ਬੇਬਾਕ ਤੇ ਵਿਲੱਖਣ ਸ਼ਖਸੀਅਤ ਸਿਰਦਾਰ ਕਪੂਰ ਸਿੰਘ

ਸਿੱਖ ਹਲਕਿਆਂ ਵਿਚ ਕਪੂਰ ਸਿੰਘ ਆਈæਸੀæਐਸ਼ ਦਾ ਮੁਕਾਮ ਬੜਾ ਵਿਲੱਖਣ ਤੇ ਉਚਾ ਹੈ। ਵਿਦਵਤਾ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ; ਦੇਸ ਦੀ ਪਾਰਲੀਮੈਂਟ ਹੋਵੇ ਜਾਂ ਅਕਾਲੀ ਦਲ ਦਾ ਕੋਈ ਜਲਸਾ, ਉਹ ਆਪਣੀ ਗੱਲ ਧੜੱਲੇ ਨਾਲ ਕਹਿੰਦੇ ਸਨ। ਉਨ੍ਹਾਂ ਦੇ ਖਰਵੇ ਸੁਭਾਅ ਦੇ ਬਥੇਰੇ ਕਿੱਸੇ ਪ੍ਰਚੱਲਿਤ ਹਨ, ਪਰ ਇਸ ਨਾਲੋਂ ਵੀ ਵੱਧ ਕਿੱਸੇ ਸਿੱਖੀ ਲਈ ਉਡ-ਉਡ ਪੈਂਦੇ ਪਿਆਰ ਬਾਬਤ ਹਨ।

ਸਿੱਖ ਸਿਆਸਤ ਵਿਚ ਕਈ ਹੋਰਾਂ ਨੇ ਉਨ੍ਹਾਂ ਦੀ ਤਰਜ਼ ‘ਤੇ ਸੁਰ ਚੁੱਕਣ ਦਾ ਯਤਨ ਕੀਤਾ, ਪਰ ਪੈਰਾਂ ਹੇਠਲੀ ਜ਼ਮੀਨ ਪੋਲੀ ਹੋਣ ਕਰ ਕੇ ਮਾਤ ਖਾ ਗਏ। ਉਨ੍ਹਾਂ ਦੀ ਰੀਸ ਸੰਭਵ ਹੀ ਨਹੀਂ ਸੀ। ਆਪਣੀ ਮਿਸਾਲ ਆਪ ਇਸ ਸਿਰਦਾਰ (ਉਹ ਆਪਣੇ ਆਪ ਨੂੰ ਇਹੋ ਅਖਵਾ ਕੇ ਖੁਸ਼ ਹੁੰਦੇ ਸਨ) ਬਾਰੇ ਸ਼ ਹਰਪਾਲ ਸਿੰਘ ਪੰਨੂ ਨੇ ਇਸ ਲੇਖ ਵਿਚ ਕਈ ਦਿਲਚਸਪ ਖੁਲਾਸੇ ਕੀਤੇ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454

ਕਪੂਰ ਸਿੰਘ ਆਈæਸੀæਐਸ਼ ਜਿਸ ਨੇ ਪੱਚੀ ਸਾਲ ਅਕਾਲੀ ਦਲ ਨੂੰ ਪ੍ਰਭਾਵਿਤ ਕੀਤਾ, ਆਪਣੀ ਮਿਸਾਲ ਆਪ ਸੀ। ਇਕ ਦੋ ਹੋਰ ਵਿਦਵਾਨਾਂ ਨੇ ਉਹਦੇ ਰਸਤੇ ਉਪਰ ਤੁਰਨ ਦਾ ਯਤਨ ਕੀਤਾ, ਪਰ ਛੇਤੀ ਛਾਵੇਂ ਬਹਿ ਗਏ। ਉਸ ਨੇ ਅਕਾਲੀ ਦਲ ਨੂੰ ਪ੍ਰਭਾਵਿਤ ਕੀਤਾ, ਅਕਾਲੀ ਦਲ ਨੂੰ ਚਲਾਇਆ ਨਹੀਂ। ਇਹ ਵੀ ਉਹਨੇ ਨਹੀਂ ਕੀਤਾ ਕਿ ਜੇ ਪਾਰਟੀ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਅਕਾਲੀ ਮੁੱਖ ਮੰਤਰੀ ਨਾਲ ਸੁਰ ਨਹੀਂ ਰਲੀ, ਜਿਹੜੀ ਕਦੀ ਵੀ ਨਹੀਂ ਸੀ ਰਲੀ, ਤਾਂ ਕੋਈ ਵੱਖਰਾ ਅਕਾਲੀ ਦਲ ਬਣਾ ਲਿਆ ਹੋਵੇ। ਅਕਾਲੀ ਦਲ ਨੇ ਉਹਨੂੰ ਅਸੈਂਬਲੀ ਦੀ ਟਿਕਟ ਦਿੱਤੀ ਤੇ ਅਕਾਲੀ ਦਲ ਨੇ ਪਾਰਲੀਮੈਂਟ ਵਿਚ ਵੀ ਭੇਜਿਆ, ਪਰ ਇਸ ਸਭ ਕੁਝ ਦੇ ਹੁੰਦਿਆਂ ਜਿਵੇਂ ਉਹ ਵੱਡੇ ਤੋਂ ਵੱਡੇ ਅਕਾਲੀ ਨੇਤਾ ਨੂੰ, ਗਵਰਨਰ ਹੋਵੇ ਭਾਵੇਂ ਮੁੱਖ ਮੰਤਰੀ, ਝਿੜਕ ਦਿੰਦਾ ਸੀ ਤੇ ਉਹਦੇ ਸਾਹਮਣੇ ਨੇਤਾ ਫਿਰ ਵੀ ਉਚਾ ਸੁਰ ਨਹੀਂ ਸਨ ਕੱਢਦੇ। ਅਜਿਹਾ ਇਸ ਕਰ ਕੇ ਸੀ ਕਿ ਉਹ ਵਿਦਵਾਨ ਵੀ ਸੀ ਤੇ ਇਮਾਨਦਾਰ ਵੀ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ਼ ਪ੍ਰਕਾਸ਼ ਸਿੰਘ ਬਾਦਲ, ਸ਼ ਸੁਰਜੀਤ ਸਿੰਘ ਬਰਨਾਲਾ ਜਿਹੇ ਵੱਡੇ ਲੀਡਰ ਉਹਦੇ ਖਰ੍ਹਵੇਂ ਬੋਲ ਸ਼ਾਂਤੀ ਨਾਲ ਸੁਣਦੇ ਸਨ। ਅਨੇਕਾਂ ਵਾਰ ਉਹਨੂੰ ਗੱਜਦਿਆਂ ਅੱਖੀਂ ਵੇਖਿਆ, ਪਰ ਸਾਹਮਣੇ ਬੈਠੇ ਖਲੋਤੇ ਬੰਦੇ ਇਹੋ ਸਮਝਦੇ ਕਿ ਇਨ੍ਹਾਂ ਗਰਜਾਂ ਵਿਚ ਠੰਢੇ ਪਾਣੀ ਦੀਆਂ ਬੂੰਦਾਂ ਵੀ ਹਨ ਜਿਨ੍ਹਾਂ ਨਾਲ ਤ੍ਰਿਪਤੀ ਮਿਲੇਗੀ।
ਸੈਮੀਨਾਰਾਂ ਜਾਂ ਕਾਨਫਰੰਸਾਂ ਵਿਚ ਤਾਂ ਉਸ ਨਾਲ ਮੇਲ-ਮਿਲਾਪ ਹੁੰਦਾ ਹੀ ਰਹਿੰਦਾ; ਦੋ ਸਾਲ (1977-78) ਚੰਡੀਗੜ੍ਹ ਉਸ ਦੀ ਕੋਠੀ ਮੈਂ ਬਿਨਾਂ ਨਾਗਾ ਜਾਂਦਾ। ਸ਼ਾਮ ਦੇ ਛੇ ਤੋਂ ਅੱਠ ਕੁ ਵਜੇ ਤੱਕ ਚਾਹ ਪੀਂਦੇ ਤੇ ਸੈਰ ਕਰਦੇ। ਕਦੀ ਕੋਈ ਉਸ ਨੂੰ ਕੋਠੀ ਮਿਲਣ ਆ ਰਿਹਾ ਹੈ, ਕਦੀ ਉਹ ਕਿਸੇ ਨੂੰ ਮਿਲਣ ਜਾ ਰਿਹਾ ਹੁੰਦਾ ਤਾਂ ਕਮਜ਼ੋਰ ਜਿਹੇ, ਮੱਧਮ ਜਿਹੇ ਪਰਛਾਵੇਂ ਵਾਂਗ ਮੈਂ ਉਸ ਦੇ ਨਾਲ-ਨਾਲ ਹੁੰਦਾ। ਕਦੀ ਧੋਬੀ ਨਾ ਆਉਂਦਾ ਤਾਂ ਕੁੜਤਾ ਪਜਾਮਾ ਪ੍ਰੈਸ ਕਰ ਦਿੰਦਾ। ਆਏ ਮਹਿਮਾਨਾਂ ਨੂੰ ਚਾਹ-ਪਾਣੀ ਪਿਲਾਉਂਦਾ; ਹਟ ਕੇ, ਕੁਝ ਪਿਛੇ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ। ਕਾਮਰੇਡ ਆਉਂਦੇ, ਕਾਂਗਰਸੀਏ ਆਉਂਦੇ, ਦੂਰੋਂ-ਨੇੜਿਓਂ ਦੇਸੋਂ-ਵਿਦੇਸ਼ੋਂ ਵਿਦਵਾਨ ਆਉਂਦੇ ਤਾਂ ਉਹ ਜਾਂਦੇ ਹੋਏ ਸ਼ ਕਪੂਰ ਸਿੰਘ ਤੋਂ ਕੁਝ ਲੈ ਕੇ ਜਾਂਦੇ ਜਾਂ ਨਹੀਂ, ਪਤਾ ਨਹੀਂ; ਪਰ ਮੈਨੂੰ ਕਈ ਕੁਝ ਮਿਲਦਾ।
ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਵਿਚ ਰਹਿੰਦਾ ਪੀæਐਚæਡੀæ ਕਰ ਰਿਹਾ ਸਾਂ। ਇਕ ਦਿਨ ਬੈਠਿਆਂ-ਬੈਠਿਆਂ ਖਾਹਮਖਾਹ ਵਹਿਮ ਹੋ ਗਿਆ ਕਿ ਕਦੀ ਸ਼ ਕਪੂਰ ਸਿੰਘ ਮੈਨੂੰ ਆਪਣੇ ਘਰ ਆਉਣ ਦੇਣ ਤੋਂ ਮਨ੍ਹਾ ਤਾਂ ਨਹੀਂ ਕਰ ਦੇਣਗੇ? ਮੈਂ ਉਸ ਨੂੰ ਚਿੱਠੀ ਲਿਖੀ, ਬੰਦ ਲਿਫਾਫਾ ਕੋਠੀ ਵਿਚ ਸੁੱਟ ਆਇਆ। ਉਸ ਚਿੱਠੀ ਵਿਚ ਅਜਿਹਾ ਕੁਝ ਲਿਖਿਆ ਸੀ, “ਸਰਦਾਰ ਸਾਹਿਬ, ਤੁਹਾਡੇ ਪਾਸ ਬੜੇ ਵੱਡੇ ਲੋਕ ਆਉਂਦੇ ਹਨ, ਕੰਮ ਲੈਣ ਆਉਂਦੇ ਹਨ, ਨੌਕਰੀਆਂ ਲੈਣ ਆਉਂਦੇ ਹਨ, ਤੁਸੀਂ ਮਦਦ ਕਰਦੇ ਹੋ। ਮੈਂ ਵਾਅਦਾ ਕਰਦਾ ਹਾਂ ਕਿ ਨੌਕਰੀ ਲੈਣ ਦਾ ਸਵਾਲ ਤੁਹਾਡੇ ਪਾਸ ਨਹੀਂ ਪਾਵਾਂਗਾ। ਮੇਰੀ ਮਨਸ਼ਾ ਕੇਵਲ ਸਿੱਖੀ ਬਾਰੇ ਜਾਣਨ ਦੀ ਹੈ, ਹੋਰ ਕੋਈ ਲਾਲਸਾ ਨਹੀਂ। ਮੈਂ ਗੋਰਕੀ ਦੀਆਂ ਸਾਰੀਆਂ ਰਚਨਾਵਾਂ ਪੜ੍ਹੀਆਂ ਹਨ। ਟਾਲਸਟਾਏ ਦੇ ਘਰ ਉਹ ਨੌਕਰ-ਚਾਕਰ ਵਾਂਗ ਅੱਗੇ-ਪਿਛੇ ਸੇਵਾ ਕਰਦਾ ਰਹਿੰਦਾ ਤੇ ਆਪਣੀ ਸਵੈ-ਜੀਵਨੀ ਵਿਚ ਇਨ੍ਹਾਂ ਦਿਨਾਂ ਦੀ ਬਾਦਸ਼ਾਹਤ ਬਾਰੇ ਫਖਰ ਨਾਲ ਲਿਖਦਾ ਹੈ ਕਿ ਮੈਂ ਉਸ ਮਹਾਤਮਾ ਨਾਲ ਗੱਲਾਂ ਕੀਤੀਆਂ, ਝਿੜਕਾਂ ਖਾਧੀਆਂ ਹਨ; ਪਰ ਮੈਂ ਗੋਰਕੀ ਨਹੀਂ ਹਾਂ। ਮੈਨੂੰ ਅਦਨ ਦੇ ਬਾਗ ਵਿਚੋਂ ਕੱਢੋਗੇ ਤਾਂ ਨਹੀਂ ਕਦੀ? ਗਿਆਨ ਦੇ ਰੁੱਖ (ਠਰee ਾ ਖਨੋੱਲeਦਗe) ਤੋਂ ਜੇ ਸੇਬ ਤੋੜ ਕੇ ਖਾ ਲਵਾਂ, ਭਜਾ ਤਾਂ ਨਹੀਂ ਦਿਓਗੇ ਰੱਬ ਵਾਂਗ?”
ਅਗਲੇ ਦਿਨ ਸਵੇਰੇ ਅੱਠ ਕੁ ਵਜੇ ਕਮਰੇ ਦਾ ਦਰਵਾਜ਼ਾ ਖੜਕਿਆ, ਬਾਹਰ ਕਪੂਰ ਸਿੰਘ ਖਲੋਤਾ ਸੀ। ਨੀਲੀ ਜੀਨਜ਼ ਪੈਂਟ, ਨੀਲੀ ਜੀਨਜ਼ ਜੈਕਟ ਤੇ ਨੀਲੀ ਹੀ ਪੱਗ ਜਿਸ ਉਪਰ ਨਿੱਕੀ ਜਿਹੀ ਲਹਿਰਾਉਂਦੀ ਹੋਈ ਤੁਰਲੀ। ਮੈਂ ਗੋਡੀਂ ਹੱਥ ਲਾਏ। ਉਹ ਅੰਦਰ ਆਇਆ, ਖੂੰਡੀ ਇਕ ਪਾਸੇ ਰੱਖੀ ਤੇ ਮੰਜੇ ਉਪਰ ਬੈਠ ਕੇ ਕਹਿਣ ਲੱਗਾ, “ਇਹ ਚਿੱਠੀ ਕਿਉਂ ਲਿਖੀ ਹੈ ਤੂੰ?”
ਮੈਂ ਕਿਹਾ, “ਜੀ ਤੁਸੀਂ ਵੱਡੇ-ਵੱਡੇ ਖੱਬੀ ਖਾਨਾਂ ਮਰਾਤਬੇਦਾਨਾਂ ਨੂੰ ਭਜਾ ਦਿੰਦੇ ਹੋ। ਮੇਰੀ ਤਾਂ ਕੁਝ ਵੀ ਵੁਕਤ ਨਹੀਂ। ਮੈਂ ਤਾਂ ਵਿਦਿਆਰਥੀ ਹਾਂ ਕੇਵਲ। ਮੇਰੇ ਨਾਲ ਕਦੋਂ ਕੀ ਵਾਪਰ ਜਾਵੇ, ਕੀ ਪਤਾ।”
ਕਹਿਣ ਲੱਗਾ, “ਮੈਂ ਤੇਰੀ ਉਮਰ ਵਿਚੋਂ ਲੰਘ ਚੁੱਕਿਆ ਹਾਂ। ਚੜ੍ਹਦੀ ਜੁਆਨੀ ਦੀ ਇਹ ਉਮਰ ਕਿੰਨੀ ਨਿਰਛਲ, ਕਿੰਨੀ ਇਮਾਨਦਾਰ ਹੁੰਦੀ ਹੈ ਤੇ ਕਿੰਨੀ ਆਤਮ-ਵਿਸ਼ਵਾਸੀ, ਮੈਨੂੰ ਪਤਾ ਹੈ; ਪਰ ਤੂੰ ਮੇਰੀ ਉਮਰ ਵਿਚੋਂ ਨਹੀਂ ਗੁਜ਼ਰਿਆ ਅਜੇ। ਜਦੋਂ ਮੇਰੇ ਜਿੱਡੀ ਉਮਰ ਦਾ ਹੋਏਂਗਾ, ਤੈਨੂੰ ਵੀ ਪਤਾ ਲੱਗ ਜਾਵੇਗਾ ਕਿ ਬੁੱਢੇ ਕਿੱਡੇ ਬੇਈਮਾਨ ਤੇ ਵਿਦਵਾਨ ਕਿਹੋ ਜਿਹੇ ਜੱਲਾਦ ਹੁੰਦੇ ਹਨ। ਤੂੰ ਕਦੀ ਅਜਿਹਾ ਦੇਖਿਆ ਹੈ ਕਿ ਮੈਂ ਜੁਆਨਾਂ ਦਾ ਨਿਰਾਦਰ ਕੀਤਾ ਹੋਵੇ? ਕਦੀ-ਕਦਾਈਂ ਕਿਸੇ ਗੱਲ ‘ਤੇ ਤੈਨੂੰ ਜਾਂ ਤੇਰੇ ਕਿਸੇ ਸੰਗੀ-ਸਾਥੀ ਨੂੰ ਝਿੜਕਦਾ ਹਾਂ, ਤਾਂ ਉਹ ਪਿਤਾ ਦੀ ਆਪਣੇ ਬੱਚੇ ਨੂੰ ਸਮਝਾਉਣ ਵਾਲੀ ਝਿੜਕ ਹੁੰਦੀ ਹੈ। ਤੂੰ ਤੁਰੰਤ ਸਮਝ ਜਾਂਦਾ ਹੈਂ। ਬੁੱਢੇ ਅਤੇ ਵਿਦਵਾਨ ਝਿੜਕਾਂ ਖਾ ਲੈਂਦੇ ਹਨ, ਪਰ ਗੱਲ ਸਮਝਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਬੇਈਮਾਨ ਹਨ। ਸਿੱਖ ਨੌਜੁਆਨ ਮੇਰੇ ਬਿਹਤਰੀਨ ਸੁਫਨੇ ਹਨ। ਤੂੰ ਨਿਰੰਤਰ ਪੜ੍ਹ। ਗੋਰਕੀ ਨੂੰ ਤਾਂ ਪੜ੍ਹਨ ਲਈ ਸਾਧਨ ਨਹੀਂ ਸਨ ਮਿਲੇ। ਮਿਹਨਤ ਕਰੇਂ ਤੇ ਆਪਣੇ ਆਪ ਉਪਰ ਵਿਸ਼ਵਾਸ ਕਾਇਮ ਰੱਖੇਂ ਤਾਂ ਉਸ ਤੋਂ ਅੱਗੇ ਲੰਘੇਂ। ਹੁਣ ਕਦੀ-ਕਦੀ ਮੈਂ ਤੇਰੇ ਕੋਲ ਆਇਆ ਕਰਾਂਗਾ।”
ਕਦੀ ਹਫਤੇ ਬਾਅਦ, ਕਦੀ ਦੋ ਹਫਤੇ ਬਾਅਦ; ਕਦੀ ਹੋਸਟਲ, ਕਦੀ ਡਿਪਾਰਟਮੈਂਟ; ਫਿਰ ਉਹ ਆਪ ਵੀ ਆ ਜਾਂਦਾ। ਮੈਂ ਤਾਂ ਲਗਾਤਾਰ ਜਾਣਾ ਹੀ ਹੁੰਦਾ ਸੀ ਉਸ ਕੋਲ। ਇਕ ਦਿਨ ਡਾæ ਹਰਨਾਮ ਸਿੰਘ ਸ਼ਾਨ ਕੋਲ ਬੈਠਾ ਸੀ। ਮੈਨੂੰ ਅਤੇ ਮੇਰੇ ਜਮਾਤੀ ਭਗਵਾਨ ਸਿੰਘ ਨੂੰ ਵੀ ਉਥੇ ਸੱਦ ਲਿਆ ਤੇ ਕਾਫੀ ਆ ਗਈ। ਸਿੱਖਾਂ ਨਾਲ ਕੀ-ਕੀ ਵਧੀਕੀਆਂ ਹੋਈਆਂ, ਇਸ ਬਾਰੇ ਦੋਵੇਂ ਗੱਲਾਂ ਕਰਨ ਵਿਚ ਮਗਨ ਸਨ, ਤੇ ਅਸੀਂ ਦੋਵੇਂ ਸਰੋਤੇ ਸਾਂ। ਸ਼ਾਨ ਕਹਿਣ ਲੱਗਾ, “ਸਰਦਾਰ ਜੀ, ਦੇਖੋ ਅਨਿਆਂ। ਪੰਜਾਬੀ ਯੂਨੀਵਰਸਿਟੀ ਪਟਿਆਲੇ ਮੈਂ ਬਣਵਾਈ, ਪਰ ਜਦੋਂ ਵਾਈਸ ਚਾਂਸਲਰ ਲੱਗਿਆ, ਕੋਈ ਹੋਰ; ਜੇ ਰਜਿਸਟਰਾਰ ਲਾਇਆ ਤਾਂ ਕੋਈ ਹੋਰ। ਮੇਰਾ ਨਾਂ ਨਾ ਥਾਂ। ਫਿਰ ਮੈਂ ਅੰਮ੍ਰਿਤਸਰ ਦੀ ਯੂਨੀਵਰਸਿਟੀ ਬਣਵਾਈ। ਉਹੀ ਉਥੇ ਹੋਇਆ। ਮੇਰਾ ਕਿਧਰੇ ਜ਼ਿਕਰ ਨਹੀਂ ਹੈ। ਹੈ ਨਾ ਅਨਰਥ ਸਰਦਾਰ ਸਾਹਿਬ।”
ਕਪੂਰ ਸਿੰਘ ਬੋਲਿਆ, “ਜੀ, ਹਿੰਦੋਸਤਾਨ ਤੁਸੀਂ ਆਜ਼ਾਦ ਕਰਾਇਆ ਸ਼ਾਨ ਸਾਹਿਬ। ਰਾਸ਼ਟਰਪਤੀ ਕੋਈ ਹੋਰ ਲੱਗ ਗਿਆ, ਪ੍ਰਧਾਨ ਮੰਤਰੀ ਕੋਈ ਹੋਰ। ਫਿਰ ਪੰਜਾਬੀ ਸੂਬਾ ਤੁਸੀਂ ਬਣਵਾਇਆ। ਇਥੇ ਵੀ ਗਵਰਨਰ ਕੋਈ ਹੋਰ ਤੇ ਮੁੱਖ ਮੰਤਰੀ ਕੋਈ ਹੋਰ। ਤੁਹਾਡੇ ਨਾਲ ਹੋਈਆਂ ਬੇਇਨਸਾਫੀਆਂ ਦਾ ਕਿਸ ਨੂੰ ਪਤਾ ਨਹੀਂ!” ਇਹ ਕਹਿ ਕੇ ਉਹ ਠਹਾਕਾ ਮਾਰ ਕੇ ਹੱਸਿਆ, ਤਾਂ ਹੱਥ ਵਿਚ ਫੜੇ ਕੱਪ ਵਿਚੋਂ ਅੱਧੀ ਕਾਫੀ ਸ਼ਾਨ ਦੇ ਮੇਜ਼ ਉਪਰ ਡੁੱਲ੍ਹ ਗਈ। ਸ਼ਾਨ ਦੀ ਕਾਫੀ ਡੁੱਲ੍ਹੀ ਤਾਂ ਨਹੀਂ, ਪਰ ਉਸ ਤੋਂ ਪੀਤੀ ਨਾ ਗਈ। ਬੱਸ, ਅਸੀਂ ਦੋ ਤਾਲਿਬੇ-ਇਲਮ ਖੁਸ਼ ਹੋ ਕੇ ਕਾਫ਼ੀ ਦਾ ਆਨੰਦ ਲੈਂਦੇ ਰਹੇ। ਭਗਵਾਨ ਸਿੰਘ ਨੇ ਬਾਹਰ ਆਉਂਦਿਆਂ ਮੇਰੇ ਕੰਨ ਵਿਚ ਕਿਹਾ, “ਜਦੋਂ ਦੋ ਜੋਗੀ ਮੰਤਰ ਸੁੱਟ-ਸੁੱਟ ਕੇ ਸਰਾਪ ਦੇ-ਦੇ ਆਕਾਸ਼ ਵਿਚ ਇਕ-ਦੂਜੇ ਨਾਲ ਲੜਦੇ ਦੇਖੋ ਤਾਂ ਘਬਰਾਉਣ ਦੀ ਲੋੜ ਨਹੀਂ। ਬੱਸ, ਥੋੜ੍ਹੀ ਕੁ ਸੁਆਹ ਧਰਤੀ ਉਪਰ ਡਿਗੇਗੀ, ਹੋਰ ਕੁਝ ਨਹੀਂ ਹੁੰਦਾ।”
ਸ਼ ਕਪੂਰ ਸਿੰਘ ਅਤੇ ਸਮਕਾਲੀ ਅਕਾਲੀ ਜਥੇਦਾਰਾਂ ਦੀ ਰਾਜਨੀਤੀ ਵਿਚ ਇਹ ਫਰਕ ਸਦਾ ਰਿਹਾ ਕਿ ਜਥੇਦਾਰਾਂ ਦਾ ਨਿਸ਼ਾਨਾ ਰਾਜ ਸੱਤਾ ਦੀ ਪ੍ਰਾਪਤੀ ਹੁੰਦਾ ਅਤੇ ਕਪੂਰ ਸਿੰਘ ਦਾ ਨਿਸ਼ਾਨਾ ਸਿੱਖੀ। ਉਹ ਕਿਹਾ ਕਰਦਾ, “ਰਾਜਨੀਤੀ ਕਰਨੀ ਅਤੇ ਸੱਤਾ ਹਾਸਲ ਕਰਨੀ ਕੋਈ ਪਾਪ ਨਹੀਂ। ਚੰਗੀਆਂ ਵੱਡੀਆਂ ਕੁਰਸੀਆਂ ਇਸੇ ਲਈ ਬਣੀਆਂ ਹਨ ਕਿ ਕੋਈ ਇਨ੍ਹਾਂ ‘ਤੇ ਸੁਸ਼ੋਭਤ ਹੋਵੇ। ਸਿੱਖ ਵੱਡੀਆਂ ਤੋਂ ਵੱਡੀਆਂ ਪਦਵੀਆਂ ਲੈਣ, ਪਰ ਇਸ ਉਦੇਸ਼ ਨਾਲ ਕਿ ਸਿੱਖੀ ਅਤੇ ਸਿੱਖਾਂ ਦੀ ਚੜ੍ਹਤ ਰਹੇ। ਕੁਰਸੀ ਪ੍ਰਾਪਤ ਕਰਨ ਸਾਰ ਉਹ ਸਭ ਕੁਝ ਭੁੱਲ-ਭੁਲਾ ਦਿੰਦੇ ਹਨ।”
ਜਿਨ੍ਹਾਂ ਨੇ ਪਾਰਲੀਮੈਂਟ ਵਿਚ ਸ਼ ਕਪੂਰ ਸਿੰਘ ਦੀਆਂ ਤਕਰੀਰਾਂ ਨਹੀਂ ਪੜ੍ਹੀਆਂ, ਉਹ ‘ਸਾਚੀ ਸਾਖੀ’ ਕਿਤਾਬ ਪੜ੍ਹਨ। ਸੰਸਕ੍ਰਿਤ ਅਤੇ ਫਾਰਸੀ ਦੇ ਉਹ ਕਿੱਡੇ ਵਿਦਵਾਨ ਸਨ, ਇਸ ਦਾ ਡਾæ ਰਾਧਾਕ੍ਰਿਸ਼ਨਨ ਤਕ ਲੋਹਾ ਮੰਨਦੇ ਸਨ। ਉਚ ਅੰਗਰੇਜ਼ੀ ਵਿਦਿਆ ਤਾਂ ਉਨ੍ਹਾਂ ਸਿੱਖੀ ਹੀ ਇੰਗਲੈਂਡ ਰਹਿੰਦਿਆਂ। ਫਲਸਫੇ ਦੀ ਐਮæਏæ ਕਰ ਕੇ ਇੰਗਲੈਂਡ ਹੀ ਆਈæਸੀæਐਸ਼ ਦੀ ਤਿਆਰੀ ਕੀਤੀ ਤੇ ਅਖੀਰ ਸਫਲ ਹੋਏ।
ਇਕ ਦਿਨ ਮੈਂ ਪੁੱਛਿਆ, “ਬੜੀ ਲਗਨ ਨਾਲ ਜੁਆਨ ਉਮਰੇ ਤੁਸੀਂ ਪੜ੍ਹੇ, ਵੱਡਾ ਉਦੇਸ਼ ਕੀ ਸੀ?” ਕਹਿਣ ਲੱਗੇ, “ਉਦੇਸ਼ ਤਾਂ ਚਾਚੇ ਨੂੰ ਕੁੱਟਣ ਦਾ ਸੀ। ਉਹ ਤੰਗ ਕਰਦਾ ਰਹਿੰਦਾ ਸੀ ਬਾਪੂ ਨੂੰ ਖਾਹਮਖਾਹ, ਉਸ ਨੂੰ ਸਬਕ ਸਿਖਾਣਾ ਜ਼ਰੂਰੀ ਸੀ ਤੇ ਸਬਕ ਡੀæਸੀæ ਲੱਗ ਕੇ ਹੀ ਸਿਖਾ ਸਕੀਦਾ ਹੈ, ਹੋਰ ਕੀ?”
ਇਕ ਦਿਨ ਸ਼ਾਮ ਦੇ ਘੁਸਮੁਸੇ ਵਿਚ ਸੈਰ ਕਰਦਿਆਂ ਡੰਡੀ-ਡੰਡੀ ਅਸੀਂ ਦੋਵੇਂ ਤੁਰੇ ਜਾ ਰਹੇ ਸਾਂ। ਕਿਸੇ ਪਾਰਕ ਵਿਚ ਦੀ ਲੰਘਦੀ ਸੀ ਇਹ ਡੰਡੀ। ਸਾਹਮਣਿਓਂ ਇਸੇ ਡੰਡੀ ‘ਤੇ ਕੋਈ ਸਾਈਕਲ ਸਵਾਰ ਆ ਗਿਆ, ਤਾਂ ਉਹ ਸਰਦਾਰ ਵਿਚ ਟਕਰਾਉਣ ਤੋਂ ਇਸ ਲਈ ਬਚ ਗਿਆ, ਕਿ ਮੈਂ ਉਸ ਦਾ ਹੈਂਡਲ ਫੜ ਲਿਆ। ਉਹ ਮੁਆਫੀ ਮੰਗ ਕੇ ਜਾਣ ਲੱਗਾ ਤਾਂ ਸਰਦਾਰ ਬੋਲਿਆ, “ਭਾਈ ਜਿਸ ਡੰਡੀ-ਡੰਡੀ ਤੂੰ ਆ ਰਿਹਾ ਸੈਂ, ਇਸ ਨੂੰ ਪਗ-ਡੰਡੀ ਕਹਿੰਦੇ ਹਨ। ਪਗ-ਡੰਡੀ ਪਤੈ ਕਿਉਂ ਕਹਿੰਦੇ ਹਨ? ਪਗ ਮਾਇਨੇ ਪੈਰ। ਉਹ ਰਸਤਾ ਜਿਹੜਾ ਪੈਰਾਂ ਨੇ ਬਣਾਇਆ ਹੋਵੇ। ਘਾਹ-ਫੂਸ, ਰੋੜ ਤੇ ਭੱਖੜਾ ਮਸਲ-ਮਸਲ ਕੇ ਇਹ ਪੈਰ, ਡੰਡੀ ਬਣਾਉਂਦੇ ਹਨ। ਪੈਰ ਹੀ ਬਣਾ ਸਕਦੇ ਹਨ ਪਗਡੰਡੀਆਂ। ਕਦੀ ਦੇਖਿਆ ਹੈ, ਕਿਸੇ ਸਾਈਕਲ ਨੇ ਕੋਈ ਡੰਡੀ ਬਣਾਈ ਹੋਵੇ? ਸਾਈਕਲ ਇਨਾ ਅਪਾਹਜ ਹੈ ਕਿ ਆਪ ਡੰਡੀ ਨਹੀਂ ਬਣਾ ਸਕਦਾ। ਇਸੇ ਲਈ ਸਰਕਾਰ ਨੇ ਇਸ ਵਾਸਤੇ ਸੜਕਾਂ ਬਣਾਈਆਂ ਹਨ। ਤੂੰ ਸੜਕ ਉਪਰ ਚੱਲਿਆ ਕਰ। ਪਗਡੰਗੀ ਪੈਦਲ ਜਾਂਦੇ ਰਾਹੀਆਂ ਲਈ ਹੈ।” ਸਾਈਕਲ ਸਵਾਰ ਤੁਰ ਗਿਆ, ਸਰਦਾਰ ਕਹਿਣ ਲੱਗਾ, “ਪੰਜਾਬ ਸਿੱਖਾਂ ਦੀਆਂ ਪਗਡੰਡੀਆਂ ਦੀ ਧਰਤੀ ਹੈ। ਅਠਾਹਰਵੀਂ ਸਦੀ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਨੇ ਇਥੇ ਦੁੱਖ ਝੱਲੇ ਹਨ। ਨੰਗੇ ਪੈਰੀਂ ਕੰਡੇ ਤੋੜੇ ਹਨ। ਪੰਜਾਬ ਦੀ ਧਰਤੀ ਸਿੱਖ ਪਗਡੰਡੀਆਂ ਦੀਆਂ ਖੁਸ਼ਬੂਆਂ ਨਾਲ ਭਰਪੂਰ ਹੈ, ਭਰਪੂਰ ਰਹੇਗੀ।”
1973 ਦੇ ਅਨੰਦਪੁਰ ਸਾਹਿਬ ਮਤੇ ਦੀ ਚਰਚਾ ਹੁਣ ਤੱਕ ਹੋ ਰਹੀ ਹੈ। ਇਸ ਦਾ ਡਰਾਫਟ ਸਿਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ। ਇਸ ਮਤੇ ਉਪਰ ਅਕਾਲੀ ਹਾਈਕਮਾਂਡ ਵਿਚ ਭਰਪੂਰ ਵਿਚਾਰਾਂ ਹੋਈਆਂ ਸਨ, ਪਰ ਅੰਤਿਮ ਰੂਪ ਇਸ ਨੂੰ ਉਹਨੇ ਹੀ ਦਿੱਤਾ। ਜਿਹੜੇ ਵਿਦਵਾਨ ਇਸ ਗੱਲ ਉਪਰ ਕਿੰਤੂ ਕਰਦੇ ਹਨ, ਉਹ ਉਹਦੀ ਲਿਖਣ ਸ਼ੈਲੀ ਦੇਖਣ। ਨਿਰੰਕਾਰੀਆਂ ਨੂੰ ਪੰਥ ਵਿਚੋਂ ਬੇਦਖਲ ਕਰਨ ਅਤੇ ਅਨੰਦਪੁਰ ਮਤਿਆਂ ਵਿਚ ਕਪੂਰ ਸਿੰਘ ਦੀ ਸ਼ੈਲੀ ਸਪਸ਼ਟ ਦਿਸ ਰਹੀ ਹੈ।
ਐਮਰਜੈਂਸੀ ਦੇ ਦਿਨ ਸਨ। ਉਹਨੇ ਕਿਤੇ ਭਾਸ਼ਣ ਵਿਚ ਜਥੇਦਾਰ ਟੌਹੜਾ ਦੀ ਨੁਕਤਾਚੀਨੀ ਕੀਤੀ, ਪਰ ਅਖਬਾਰਾਂ ਨੇ ਵਧਾ ਕੇ ਗੱਲਾਂ ਲਿਖੀਆਂ ਤੇ ਜਥੇਦਾਰ ਟੌਹੜਾ ਵਿਰੁੱਧ ਅਸੱਭਿਆ ਸ਼ਬਦ ਉਹਦੇ ਮੂੰਹ ਵਿਚ ਪਾ ਦਿੱਤੇ। ਉਹਨੇ ਮੈਨੂੰ ਬੁਲਾਇਆ ਤੇ ਕਿਹਾ, “ਟੌਹੜਾ ਸਾਹਿਬ ਸੰਗਰੂਰ ਜੇਲ੍ਹ ਵਿਚ ਨਜ਼ਰਬੰਦ ਹਨ, ਉਨ੍ਹਾਂ ਨਾਲ ਮੁਲਾਕਾਤ ਕਰ ਕੇ ਆ ਤੇ ਕਹਿ, ਮੈਨੂੰ ਇਹ ਦੱਸਣ ਲਈ ਭੇਜਿਆ ਹੈ ਤੁਹਾਡੇ ਪਾਸ ਕਿ ਮੈਂ ਟੌਹੜਾ ਸਾਹਿਬ ਦੀਆਂ ਗਲਤ ਨੀਤੀਆਂ ਦਾ ਤਾਂ ਵਿਰੋਧ ਕਰਦਾ ਰਹਾਂਗਾ, ਪਰ ਮੇਰੀ ਸ਼ਬਦਾਵਲੀ ਇਹ ਨਹੀਂ ਜਿਹੜੀ ਛਾਪੀ ਗਈ ਹੈ। ਮੇਰੇ ਲਈ ਪੰਥ ਵੱਡਾ ਹੈ, ਟੌਹੜਾ ਸਾਹਿਬ ਉਸ ਦੇ ਪਿੱਛੇ ਹਨ ਤੇ ਮੇਰੇ ਵਾਂਗ ਪੰਥ ਦੇ ਸੇਵਕ ਹਨ। ਜੇਲ੍ਹ ਵਿਚਲੇ ਬੰਦੇ ਨੂੰ ਬਾਹਰਲੇ ਆਜ਼ਾਦ ਬੰਦਿਆਂ ਵਲੋਂ ਬੇਚੈਨ ਨਹੀਂ ਕੀਤਾ ਜਾਣਾ ਚਾਹੀਦਾ। ਹੁਣੇ ਮਿਲ ਕੇ ਆ।”
ਜਿਵੇਂ ਗੱਲ ਸਮਝਾਈ ਗਈ ਸੀ, ਮੈਂ ਟੌਹੜਾ ਸਾਹਿਬ ਨੂੰ ਸਾਰੀ ਤਿਵੇਂ ਹੀ ਜਾ ਦੱਸੀ। ਉਹ ਖੁਸ਼ ਹੋ ਕੇ ਬੋਲੇ, “ਕਿਹਾ ਹੈ ਨਾ ਉਨ੍ਹਾਂ ਮੇਰੇ ਲਈ ਮਾੜੇ ਸ਼ਬਦ ਨਹੀਂ ਵਰਤੇ। ਧੰਨਭਾਗ, ਪਰ ਜੇ ਬੁਰਾ ਵੀ ਆਖਣਗੇ, ਮਾੜੇ ਲਫਜ਼ ਵੀ ਮੇਰੇ ਵਿਰੁਧ ਬੋਲਣਗੇ, ਮੈਂ ਤਾਂ ਤਦ ਵੀ ਉਨ੍ਹਾਂ ਦਾ ਸਤਿਕਾਰ ਕਰਾਂਗਾ। ਉਹ ਸਾਡੇ ਵਿਚ ਸਭ ਤੋਂ ਸਿਆਣੇ ਹਨ।æææਮੇਰੇ ਵਲੋਂ ਫਤਿਹ ਬੁਲਾਈ।”
ਜਦੋਂ ਰਿਹਾਈਆਂ ਹੋ ਗਈਆਂ, ਚੋਣਾਂ ਹੋਈਆਂ; ਕੇਂਦਰ ਵਿਚ ਜਨਤਾ ਦਲ ਤੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਟੌਹੜਾ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਉਨ੍ਹਾਂ ਦੀ ਕੋਠੀ ਜਾ ਕੇ ਮਿਲੇ। ਕਹਿਣ ਲੱਗੇ, “ਤੁਸੀਂ ਅਮਰੀਕਾ ਵਿਚ ਸਿੱਖੀ ਦਾ ਪ੍ਰਚਾਰ ਕਰੋ। ਇਥੇ ਤਾਂ ਮਾੜਾ ਮੋਟਾ ਅਸੀਂ ਵੀ ਕਰੀ ਜਾਂਦੇ ਹਾਂ, ਉਥੇ ਕੇਵਲ ਤੁਸੀਂ ਹੀ ਕਰ ਸਕਦੇ ਹੋ। ਖਰਚੇ ਦੀ ਪ੍ਰਵਾਹ ਨਹੀਂ, ਜਿੰਨਾ ਮਰਜ਼ੀ ਖਰਚਾ ਆਵੇ, ਉਸ ਦਾ ਪ੍ਰਬੰਧ ਮੈਂ ਕਰਾਂਗਾ।”
ਸਰਦਾਰ ਬੋਲਿਆ, “ਮੈਨੂੰ ਇਥੋਂ ਦਫਾ ਕਰ ਕੇ ਸਿੱਖਾਂ ਨੂੰ ਕਿਸ ਕੋਲ ਅਤੇ ਕਿੰਨੇ ਦਾ ਵੇਚਣਾ ਹੈ? ਜਿੰਨਾ ਚਿਰ ਜਿਉਂਦਾ ਰਹਾਂਗਾ, ਪੰਥ ਦਾ ਚੌਕੀਦਾਰ ਹੋ ਕੇ ਪਹਿਰਾ ਦਿੰਦਾ ਰਹਾਂਗਾ। ਤੁਹਾਡੇ ਅਤੇ ਤੁਹਾਡੇ ਬਾਕੀ ਜਥੇਦਾਰਾਂ ਦੇ ਲਾਗੇ-ਚਾਗੇ ਰਹਾਂਗਾ। ਕੀ ਪਤਾ ਵੇਚ ਦਿਓ, ਕੀ ਪਤਾ ਗਹਿਣੇ ਰੱਖ ਦਿਓ ਕਿਸੇ ਪਾਸ?” ਟੌਹੜਾ ਸਾਹਿਬ ਹੱਸ ਪਏ ਤੇ ਕਿਹਾ, “ਤੁਸੀਂ ਮਾਲਕ ਹੋ ਸਰਦਾਰ ਸਾਹਿਬ। ਸਾਡੀ ਹਰ ਗੱਲ ਚੁਟਕੀਆਂ ਵਿਚ ਉਡਾਉਣ ਦਾ ਤੁਹਾਨੂੰ ਹੱਕ ਹੈ।”
ਟੌਹੜਾ ਸਾਹਿਬ ਨੇ ਖੁਦ ਇਹ ਗੱਲ ਸੁਣਾਈ, “ਮੈਂ ਮਿਲਣ ਗਿਆ ਤਾਂ ਗੱਲਾਂ ਕਰਦਿਆਂ ਪਤਾ ਨਹੀਂ ਉਨ੍ਹਾਂ ਦੇ ਮਨ ਵਿਚ ਕੀ ਫੁਰਨਾ ਆਇਆ। ਕਹਿਣ ਲੱਗੇ-ਤੂੰ ਕਾਮਰੇਡ ਐਂ। ਮੈਂ ਪੁੱਛਿਆ, ਜੀ ਤੁਹਾਨੂੰ ਇਹ ਸ਼ੱਕ ਕਿਉਂ ਪਿਆ? ਬੋਲੇ, ਤੂੰ ਸ਼੍ਰੋਮਣੀ ਕਮੇਟੀ ਵਿਚ ਕਾਮਰੇਡਾਂ ਦੀ ਭਰਤੀ ਕੀਤੀ ਹੈ। ਦੂਜਾ, ਤੇਰੀ ਯਾਰੀ ਹਰਕਿਸ਼ਨ ਸਿੰਘ ਸੁਰਜੀਤ ਨਾਲ ਐ। ਫਿਰ ਕਿਵੇਂ ਨਾ ਮੰਨੀਏ ਤੂੰ ਕਾਮਰੇਡ ਐਂ? ਮੈਂ ਕਿਹਾ, ਆਪਣੇ ਪਿੰਡਾਂ ਦਾ ਕੋਈ ਲੋੜਵੰਦ ਮੁੰਡਾ ਜੇ ਮੁਲਾਜ਼ਮ ਰੱਖ ਲਿਆ ਤਾਂ ਇਸ ਆਸ ਨਾਲ ਕਿ ਸਿੱਖੀ ਦੀ ਸਮਝ ਆ ਜਾਊ ਤਾਂ ਠੀਕ ਹੋ ਜਾਊ। ਰਹੀ ਗੱਲ ਸੁਰਜੀਤ ਦੀ। ਕੋਈ ਸਿਧਾਂਤਕ ਸਾਂਝ ਨਹੀਂ ਹੈ। ਉਹਦਾ ਤੇ ਮੇਰਾ ਬਾਪੂ ਦੋਸਤ ਸਨ, ਸਿੰਘ ਸਭੀਏ ਸਨ। ਇਹ ਪਰਿਵਾਰਕ ਸਾਂਝ ਹੈ ਤੇ ਪੁਰਾਣੀ ਹੈ। ਸਰਦਾਰ ਸਾਹਿਬ ਮੈਂ ਨਿੱਤਨੇਮੀ ਹਾਂ ਤੇ ਬਾਣੇ ਦਾ ਧਾਰਨੀ। ਕਾਮਰੇਡ ਨਿਤਨੇਮੀ ਨਹੀਂ ਹੁੰਦਾ, ਬਾਣੇ ਦਾ ਧਾਰਨੀ ਨਹੀਂ ਹੁੰਦਾ। ਸਰਦਾਰ ਸਾਹਿਬ ਬੋਲੇ, “ਹੰਢਿਆ ਹੋਇਆ ਖਚਰਾ ਕਾਮਰੇਡ ਇਹ ਸਭ ਕੁਝ ਕਰ ਸਕਦਾ ਹੈ।”
ਪ੍ਰੋਫੈਸਰ ਹਰਬੰਸ ਸਿੰਘ ਕੋਲ ਮੈਂ ਅਕਸਰ ਜਾਂਦਾ ਰਹਿੰਦਾ ਤੇ ਸਰਦਾਰ ਦੀਆਂ ਟਿੱਪਣੀਆਂ ਸੁਣਾਉਂਦਾ। ਇਕ ਦਿਨ ਉਨ੍ਹਾਂ ਕਿਹਾ, ਤੁਸੀਂ ਸਰਦਾਰ ਸਾਹਿਬ ਨੂੰ ਯਾਦ ਕਰਾਉਣਾ, ਅਸੀਂ ਕਈ ਵਾਰ ਬੇਨਤੀ ਕੀਤੀ ਹੈ ਕਿ ਇਨਸਾਈਕਲੋਪੀਡੀਏ ਵਾਸਤੇ ਇੰਦਰਾਜ ਲਿਖੋ। ਜਵਾਬ ਨਹੀਂ ਦਿੰਦੇ। ਤੁਸੀਂ ਮਿਲੋਗੇ ਤਾਂ ਮੇਰੇ ਵਲੋਂ ਫਿਰ ਬੇਨਤੀ ਕਰਨੀ। ਮੈਂ ਸਰਦਾਰ ਕੋਲ ਗੱਲ ਕੀਤੀ। ਉਹਨੇ ਕਿਹਾ- ਇੰਦਰਾਜ ਤਾਂ ਜਿੰਨੇ ਕਹਿਣ, ਲਿਖ ਦਿਆਂਗਾ ਪਰ ਪਟਿਆਲੇ ਜਾਓ ਤਾਂ ਉਨ੍ਹਾਂ ਨੂੰ ਪੁੱਛਣਾ ਕਿ ਮੇਰੀ ਲਿਖਤ ਦੀ ਵੈਟਿੰਗ ਤਾਂ ਨਹੀਂ ਕਰਨਗੇ? ਅਗਲੀ ਮੁਲਾਕਾਤ ‘ਤੇ ਮੈਂ ਪ੍ਰੋਫੈਸਰ ਸਾਹਿਬ ਨਾਲ ਗੱਲ ਕੀਤੀ, ਉਨ੍ਹਾਂ ਕਿਹਾ, ਵੈਟਿੰਗ ਤਾਂ ਕਰਾਂਗਾ, ਵੈਟਿੰਗ ਤਾਂ ਲਾਜ਼ਮੀ ਹੈ। ਮੈਂ ਸਰਦਾਰ ਨੂੰ ਦੱਸਿਆ। ਸਰਦਾਰ ਬੋਲਿਆ-ਨਾ, ਜੇ ਮੈਂ ਉਹਦੇ ਬਣਾਏ ਇਨਸਾਈਕਲੋਪੀਡੀਏ ਦੀ ਵੈਟਿੰਗ ਕਰਨ ਲੱਗ ਪਿਆæææਫੇਰ? ਜਦੋਂ ਗੁਰੂ ਗੋਬਿੰਦ ਸਿੰਘ ਭਵਨ ਜਾਏਂ ਤਾਂ ਵੈਦਿਕ ਸੈਕਸ਼ਨ ਉਪਰ ਲਿਖਿਆ ਵਾਕ ਪੜ੍ਹੀਂ, ਲਿਖਿਆ ਹੈ, ਟਰੂਥ ਇਜ਼ ਵਨ, ਸੇਜਜ਼ ਕਾਲ ਇਟ ਵਿਦ ਮੈਨੀ ਨੇਮਜ਼ (ਸੱਚ ਇਕ ਹੈ, ਸਾਧੂਆਂ ਨੇ ਇਸ ਨੂੰ ਕਈ ਨਾਮ ਦੇ ਦਿੱਤੇ ਹਨ)æææਤੈਨੂੰ ਪਤੈ, ‘ਟੂ ਕਾਲ ਨੇਮਜ਼’ ਦਾ ਮਾਇਨਾ ਗਾਲ੍ਹਾਂ ਦੇਣੀਆਂ ਹੁੰਦਾ ਹੈ। ਇਹ ਐ ਹਰਬੰਸ ਸਿੰਘ ਦੀ ਅੰਗਰੇਜ਼ੀ। ਮੇਰੀ ਅੰਗਰੇਜ਼ੀ ਦੀ ਵੈਟਿੰਗ ਕਰੇਗਾæææ।
ਇਕ ਦਿਨ ਇਕ ਜਥੇਦਾਰ ਨੇਤਾ ਆ ਗਿਆ। ਚਾਹ ਪਾਣੀ ਪੀਂਦਿਆਂ ਕਹਿਣ ਲੱਗਾ, “ਮੇਰੀ ਕਦਰ ਨਹੀਂ ਕਰਦੀ ਹਾਈਕਮਾਂਡ। ਮੈਂ ਕੁਰਬਾਨੀ ਕੀਤੀ ਹੈ, ਕਿੰਨੇ ਸਾਲ ਜੇਲ੍ਹ ਕੱਟੀ ਹੈ ਪੰਥ ਲਈ। ਕਿਸੇ ਨੂੰ ਪਰਵਾਹ ਨਹੀਂ।”
ਸਰਦਾਰ ਨੇ ਕਿਹਾ, “ਜਥੇਦਾਰਾ, ਕੈਦ ਤਾਂ ਤੂੰ ਕੱਟਣੀ ਹੀ ਸੀ। ਇਸ ਗੱਲ ਦਾ ਸ਼ੁਕਰ ਕਰ ਕਿ ਪੰਥ ਦੇ ਨਾਮ ਲੱਗ ਗਈ। ਤੂੰ ਤਾਂ ਮੱਝਾਂ ਚੋਰੀ ਕਰਨ ਦੇ ਕੇਸ ਵਿਚ ਜੇਲ੍ਹ ਜਾਂਦਾ ਜੇ ਅਕਾਲੀ ਦਲ ਵਿਚ ਨਾ ਹੁੰਦਾ।
ਸਰਦਾਰ ਨੇ ਦੱਸਿਆ, “ਬਹੁਤ ਸਾਲ ਪਹਿਲਾਂ ਘਰ ਬæਸ਼ ਬਲ (ਜੋ ਪਿਛੋਂ ਅੰਮ੍ਰਿਤਸਰ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਲੱਗਾ) ਆਇਆ। ਉਦੋਂ ਉਹਨੇ ਸਿਰ ਮੁਨਾਇਆ ਹੋਇਆ ਸੀ। ਕਹਿਣ ਲੱਗਾ, “ਜੀ ਦੇਰ ਦਾ ਤੁਹਾਡੇ ਪਾਸ ਆਉਣ ਦਾ ਇਛੁਕ ਸੀ ਪਰ ਆਉਣ ਤੋਂ ਡਰਦਾ ਸੀ।” ਸਰਦਾਰ ਨੇ ਪੁੱਛਿਆ, “ਕਿਸ ਗੱਲ ਦਾ ਡਰ ਸੀ ਤੈਨੂੰ?” ਬੋਲਿਆ, “ਮੈਂ ਮੋਨਾ ਹਾਂ ਨਾ ਜੀ, ਤੁਸੀਂ ਬੁਰਾ ਮਨਾਉਂਦੇ ਹੋ, ਇਸ ਲਈ।” ਸਰਦਾਰ ਨੇ ਕਿਹਾ, “ਜਿਹੜਾ ਕੰਮ ਕਰਦੇ ਹੋ ਜੇ ਮਾੜਾ ਹੈ, ਤਾਂ ਨਾ ਕਰੋ ਫੇਰ। ਜੇ ਫ਼ੈਸਲਾ ਕਰ ਰੱਖਿਆ ਹੈ ਕਿ ਕਰਨਾ ਹੈ, ਫਿਰ ਡਰਦਾ ਕਿਉਂ ਹੈਂ? ਵਾਲ ਮੁਨਾਉਣੇ ਵੀ ਹਨ ਤੇ ਡਰਨਾ ਵੀ ਹੈ ਕਿ ਬੁਰਾ ਨਾ ਲੱਗਾਂ। ਮੈਂ ਵੀ ਕਈ ਮਾੜੇ ਕੰਮ ਕਰਦਾ ਹਾਂ ਪਰ ਡਰਦਾ ਨਹੀਂ। ਦੱਸ ਕਿਵੇਂ ਆਇਆਂ?”
ਉਹਨੇ ਆਪਣਾ ਪੀæਐਚæਡੀæ ਦਾ ਥੀਸਿਸ ਫੜਾਉਂਦਿਆਂ ਕਿਹਾ, “ਜੇ ਇਸ ਉਪਰ ਨਜ਼ਰ ਮਾਰ ਲਵੋ। ਮੈਂ ਮਿਹਨਤ ਕੀਤੀ ਹੈ। ਦੇਖ ਲਵੋ।” ਸਰਦਾਰ ਨੇ ਕਿਤਾਬ ਰੱਖ ਲਈ ਤੇ ਮਹੀਨੇ ਬਾਅਦ ਆਉਣ ਲਈ ਕਿਹਾ। ਮਹੀਨੇ ਬਾਅਦ ਆਇਆ ਤਾਂ ਕਹਿਣ ਲੱਗਾ, “ਮੇਰੀ ਲਿਖਤ ਜਦੋਂ ਛਪੀ ਹੋਈ ਕੋਈ ਪੜ੍ਹਦਾ ਹੈ ਤਾਂ ਸਹਿਮਤ ਹੋਵੇ ਭਾਵੇਂ ਨਾ, ਪਰ ਜੇ ਮੈਨੂੰ ਜਾਣਦਾ ਵੀ ਨਾ ਹੋਵੇ ਤਾਂ ਪਾਠਕ ਇਸ ਨਤੀਜੇ ਉਪਰ ਪੁੱਜਦਾ ਹੈ ਕਿ ਇਹ ਕਿਸੇ ਸਿੱਖ ਦੀ ਲਿਖੀ ਹੋਈ ਚੀਜ਼ ਹੈæææਇਹ ਸਿੱਖ ਦ੍ਰਿਸ਼ਟੀਕੋਣ ਤੋਂ ਲਿਖੀ ਰਚਨਾ ਹੈ, ਪਰ ਤੇਰੀ ਲਿਖਤ ਪੜ੍ਹਦਿਆਂ ਮੈਨੂੰ ਕਦੀ ਤੂੰ ਸਿੱਖ ਲਗਦੈਂ, ਕਦੀ ਹਿੰਦੂ, ਕਦੀ ਕਾਂਗਰਸੀਆ, ਕਦੀ ਮੌਕਾਸ਼ਨਾਖ ਅਤੇ ਕਦੀ ਕਮਿਊਨਿਸਟ। ਤੇਰਾ ਕੋਈ ਦ੍ਰਿਸ਼ਟੀਕੋਣ ਨਹੀਂ। ਤੂੰ ਹੈਂ ਕੀ? ਪਤਾ ਨਹੀਂ ਲਗਦਾ। ਆਪਣੇ ਆਪ ਵਿਚ ਸਪਸ਼ਟ ਹੋ। ਇਮਾਨਦਾਰ ਹੋ।”
ਮਰਹੂਮ ਡਾæ ਭਗਤ ਸਿੰਘ ਭਲੇ ਅਕਾਲੀ ਨੇਤਾ ਹੋਇਆ ਕਰਦੇ ਸਨ ਤੇ ਸਿਹਤ ਮੰਤਰੀ ਬਣੇ। ਸਰਦਾਰ ਸਾਹਿਬ ਦੇ ਬੜੇ ਕਦਰਦਾਨ ਸਨ। ਜਦੋਂ ਵਕਤ ਲਗਦਾ, ਆ ਜਾਂਦੇ। ਆ ਕੇ ਬੈਠੇ ਹੀ ਸਨ ਕਿ ਸਰਦਾਰ ਅਕਾਲੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਕੋਈ ਕਸਰ ਨਾ ਛੱਡੀ। ਅਕਾਲੀਆਂ ਦਾ ਵਜ਼ੀਰ ਸਾਹਮਣੇ ਬੈਠਾ ਹੋਵੇ ਤੇ ਚੁਪ-ਚਾਪ ਪਾਰਟੀ ਨੂੰ ਗਾਲ੍ਹਾਂ ਪੈਂਦੀਆਂ ਸੁਣਦਾ ਰਹੇ। ਇਹ ਗੱਲ ਭਗਤ ਸਿੰਘ ਨੂੰ ਬੇਚੈਨ ਕਰ ਰਹੀ ਸੀ, ਇਸ ਦੀ ਥਾਂ ਕੋਈ ਹੋਰ ਗੱਲ ਚੱਲੇ, ਮੌਕਾ ਤਕਾ ਰਿਹਾ ਸੀ। ਆਖ਼ਰ ਭਗਤ ਸਿੰਘ ਬੋਲਿਆ, “ਜੀ ਸਾਰੇ ਤਾਂ ਮਾੜੇ ਨਹੀਂ ਹਨ। ਮੈਂ ਵੀ ਅਕਾਲੀ ਹਾਂ। ਕੋਈ ਬੇਈਮਾਨੀ ਨਹੀਂ ਕੀਤੀ, ਤੁਹਾਡਾ ਆਖਾ ਮੰਨਦਾ-ਸੁਣਦਾ ਹਾਂ।” ਸੁਣਦਿਆਂ ਹੀ ਸਰਦਾਰ ਹੋਰ ਭੜਕਿਆ, “ਅੱਛਾ ਤੂੰ ਵੀ ਅਕਾਲੀ ਹੈਂ? ਜੇ ਤੂੰ ਵੀ ਅਕਾਲੀ ਹੈਂ ਤਾਂæææ।” ਬਸ ਜੀ ਕੋਈ ਗਾਲ੍ਹ ਨਹੀਂ ਛੱਡੀ ਦੇਣ ਤੋਂ। ਭਗਤ ਸਿੰਘ ਖਾਮੋਸ਼ ਬੈਠਾ ਸੁਣਦਾ ਰਿਹਾ। ਇਕ ਅੱਖਰ ਨਹੀਂ ਬੋਲਿਆ। ਇੰਨੇ ਨੂੰ ਚਾਹ ਆ ਗਈ। ਸਰਦਾਰ ਪੁੱਛਣ ਲੱਗਾ, “ਭਗਤ ਸਿਆਂ ਚੀਨੀ ਪਾeਂੇਗਾ ਕਿ ਨਹੀਂ? ਭਗਤ ਸਿੰਘ ਨੇ ਕਿਹਾ, “ਥੋੜ੍ਹੀ ਕੁ ਪਾ ਦਿਉ। ਘੱਟ ਪੀਂਦਾ ਹਾਂ।” ਭਗਤ ਸਿੰਘ ਚਾਹ ਦਾ ਕੱਪ ਚੁੱਕ ਕੇ ਪੀਣ ਲੱਗਾ। ਕਪੂਰ ਸਿੰਘ ਬੋਲਿਆ, “ਭਗਤ ਸਿਆਂ, ਮੈਂ ਗਾਲ੍ਹਾਂ ਕੁਝ ਜ਼ਿਆਦਾ ਹੀ ਦੇ ਦਿਤੀਆਂ ਨੇ। ਤੂੰ ਫਿਰ ਵੀ ਆਰਾਮ ਨਾਲ ਬੈਠਾ ਚਾਹ ਪੀ ਰਿਹਾ ਹੈਂ। ਬੁਰਾ ਨਹੀਂ ਮਨਾਇਆ ਮੇਰਾ?”
ਜਵਾਬ ਸੀ, “ਨਹੀਂ ਜੀ, ਬੁਰਾ ਕਿਸ ਗੱਲ ਦਾ ਮਨੌਣਾ?” ਕਪੂਰ ਸਿੰਘ ਬੋਲਿਆ, “ਕਿਉਂ ਨਹੀਂ ਗੁੱਸਾ ਕੀਤਾ ਤੂੰ ਮੇਰੀਆਂ ਗਾਲ੍ਹਾਂ ਦਾ ਬਈ?” ਭਗਤ ਸਿੰਘ ਬੋਲਿਆ, “ਮੈਂ ਡਾਕਟਰ ਹਾਂ। ਗਾਲ੍ਹਾਂ ਦਾ ਤਾਂ ਗੁੱਸਾ ਕੀ ਕਰਨਾ, ਪਾਗਲ ਬੰਦਾ ਥੱਪੜ ਮਾਰ ਦੇਵੇ ਤਾਂ ਵੀ ਬੁਰਾ ਨਹੀਂ ਮਨਾਉਂਦਾ। ਮੇਰਾ ਕੰਮ ਗੁੱਸੇ ਹੋਣਾ ਥੋੜ੍ਹਾ ਹੈ, ਪਾਗਲਾਂ ਦਾ ਇਲਾਜ ਕਰਨਾ ਹੈ। ਮੈਂ ਤੁਹਾਡਾ ਇਲਾਜ ਕਰ ਸਕਦਾ ਹਾਂ। ਅਜੇ ਮਰਜ਼ ਲਾਇਲਾਜ ਨਹੀਂ ਹੋਈ।”
ਕਪੂਰ ਸਿੰਘ ਜ਼ੋਰ ਦੀ ਹੱਸਿਆ ਤੇ ਭਗਤ ਸਿੰਘ ਨੂੰ ਜੱਫੀ ਵਿਚ ਲੈ ਲਿਆ। ਕਹਿਣ ਲੱਗਾ “ਮੈਂ ਤਾਂ ਕੀ, ਇਮਾਨਦਾਰ ਬੰਦੇ ਨੂੰ ਕੋਈ ਵੀ ਡਰਾ ਨਹੀਂ ਸਕਦਾ।”
ਗੁਰਮਤਿ ਕਾਲਜ ਦਾ ਪ੍ਰੋæ ਲਾਭ ਸਿੰਘ ਉਸ ਨੂੰ ਪਟਿਆਲੇ ਲੈਕਚਰ ਕਰਨ ਵਾਸਤੇ ਸੱਦਾ ਪੱਤਰ ਦੇਣ ਆਇਆ। ਉਸ ਨੇ ਖਿਮਾ ਮੰਗੀ ਤੇ ਕਿਹਾ, ਹੁਣ ਮੈਂ ਚੰਡੀਗੜ੍ਹੋਂ ਬਾਹਰ ਘੱਟ ਨਿਕਲਦਾ ਹਾਂ। ਲਾਭ ਸਿੰਘ ਬੇਨਤੀਆਂ ਕਰਨ ਤੋਂ ਹਟੇ ਨਾ। ਦਰਅਸਲ ਕਾਲਜ ਵਾਲਿਆਂ ਨੇ ਇਕ ਵਾਰ ਪਹਿਲੋਂ ਸੱਦਿਆ, ਪਰ ਟੈਕਸੀ ਦਾ ਕਿਰਾਇਆ ਨਹੀਂ ਦਿੱਤਾ ਸੀ, ਇਸ ਕਰ ਕੇ ਜਾਣ ਤੋਂ ਇਨਕਾਰੀ ਸੀ। ਲਾਭ ਸਿੰਘ ਨਾ ਹਟਿਆ ਤਾਂ ਕਿਹਾ, ਨਿਕੇ ਹੁੰਦੇ ਅਸੀਂ ਬੱਚੇ ਦੇਰ ਤੱਕ ਕਤੂਰਿਆਂ ਨਾਲ ਖੇਡਦੇ ਰਹਿੰਦੇ। ਜਦੋਂ ਕਤੂਰਾ ਅੱਕ ਜਾਂਦਾ, ਹੋਰ ਨਾ ਖੇਡਣਾ ਚਾਹੁੰਦਾ ਤਾਂ ਚੂੰ-ਚੂੰ ਕਰਨ ਲੱਗ ਜਾਂਦਾ। ਅਸੀਂ ਬੱਚੇ ਸਮਝ ਜਾਂਦੇ ਤੇ ਉਹਨੂੰ ਛੱਡ ਦਿੰਦੇ। ਸਰਦਾਰ ਸਾਹਿਬ ਮੈਂ ਬੜੀ ਦੇਰ ਦਾ ਚੂੰ-ਚੂੰ ਕਰੀ ਜਾਨਾ, ਹੁਣਾ ਮੇਰਾ ਖਹਿੜਾ ਛੱਡੋ।”
ਮੈਨੂੰ ਕਿਹਾ, ਐਤਕੀਂ ਵਿਸਾਖੀ ‘ਤੇ ਅਨੰਦਪੁਰ ਸਾਹਿਬ ਲੈਕਚਰ ਕਰਨ ਦਾ ਸੱਦਾ ਆਇਐ। ਜਾਊਂਗਾ। ਤੂੰ ਵੀ ਚਲੀਂ। ਤੈਨੂੰ ਤਮਾਸ਼ਾ ਦਿਖਾਊਂਗਾ। ਸਰਦਾਰ ਨੇ ਭਾਸ਼ਣ ਦਿੱਤਾ। ਕਿਸੇ ਨੇ ਸਵਾਲ ਪੁੱਛ ਲਿਆ, “ਜੀ ਤੰਬੂ ‘ਚ ਲਿਜਾ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਸੀਸ ਸੱਚ ਮੁੱਚ ਕੱਟੇ ਸਨ?”
ਦੱਸਿਆ, “ਗੁਰੂ ਕਲਗੀਧਰ ਪਿਤਾ ਨੇ ਸਾਥੋਂ ਜੀਵਨ ਭਰ ਕੁਝ ਨਾ ਲੁਕਾਇਆ, ਨਾ ਛੁਪਾਇਆ। ਇਸ ਇਕ ਮੌਕੇ ਪਰਦਾ ਤਾਣ ਕੇ ਅਗੰਮੀ ਕਾਰਜ ਕੀਤਾ। ਖਾਲਸੇ ਨੂੰ ਜਨਮ ਦੇਣ ਵਕਤ ਉਹਨੇ ਤੁਹਾਥੋਂ ਪਰਦਾ ਕੀਤਾ ਸੀ। ਤੁਹਾਨੂੰ ਕੀ ਹੱਕ ਹੈ ਕਿ ਪਰਦਾ ਹਟਾਓ। ਖ਼ਬਰਦਾਰ ਕਿਸੇ ਨੇ ਅਜਿਹਾ ਸਵਾਲ ਕਦੀ ਕੀਤਾ। ਖ਼ਬਰਦਾਰ ਜੇ ਕਿਸੇ ਨੇ ਅੰਦਾਜ਼ੇ ਲਾ-ਲਾ ਕੇ ਉਤਰ ਦੇਣ ਦੀ ਮੂਰਖਤਾ ਕੀਤੀ। ਕਈ ਸਾਲ ਦਸਮੇਸ਼ ਪਿਤਾ ਅਤੇ ਪੰਜ ਪਿਆਰੇ ਸਾਡੇ ਵਿਚਕਾਰ ਰਹੇ। ਉਨ੍ਹਾਂ ਨੇ ਕਦੀ ਕੋਈ ਗੱਲ ਇਸ ਮਹਾਨ ਘਟਨਾ ਬਾਰੇ ਨਹੀਂ ਕੀਤੀ। ਕਿਸੇ ਨੂੰ ਇਸ ਬਾਰੇ ਟਿੱਪਣੀ ਕਰਨ ਦਾ ਪਾਪ ਨਹੀਂ ਕਰਨਾ ਚਾਹੀਦਾ।”
1978 ਦੇ ਸਾਲ ਅੰਮ੍ਰਿਤਸਰ ਵਿਚ ਨਿਰੰਕਾਰੀਆਂ ਹੱਥੋਂ ਦਰਜਨ ਸਿੱਖ ਕਤਲ ਕੀਤੇ ਗਏ। ਅਕਾਲੀਆਂ ਦੀ ਸਰਕਾਰ ਸੀ। ਸਿੱਖਾਂ ਵਿਚ ਵਿਆਪਕ ਰੋਸ ਸੀ। ਇਕ ਦਿਨ ਕੁਝ ਸਿੱਖ ਮਿਲਣ ਆਏ ਤੇ ਕਿਹਾ, ਸਰਦਾਰ ਸਾਹਿਬ, ਸ਼ਹੀਦਾਂ ਦੀਆਂ ਰੂਹਾਂ ਇਨ੍ਹਾਂ ਅਕਾਲੀਆਂ ਨੂੰ ਬੇਚੈਨ ਨਹੀਂ ਕਰਦੀਆਂ? ਸਰਦਾਰ ਹੱਸ ਪਿਆ, ਅਕਾਲੀ ਤਾਂ ਖੁਦ ਜਿੰਨ ਹਨ। ਜੇ ਰੂਹਾਂ ਇਨ੍ਹਾਂ ਕੋਲ ਜਾਣਗੀਆਂ ਤਾਂ ਇਹ ਖੁਸ਼ ਹੋ ਕੇ ਆਖਣਗੇ-ਆਓ ਨੱਚੀਏ ਗਾਈਏ। ਸਰਦਾਰ ਜੀ, ਸ਼ਹੀਦ ਰੂਹਾਂ ਬੰਦਿਆਂ ਉਪਰ ਅਸਰ ਕਰਦੀਆਂ ਹਨ, ਪ੍ਰੇਤਾਂ ਉਪਰ ਨਹੀਂ।
ਉਹ ਚਾਹੁੰਦਾ, ਉਸ ਦੇ ਨਾਮ ਨਾਲ ਸਰਦਾਰ ਦੀ ਥਾਂ ਸਿਰਦਾਰ ਲਿਖਿਆ ਜਾਏ। ਲੋਕ ਇਵੇਂ ਲਿਖਣ ਲੱਗ ਪਏ। ਪੰਜਾਬੀ ਵਿਚਲੇ ਲਫਜ਼ ਸਿਰ ਵਾਸਤੇ ਉਰਦੂ ਵਿਚ ਸਰ ਹੈ (ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ), ਦੋਹਾਂ ਵਿਚ ਫਰਕ ਨਹੀਂ ਤਾਂ ਸਰਦਾਰ ਲਫਜ਼ ਨੂੰ ਕਿਉਂ ਨਾਪਸੰਦ ਕਰਦਾ ਸੀ, ਪਤਾ ਨਹੀਂ।
1978 ਦੀ ਗੱਲ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਵਿਚ ‘ਹੂ ਕਿਲਡ ਗੁਰੂ ਤੇਗ ਬਹਾਦਰ’ ਖੋਜ ਪੱਤਰ ਪੜ੍ਹਨ ਲਈ ਆਇਆ। ਡਾæ ਫੌਜਾ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਉਤੇ ਲੇਖ ਲਿਖਿਆ ਸੀ ਜਿਸ ਵਿਚ ਗੁਲਾਮ ਹੁਸੈਨ ਦੇ ਕੁਝ ਇਤਰਾਜ਼ਯੋਗ ਵਾਕ ਹੂ-ਬ-ਹੂ ਬਿਨਾਂ ਕਿਸੇ ਟਿੱਪਣੀ ਦੇ ਛਾਪ ਦਿੱਤੇ ਸਨ। ਸਿੱਖਾਂ ਵਿਚ ਬੜਾ ਗੁੱਸਾ ਸੀ ਤੇ ਆਖਰ ਫੌਜਾ ਸਿੰਘ ਨੇ ਅਕਾਲ ਤਖਤ ਸਾਹਿਬ ਪਾਸੋਂ ਮੁਆਫੀ ਮੰਗੀ। ਫੌਜਾ ਸਿੰਘ ਦੇ ਲੇਖ ਵਿਚ ਵਰਤੇ ਸਰੋਤਾਂ ਨੂੰ ਗਲਤ ਸਾਬਤ ਕਰਨ ਲਈ ਉਹ ਲੇਖ ਲਿਖ ਕੇ ਲਿਆਇਆ ਸੀ। ਉਦੋਂ ਵਾਈਸ ਚਾਂਸਲਰ ਡਾæ ਇੰਦਰਜੀਤ ਕੌਰ ਸੀ ਜੋ ਸਰਦਾਰ ਦੀ ਬੜੀ ਕਦਰ ਕਰਦੀ ਸੀ। ਸੈਨੇਟ ਹਾਲ ਖਚਾਖਚ ਭਰਿਆ ਹੋਇਆ ਸੀ। ਵਾਈਸ ਚਾਂਸਲਰ ਨੇ ਅਰੰਭਕ ਬੋਲ ਕਹੇ, “ਸਤਿਕਾਰ ਯੋਗ ਸਰਦਾਰ ਸਾਹਿਬ ਜੀ, ਕਿਉਂਕਿ ਪਹਿਲਾਂ ਬਹੁਤ ਬੇਰਸੀ ਹੋ ਚੁਕੀ ਹੋਈ ਹੈ, ਤੁਸੀਂ ਲੇਖ ਜੀ ਸਦਕੇ ਪੜ੍ਹੋ ਪਰ ਇਸ ਵਿਚ ਡਾæ ਫੌਜਾ ਸਿੰਘ ਬਾਰੇ ਕੁਝ ਨਾ ਕਹਿਣਾ। ਮਾਹੌਲ ਪਹਿਲੋਂ ਹੀ ਤਣਾਉਗ੍ਰਸਤ ਹੋ ਚੁਕਿਆ ਹੈ।”
ਸਰਦਾਰ ਬੋਲਿਆ, “ਮੈਂ ਕਦੀ ਪ੍ਰੋਫੈਸਰ ਨਹੀਂ ਰਿਹਾ, ਇਸ ਕਰ ਕੇ ਕਈ ਗੱਲਾਂ ਦਾ ਪਤਾ ਨਹੀਂ ਹੈ। ਵਿਦਵਾਨ ਵੀ ਨਹੀਂ ਹਾਂ। ਹੁਣ ਵੱਡੀ ਸਮੱਸਿਆ ਆ ਪਈ ਹੈ ਕਿ ਲੇਖ ਪੜ੍ਹਾਂ ਤੇ ਡਾæ ਫੌਜਾ ਸਿੰਘ ਦਾ ਜ਼ਿਕਰ ਨਾ ਕਰਾਂ। ਇਹ ਲੇਖ ਤਾ ਮੈਂ ਲਿਖਿਆ ਹੀ ਇਸ ਕਰ ਕੇ ਹੈ ਕਿ ਫੌਜਾ ਸਿੰਘ ਦੀਆਂ ਲੱਭਤਾਂ ਰੱਦ ਕਰਾਂ। ਚਲੋ ਇਕ ਹੋਰ ਕੰਮ ਕਰ ਕੇ ਦੇਖੀਏ। ਮੈਂ ਬੀਬੀ ਇੰਦਰਜੀਤ ਕੌਰ ਨੂੰ ਆਖਦਾ ਹਾਂ ਕਿ ਗੁਰੂ ਤੇਗ ਬਹਾਦਰ ਬਾਰੇ ਉਹ ਪੰਜ ਮਿੰਟ ਬੋਲਣ, ਪਰ ਗੁਰੂ ਤੇਗ ਬਹਾਦਰ ਦਾ ਜ਼ਿਕਰ ਨਾ ਕਰਨ। ਉਨ੍ਹਾਂ ਨੂੰ ਦੇਖ ਕੇ ਮੈਂ ਵੀ ਯਤਨ ਕਰਾਂਗਾ ਕੁਝ।”
ਖਾਮੋਸ਼ੀ ਛਾ ਗਈ। ਵਾਈਸ ਚਾਂਸਲਰ ਨੇ ਭੁੱਲ ਦੀ ਖਿਮਾ ਮੰਗੀ, ਤਾਂ ਕਿਤੇ ਜਾ ਕੇ ਪੇਪਰ ਪੜ੍ਹਨ ਦਾ ਮਨ ਬਣਾਇਆ; ਨਹੀਂ ਤਾਂ ਉਠ ਚੱਲਿਆ ਸੀ। ਡਾæ ਗੰਡਾ ਸਿੰਘ ਨੇ ਸਵਾਲਾਂ ਦੀ ਬੁਛਾੜ ਕੀਤੀ, ਸਰਦਾਰ ਨੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ। ਪੇਪਰ ਦਾ ਸੈਸ਼ਨ ਖਤਮ ਹੋਇਆ ਤਾਂ ਅਸੀਂ ਕੁਝ ਵਿਦਿਆਰਥੀ ਅਤੇ ਅਧਿਆਪਕ ਚਾਹ ਪੀਣ ਲਈ ਉਸ ਨੂੰ ਕਾਫੀ ਹਾਊਸ ਲੈ ਗਏ।
ਇਕ ਅਧਿਆਪਕ ਨੇ ਪੁੱਛਿਆ, ਅੱਜ ਕੱਲ੍ਹ ਕੀ ਲਿਖ ਰਹੇ ਹੋਂ ਸਰਦਾਰ ਸਾਹਿਬ? ਸਰਦਾਰ ਨੇ ਕਿਹਾ, “ਕੀ ਲਿਖ ਰਿਹਾਂ, ਮੈਂ ਕੀ ਲਿਖਣਾ, ਮੈਂ ਕਿਹੜਾ ਪ੍ਰੋਫੈਸਰ ਹਾਂ। ਲਿਖਣ ਵਾਸਤੇ ਪੜ੍ਹਨਾ ਪੈਂਦੈ, ਫੇਰ ਪੈਨ, ਕਾਗਜ਼ ਚਾਹੀਦੇ ਨੇ। ਟਾਈਪ ਕਰਾਉਣ ਲਈ ਪੈਸੇ ਚਾਹੀਦੇ ਨੇ ਤੇ ਫ਼ੇਰ ਛਪਾਉਣਾ ਪੈਂਦੈ। ਛਪ ਕੇ ਲੋਕਾਂ ਸਾਹਮਣੇ ਆਉਣਾ ਸੂਰਮਗਤੀ ਹੁੰਦੀ ਹੈ, ਯੁੱਧ ਹੈ ਇਹ ਇਕ, ਤੁਹਾਨੂੰ ਡਿਫੈਂਸ ਕਰਨਾ ਪਏਗਾ। ਮੈਂ ਤਾਂ ਨੌਕਰੀਓ ਕੱਢਿਆ ਬੰਦਾ ਗੁੰਮਨਾਮ ਜਿਹੀ ਉਦਾਸ ਜ਼ਿੰਦਗੀ ਬਤੀਤ ਕਰ ਰਿਹਾਂ। ਤੁਸੀਂ ਪ੍ਰੋਫੈਸਰ ਹੋ, ਸਗੋਂ ਤੁਸੀਂ ਮੈਨੂੰ ਦੱਸੋ, ਤੁਸੀਂ ਹੁਣ ਤੱਕ ਕੀ ਲਿਖਿਆ ਤੇ ਹੁਣ ਕੀ ਲਿਖ ਰਹੇ ਹੋ।”
ਸਰਦਾਰ ਦੇ ਗੁੱਸੇ ਹੋਣ ਦਾ ਕਾਰਨ-ਪ੍ਰਸ਼ਨ ਕਰਤਾ ਅਧਿਆਪਕ ਦੀ ਆਪਣੀ ਕੋਈ ਲਿਖਤ ਛਪੀ ਨਹੀਂ ਸੀ।
ਗੁਰੂ ਨਾਨਕ ਦੇਵ ਜੀ ਦੇ ਪੁਰਬ ਮੌਕੇ ਸਰਦਾਰ ਮਹਿੰਦਰਾ ਕਾਲਜ ਵਿਚ ਸਿੱਖ ਫਿਲਾਸਫੀ ਉਪਰ ਭਾਸ਼ਣ ਦੇਣ ਆਇਆ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸੈਮੀਨਾਰਾਂ ਵਿਚ ਹਰ ਵਿਦਵਾਨ ਦੀ ਖਿੱਲੀ ਉਡਾ ਦਿਆ ਕਰਦਾ ਸੀ, ਸ਼ੌਕ ਸੀ ਇਹ। ਕਾਮਰੇਡ ਅਧਿਆਪਕ ਸਰੋਤਿਆਂ ਵਿਚ ਬੈਠੇ ਸੇਖੋਂ ਨੂੰ ਆਖ ਰਹੇ ਸਨ ਕਿ ਸਵਾਲ ਪੁੱਛੋ ਤੇ ਸਰਦਾਰ ਨੂੰ ਠਿੱਠ ਕਰੋ। ਸੇਖੋਂ ਨੇ ਕਿਹਾ, “ਮੇਰਾ ਵਿਸ਼ਾ ਨਹੀਂ। ਇਹ ਸਰਦਾਰ ਦਾ ਵਿਸ਼ਾ ਹੈ ਤੇ ਇਸ ਵਿਸ਼ੇ ਉਤੇ ਸੰਸਾਰ ਵਿਚ ਉਸ ਤੋਂ ਵਧੀਕ ਕੋਈ ਨਹੀਂ ਜਾਣਦਾ। ਸਰਦਾਰ ਦੀ ਨਹੀਂ, ਤੁਸੀਂ ਮੇਰੀ ਬੇਇਜ਼ਤੀ ਕਰਵਾਉਣੀ ਚਾਹੁੰਦੇ ਹੋ ਦਰਅਸਲ। ਮੈਂ ਨਹੀਂ ਉਠਦਾ ਕੁਝ ਪੁੱਛਣ-ਪੁਛਾਣ। ਤੁਸੀਂ ਪੁੱਛ ਲਵੋ। ਕਰੋ ਹਿੰਮਤ।”
ਅਕਾਲੀ ਰਾਜਨੀਤੀ ਅਤੇ ਸਿੱਖ ਸਿਧਾਂਤਾਂ ਦੀ ਬੇੜੀ ਦਾ ਚੱਪੂ ਉਹਨੇ ਆਪਣੇ ਹੱਥ ਵਿਚ ਫੜਿਆ ਹੋਇਆ ਸੀ। ਹੱਸਦਿਆਂ ਕਿਹਾ ਕਰਦਾ, “ਸਿੱਖ ਘੋੜ ਸਵਾਰੀ ਛੱਡ ਗਏ ਹਨ। ਕਦੀ-ਕਦੀ ਹਾਥੀ ਉਪਰ ਚੜ੍ਹ ਜਾਂਦੇ ਹਨ। ਹਾਥੀ ਨੂੰ ਮਹਾਵਤ ਤੋਰਦਾ ਹੈ। ਘੋੜਾ ਮੈਂ ਆਪਣੀ ਮਰਜ਼ੀ ਨਾਲ ਤੋਰਦਾ ਹਾਂ। ਤੁਹਾਡੀ ਦਿਸ਼ਾ ਤੁਹਾਡੇ ਹੱਥ ਹੋਣੀ ਚਾਹੀਦੀ ਹੈ, ਘੋੜੇ ਦਾ ਲਗਾਮ ਤੁਹਾਡੇ ਹੱਥ ਵਿਚ। ਆਪਣੀ ਹੋਣੀ ਦੇ ਸੁਆਮੀ ਆਪ ਬਣੋ।æææਅਕਾਲੀ ਰਾਜਨੀਤੀ ਨੂੰ ਘੋੜ ਸਵਾਰੀ ਸਿੱਖਣੀ ਪਵੇਗੀ।”
ਸਰਦਾਰ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਫਿਲਾਸਫੀ ਵਿਚ ਐਮæਏæ ਗੋਲਡ ਮੈਡਲ ਹਾਸਲ ਕਰ ਕੇ ਕੀਤੀ। ਲੰਡਨ ਤੋਂ ਟ੍ਰਾਇਪੋਸ ਕੀਤੀ। ਫਲਸਫੇ ਦੀ ਇਹ ਡਿਗਰੀ ਉਦੋਂ ਦਿੱਤੀ ਜਾਂਦੀ ਸੀ ਜਦੋਂ ਵਿਦਿਆਰਥੀ ਸਾਬਤ ਕਰਦਾ ਸੀ ਕਿ ਉਹਨੇ ਲਾਤੀਨੀ ਅਤੇ ਯੂਨਾਨੀ ਭਾਸ਼ਾ ਦੀ ਮੁਢਲੀ ਯੋਗਤਾ ਪ੍ਰਾਪਤ ਕਰ ਲਈ ਹੈ। ਇਹ ਭਾਸ਼ਾਵਾਂ ਉਥੋਂ ਸਿੱਖੀਆਂ; ਫਾਰਸੀ, ਸੰਸਕ੍ਰਿਤ ਅਤੇ ਪਾਲੀ ਦਾ ਗਿਆਨ ਖੁਦ ਹਾਸਲ ਕੀਤਾ। ਨਾਲੋ ਨਾਲ ਆਈæਸੀæਐਸ਼ ਦੀ ਤਿਆਰੀ ਕਰਦੇ ਰਹੇ। ਆਪਣੇ ਵਿਦਿਆਰਥੀ ਜੀਵਨ ਦੀ ਘਟਨਾ ਸੁਣਾਈ। ਇਮਤਿਹਾਨਾਂ ਤੋਂ ਪਹਿਲਾਂ, ਰਿਵਾਜ ਅਨੁਸਾਰ ਨਵੇਂ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਡਿਨਰ ਦੇਣਾ ਸੀ। ਪੈਸੇ ਇਕੱਠੇ ਕਰ ਲਏ। ਆਪਸ ਵਿਚ ਸਲਾਹਾਂ ਕਰਨ ਲੱਗੇ ਕਿ ਕਿਸੇ ਸਨਮਾਨਿਤ ਬੰਦੇ ਨੂੰ ਨਾ ਬੁਲਾ ਲਈਏ? ਕਿਸ ਨੂੰ? ਕਪੂਰ ਸਿੰਘ ਨੇ ਕਿਹਾ, ਚਰਚਿਲ ਨੂੰ ਬੁਲਾ ਲੈਂਦੇ ਹਾਂ। ਸਾਰੇ ਹੱਸ ਪਏ। ਦੂਜੀ ਸੰਸਾਰ ਜੰਗ ਚੱਲ ਰਹੀ ਸੀ। ਪ੍ਰਧਾਨ ਮੰਤਰੀ ਵਿੰਸਟਨ ਐਸ਼ ਚਰਚਿਲ ਦੇ ਹੱਥ ਬਰਤਾਨਵੀ ਸਾਮਰਾਜ ਅਤੇ ਹਮਾਇਤੀ ਦੇਸਾਂ ਦੀ ਕਮਾਨ ਸੀ। ਉਹ ਕਿਵੇਂ ਆ ਸਕੇਗਾ?
ਕਪੂਰ ਸਿੰਘ ਨੇ ਕਿਹਾ, ਨਹੀਂ ਆਏਗਾ ਨਾ ਸਹੀ, ਮੇਰੇ ਨਾਲ ਦੋ ਮੁੰਡੇ ਤਿਆਰ ਹੋਣ। ਬੇਨਤੀ ਕਰਨ ਦਾ ਕੀ ਹਰਜ? ਮਿਲਣ ਦੀ ਆਗਿਆ ਹੋਈ, ਸੱਦੇ ਦੀ ਪੇਸ਼ਕਸ਼ ਕੀਤੀ। ਚਰਚਿਲ ਨੇ ਪੁੱਛਿਆ-ਕਿਸ ਸ਼ਾਮ? ਕਪੂਰ ਸਿੰਘ ਨੇ ਕਿਹਾ-ਜੀ ਜਿਹੜੀ ਸ਼ਾਮ ਤੁਹਾਨੂੰ ਫੁਰਸਤ ਹੋਵੇ? ਸੈਕਟਰੀ ਬੁਲਾਈ, ਪੁੱਛਿਆ ਕਿਹੜੀ ਸ਼ਾਮ ਖਾਲੀ ਹੈ। ਸੈਕਟਰੀ ਨੇ ਡਾਇਰੀ ਦੇਖ ਕੇ ਤਰੀਕ ਦੱਸ ਦਿੱਤੀ। ਚਰਚਿਲ ਨੇ ਸੈਕਟਰੀ ਨੂੰ ਕਿਹਾ-ਇਹ ਸ਼ਾਮ ਯੂਨੀਵਰਸਿਟੀ ਵਾਸਤੇ ਲਿਖ ਦੇ। ਮਨਜ਼ੂਰੀ ਮਿਲ ਗਈ। ਉਠ ਕੇ ਧੰਨਵਾਦ ਕਰਦਿਆਂ ਕਪੂਰ ਸਿੰਘ ਨੇ ਪੁੱਛਿਆ- ਜੀ ਬੁਰਾ ਨਾ ਮਨਾਓ ਤਾਂ ਵਿਸਕੀ ਦਾ ਇੰਤਜ਼ਾਮ ਕਰੀਏ? ਚਰਚਿਲ ਨੇ ਕਿਹਾ-ਜੇ ਤਾਂ ਊਟਪਟਾਂਗ, ਬਕਵਾਸ ਸੁਣਨਾ ਹੈ, ਫੇਰ ਨਾ ਕਰਿਓ; ਜੇ ਅਕਲ ਦੀ ਗੱਲ ਸੁਣਨੀ ਹੈ, ਫੇਰ ਵਿਸਕੀ ਦਾ ਇੰਤਜ਼ਾਮ ਕਰ ਦੇਇਉ। ਨਾ ਪਹਿਲਾਂ ਨਾ ਪਿਛੋਂ, ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਵਿਚ ਪ੍ਰਧਾਨ ਮੰਤਰੀ ਕੇਵਲ ਇਸ ਮੌਕੇ ਆਇਆ ਸੀ, ਉਹ ਵੀ ਉਦੋਂ ਜਦੋਂ ਸਾਰਾ ਸੰਸਾਰ, ਯੁੱਧ ਦੀ ਭੱਠੀ ਵਿਚ ਬਲ ਰਿਹਾ ਸੀ।
ਕੈਲੀਫੋਰਨੀਆਂ ਦੇ ਸਿੱਖਾਂ ਨੇ ਸ਼ ਗੁਰਤੇਜ ਸਿੰਘ ਨੂੰ ਭਾਸ਼ਣ ਦੇਣ ਲਈ ਸੱਦਿਆ। ਟਿਕਟ, ਸਵਾ ਲੱਖ ਮਾਣ ਭੱਤਾ ਤੇ ਸੋਨੇ ਦੇ ਮੁੱਠ ਵਾਲੀ ਕਿਰਪਾਨ ਭੇਟ ਕਰਨੀ ਸੀ। ਗਿਆ, ਭਾਸ਼ਣ ਦੇ ਸ਼ੁਰੂ ਵਿਚ ਕਹਿ ਦਿੱਤਾ ਕਿ ਜਿਹੜਾ ਬੰਦਾ ਮੀਟ ਨਹੀਂ ਖਾਂਦਾ, ਉਹ ਸਿੱਖ ਨਹੀਂ ਹੋ ਸਕਦਾ। ਸੰਗਤ ਵਿਚ ਵਿਆਪਕ ਗੁੱਸਾ ਫੈਲ ਗਿਆ, ਮੁਆਫੀ ਮੰਗਣ ਲਈ ਕਿਹਾ, ਨਾ ਮੰਨੇ, ਮਾਨ ਸਨਮਾਨ ਛੱਡ ਕੇ ਵਾਪਸ ਆਉਣਾ ਪਿਆ। ਕਈ ਸਾਲ ਮੈਂ ਸੋਚਦਾ ਰਿਹਾ, ਗੁਰਤੇਜ ਸਿੰਘ ਨੂੰ ਇਹ ਗੱਲ ਕਰਨ ਦੀ ਕੀ ਲੋੜ ਸੀ? ਪਤਾ ਨਾ ਲੱਗਾ। ਇਸ ਸਾਲ ਜੁਲਾਈ 2011 ਵਿਚ ਇਕ ਅਮਰੀਕਨ ਵਿਦਵਾਨ ਨਾਲ ਉਹ ਯੂਨੀਵਰਸਿਟੀ ਆਇਆ। ਵਾਈਸ ਚਾਂਸਲਰ ਜਸਪਾਲ ਸਿੰਘ ਨੇ ਵਿਚਾਰ ਵਟਾਂਦਰੇ ਵਿਚ ਸ਼ਾਮਲ ਹੋਣ ਲਈ ਮੈਨੂੰ ਵੀ ਸੱਦ ਲਿਆ। ਖਾਣਾ ਖਾਂਦਿਆਂ ਵਾਈਸ ਚਾਂਸਲਰ ਨੇ ਸ਼ ਕਪੂਰ ਸਿੰਘ ਦੀਆਂ ਗੱਲਾਂ ਛੇੜ ਲਈਆਂ, ਕਹਿਣ ਲੱਗੇ, ਮੈਂ ਸਰਦਾਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਚ ਲੈਕਚਰ ਵਾਸਤੇ ਬੁਲਾ ਲਿਆ। ਆ ਗਏ। ਅਜੇ ਗੱਲ ਸ਼ੁਰੂ ਹੀ ਹੋਈ ਸੀ ਕਿ ਸਰਦਾਰ ਨੇ ਕਹਿ ਦਿੱਤਾ, ਸਿੱਖਾਂ ਲਈ ਮੀਟ ਖਾਣਾ ਬਹੁਤ ਜ਼ਰੂਰੀ ਹੈ। ਵਿਵਾਦ ਹੋਣ ਕਰ ਕੇ ਇਸ ਗੱਲ ਨਾਲ ਤਕਰਾਰ ਹੋ ਗਿਆ ਜਿਸ ਨੂੰ ਸਰਦਾਰ ਨੇ ਪੂਰੇ ਠਰ੍ਹਮੇ ਨਾਲ ਸ਼ਾਂਤ ਕੀਤਾ।
ਇਹ ਗੱਲ ਸੁਣ ਕੇ ਮੇਰੀ ਸਮੱਸਿਆ ਹੱਲ ਹੋ ਗਈ। ਸਰਦਾਰ ਦੇ ਕੁਝ ਮੁਰੀਦ ਸਰਦਾਰ ਦੀ ਹੂ-ਬ-ਹੂ ਨਕਲ ਕਰਨ ਲਗਦੇ ਹਨ ਤਾਂ ਫਸ ਜਾਂਦੇ ਹਨ।
ਮੈਂ ਦੇਖਿਆ ਹੈ ਕਿ ਕਪੂਰ ਸਿੰਘ ਦੇ ਉਪਾਸ਼ਕ ਉਸ ਵਾਂਗ ਵਿਸਕੀ ਸੇਵਨ ਕਰਨ ਅਤੇ ਗਾਲ੍ਹਾਂ ਦੇਣ ਦੇ ਸ਼ੁਕੀਨ ਹਨ। ‘ਸਾਚੀ ਸਾਖੀ’ ਵਿਚਲੇ ਤੱਥ ਸੁੱਟ ਪਾਉਣ ਵਾਲੇ ਨਹੀਂ ਹਨ ਪਰ ਜਦੋਂ ਸਾਡਾ ਸਰਦਾਰ 1947 ਵੇਲੇ ਦੀ ਲੀਡਰਸ਼ਿਪ ਨੂੰ ਬੇਕਿਰਕ ਹੋ ਕੇ ਕਦੀ ਮੂਰਖ ਆਖਦਾ ਹੈ ਕਦੀ ਬੇਈਮਾਨ, ਉਦੋਂ ਕੁਝ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਜਵਾਬ ਲੱਭਣ ਵਿਚ ਮੁਸ਼ਕਿਲ ਆਉਂਦੀ ਹੈ। ਕਪੂਰ ਸਿੰਘ ਦਾ ਇਸ ਗੱਲੋਂ ਦੁਖੀ ਹੋਣਾ ਵਾਜਬ ਹੈ ਕਿ ਹਿੰਦੂਆਂ ਨੂੰ ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਮਿਲੇ, ਮੁਸਲਮਾਨਾਂ ਨੂੰ ਮੁਹੰਮਦ ਅਲੀ ਜਿਨਾਹ ਮਿਲੇ ਜਿਹੜੇ ਵਲਾਇਤ ਤੋਂ ਪੜ੍ਹ ਕੇ ਆਏ ਸਨ, ਸੰਸਾਰ ਦੀ ਸਿਆਸਤ ਤੋਂ ਵਾਕਫ ਸਨ, ਆਪਣੇ ਹੱਕਾਂ ਪ੍ਰਤੀ ਜਾਗਰੂਕ ਸਨ। ਇਨ੍ਹਾਂ ਦੇ ਮੁਕਾਬਲੇ ਸਿੱਖਾਂ ਨੂੰ ਮਿਲਿਆ ਸਕੂਲ ਮਾਸਟਰ ਤਾਰਾ ਸਿੰਘ ਜੋ ਕਿਸੇ ਤਰ੍ਹਾਂ ਵੀ ਬਰਤਾਨਵੀ ਸਰਕਾਰ ਨਾਲ ਸੰਵਾਦ ਰਚਾਉਣ ਦੇ ਯੋਗ ਨਹੀਂ ਸੀ। ਇਸ ਪੱਖੋਂ ਸਰਦਾਰ, ਮਹਾਰਾਜਾ ਭੁਪਿੰਦਰ ਸਿੰਘ ਦੀ ਯੋਗਤਾ ਦਾ ਕਾਇਲ ਹੈ। ਉਨ੍ਹਾਂ ਦਿਨਾਂ ਵਿਚ ਸਿੱਖਾਂ ਦੀ ਰਾਜਨੀਤਕ ਅਗਵਾਈ ਕਰਨ ਵਾਸਤੇ ਜਿਨਾਹ ਅਤੇ ਗਾਂਧੀ ਦੇ ਮੁਕਾਬਲੇ ਕੋਈ ਕੱਦਾਵਰ ਨੇਤਾ ਕਪੂਰ ਸਿੰਘ ਬਣਦਾ ਹੈ। ਜਦੋਂ ਸੁਭਾਸ਼ ਚੰਦਰ ਬੋਸ ਵਰਗੇ ਜੁਆਨ ਆਈæਸੀæਐਸ਼ ਨੂੰ ਲੱਤ ਮਾਰ ਕੇ ਸਿਆਸਤ ਵਿਚ ਕੁੱਦ ਰਹੇ ਸਨ, ਉਦੋਂ ਸਾਡਾ ਸਰਦਾਰ ਡਿਪਟੀ ਕਮਿਸ਼ਨਰੀ ਦਾ ਅਨੰਦ ਲੈਂਦਾ ਜੀਵਨ ਦੇ ਸਭ ਸੁਖ ਭੋਗਦਾ ਰਿਹਾ। ਬਿਉਰੋਕਰੈਟ ਸਿਆਸਤਦਾਨਾਂ ਨਾਲ ਮੇਲ ਜੋਲ ਤਾਂ ਰੱਖਦੇ ਹਨ, ਪਰ ਕੁਝ ਪਰਦੇ ਨਾਲ। ਸਰਦਾਰ ਸ਼ਰੇਆਮ ਮਾਸਟਰ ਤਾਰਾ ਸਿੰਘ ਦਾ ਮੇਜ਼ਬਾਨ ਹੁੰਦਾ। ਕਾਂਗਰਸ ਦੀ ਪੂਰੀ ਮੁਖਾਲਫਤ ਕਰਦਾ, ਇਸੇ ਸਿਆਸੀ ਵਿਰੋਧ ਕਾਰਨ ਸਰਕਾਰ ਨੇ ਜ਼ਲੀਲ ਕਰ ਕੇ ਨੌਕਰੀ ਵਿਚੋਂ ਡਿਸਮਿਸ ਕੀਤਾ। ਜਿਸ ਜੁਡੀਸ਼ਰੀ ਨੂੰ ਸਿਰੇ ਦੀ ਭ੍ਰਿਸ਼ਟ ਦੱਸਦਾ ਹੈ, ਉਸੇ ਅੱਗੇ ਸੁਪਰੀਮ ਕੋਰਟ ਤੱਕ ਆਪਣੀ ਨੌਕਰੀ ਦੀ ਬਹਾਲੀ ਵਾਸਤੇ ਅਪੀਲ ਦਰ ਅਪੀਲ ਕਰਦਾ ਰਿਹਾ।
ਮਹਾਰਾਜਾ ਭੁਪਿੰਦਰ ਸਿੰਘ ਦੀ ਬੌਧਿਕ ਯੋਗਤਾ ਅਤੇ ਤਾਲੀਮ ਬਾਰੇ ਕੋਈ ਵਿਵਾਦ ਨਹੀਂ, ਉਹ ਖੁਦ ਵੀ ਪੰਥ ਦੀ ਵਾਗਡੋਰ ਸੰਭਾਲਣੀ ਚਾਹੁੰਦੇ ਸਨ ਜਿਸ ਵਾਸਤੇ ਉਨ੍ਹਾਂ ਨੇ ਸੇਵਾ ਸਿੰਘ ਠੀਕਰੀਵਾਲਾ ਦੀ ਜ਼ਿੰਮੇਵਾਰੀ ਲਾਈ। ਠੀਕਰੀਵਾਲਾ ਸਰਦਾਰ ਮਹਾਰਾਜੇ ਦਾ ਜਮਾਤੀ ਸੀ ਤੇ ਕਰਾਊਨ ਪ੍ਰਿੰਸ ਦੇ ਜਮਾਤੀ ਉਹੀ ਹੋਇਆ ਕਰਦੇ ਹਨ ਜਿਨ੍ਹਾਂ ਨੇ ਅਗਲੀ ਕੈਬਨਿਟ ਵਿਚ ਸ਼ਾਮਲ ਹੋਣਾ ਹੁੰਦਾ ਹੈ। ਸਰਕਾਰ ਵਿਚ ਸ਼ਾਮਲ ਹੋਣ ਪਿਛੋਂ ਠੀਕਰੀਵਾਲੇ ਨੇ ਮਹਾਰਾਜੇ ਨੂੰ ਆਪਣੇ ਪਿੰਡ ਵਿਚ ਸ਼ਾਨਦਾਰ ਦਾਅਵਤ ਦਿੱਤੀ ਜਿਸ ਵਾਸਤੇ ਕਰਾਕਰੀ ਇੰਗਲੈਂਡ ਵਿਚੋਂ ਖਰੀਦੀ ਤੇ ਪੇਂਟਿੰਗ ਪੈਰਿਸ ਵਿਚੋਂ ਕਰਵਾਈ ਗਈ। ਠੀਕਰੀਵਾਲਾ ਸਰਦਾਰ ਸੰਤੁਲਿਤ ਜੀਵਨ ਵਾਲਾ ਨੇਕ ਬਖਤ ਸਿੱਖ ਸੀ ਜਿਸ ਨੂੰ ਮਹਾਰਾਜੇ ਦੀ ਅੱਯਾਸ਼ੀ ਪਸੰਦ ਨਹੀਂ ਸੀ। ਉਹਨੂੰ ਕਿਹਾ ਜਾਂਦਾ ਕਿ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਦੀ ਥਾਂ ਸਿੱਖਾਂ ਨੂੰ ਸਮਝਾਉ ਕਿ ਅੰਗਰੇਜ਼ ਤੋਂ ਕੁਝ ਲੈਣਾ ਹੈ ਤਾਂ ਮੈਂ ਦਿਵਾ ਸਕਦਾ ਹਾਂ, ਪਰ ਠੀਕਰੀਵਾਲਾ ਟਾਲ-ਮਟੋਲ ਕਰਦਾ ਰਿਹਾ। ਪੰਥ ਨੇ ਅੰਮ੍ਰਿਤਸਰ ਭਾਰੀ ਕਾਨਫਰੰਸ ਸੱਦੀ ਤਾਂ ਮਹਾਰਾਜੇ ਨੇ ਬਾ-ਹੁਕਮ ਸੇਵਾ ਸਿੰਘ ਠੀਕਰੀਵਾਲਾ ਨੂੰ ਅੰਮ੍ਰਿਤਸਰ ਭੇਜਿਆ ਕਿ ਇਹ ਸਾਰਾ ਕੁਝ ਪੰਥ ਅੱਗੇ ਰੱਖ। ਠੀਕਰੀਵਾਲਾ ਨੇ ਬੋਲਣ ਦਾ ਸਮਾਂ ਮੰਗਿਆ, ਜੋ ਕਿਹਾ, ਉਸ ਦਾ ਸੰਖੇਪ ਮਤਲਬ ਇਹ ਹੈ-ਖਾਲਸਾ ਜੀ, ਮਹਾਰਾਜ ਪਟਿਆਲਾ ਨੇ ਮੇਰੀ ਡਿਊਟੀ ਲਾਈ ਹੈ ਕਿ ਮੈਂ ਤੁਹਾਨੂੰ ਸਮਝਾਵਾਂ, ਪੰਥ ਦੀ ਲੀਡਰਸ਼ਿਪ ਦੇ ਯੋਗ ਇਸ ਵਕਤ ਮਹਾਰਾਜਾ ਹਨ। ਮੈਂ ਤੁਹਾਨੂੰ ਸਮਝਾਉਣ ਦੇ ਸਮਰੱਥ ਨਹੀਂ ਹਾਂ, ਕਿਉਂਕਿ ਅਜੇ ਤਾਂ ਮੈਂ ਖੁਦ ਇਸ ਗੱਲ ਨਾਲ ਕਨਵਿੰਸ ਨਹੀਂ ਹੋਇਆ ਕਿ ਮਹਾਰਾਜਾ ਪੰਥ ਦੀ ਲੀਡਰਸ਼ਿਪ ਦੇ ਯੋਗ ਅਧਿਕਾਰੀ ਹਨ। ਕਿਉਂਕਿ ਉਨ੍ਹਾਂ ਦੇ ਹੁਕਮ ਦੀ ਤਾਮੀਲ ਨਹੀਂ ਹੋ ਸਕੀ, ਇਸ ਕਰ ਕੇ ਮੈਨੂੰ ਉਨ੍ਹਾਂ ਦੀ ਸਰਕਾਰ ਵਿਚ ਰਹਿਣ ਦਾ ਹੱਕ ਨਹੀਂ। ਇਥੋਂ ਪਟਿਆਲਾ ਸਰਕਾਰ ਵੱਲ ਆਪਣਾ ਅਸਤੀਫਾ ਭੇਜਦਿਆਂ ਹੋਇਆਂ ਅਰਜ਼ ਕਰਦਾ ਹਾ ਕਿ ਸੇਵਕ ਵਜੋਂ ਪੰਥ ਮੈਨੂੰ ਆਪਣੇ ਵਿਚ ਸ਼ਾਮਲ ਕਰੇ।
ਜੈਕਾਰਿਆਂ ਦੀ ਗੂੰਜ ਵਿਚ ਉਹਦਾ ਸਵਾਗਤ ਹੋਇਆ। ਮਹਾਰਾਜਾ ਪਟਿਆਲਾ ਦੇ ਹੁਕਮ ਅਨੁਸਾਰ ਸੇਵਾ ਸਿੰਘ ਖਿਲਾਫ ਠੀਕਰੀਵਾਲੇ ਠਾਣੇ ਵਿਚ ਚੋਰੀ ਕਰਨ ਦਾ ਮੁਕੱਦਮਾ ਦਰਜ ਹੋਇਆ। ਐਫ਼ਆਈæਆਰæ ਅਨੁਸਾਰ ਠੀਕਰੀਵਾਲਾ ਪਿੰਡ ਦੇ ਸਾਂਝੇ ਖੂਹ ਉਪਰ ਪਿੱਤਲ ਦਾ ਗੜਵਾ ਮੁਸਾਫਰਾਂ ਦੇ ਪਾਣੀ ਪੀਣ ਲਈ ਰੱਖਿਆ ਹੋਇਆ ਸੀ, ਸੇਵਾ ਸਿੰਘ ਉਹਨੂੰ ਚੁਰਾ ਕੇ ਲੈ ਗਿਆ। ਪਟਿਆਲਾ ਜੇਲ੍ਹ ਵਿਚ ਉਸ ਉਪਰ ਹੱਤਕਪੂਰਨ ਹਿੰਸਾ ਕੀਤੀ ਗਈ ਜਿਸ ਵਿਰੁੱਧ ਅੰਨ ਛੱਡ ਦਿੱਤਾ। ਲੰਮੀ ਭੁੱਖ ਹੜਤਾਲ ਉਪਰੰਤ ਦੇਹਾਂਤ ਹੋਇਆ। ਸੈਂਟਰਲ ਜੇਲ੍ਹ ਪਟਿਆਲਾ ਦੇ ਜਿਸ ਅਹਾਤੇ ਵਿਚ ਉਨ੍ਹਾਂ ਨੂੰ ਬੰਦੀ ਰੱਖਿਆ ਗਿਆ ਸੀ, ਮੈਂ ਉਥੇ ਬੰਦੀ ਰਿਹਾ। ਇਸ ਨੂੰ ਹੁਣ ਵੀæਆਈæਪੀæ ਅਹਾਤਾ ਕਹਿੰਦੇ ਹਨ। ਇਸ ਵਿਚ ਸੇਵਾ ਸਿੰਘ ਠੀਕਰੀਵਾਲੇ ਦਾ ਬੁੱਤ ਲੱਗਿਆ ਹੋਇਆ ਹੈ।
ਜਿਵੇਂ ਮਾਝੇ ਦੁਆਬੇ ਵਿਚ ਸਿੰਘ ਸਭਾ ਸਰਗਰਮ ਸੀ, ਉਵੇਂ ਹੀ ਰਿਆਸਤੀ ਇਲਾਕਿਆਂ ਵਿਚ ਪਰਜਾ ਮੰਡਲ ਲਹਿਰ ਸੰਗਰਾਮ ਕਰ ਰਹੀ ਸੀ। ਪਰਜਾ ਮੰਡਲੀਏ ਅੰਮ੍ਰਿਤਧਾਰੀ ਨਿਤਨੇਮੀ ਸਿੰਘ ਸਨ। ਮੇਰੇ ਪਿੰਡ ਦੇ ਬਾਬਾ ਰਿੱਧਾ ਸਿੰਘ ਪੰਨੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਨ। ਸਿਆਲਾਂ ਦੇ ਦਿਨੀਂ ਇਸ ਬਾਬੇ ਨੂੰ ਪਿੰਡ ਦੇ ਛੱਪੜ ਵਿਚ ਖਲ੍ਹਾਰ ਕੇ ਪਟਿਆਲਾ ਪੁਲਿਸ ਡੰਡੇ ਬਰਸਾਉਂਦੀ ਹੁੰਦੀ, ਪਿੰਡ ਦੇਖਦਾ ਹੁੰਦਾ। ਬਚਪਨ ਵਿਚ ਆਪਣੇ ਘਰ ਦੇ ਸਾਹਮਣੇ ਮੈਂ ਮਾਸਟਰ ਤਾਰਾ ਸਿੰਘ ਨੂੰ ਦੇਖਿਆ ਜੋ ਸ਼ ਰਿੱਧਾ ਸਿੰਘ ਦੀ ਖਬਰ ਸਾਰ ਲੈਣ ਆਏ ਸਨ। ਸੈਂਕੜੇ ਅਕਾਲੀਆਂ ਦੇ ਨਾਹਰੇ ਇਹੋ ਜਿਹੇ ਹੁੰਦੇ ਸਨ-ਪੰਥ ਪਿਆਰਾ ਪਹਿਲਾਂ ਹੈ, ਸਰਦਾਰ ਰਿੱਧਾ ਸਿੰਘ ਪਿਛੋਂ ਨੇ। ਮਤਲਬ ਕਿ ਦੋ ਚੀਜ਼ਾਂ ਪਿਆਰ ਕਰਨ ਯੋਗ ਹਨ, ਸਭ ਤੋਂ ਪਹਿਲਾਂ ਪੰਥ, ਉਸ ਪਿਛੋਂ ਜਿਸ ਦਾ ਨਾਮ ਲਿਆ ਜਾਂਦਾ, ਉਹ ਵਿਅਕਤੀ ਪਿਆਰਾ ਹੁੰਦਾ। ਸਿੱਖਾਂ ਨੇ ਮਹਾਰਾਜੇ ਨੂੰ ਰੱਦ ਕੀਤਾ।
ਮਾਸਟਰ ਤਾਰਾ ਸਿੰਘ ਦੇ ਵਕਤ ਤਰਨ ਤਾਰਨ ਤੇ ਮੋਗਾ, ਕੇਵਲ ਦੋ ਤਹਿਸੀਲਾਂ ਨੂੰ ਛੱਡ ਕੇ ਕਿਧਰੇ ਸਿੱਖਾਂ ਦੀ ਬਹੁ-ਗਿਣਤੀ ਨਹੀਂ ਸੀ। ਉਸ ਵਾਸਤੇ ਦੋਹਾਂ ਵਿਚੋਂ ਇਕ ਚੁਣਨ ਦੀ ਗੁੰਜਾਇਸ਼ ਬਚੀ-ਹਿੰਦੁਸਤਾਨ ਨਾਲ ਰਹਿਣੈ ਕਿ ਪਾਕਿਸਤਾਨ ਨਾਲ। ਉਹਨੇ ਜੋ ਚੋਣ ਕੀਤੀ, ਕਿਸੇ ਤਰ੍ਹਾਂ ਗਲਤ ਨਹੀਂ ਸੀ। ਮੈਂ ਮਾਸਟਰ ਦੇ ਇਖਲਾਕ ਬਾਰੇ ਅੰਗਰੇਜ਼ ਔਰਤ ਦਾ ਹਵਾਲਾ ਦਿੱਤਾ ਜਿਸ ਨੇ ਲਿਖਿਆ- ਰੇਲ ਗੱਡੀ ਵਿਚ ਸਿੱਖਾਂ ਦੇ ਅਦੁੱਤੀ ਲੀਡਰ ਨਾਲ ਲੰਮਾ ਸਮਾਂ ਸਫਰ ਕਰਨ ਦਾ ਮੌਕਾ ਮਿਲਿਆ। ਕੁਲ ਸਫਰ ਵਿਚ ਉਹਨੇ ਮੇਰੇ ਵੱਲ ਅੱਖ ਨਹੀਂ ਚੁੱਕੀ। ਸਰੋਤੇ ਦੀ ਟਿੱਪਣੀ- ਨਪੁੰਸਕ ਹੋਏਗਾ। ਮੈਂ ਉਹਦੀ ਇਮਾਨਦਾਰੀ ਦੀਆਂ ਗੱਲਾਂ ਦੱਸਣ ਲੱਗਾ, ਉਤਰ ਮਿਲਿਆ-ਮੂਰਖ ਬੰਦਾ ਬੇਈਮਾਨੀ ਕਰ ਈ ਨੀ ਸਕਦਾ। ਇਨ੍ਹਾਂ ਸਰੋਤਿਆਂ ਅੱਗੇ ਬੀਨ ਵਜਾਉਣ ਨਾਲ ਪਾਈਆ ਦੁੱਧ ਨਸੀਬ ਨਹੀਂ ਹੋਵੇਗਾ।
1977 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਦੀ ਕੋਠੀ ਆਏ, ਪੁੱਛਿਆ-ਮੋਰਾਰਜੀ ਦੇਸਾਈ ਨੇ ਗੁਜਰਾਤ ਵਿਚ ਸ਼ਰਾਬਬੰਦੀ ਕਰ ਦਿੱਤੀ ਹੈ, ਮੈਂ ਪੰਜਾਬ ਵਿਚ ਕਰ ਦਿਆਂ? ਸਰਦਾਰ ਨੇ ਕਿਹਾ-ਬਿਲਕੁਲ ਨਹੀਂ। ਸ਼ਰਾਬਬੰਦੀ ਸਦਕਾ ਪੰਜਾਬੀ ਸ਼ਰਾਬ ਪੀਣੀ ਨਹੀਂ ਛੱਡਣਗੇ। ਲਾਗਲੀਆਂ ਸਟੇਟਾਂ ਤੋਂ ਸਮਗਲ ਹੋਏਗੀ, ਖੇਤਾਂ ਵਿਚ ਭੱਠੀਆਂ ਲੱਗ ਜਾਣਗੀਆਂ। ਸਰਕਾਰ ਦੀ ਆਮਦਨ ਉਪਰ ਸੱਟ ਜ਼ਰੂਰ ਵੱਜੇਗੀ ਪਰ ਸ਼ਰਾਬਬੰਦੀ ਦਾ ਲਾਭ ਕੋਈ ਨਹੀਂ ਹੋਵੇਗਾ। ਉਚ ਇਖਲਾਕ ਦੇ ਬੰਦੇ, ਜਿਹੋ ਜਿਹੇ ਸਿੰਘ ਸਭੀਏ ਸਨ, ਕੋਈ ਪ੍ਰਚਾਰ ਮੁਹਿੰਮ ਨਾਲ ਸਮਝਾਉਣ ਵਿਚ ਕਾਮਯਾਬ ਹੋ ਜਾਣ ਤਾਂ ਸ਼ਰਾਬ ਛੱਡੀ ਜਾ ਸਕਦੀ ਹੈ। ਸਰਕਾਰੀ ਪਾਬੰਦੀਆਂ ਨਾਲ ਇਹ ਕੰਮ ਨਹੀਂ ਹੋ ਸਕਦਾ।
ਕਪੂਰ ਸਿੰਘ ਦੀ ਯੋਗਤਾ ਨਿਰਵਿਵਾਦ ਹੈ ਪਰ ਨਾ ਇਸ ਨੂੰ ਉਹ ਆਪਣੇ ਲਈ ਵਰਤ ਸਕਿਆ, ਨਾ ਪੰਥ ਲਈ। ਇਹੋ ਭਾਣਾ ਸਿਮਰਨਜੀਤ ਸਿੰਘ ਮਾਨ ਅਤੇ ਗੁਰਤੇਜ ਸਿੰਘ ਨਾਲ ਵਾਪਰਿਆ। ਪੰਥ ਨੇ ਇਨ੍ਹਾਂ ਨੂੰ ਰਿਕਾਰਡ ਤੋੜ ਵੋਟ ਅਤੇ ਮਾਨ ਸਨਮਾਨ ਦਿੱਤਾ ਜਿਸ ਨੂੰ ਇਹ ਬਰਕਰਾਰ ਨਾ ਰੱਖ ਸਕੇ। ਪੰਥ ਦਾ ਕੀ ਕਸੂਰ?