ਪੰਜਾਬੀ ਤੋਂ ਬਾਹਰ ਫੈਲਦੀ ਮਹਿਮਾ

ਅੰਮ੍ਰਿਤਾ ਪ੍ਰੀਤਮ-5
ਗੁਰਬਚਨ ਸਿੰਘ ਭੁੱਲਰ
ਜਜ਼ਬਾਤੀ ਹੋਣ ਦੇ ਨਾਲ ਨਾਲ, ਮੇਰਾ ਲੱਖਣ ਹੈ, ਅੰਮ੍ਰਿਤਾ ਕੁਝ ਭੋਲੀ ਵੀ ਸੀ। ਚਲਾਕ ਤਾਂ ਉਹ ਯਕੀਨਨ ਨਹੀਂ ਸੀ। ਕਈ ਨਵੇਂ ਪਰ ਚੁਸਤ ਲੇਖਕ ਉਹਦੇ ਭੋਲੇ ਸੁਭਾਅ ਦਾ ਫਾਇਦਾ ਵੀ ਉਠਾਉਂਦੇ। ਨਾਂਵਾਂ ਵਿਚ ਤਾਂ ਕਾਹਨੂੰ ਪਈਏ, ਉਹ ਪੰਜਾਬੋਂ ਆਉਂਦੇ ਹੋਏ ਗੁੜ, ਗੰਨੇ, ਬੇਰ, ਸਾਗ ਲੈ ਆਉਂਦੇ ਤੇ ਆਖਦੇ, ਦੀਦੀ; ਇਹ ਤੁਹਾਡੇ ਲਈ ਨਹੀਂ, ਨਾਗਮਣੀ ਲਈ ਹੈ।

ਭਾਵੇਂ ਬਾਜ਼ਾਰੋਂ ਖਰੀਦੀਆਂ ਹੋਈਆਂ ਇਨ੍ਹਾਂ ਚੀਜ਼ਾਂ ਨੂੰ ਨਾਗਮਣੀ ਲਈ ਲਿਆਂਦੀਆਂ ਘਰ ਦੀਆਂ ਸੁਗਾਤਾਂ ਦਸਦੇ। ਅੰਮ੍ਰਿਤਾ ਗਦਗਦ ਹੋ ਜਾਂਦੀ। ਉਹ ਉਨ੍ਹਾਂ ਦੀਆਂ ਨਾ ਛਪਣਯੋਗ ਰਚਨਾਵਾਂ ਹੀ ਨਾ ਛਾਪਦੀ ਸਗੋਂ ਉਨੀ-ਇੱਕੀ ਰਚਨਾਵਾਂ ਨੂੰ ਸਮਾਂ ਦੇ ਕੇ ਤੇ ਮਿਹਨਤ ਕਰ ਕੇ ਸੋਧਦੀ ਤੇ ਛਪਣਯੋਗ ਬਣਾਉਂਦੀ। ਉਨ੍ਹਾਂ ਲੇਖਕਾਂ ਨੇ ਪੰਜਾਬ ਵਿਚ ਆਪਣੀ-ਆਪਣੀ ਥਾਂ ਅੰਮ੍ਰਿਤਾ ਤੇ ‘ਨਾਗਮਣੀ’ ਦੀਆਂ ਚੋਂਕੀਆਂ ਸਥਾਪਤ ਕਰ ਲਈਆਂ। ‘ਨਾਗਮਣੀ’ ਦਾ ਆਪਣਾ ਜਲੌਅ ਸੀ। ਉਸ ਵਿਚ ਛਪਣਾ, ਖਾਸ ਕਰਕੇ ਨਵੇਂ ਲੇਖਕਾਂ ਲਈ ਬੜੇ ਮਾਣ ਦੀ ਗੱਲ ਸੀ। ਉਹ ਆਪਣੀ ਰਚਨਾ ਵਾਲਾ ਅੰਕ ਤਮਗ਼ੇ ਵਾਂਗ ਚੁੱਕੀਂ ਫਿਰਦੇ।
ਇਸ ਵਰਤਾਰੇ ਦਾ ‘ਵਿਰੋਧ-ਵਿਕਾਸੀ’ ਪ੍ਰਤੀਕਰਮ ਵੀ ਹੋਇਆ। ਕਿਸੇ ਕਾਰਨ ਪਾਸੇ ਰਹਿ ਗਏ ਲੇਖਕ ‘ਨਾਗਮਣੀ’ ਨੂੰ ਅਸ਼ਲੀਲ ਤੇ ਪਿੱਛਲਖੁਰੀ ਰਸਾਲਾ ਕਹਿਣ ਲੱਗੇ। ਅਸਲ ਕਾਰਨ ਅੰਮ੍ਰਿਤਾ ਤੱਕ ਪਹੁੰਚ ਦਾ ਕੋਈ ਵਸੀਲਾ, ਬਹਾਨਾ ਜਾਂ ਸਬੱਬ ਨਾ ਮਿਲਣਾ ਹੁੰਦਾ ਸੀ। ਮਿਸਾਲ ਵਜੋਂ ਸਾਡੇ ਬਰਨਾਲੇ ਦੇ ਕੁਝ ਲੇਖਕ ਸਮਾਜਕ ਕਦਰਾਂ-ਕੀਮਤਾਂ ਦੇ ਕੁਝ ਬਹੁਤੇ ਹੀ ਰਖਵਾਲੇ ਬਣ ਗਏ। ਉਨ੍ਹਾਂ ਨੇ ਅੰਮ੍ਰਿਤਾ-ਵਿਰੋਧੀ ਜਲੂਸ ਕੱਢਿਆ ਤੇ ਛੱਤਾ ਖੂਹ ਚੌਕ ਵਿਚ ‘ਨਾਗਮਣੀ’ ਦੇ ਪਰਚੇ ਫੂਕੇ। ਇਹ ਖਬਰ ਅਖਬਾਰਾਂ ਵਿਚ ਵੀ ਛਪਵਾਈ। ਮੁਹਰੈਲਾਂ ਵਿਚ ਮੇਰਾ ਮਿੱਤਰ ਜੋਗਾ ਸਿੰਘ ਵੀ ਸੀ। ਕੁਝ ਚਿਰ ਮਗਰੋਂ ਜੋਗਾ ਸਿੰਘ ਦਾ ਕਿਸੇ ਨਾਲ ਅੰਮ੍ਰਿਤਾ ਦੇ ਘਰ ਪਹੁੰਚਣ ਦਾ ਸਬੱਬ ਬਣ ਗਿਆ। ਇਹ ਸੰਭਵ ਨਹੀਂ ਸੀ, ਖਾਸ ਕਰਕੇ ਕਿਸੇ ਨਵੇਂ ਲੇਖਕ ਵਾਸਤੇ, ਕਿ ਉਹ ਅੰਮ੍ਰਿਤਾ ਦੀ ਟੂਣੇਹਾਰੀ ਸ਼ਖ਼ਸੀਅਤ ਦੇ ਮੰਤਰੇ ਹੋਏ ਆਭਾ-ਮੰਡਲ ਵਿਚ ਪਹੁੰਚ ਜਾਵੇ ਤੇ ਬੀਨ ਦੇ ਸੱਪ ਵਾਂਗ ਕੀਲਿਆ ਨਾ ਜਾਵੇ! ਇਸ ਇਕੋ ਯਾਤਰਾ ਨਾਲ ਉਹ ਵਿਰੋਧੀ ਅੰਦੋਲਕ ਤੋਂ ਅਨਿਨ ਭਗਤ ਬਣ ਗਿਆ। ਦਿੱਲੀ ਆਇਆ ਉਹ ਅੰਮ੍ਰਿਤਾ ਦੇ ਦਰ ਨਤਮਸਤਕ ਹੋ ਕੇ ਹਾਜ਼ਰੀ ਜ਼ਰੂਰ ਭਰਦਾ ਤੇ ਆਪਣੀਆਂ ਅੱਗੇਵਧੂ ਰਚਨਾਵਾਂ ਪਿੱਛੇਖਿਚੂ ‘ਨਾਗਮਣੀ’ ਵਿਚ ਛਪਵਾ ਕੇ ਧੰਨ ਹੋਇਆ ਰਹਿੰਦਾ!
ਕੋਈ ਨਵਾਂ ਲੇਖਕ ਲੱਭ ਕੇ ਅੰਮ੍ਰਿਤਾ ਆਪਣੇ ਸਾਹਿਤਕ ਕੰਮ, ਖਾਸ ਕਰਕੇ ਆਪਣੀਆਂ ਰਚਨਾਵਾਂ ਦਾ ਹਿੰਦੀ ਅਨੁਵਾਦ ਕਰਵਾਉਂਦੀ। ਹਿੰਦੀ ਵਿਚ ਉਹਦੀਆਂ ਰਚਨਾਵਾਂ ਅਨੁਵਾਦਕ ਦੇ ਨਾਂ ਤੋਂ ਬਿਨਾਂ ਹੀ ਛਪਦੀਆਂ ਸਨ। ਅਸੀਂ ਅਜਿਹੇ ਲੇਖਕ ਨੂੰ ਮੁਣਸ਼ੀ ਆਖਦੇ। ਉਨ੍ਹਾਂ ਦਿਨਾਂ ਵਿਚ ਸਾਡੀ ਰਾਮਪੁਰਾ ਮੰਡੀ ਵਿਚ ਰਹਿੰਦੇ ਸਾਡੇ ਅੱਧੇ ਪਿੰਡ ਦੀਆਂ ਔਰਤਾਂ ਦੇ ਪੁੱਛਾਂ ਦੇਣ ਵਾਲੇ ਪਾਧੇ ਉਦੈ ਭਾਨ ਦਾ ਪੁੱਤਰ ਸਤੀਸ਼ ਕੁਮਾਰ ਕਪਿਲ ਇਹ ਸੇਵਾ ਨਿਭਾ ਰਿਹਾ ਸੀ। ਅੰਮ੍ਰਿਤਾ ਨੇ ਉਹਦੇ ਨਾਂ ਨਾਲੋਂ ਕਪਿਲ ਤਾਂ ਛਾਂਗਿਆ ਹੀ, ਸਤੀਸ਼ ਦਾ Ḕਸ਼Ḕ ਵੀ ਛਿੱਲ ਦਿੱਤਾ। ਹੁਣ ਉਹ ਸਤੀ ਕੁਮਾਰ ਸੀ। ਕੁਝ ਸਮੇਂ ਪਿਛੋਂ ਉਹਦੀਆਂ ਸੇਵਾਵਾਂ ਦਾ ਮੁੱਲ ਪਾਉਂਦਿਆਂ ਇਕ ਸਮਾਜਵਾਦੀ ਦੇਸ ਦੇ ਦੂਤਾਵਾਸ ਨੂੰ ਆਖ ਕੇ ਅੰਮ੍ਰਿਤਾ ਨੇ ਉਹਨੂੰ ਬਾਹਰ ਭਿਜਵਾ ਦਿੱਤਾ ਜਿਥੋਂ ਉਹ ਅੱਗੇ ਸਵੀਡਨ ਜਾ ਵਸਿਆ। ਸਤੀ ਕੋਲ ਬੈਠੀ ਅੰਮ੍ਰਿਤਾ ਨੂੰ ਦੇਖ ਕੇ ਮੈਨੂੰ ਆਪਣੀ ਰਾਮਪੁਰੇ ਵਾਲੀ ਪਾਧੀ, ਸਤੀਸ਼ ਦੀ ਮਾਂ ਯਾਦ ਆ ਜਾਂਦੀ। ਇਸੇ ਕਰਕੇ ਜਦੋਂ ਅੰਮ੍ਰਿਤਾ ਦੇ ਗੁਜ਼ਰ ਜਾਣ ਮਗਰੋਂ ਉਹਨੇ ਆਪਣੇ ਆਪ ਨੂੰ ਉਹਦੇ ਸੱਚੇ-ਝੂਠੇ ਆਸ਼ਕਾਂ ਦੀ ਕਤਾਰ ਦੇ ਸਿਰੇ ਉਤੇ ਖੜ੍ਹਾ ਕਰ ਲਿਆ, ਮੈਨੂੰ ਹੈਰਾਨੀ ਵੀ ਹੋਈ, ਹਾਸਾ ਵੀ ਆਇਆ, ਪਰ ਆਖ਼ਰ ਮੈਂ ਸੋਚਿਆ, ਬਿਚਾਰੇ ਸਾਡੇ ਪੰਡਿਤਾਂ ਦੇ ਮੁੰਡੇ ਦੇ ਦਿਮਾਗ਼ ਉਤੇ ਪਰਦੇਸ ਦੀ, ਉਮਰ ਦੀ ਅਤੇ ਚੰਦਰੀ ਬੀਮਾਰੀ ਦੀ ਮਾਰ ਪੈ ਗਈ ਹੈ।
ਫੇਰ ਬਹੁਤ ਲੰਮਾ ਸਮਾਂ ਇਹ ਸੇਵਾ ਸਾਡੇ ਬਰਨਾਲੇ ਵਾਲੇ ਕੇਵਲ ਸੂਦ ਨੇ ਆਪਣੇ ਜ਼ਿੰਮੇ ਲੈ ਰੱਖੀ। ਅੰਮ੍ਰਿਤਾ ਨੇ ਉਹਦਾ ਨਾਂ ਨਹੀਂ ਸੀ ਬਦਲਿਆ। ਅਸੀਂ ਹਸਦੇ, ਮੂਲ ਤਾਂ ਕਿਤੇ ਹੈ ਹੀ ਨਹੀਂ, ਇਹ ਪਹਿਲਾਂ ਹੀ ‘ਸਿਰਫ ਸੂਦ’ ਹੈ, ਅੰਮ੍ਰਿਤਾ ਕੀ ਕੱਟੇ-ਜੋੜੇ! ਜਿਵੇਂ ਪਹਿਲਵਾਨ ਦਾ ਜਾਂਘੀਆ ਚੁੱਕ ਕੇ ਉਹਦੇ ਪਿੱਛੇ-ਪਿੱਛੇ ਤੁਰਨ ਵਾਲੇ ਪੱਠੇ ਨੂੰ ਪੱਠਾ ਹੋਣ ਦਾ ਮਾਣ ਹੁੰਦਾ ਹੈ, ਕੇਵਲ ਸੂਦ ਨੂੰ ਅੰਮ੍ਰਿਤਾ ਦਾ ਮੁਣਸ਼ੀ ਹੋਣ ਦਾ ਮਾਣ ਸੀ। ਇਕ ਸ਼ਾਮ ਅੰਮ੍ਰਿਤਾ ਦੇ ਘਰੋਂ ਨਿੱਕਲ ਕੇ ਕੁਦਰਤੀ ਅਸੀਂ ਤਿੰਨੇ ਆਪਣੀ-ਆਪਣੀ ਬਸ ਲੈਣ ਲਈ ਕਨਾਟ ਪਲੇਸ ਪਹੁੰਚ ਗਏ। ਗੁਰਦੇਵ ਕਹਿੰਦਾ, “ਲੈ ਅੱਜ ਤਮਾਸ਼ਾ ਦਿਖਾਵਾਂ।” ਸੂਦ ਨੇ ਹੱਥ ਹਿਲਾਇਆ, “ਅੱਛਾ ਬਈ, ਮੈਂ ਤਾਂ ਬਸ ਫੜਦਾ ਹਾਂ।” ਮੈਂ ਕਿਹਾ, “ਘਰ ਕੀ ਭੱਜਿਆ ਜਾਂਦਾ ਹੈ। ਰੰਗ-ਬਰੰਗੀਆਂ ਬੱਤੀਆਂ ਵਿਚ ਸਾਰੀ ਦਿੱਲੀ ਦਾ ਹੁਸਨ ਜੁੜਿਆ ਹੋਇਆ ਹੈ। ਨਜ਼ਾਰਾ ਲੈਂਦੇ ਇਕ ਗੇੜਾ ਤਾਂ ਲਾਈਏ।” ਅਸੀਂ ਤਿੰਨੇ ਕਾਫ਼ੀ ਹਾਊਸ ਵਾਲੇ ਪਾਸਿਉਂ ਬਰਾਂਡੇ ਵਿਚ ਤੁਰ ਪਏ। ਗੁਰਦੇਵ ਕਹਿੰਦਾ, “ਸੂਦ ਯਾਰ, ਇਕ ਸਿਗਰਟ ਕੱਢ, ਦਾਰੂ ਖਿੜਾਈਏ।” ਉਹਨੇ ਸਿਗਰਟ ਬਾਲ਼ੀ, ਲੰਮਾ ਸੂਟਾ ਖਿੱਚਿਆ ਤੇ ਬੋਲਿਆ, “ਬਈ ਪੱਗ ਨਾਲ ਸਿਗਰਟ ਪੀਂਦਾ ਬੰਦਾ ਸ਼ੋਭਦਾ ਨਹੀਂ। ਯਾਰ ਸੂਦ, ਐਹ ਮੇਰੀ ਪੱਗ ਫੜ ਲੈ।…ਦੇਖੀਂ ਢਹਿ ਨਾ ਜਾਵੇ!” ਅੱਗੇ ਮੌਜ ਵਿਚ ਰੁਪਾਣਾ, ਉਹਦੇ ਪਿੱਛੇ ਦੋਵਾਂ ਹੱਥਾਂ ਉਤੇ ਉਹਦੀ ਪੱਗ ਸੰਭਾਲੀ ਸੂਦ ਤੇ ਸਭ ਤੋਂ ਪਿੱਛੇ ਦੋਵਾਂ ਦਾ ਨਜ਼ਾਰਾ ਲੈਂਦਾ ਮੈਂ। ਜਦੋਂ ਪੂਰਾ ਚੱਕਰ ਕੱਟ ਕੇ ਗੋਲ ਬਰਾਂਡੇ ਦੇ ਦੂਜੇ ਸਿਰੇ ਪਹੁੰਚੇ, ਗੁਰਦੇਵ ਨੇ ਸਿਗਰਟ ਦਾ ਬਚਿਆ ਟੋਟਾ ਵਗਾਹਿਆ ਤੇ ਕਹਿੰਦਾ, “ਲਿਆ ਬਈ ਸੂਦ ਸਿਆਂ ਮੇਰੀ ਪੱਗ, ਤੇਰਾ ਬਹੁਤ ਬਹੁਤ ਧੰਨਿਆਵਾਦ!”
ਅਗਲੇ ਦਿਨ ਦਫ਼ਤਰ ਖੁਲ੍ਹਦਿਆਂ ਹੀ ਸੂਦ ਮੇਰੇ ਕਮਰੇ ਵਿਚ ਆਇਆ ਅਤੇ ਕੁਝ ਗੁੱਸੇ ਤੇ ਕੁਝ ਗਿਲੇ ਨਾਲ ਬੋਲਿਆ, “ਉਹ ਕੇਹੋ ਜਿਹਾ ਅਜੀਬ ਬੰਦਾ ਹੈ ਤੇਰਾ ਦੋਸਤ!” ਮੈਂ ਮਚਲਾ ਬਣ ਗਿਆ, “ਕਿਹੜਾ ਦੋਸਤ? ਮੇਰੇ ਤਾਂ ਪੰਜਾਹ ਦੋਸਤ ਨੇ!” ਉਹ ਤਮਕਿਆ, “ਰੁਪਾਣਾ।” ਮੈਂ ਫੇਰ ਘੇਸਲ ਮਾਰੀ, “ਕਿਉਂ ਕੀ ਕਹਿ ਦਿੱਤਾ ਤੈਨੂੰ ਰੁਪਾਣੇ ਨੇ?” ਉਹ ਹੈਰਾਨ ਹੋਇਆ, “ਹੱਦ ਹੋ ਗਈ! ਤੈਨੂੰ ਪਤਾ ਹੀ ਨਹੀਂ ਕੀ ਹੋਇਆ? ਰਾਤ ਉਹ ਮੈਨੂੰ ਪੱਗ ਚੁਕਾਈਂ ਫਿਰਿਆ। ਉਹ ਸੂਟੇ ਮਾਰਦਾ ਮਹਾਰਾਜਾ ਬਣਿਆ ਅੱਗੇ ਅੱਗੇ ਤੇ ਮੈਂ ਚੋਬਦਾਰ ਵਾਂਗੂੰ ਉਹਦੀ ਪੱਗ ਚੁੱਕੀਂ ਪਿੱਛੇ ਪਿੱਛੇ।” ਉਹਨੇ ਦੂਹਰਾ ਗਿਲਾ ਕੀਤਾ, “ਸਾਲੀ ਮਹਿੰਗੀ ਸਿਗਰਟ ਵੀ ਮੇਰੀæææ!” ਮੈਂ ਹਾਸਾ ਰੋਕ ਕੇ ਕਿਹਾ, “ਦੇਖ ਸੂਦ, ਉਹਨੇ ਧੱਕੇ ਨਾਲ ਤਾਂ ਪੱਗ ਤੈਨੂੰ ਚੁਕਾਈ ਨਹੀਂ। ਉਹਨੇ ਫੜਾਈ ਤੇ ਤੂੰ ਖ਼ੁਸ਼ੀ ਖ਼ੁਸ਼ੀ ਫੜ ਲਈ।” ਉਹ ਰੋਣਹਾਕਾ ਹੋ ਗਿਆ, “ਸੁਆਹ ਖ਼ੁਸ਼ੀ ਖ਼ੁਸ਼ੀ, ਘੁੱਟ ਮੂੰਹ ਨੂੰ ਲੱਗੀ ਵਿਚ ਮੈਨੂੰ ਤਾਂ ਭਲਾ ਸਮਝ ਨਾ ਆਈ, ਉਹਨੂੰ ਤਾਂ ਕੁਛ ਸਮਝਣਾ ਚਾਹੀਦਾ ਸੀ। ਕੋਈ ਦੋਸਤ ਨਾਲ ਇਉਂ ਵੀ ਕਰਦੈ?”
ਮੈਂ ਠੰਢਾ ਛਿੜਕਿਆ, “ਤੈਨੂੰ ਤਾਂ ਦਾਰੂ ਪੀਤੀ ਕਰ ਕੇ ਸਮਝ ਨਹੀਂ ਆਈ, ਉਹਨੂੰ ਤਾਂ ਬਿਨਾਂ ਪੀਤਿਆਂ ਵੀ ਕੁਛ ਸਮਝ ਨਹੀਂ ਆਉਂਦਾ। ਚੱਲ ਛੱਡ, ਭੁੱਲ ਜਾ ਸਾਰੀ ਗੱਲ!”
ਸੂਦ ਮਗਰੋਂ ਡਾæ ਅਮਰਜੀਤ ਕੌਰ ਪੱਕੇ ਤੌਰ ਉਤੇ ਇਸ ਸੇਵਾ-ਆਸਨ ਉਤੇ ਬਿਰਾਜਮਾਨ ਹੋ ਗਈ। ਅੰਮ੍ਰਿਤਾ ਨੇ ਨਾਮ-ਸੰਸਕਾਰ ਕਰ ਕੇ ਉਹਨੂੰ ਅਮੀਆ ਕੁੰਵਰ ਬਣਾ ਦਿੱਤਾ। ਅੰਮ੍ਰਿਤਾ ਚਲੀ ਗਈ ਪਰ ਉਹ ਅਜੇ ਵੀ ਸਿਦਕ-ਸੇਵਾ ਨਿਭਾ ਰਹੀ ਹੈ। ਅੰਮ੍ਰਿਤਾ ਦੇ ਨਾਂ ਨਾਲ ਸੱਚਾ-ਝੂਠਾ ਜੋ ਕੁਝ ਵੀ ਜੁੜਿਆ ਹੋਇਆ ਹੈ, ਉਹਦੇ ਖੰਡਣ ਦੀ ਅਤੇ ਅਜਿਹੀਆਂ ‘ਬੇਅਦਬ’ ਗੱਲਾਂ ਕਰਨ ਵਾਲਿਆਂ ਨੂੰ ਭੰਡਣ ਦੀ ਵੱਡੀ ਜ਼ਿੰਮੇਵਾਰੀ ਉਹਨੇ ਆਪਣੇ ਸਿਰ ਲਈ ਹੋਈ ਹੈ।
ਹੌਲੀ-ਹੌਲੀ ਅੰਮ੍ਰਿਤਾ ਦੀ ਪ੍ਰਸਿੱਧੀ ਉਹਦੀ ਰਚਨਾ ਤੋਂ ਸੁਤੰਤਰ ਰੂਪ ਵਿਚ ਅਤੇ ਰਚਨਾ ਦੇ ਮਿਆਰ ਨੂੰ ਪਿੱਛੇ ਛਡਦਿਆਂ ਪਹਿਲਾਂ ਪੰਜਾਬੀ ਦੀਆਂ ਹੱਦਾਂ ਪਾਰ ਕਰ ਕੇ ਹੋਰ ਭਾਰਤੀ ਭਾਸ਼ਾਵਾਂ ਵਿਚ ਫ਼ੈਲ ਗਈ ਅਤੇ ਫੇਰ ਅਨੇਕ ਬਾਹਰਲੇ ਦੇਸਾਂ ਤੱਕ, ਖਾਸ ਕਰਕੇ ਸੋਵੀਅਤ ਯੂਨੀਅਨ ਤੇ ਹੋਰ ਸਮਾਜਵਾਦੀ ਦੇਸਾਂ ਤੱਕ ਪੁੱਜ ਗਈ। ਬਦੇਸੀ ਭਾਸ਼ਾਵਾਂ ਵਿਚ ਉਹਦੀਆਂ ਰਚਨਾਵਾਂ ਦੇ ਅਨੁਵਾਦ ਹੋਣ ਲੱਗੇ ਅਤੇ, ਜਿਵੇਂ ਸਮਾਜਵਾਦੀ ਦੇਸਾਂ ਵਿਚ ਸਾਹਿਤ ਦੇ ਖੇਤਰ ਵਿਚ ਆਮ ਗੱਲ ਸੀ, ਲੱਖਾਂ ਦੀ ਗਿਣਤੀ ਵਿਚ ਛਪਣ ਲੱਗੇ। ਇਕ ਦੌਰ ਅਜਿਹਾ ਆਇਆ, ਕਿਸੇ ਸਮਾਜਵਾਦੀ ਦੇਸ ਤੋਂ ਕੋਈ ਸਾਹਿਤਕ-ਸਭਿਆਚਾਰਕ ਪ੍ਰਤੀਨਿਧ-ਮੰਡਲ ਆਉਂਦਾ, ਅੰਮ੍ਰਿਤਾ ਨਾਲ ਮਿਲਣੀ ਉਹਦੀ ਸਮਾਂ-ਵੰਡ ਵਿਚ ਪਹਿਲਾਂ ਤੋਂ ਸ਼ਾਮਲ ਹੁੰਦੀ। ਉਨ੍ਹਾਂ ਦੇਸਾਂ ਦੇ ਸੱਦਿਆਂ ਸਦਕਾ ਅਕਸਰ ਹੀ ਉਹਦੇ ਗੇੜੇ ਵੀ ਬਾਹਰ ਲਗਦੇ ਰਹਿੰਦੇ। ਬਦੇਸਾਂ ਦੇ ਅਨੇਕ ਪ੍ਰਮੁੱਖ ਸਾਹਿਤਕਾਰਾਂ ਨਾਲ ਉਹਦੀ ਨਿੱਘੀ ਦੋਸਤੀ ਹੋ ਗਈ।
ਉਹਦੀ ਵਡਿਆਈ ਵਿਚ ਇਹ ਕਹਿਣਾ ਵਾਜਬ ਹੈ ਕਿ ਕੁਝ ਆਪਣੀ ਰਚਨਾ ਰਾਹੀਂ ਅਤੇ ਉਸ ਤੋਂ ਵੱਧ ਆਪਣੀ ਚੁੰਬਕੀ ਸ਼ਖ਼ਸੀਅਤ ਰਾਹੀਂ ਉਹਨੇ ਪੰਜਾਬੀ ਸਾਹਿਤ ਦੀ ਸੁਗੰਧ ਜਿੰਨੀ ਦੂਰ ਤੱਕ ਫ਼ੈਲਾਈ, ਉਹ ਮਾਣ ਹੋਰ ਕਿਸੇ ਪੰਜਾਬੀ ਸਾਹਿਤਕਾਰ ਦੇ ਹਿੱਸੇ ਨਹੀਂ ਆਇਆ। ਜਿਨ੍ਹਾਂ ਲੋਕਾਂ ਨੇ ਉਹਦਾ ਕੁਝ ਪੜ੍ਹਿਆ ਨਹੀਂ ਸੀ ਹੁੰਦਾ, ਉਹ ਵੀ ਜਾਣਦੇ ਸਨ ਕਿ ਉਹ ਪੰਜਾਬੀ ਦੀ ਵੱਡੀ ਲੇਖਕ ਹੈ। ਇਕ ਵਾਰ ਬੜੀ ਦਿਲਚਸਪ ਗੱਲ ਹੋਈ। ਸਾਡੇ ਦਫ਼ਤਰ ਵਿਚ ਗੋਪੀਨਾਥ ਮੈਨਨ ਨਾਂ ਦਾ ਇਕ ਮਲਿਆਲੀ ਸੀ। ਉਹ ਦਿੱਲੀ ਮਲਿਆਲੀ ਸਭਾ ਦਾ ਸਕੱਤਰ ਸੀ। ਹੁਣ ਦਾ ਤਾਂ ਪਤਾ ਨਹੀਂ, ਓਦੋਂ ਇਹ ਸਭਾ ਏਨੀ ਤਕੜੀ ਸੀ ਕਿ ਦਿੱਲੀ ਵਿਚ ਵਸਦੇ ਜੱਜਾਂ ਅਤੇ ਉਚੇ ਅਧਿਕਾਰੀਆਂ ਸਮੇਤ ਕਹਿੰਦੇ-ਕਹਾਉਂਦੇ ਮਲਿਆਲੀ ਇਹਦੇ ਮੈਂਬਰ ਸਨ। ਸਭਾ ਹਰ ਸਾਲ ਮਲਿਆਲੀ ਫ਼ਿਲਮਾਂ ਦਾ ਇਨਾਮੀ ਮੇਲਾ ਕਿਸੇ ਵੱਡੇ ਹਾਲ ਵਿਚ ਕਰਵਾਉਂਦੀ। ਇਕ ਦਿਨ ਗੋਪੀ ਆਇਆ ਤੇ ਬੋਲਿਆ, “ਅੰਮ੍ਰਿਤਾ ਪ੍ਰੀਤਮ ਕਿਆ ਆਪ ਕਾ ਬਹੁਤ ਬੜਾ ਲੇਖਕ ਹੈ?” ਮੈਥੋਂ ‘ਹਾਂ’ ਸੁਣ ਕੇ ਕਹਿੰਦਾ, “ਹਮਾਰੇ ਫ਼ਿਲਮ ਮੇਲੇ ਕੀ ਜਿਉਰੀ ਕੇ ਮੈਂਬਰ ਕੇ ਵਾਸਤੇ ਕਿਸੀ ਨੇ ਉਸ ਕਾ ਨਾਮ ਸੁਜੈਸਟ ਕੀਆ ਹੈ। ਇਨਵਾਈਟ ਕਰੇਂ ਤੋ ਵੁਹ ਆਏਗਾ?”
ਮੈਂ ਜਾਣਦਾ ਸੀ, ਅੰਮ੍ਰਿਤਾ ਨੇ ਸਾਹਿਤ ਦੇ ਸਹਾਰੇ ਘਰ ਚਲਾਇਆ। ਇਹ ਕੋਈ ਸੌਖਾ ਕੰਮ ਨਹੀਂ ਸੀ। ਉਹਦਾ ਕਿਰਸੀ ਤੇ ਸੰਜਮੀ ਹੋ ਜਾਣਾ ਕੁਦਰਤੀ ਸੀ। ਮੈਂ ਕਿਹਾ, ਕੀ ਦਿਉਂਗੇ? ਉਹਦਾ ਕਹਿਣਾ ਸੀ ਕਿ ਰਵਾਇਤ ਅਨੁਸਾਰ ਜਿਉਰੀ ਦੀ ਮੈਂਬਰੀ ਤਾਂ ਮਾਣ-ਸਨਮਾਣ ਹੁੰਦੀ ਹੈ ਜਿਸ ਬਦਲੇ ਕੋਈ ਅਦਾਇਗੀ ਨਹੀਂ ਕੀਤੀ ਜਾਂਦੀ। ਮੈਂ ਮੁਸਕਰਾ ਕੇ ਕਿਹਾ, “ਕਾਰ ਦੇ ਤੇਲ ਦੇ ਪੈਸੇ ਤਾਂ ਦਿਉ ਭਾਈ!” ਅਗਲੇ ਦਿਨ ਉਹ ਫੇਰ ਆਇਆ ਅਤੇ ਹੈਰਾਨ ਹੋ ਕੇ ਬੋਲਿਆ, “ਆਪ ਕੋ ਕੈਸੇ ਪਤਾ ਥਾ ਵੁਹ ਕਾਰ ਕਾ ਤੇਲ ਕਾ ਪੈਸਾ ਮਾਂਗੇਗਾ?” ਮੈਂ ਹੱਸਿਆ, “ਇਕ ਅਣਜਾਣੀ ਜ਼ਬਾਨ ਦੀਆਂ ਫ਼ਿਲਮਾਂ ਬਾਰੇ ਰਾਇ ਦੇਣ ਲਈ ਉਹ ਹਰ ਰੋਜ਼ ਆਪਣਾ ਕੰਮ ਛਡਦਿਆਂ ਘੰਟਿਆਂ-ਬੱਧੀ ਬੱਝ ਕੇ ਵੀ ਬੈਠੇ ਤੇ ਤੇਲ ਵੀ ਕੋਲੋਂ ਬਾਲੇ!”
(ਚਲਦਾ)