ਅਨਾਜ ਦੀ ਸਾਂਭ ਤੇ ਖਰੀਦ ਵਾਲੇ ਘਪਲਿਆਂ ਵਿਚ ਪੰਜਾਬ ਸਭ ਤੋਂ ਅੱਗੇ

ਬਠਿੰਡਾ: ਪੰਜਾਬ ਦੇਸ਼ ਦਾ ਅਜਿਹਾ ਇਕੋ-ਇਕ ਸੂਬਾ ਹੈ ਜਿਥੇ ਜਿਣਸਾਂ ਦੀ ਖਰੀਦ ਵਿਚ ਸਭ ਤੋਂ ਵੱਧ ਗੜਬੜ ਹੁੰਦੀ ਹੈ। ਇਸ ਵਿਚ ਪੰਜਾਬ ਦੇ ਗੋਦਾਮਾਂ ਵਿਚਲੀ ਕਣਕ ਦੀ ਫਸਲ ਦਾ ਨੁਕਸਾਨ ਹੋਣਾ ਵੀ ਸ਼ਾਮਲ ਹੈ ਜਦਕਿ ਗੁਆਂਢੀ ਸੂਬਿਆਂ ਵਿਚ ਅਜਿਹੀ ਸਥਿਤੀ ਨਹੀਂ ਹੈ।

ਕੇਂਦਰੀ ਖੁਰਾਕ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਸਾਲ 2013-14 ਤੇ 2014-15 ਦੌਰਾਨ ਕਣਕ ਤੇ ਝੋਨੇ ਦੀ ਫਸਲ ਦੀ ਖਰੀਦ ਹੋਈ ਹੈ, ਉਸ ਖਰੀਦ ਵਿਚ ਗੜਬੜ ਹੋਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਪੰਜਾਬ ਵਿਚੋਂ ਮਿਲੀਆਂ ਹਨ, ਜਿਨ੍ਹਾਂ ਦੀ ਦੋ ਵਰ੍ਹਿਆਂ ਦੀ ਗਿਣਤੀ 135 ਬਣਦੀ ਹੈ ਜਦ ਕਿ ਇਹੋ ਗਿਣਤੀ ਹਰਿਆਣਾ ਵਿਚ ਸਿਰਫ 72 ਹੈ। ਕੇਂਦਰੀ ਮੰਤਰਾਲੇ ਅਨੁਸਾਰ ਮੁਲ਼ਕ ਭਰ ਵਿਚੋਂ ਇਨ੍ਹਾਂ ਦੋ ਵਰ੍ਹਿਆਂ ਦੌਰਾਨ ਜਿਣਸ ਦੀ ਖਰੀਦ ਵਿਚ ਕੁੱਲ 321 ਸ਼ਿਕਾਇਤਾਂ ਹੋਈਆਂ ਹਨ। ਪੰਜਾਬ ਵਿਚ 14 ਸ਼ਿਕਾਇਤਾਂ ਵੱਡੀ ਗੜਬੜ ਦੀਆਂ ਸਨ ਤੇ 121 ਸ਼ਿਕਾਇਤਾਂ ਛੋਟੀ ਤੇ ਦਰਮਿਆਨੀ ਗੜਬੜ ਨਾਲ ਸਬੰਧਤ ਸਨ। ਭਾਰਤੀ ਖੁਰਾਕ ਨਿਗਮ ਇਨ੍ਹਾਂ ਗੜਬੜਾਂ ਦੀ ਪੜਤਾਲ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਦਾ ਹੈ।
ਬਠਿੰਡਾ ਦੇ ਪਿੰਡ ਗੁੰਮਟੀ ਕਲਾਂ ਦੇ ਦੋ ਚੌਲ ਮਿੱਲ ਮਾਲਕਾਂ ਦੀ ਸੰਪਤੀ ਹੁਣ ਬੈਂਕ ਵਾਲੇ ਨਿਲਾਮ ਕਰ ਰਹੇ ਹਨ। ਇਨ੍ਹਾਂ ਮਿੱਲ ਮਾਲਕਾਂ ਦੇ ਸਿਰ ‘ਤੇ ਹਾਕਮ ਧਿਰ ਦਾ ਹੱਥ ਸੀ। ਕਰੋੜਾਂ ਰੁਪਏ ਦੀ ਜੀਰੀ ਖੁਰਦ ਬੁਰਦ ਕਰਕੇ ਇਹ ਮਿੱਲ ਮਾਲਕ ਫਰਾਰ ਹੋ ਗਏ। ਹੁਣ ਸਰਕਾਰ ਇਨ੍ਹਾਂ ਤੋਂ ਵਸੂਲੀ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਇਵੇਂ ਵਿਜੀਲੈਂਸ ਨੇ ਪਿੰਡ ਭਾਈਰੂਪਾ ਤੇ ਮੰਡੀ ਕਲਾਂ ਦੀਆਂ ਚਾਰ ਚੌਲ ਮਿੱਲਾਂ ਖ਼ਿਲਾਫ਼ ਕੇਸ ਦਰਜ ਕੀਤੇ ਸਨ, ਜਿਨ੍ਹਾਂ ਨੇ ਤਕਰੀਬਨ 13 ਕਰੋੜ ਦਾ ਘਪਲਾ ਕੀਤਾ ਸੀ। ਨਵੰਬਰ ਦਸੰਬਰ 2014 ਵਿਚ ਹੀ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਦੇ ਇਕ ਚੌਲ ਮਿੱਲ ਮਾਲਕ ਨੇ ਤਕਰੀਬਨ ਪੰਜ ਕਰੋੜ ਦੀ ਜੀਰੀ ਖੁਰਦ ਬੁਰਦ ਕਰ ਦਿੱਤੀ ਹੈ।
ਜ਼ਿਲ੍ਹਾ ਮੋਗਾ ਤੇ ਫਰੀਦਕੋਟ ਵਿਚ ਸਿਆਸੀ ਆਗੂਆਂ ਦੇ ਨਜ਼ਦੀਕੀ ਕਰੋੜਾਂ ਦੀ ਜੀਰੀ ਖੁਰਦ ਬੁਰਦ ਕਰ ਗਏ। ਕੇਂਦਰੀ ਵੇਰਵਿਆਂ ਅਨੁਸਾਰ ਦੋ ਵਰ੍ਹਿਆਂ ਦੌਰਾਨ ਜਿਣਸਾਂ ਦੀ ਖਰੀਦ ਵਿਚ ਯੂæਪੀ ਵਿਚੋਂ 13 ਤੇ ਆਂਧਰਾ ਪ੍ਰਦੇਸ਼ ਵਿਚੋਂ 15 ਸ਼ਿਕਾਇਤਾਂ ਮਿਲੀਆਂ ਹਨ। ਇਥੋਂ ਤੱਕ ਬਿਹਾਰ ਵਿਚੋਂ ਵੀ ਸਿਰਫ ਪੰਜ ਸ਼ਿਕਾਇਤਾਂ ਮਿਲੀਆਂ ਹਨ। ਚੌਲਾਂ ਦੀ ਗੁਣਵੱਤਾ ਤੇ ਜੀਰੀ ਖੁਰਦ ਬੁਰਦ ਕੀਤੇ ਜਾਣ ਦੇ ਸਭ ਤੋਂ ਵੱਧ ਮਾਮਲੇ ਪੰਜਾਬ ਵਿਚ ਹੀ ਹੁੰਦੇ ਹਨ। ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਬਠਿੰਡਾ ਏਪੀ ਸਿੰਘ ਨੇ ਆਖਿਆ ਜਿਹੜੇ ਚੌਲ ਮਿੱਲ ਮਾਲਕਾਂ ਨੇ ਜੀਰੀ ਖੁਰਦ ਬੁਰਦ ਕੀਤੀ ਸੀ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤੇ ਜਾਂਦੇ ਹਨ ਤੇ ਹੁਣ ਉਨ੍ਹਾਂ ਤੋਂ ਵਸੂਲੀ ਲਈ ਕਾਰਵਾਈ ਚੱਲ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਐਗਰੋ ਦੀ ਕਾਫੀ ਕਣਕ ਗੋਦਾਮਾਂ ਵਿਚ ਖਰਾਬ ਹੋਈ ਹੈ। ਇਸੇ ਤਰ੍ਹਾਂ ਰਾਮਪੁਰਾ ਤੇ ਮੌੜ ਇਲਾਕੇ ਵਿਚ ਵੀ ਕਾਫੀ ਕਣਕ ਖਰਾਬ ਹੋਈ ਹੈ। ਇਕੱਲੀ ਪੰਜਾਬ ਐਗਰੋਂ ਦੀ ਪਿਛਲੇ ਵਰ੍ਹਿਆਂ ਦੌਰਾਨ ਤਕਰੀਬਨ 60 ਕਰੋੜ ਰੁਪਏ ਦੀ ਕਣਕ ਖਰਾਬ ਹੋ ਚੁੱਕੀ ਹੈ। ਇਸ ਬਾਰੇ ਤਿੰਨ ਖਰੀਦ ਇੰਸਪੈਕਟਰਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ ਹੈ।
ਭਾਰਤੀ ਖੁਰਾਕ ਨਿਗਮ ਦੇ ਪੰਜਾਬ ਸਰਕਲ ਦੇ ਖੇਤਰੀ ਜਨਰਲ ਮੈਨੇਜਰ ਕੁਮਾਰ ਰਾਹੁਲ ਨੇ ਆਖਿਆ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਅਨਾਜ ਦੀ ਖਰੀਦ ਹੁੰਦੀ ਹੈ, ਜਿਸ ਕਰਕੇ ਸ਼ਿਕਾਇਤਾਂ ਦੀ ਦਰ ਜ਼ਿਆਦਾ ਜਾਪਦੀ ਹੈ। ਜੇਕਰ ਅਨੁਪਾਤ ਦੇ ਹਿਸਾਬ ਨਾਲ ਵੇਖੀਏ ਤਾਂ ਇਹ ਦਰ ਵੱਡੀ ਨਹੀਂ ਹੈ। ਉਨ੍ਹਾਂ ਆਖਿਆ ਕਿ ਕਣਕ ਦੇ ਭੰਡਾਰ ਸਮੇਂ ਕਣਕ ਖ਼ਰਾਬ ਹੋਣ ਦੇ ਜ਼ਿਆਦਾ ਮਾਮਲੇ ਆਉਂਦੇ ਹਨ ਜਦਕਿ ਚੌਲ ਦੀ ਗੁਣਵੱਤਾ ‘ਤੇ ਹੁਣ ਉਂਗਲ ਨਹੀਂ ਉਠ ਰਹੀ ਹੈ।