੋਰ ਬੋਝ ਪੈ ਜਾਵੇਗਾ।
ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੀ ਮੁੱਢਲੀ ਤਨਖ਼ਾਹ 50,000 ਮਾਸਿਕ ਤੋਂ ਵਧਾ ਕੇ ਇਕ ਲੱਖ ਕਰ ਦਿੱਤੀ ਗਈ ਹੈ। 1997 ਵਿਚ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ ਇਕ ਰੁਪਿਆ ਪ੍ਰਤੀ ਮਹੀਨਾ ਤਨਖ਼ਾਹ ਲੈਣ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਵਿਚ ਲੱਖ ਫ਼ੀਸਦੀ ਵਾਧਾ ਹੋ ਗਿਆ ਹੈ। ਇਸ ਫੈਸਲੇ ਨਾਲ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦੀ ਤਨਖਾਹ ਮੌਜੂਦਾ 30,000 ਰੁਪਏ ਤੋਂ ਵਧ ਕੇ 50,000 ਰੁਪਏ ਹੋ ਜਾਵੇਗੀ।
ਉਪ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਸਣੇ ਮੰਤਰੀਆਂ ਦੀ ਤਨਖਾਹ 30,000 ਰੁਪਏ ਤੋਂ ਵਧ ਕੇ 50,000 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ ਮੁੱਖ ਸੰਸਦੀ ਸਕੱਤਰਾਂ ਦੀ ਤਨਖਾਹ 20,000 ਰੁਪਏ ਤੋਂ ਵਧ ਕੇ 40,000 ਰੁਪਏ ਹੋਵੇਗੀ। ਵਿਧਾਇਕਾਂ/ਸਾਬਕਾ ਵਿਧਾਇਕਾਂ ਦੀ ਤਨਖਾਹ/ ਪੈਨਸ਼ਨ15,000 ਤੋਂ ਵਧ ਕੇ 25,000 ਰੁਪਏ ਹੋ ਜਾਵੇਗੀ।
ਮੰਤਰੀ ਮੰਡਲ ਨੇ ਆਪਣੀਆਂ ਮੁਢਲੀਆਂ ਤਨਖ਼ਾਹਾਂ ਵਧਾਉਣ ਦੇ ਨਾਲ-ਨਾਲ ਮੁਫ਼ਤ ਯਾਤਰਾ, ਮਹਿੰਗਾਈ, ਕੰਪਨਸੇਟਰੀ, ਹਲਕਾ, ਦਫ਼ਤਰੀ, ਟੈਲੀਫ਼ੋਨ ਤੇ ਸਕੱਤਰੇਤ ਆਦਿ ਭੱਤਿਆਂ ਵਿਚ ਵੀ ਭਾਰੀ ਵਾਧਾ ਕਰ ਲਿਆ ਹੈ। ਆਪਣੀਆਂ ਤਨਖ਼ਾਹਾਂ ਤੇ ਭੱਤੇ ਵਧਾਉਂਦਿਆਂ ਮੰਤਰੀ ਮੰਡਲ ਨੇ ਆਪਣੇ ਸਿਆਸੀ ਭਾਈਚਾਰੇ ਭਾਵ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਵੀ ਡੇਢ ਗੁਣਾ ਵਧਾ ਦਿੱਤੀਆਂ ਹਨ।
ਦੱਸਣਯੋਗ ਹੈ ਕਿ ਸੂਬੇ ਦੇ ਗ਼ਰੀਬੀ ਹੰਢਾ ਰਹੇ ਨਿਆਸਰੇ ਵਰਗਾਂ ਦੀਆਂ 250 ਰੁਪਏ ਮਹੀਨਾ ਦੀਆਂ ਨਿਗੂਣੀਆਂ ਪੈਨਸ਼ਨਾਂ ਵੀ ਸਰਕਾਰ ਸਮੇਂ ਸਿਰ ਨਹੀਂ ਦੇ ਰਹੀ। ਜਮਹੂਰੀਅਤ ਦੇ ਮੁੱਢਲੇ ਥੰਮ੍ਹ ਸਰਪੰਚਾਂ ਨੂੰ 1200 ਰੁਪਏ ਮਹੀਨਾ ਐਲਾਨਿਆ ਮਾਣ-ਭੱਤਾ ਵੀ ਹਾਲੇ ਤੱਕ ਨਹੀਂ ਮਿਲਿਆ। ਸੂਬੇ ਦੀ ਰੀੜ੍ਹ ਦੀ ਹੱਡੀ ਕਿਸਾਨੀ ਲਈ ਕੋਈ ਢੁਕਵੀਂ ਪੈਨਸ਼ਨ ਯੋਜਨਾ ਨਹੀਂ। ਹੋਰ ਤਾਂ ਹੋਰ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਵੀ ਮਾਮੂਲੀ ਰਾਹਤ ਰਾਸ਼ੀ ਤੋਂ ਇਲਾਵਾ ਉਨ੍ਹਾਂ ਦੀ ਰੋਟੀ-ਰੋਜ਼ੀ ਤੇ ਜੀਵਨ ਨਿਰਬਾਹ ਲਈ ਕੋਈ ਠੋਸ ਯੋਜਨਾ ਸਰਕਾਰ ਨੇ ਹਾਲੇ ਤੱਕ ਨਹੀਂ ਉਲੀਕੀ। ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਨਿਗੂਣੀ ਗਿਣਤੀ ਨੂੰ ਰਾਜ ਸਰਕਾਰ ਸਿਰਫ਼ 200 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇ ਰਹੀ ਹੈ।
ਮੰਤਰੀ ਮੰਡਲ ਨੇ ਆਪਣੀਆਂ ਤਨਖ਼ਾਹਾਂ ਤੇ ਭੱਤੇ ਤਾਂ ਵਧਾ ਲਏ ਹਨ ਪਰ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਵਿਚ ਵਾਧਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਸੂਬਾ ਸਰਕਾਰ ਕੇਂਦਰੀ ਪੈਟਰਨ ‘ਤੇ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਮਹਿੰਗਾਈ ਭੱਤਾ ਵੀ ਸਮੇਂ ਸਿਰ ਦੇਣ ਵਿਚ ਅਸਫ਼ਲ ਰਹੀ ਹੈ। ਸਕੂਲਾਂ ਦੇ ਬੱਚਿਆਂ ਨੂੰ ਲੋੜੀਂਦੇ ਅਧਿਆਪਕ ਮੁਹੱਈਆ ਕਰਵਾਉਣ ਤੋਂ ਪਹਿਲਾਂ ਹੀ ਆਕੀ ਹੋਈ ਸਰਕਾਰ ਹੁਣ ਉਨ੍ਹਾਂ ਨੂੰ ਲੈਪਟੌਪ ਦੇਣ ਦੇ ਚੋਣ ਵਾਅਦੇ ਤੋਂ ਵੀ ਪਿੱਛੇ ਹਟ ਗਈ ਹੈ।
ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਆਪਣੇ ਪਿਛਲੇ ਅੱਠ ਸਾਲਾਂ ਦੇ ਕਾਰਜਕਾਲ ਵਿਚ ਹਸਪਤਾਲਾਂ ਵਿਚ ਲੋੜੀਂਦੇ ਡਾਕਟਰ ਮੁਹੱਈਆ ਕਰਵਾਉਣ ਵਿਚ ਵੀ ਸਫ਼ਲ ਨਹੀਂ ਹੋ ਸਕੀ। ਲੋਕਾਂ ਨੂੰ ਜੀਵਨ ਦਾਨ ਦੇਣ ਵਾਲੇ ਡਾਕਟਰਾਂ ਨੂੰ ਸਿਰਫ਼ 15000 ਰੁਪਏ ਮਹੀਨੇ ਦੀ ਨਿਗੂਣੀ ਤਨਖ਼ਾਹ ‘ਤੇ ਭਰਤੀ ਕੀਤਾ ਜਾ ਰਿਹਾ ਹੈ।
_______________________________________
ਬਾਦਲ ਦੇਸ ਦੇ ਸਭ ਤੋਂ ਮਹਿੰਗੇ ਮੁੱਖ ਮੰਤਰੀ
ਬਠਿੰਡਾ: ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤਨਖਾਹ ਲੈਣ ਦੇ ਮਾਮਲੇ ਵਿਚ ਹੁਣ ਦੇਸ਼ ਸਭ ਤੋਂ ਅਮੀਰ ਮੁੱਖ ਮੰਤਰੀ ਬਣ ਜਾਣਗੇ ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤਨਖਾਹ ਵਿਚ ਸਭ ਤੋਂ ਗਰੀਬ ਮੁੱਖ ਮੰਤਰੀ ਹੈ। ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਦੀ ਨਿਰੋਲ ਤਨਖਾਹ ਪੰਜਾਹ ਹਜ਼ਾਰ ਤੋਂ ਵਧਾ ਕੇ ਇਕ ਲੱਖ ਕੀਤੇ ਜਾਣ ‘ਤੇ ਮੋਹਰ ਲਾ ਦਿੱਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਗਲੀ ਤਨਖਾਹ ਹੁਣ ਇਕ ਲੱਖ ਰੁਪਏ ਮਿਲੇਗੀ ਜਦਕਿ ਭੱਤੇ ਇਸ ਤੋਂ ਵੱਖਰੇ ਹਨ ਤੇ ਉਹ ਪ੍ਰਤੀ ਦਿਨ 4800 ਰੁਪਏ ਤਨਖਾਹ ‘ਤੇ ਕੰਮ ਕਰਨਗੇ। ਜਦੋਂ ਅਕਾਲੀ ਦਲ ਸਾਲ 1997 ਵਿਚ ਸਰਕਾਰ ਬਣੀ ਸੀ, ਤਾਂ ਉਦੋਂ ਸ਼ ਬਾਦਲ ਨੇ ਵੀ ਇਕ ਰੁਪਏ ਪ੍ਰਤੀ ਮਹੀਨਾ ‘ਤੇ ਕੰਮ ਕੀਤਾ ਸੀ। ਅੱਜ ਪੰਜਾਬ ਦੇ ਮਾਲੀ ਹਾਲਤ ਕਾਫੀ ਖ਼ਰਾਬ ਹਨ ਪਰ ਮੁੱਖ ਮੰਤਰੀ ਦੀ ਤਨਖਾਹ ਦੇਸ਼ ਵਿਚੋਂ ਸਭ ਤੋਂ ਵੱਧ ਹੈ।