ਕਾਇਆ ਪਲਟਿ ਸਰੂਪੁ ਬਣਾਇਆ

ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਪਹਿਲੀ ਵਾਰ ਦੀ 38ਵੀਂ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੀਆਂ ਚਾਰ ਦਿਸ਼ਾਵਾਂ ਵਿਚ ਕੀਤੀਆਂ ਚਾਰ ਉਦਾਸੀਆਂ ਪਿੱਛੋਂ ਦਰਿਆ ਰਾਵੀ ਕੰਢੇ ਆਪਣੇ ਸਿਧਾਂਤਾਂ ਦੇ ਪ੍ਰਚਾਰ ਲਈ ਕਰਤਾਰਪੁਰ ਵਸਾਉਣ ਦੀ ਗੱਲ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਵਾਲਾ ਭੇਖ ਉਤਾਰ ਦਿੱਤਾ ਅਤੇ ਗ੍ਰਹਿਸਥੀਆਂ ਵਾਲਾ ਵੇਸ ਧਾਰਨ ਕਰਕੇ ਮੰਜੀ Ḕਤੇ ਬੈਠ ਕੇ ਆਪਣੇ ਮਿਸ਼ਨ ਦਾ ਅਰੰਭ ਕੀਤਾ।

ਗੁਰੂ ਨਾਨਕ ਸਾਹਿਬ ਵਲੋਂ ਆਪਣੇ ਪੁੱਤਰਾਂ ਨੂੰ ਛੱਡ ਕੇ ਭਾਈ ਲਹਿਣਾ ਨੂੰ ਗੁਰਗੱਦੀ ਸੌਂਪ ਕੇ ਗੁਰੂ ਅੰਗਦ ਬਣਾਉਣਾ ਇੱਕ ਤਰ੍ਹਾਂ ਨਾਲ Ḕਉਲਟੀ ਗੰਗਾ ਵਹਾਉਣਾḔ ਸੀ। ਗੁਰੂ ਨਾਨਕ ਸਾਹਿਬ ਦੇ ਪੁੱਤਰ ਗੁਰੂ ਅਨੁਸਾਰੀ ਹੋ ਕੇ ਨਹੀਂ ਵਿਚਰੇ। ਭਾਈ ਗੁਰਦਾਸ ਕਰਤਾਰਪੁਰ ਵਿਚ ਗੁਰੂ ਸਾਹਿਬ ਵਲੋਂ ਸਥਾਪਤ ਕੀਤੇ ਜਾ ਰਹੇ ਮਾਰਗ ਦਾ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਬਾਣੀ ਦਾ ਉਚਾਰਨ ਕਰਦੇ, ਜਿਸ ਨਾਲ ਅਗਿਆਨ ਦਾ ਅੰਧਕਾਰ ਦੂਰ ਹੁੰਦਾ ਅਤੇ ਗਿਆਨ ਦੀ ਰੌਸ਼ਨੀ ਫੈਲਦੀ। ਕਰਤਾਰਪੁਰ ਵਿਚ ਸਦਾ ਗਿਆਨ ਦੀਆਂ ਗੋਸ਼ਟਾਂ ਤੇ ਚਰਚਾ ਹੁੰਦੀ ਅਤੇ ਅਨਹਦ ਸ਼ਬਦ ਦੀ ਧੁਨ ਸੁਣਾਈ ਦਿੰਦੀ। ਕਰਤਾਰਪੁਰ ਵਿਚ Ḕਸੋ ਦਰੁḔ ਅਤੇ ḔਆਰਤੀḔ ਦਾ ਕੀਰਤਨ ਹੁੰਦਾ ਅਤੇ ਅੰਮ੍ਰਿਤ ਵੇਲੇ ਜਪੁ ਦਾ ਉਚਾਰਨ ਹੁੰਦਾ। ਗੁਰੂ ਨਾਨਕ ਸਾਹਿਬ ਨੇ ਲੁਕਾਈ ਨੂੰ ਤੰਤਰਾਂ-ਮੰਤਰਾਂ ਦੇ ਬੋਝ ਤੋਂ ਬਚਾ ਲਿਆ,
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥æææ
ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 45ਵੀਂ ਪਉੜੀ ਵਿਚ ਵੀ ਇਸੇ ਤੱਥ ਨੂੰ ਦੁਹਰਾਇਆ ਹੈ ਕਿ ਮੁਲਤਾਨ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨੂੰ ਕੇਂਦਰ ਬਣਾ ਲਿਆ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਅਸਰ ਦਸਾਂ ਦਿਸ਼ਾਵਾਂ ਵਿਚ ਫੈਲ ਰਿਹਾ ਸੀ ਅਤੇ ਕਲਿਜੁਗ ਦੇ ਸਮੇਂ ਵਿਚ ਉਨ੍ਹਾਂ ਨੇ ਲੋਕਾਂ ਨੂੰ ਅਕਾਲ ਪੁਰਖ ਦੇ ਨਾਮ ਸਿਮਰਨ ਵੱਲ ਲਾਇਆ। ਅਕਾਲ ਪੁਰਖ ਦੇ ਨਾਮ ਸਿਮਰਨ ਤੋਂ ਬਿਨਾਂ ਅਕਾਲ ਪੁਰਖ ਤੋਂ ਹੋਰ ਕੁਝ ਮੰਗਣਾ ਦੁੱਖਾਂ ਨੂੰ ਸੱਦਾ ਦੇਣਾ ਹੈ। ਗੁਰੂ ਨਾਨਕ ਸਾਹਿਬ ਨੇ ਦੁਨੀਆਂ ‘ਤੇ ਆਪਣੀ ਸਥਾਪਤੀ ਕਾਇਮ ਕੀਤੀ ਅਤੇ Ḕਨਿਰਮਲ ਪੰਥḔ ਸ਼ੁਰੂ ਕਰ ਦਿੱਤਾ। ਆਪਣੇ ਜੀਵਨ ਸਮੇਂ ਵਿਚ ਹੀ ਉਨ੍ਹਾਂ ਨੇ ਭਾਈ ਲਹਿਣੇ ਦੇ ਸਿਰ ‘ਤੇ ਗੁਰਿਆਈ ਦਾ ਛਤਰ ਰੱਖ ਕੇ ਉਸ ਨੂੰ ਗੁਰੂ ਥਾਪ ਦਿੱਤਾ। ਆਪਣੇ ਅੰਦਰ ਜਗ ਰਹੀ ਰੱਬੀ ਜੋਤਿ ਨੂੰ ਭਾਈ ਲਹਿਣੇ ਅੰਦਰ ਰੱਖ ਦਿੱਤਾ। ਇਸ ਰਹੱਸ ਨੂੰ ਸਮਝ ਸਕਣਾ ਔਖਾ ਹੈ ਜੋ ਕੌਤਕ ਗੁਰੂ ਨਾਨਕ ਸਾਹਿਬ ਨੇ ਰਚਿਆ। ਇਸ ਤਰ੍ਹਾਂ ਸਰੀਰ ਬਦਲ ਕੇ ਗੁਰੂ ਅੰਗਦ ਨੂੰ ਆਪਣਾ ਸਰੂਪ ਬਣਾ ਦਿੱਤਾ,
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ॥
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ॥
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ॥
ਕਾਇਆ ਪਲਟਿ ਸਰੂਪੁ ਬਣਾਇਆ॥(੧/੪੫॥
ਭਾਈ ਲਹਿਣਾ ਅਰਥਾਤ ਗੁਰੂ ਅੰਗਦ ਦੇਵ ਦੂਸਰੀ ਨਾਨਕ ਜੋਤਿ ਦਾ ਜਨਮ 31 ਮਾਰਚ ਸੰਨ 1504 ਨੂੰ ਮੱਤੇ ਦੀ ਸਰਾਇ (ਮੁਕਤਸਰ) ਵਿਖੇ ਬਾਬਾ ਫੇਰੂ ਮੱਲ ਅਤੇ ਮਾਤਾ ਸਭਰਾਈ (ਦਇਆ ਕੌਰ) ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ, ਜਿਸ ਤੋਂ ਦੋ ਪੁੱਤਰ- ਦਾਤੂ ਤੇ ਦਾਸੂ ਅਤੇ ਦੋ ਧੀਆਂ- ਬੀਬੀ ਅਮਰੋ ਤੇ ਅਨੋਖੀ ਪੈਦਾ ਹੋਈਆਂ। ਬੀਬੀ ਅਮਰੋ ਦਾ ਵਿਆਹ ਗੁਰੂ ਅਮਰਦਾਸ ਦੇ ਭਤੀਜੇ ਨਾਲ ਪਿੰਡ ਬਾਸਰਕੇ ਹੋਇਆ। ਬੀਬੀ ਅਮਰੋ ਤੋਂ ਬਾਣੀ ਦਾ ਪਾਠ ਸੁਣ ਕੇ ਹੀ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਦੇ ਦਰਸ਼ਨਾਂ ਨੂੰ ਖਡੂਰ ਸਾਹਿਬ ਆਏ ਅਤੇ ਗੁਰੂ ਦੀ ਸੇਵਾ ਵਿਚ ਟਿਕ ਗਏ। ਭਾਈ ਲਹਿਣਾ ਦੁਰਗਾ ਦੇ ਭਗਤ ਸਨ ਪਰ ਇੱਕ ਦਿਨ ਅੰਮ੍ਰਿਤ ਵੇਲੇ ਭਾਈ ਜੋਧਾ ਨੂੰ ਗੁਰੂ ਨਾਨਕ ਦੀ ਬਾਣੀ ਜਪੁਜੀ ਦਾ ਉਚਾਰਨ ਕਰਦਿਆਂ ਸੁਣਿਆ ਤਾਂ ਗੁਰੂ ਨਾਨਕ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਗੁਰੂ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ। ਉਹ ਕਰਤਾਰਪੁਰ ਦਰਸ਼ਨਾਂ ਲਈ ਆਏ ਅਤੇ ਉਥੇ ਹੀ ਗੁਰੂ ਦੀ ਸੇਵਾ ਵਿਚ ਲੱਗ ਗਏ। ਉਸ ਵੇਲੇ ਉਨ੍ਹਾਂ ਦੀ ਉਮਰ ਕਰੀਬ 27 ਸਾਲ ਸੀ।
ਗੁਰੂ ਬਾਬਾ ਨੇ ਉਨ੍ਹਾਂ ਨੂੰ ਖਡੂਰ ਜਾ ਕੇ ਸੰਗਤਾਂ ਵਿਚ ਸਿੱਖ ਸਿਧਾਂਤਾਂ ਅਤੇ ਬਾਣੀ ਦਾ ਪ੍ਰਚਾਰ ਕਰਨ ਲਈ ਕਿਹਾ। ਗੁਰੂ ਦੀ ਆਗਿਆ ਦਾ ਪਾਲਣ ਕਰਦਿਆਂ ਭਾਈ ਲਹਿਣਾ ਖਡੂਰ ਚਲੇ ਗਏ ਅਤੇ ਆਪਣਾ ਸਮਾਂ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨ, ਲੋਕਾਂ ਦੀ ਸੇਵਾ ਕਰਨ ਅਤੇ ਲੋੜਵੰਦਾਂ ਨੂੰ ਲੰਗਰ ਛਕਾਉਣ ਵਿਚ ਗੁਜ਼ਾਰਨ ਲੱਗੇ। ਕੁਝ ਸਮਾਂ ਬੀਤਣ ‘ਤੇ ਉਨ੍ਹਾਂ ਦਾ ਮਨ ਗੁਰੂ ਦੇ ਦਰਸ਼ਨਾਂ ਨੂੰ ਲੋਚਿਆ ਤਾਂ ਉਹ ਕਰਤਾਰਪੁਰ ਗੁਰੂ ਨਾਨਕ ਨੂੰ ਮਿਲਣ ਆ ਗਏ ਅਤੇ ਪੂਰੀ ਤਰ੍ਹਾਂ ਸਮਰਪਣ ਨਾਲ ਸੇਵਾ ਵਿਚ ਜੁਟ ਗਏ। ਸਾਖੀਕਾਰਾਂ ਅਨੁਸਾਰ ਬਹੁਤ ਸਾਰੇ ਇਮਤਿਹਾਨਾਂ ਵਿਚੋਂ ਸਫਲਤਾ ਪੂਰਬਕ ਗੁਜ਼ਰ ਜਾਣ ‘ਤੇ ਗੁਰੂ ਨਾਨਕ ਦੇਵ ਨੇ ਉਨ੍ਹਾਂ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰਕੇ ਆਪ ਮੱਥਾ ਟੇਕਿਆ ਜਿਸ ਦਾ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਵਿਚ “ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ” ਕਹਿ ਕੇ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਉਣ ‘ਤੇ ਗੁਰੂ ਅੰਗਦ ਵਾਪਸ ਖਡੂਰ ਸਾਹਿਬ ਆ ਗਏ ਅਤੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਅਮਲੀ ਰੂਪ ਦੇਣ ਦਾ ਆਪਣਾ ਕਾਰਜ ਜਾਰੀ ਰੱਖਿਆ।
ਸਿੱਖ ਧਰਮ ਚਿੰਤਨ ਦਾ ਇਲਹਾਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ ਬਾਣੀ ਦੇ ਰੂਪ ਵਿਚ ਹੋਇਆ। ਸ੍ਰੀ ਗ੍ਰੰਥ ਸਾਹਿਬ ਵਿਚ ਇਲਹਾਮ ਦਾ ਸੰਕੇਤ ਸਬਦਿ, ਗੁਰਬਾਣੀ, ਬਾਣੀ, ਦ੍ਰਿਸਟਿ, ਪਰਗਟ, ਪਰਗਾਸ, ਦਿਖਾਲਿਆ, ਕਹਿਣ, ਕਹਾਇ, ਜੋਤਿ, ਗਿਆਨ ਅਤੇ ਬ੍ਰਹਮਗਿਆਨ ਆਦਿ ਸ਼ਬਦਾਂ ਤੋਂ ਮਿਲਦਾ ਹੈ। ਇਸ ਵਿਲੱਖਣ ਇਲਹਾਮ ਦਾ ਅਮਲ ਤਿੰਨ ਤਰ੍ਹਾਂ ਨਾਲ ਵਾਪਰਦਾ ਹੈ। ਪਰਮਸਤਿ, ਸਤਿ ਜਾਂ ਸ਼ਬਦ ਦਾ ਇਲਹਾਮ ਗੁਰੂ ਨੂੰ ਆਪਣੇ ਰਹੱਸਾਤਮਕ ਅਨੁਭਵ ਵਿਚ ਰੱਬੀ ਸੁਰਤਿ ਨਾਲ ਇਕਸੁਰਤਾ ਦੇ ਪਲਾਂ ਵਿਚ ਅਕਾਲ ਪੁਰਖ ਵਲੋਂ ਹੁੰਦਾ ਹੈ। ਫਿਰ ਇਸ ਪਰਮ ਸਤਿ ਜਾਂ ਸ਼ਬਦ ਦਾ ਸੰਚਾਰ ਗੁਰੂ ਵਲੋਂ ਸਿੱਖ ਨੂੰ ਸ਼ਬਦ ਅਰਥਾਤ ਬਾਣੀ ਦੇ ਰੂਪ ਵਿਚ ਕੀਤਾ ਜਾਂਦਾ ਹੈ। ਫਿਰ ਗੁਰਮੁਖਿ ਜਾਂ ਬ੍ਰਹਮਗਿਆਨੀ ਗੁਰੂ ਰਾਹੀਂ ਇਸ ਸਤਿ ਜਾਂ ਸ਼ਬਦ ਨੂੰ ਅਨੁਭਵ ਕਰਨ ਦੇ ਯੋਗ ਹੁੰਦਾ ਹੈ। ਉਸ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇਕਸੁਰ ਹੁੰਦੀ ਹੈ। ਉਹ ਭਾਵੇਂ ਰੱਬੀ ਅਨੁਭਵ ਕਰਨ ਦੇ ਯੋਗ ਗੁਰੂ ਰਾਹੀਂ ਹੁੰਦਾ ਹੈ ਪਰ ਜਦੋਂ ਉਸ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇਕਸੁਰ ਹੋ ਜਾਂਦੀ ਹੈ ਤਾਂ ਸਿੱਖ ਆਪ ਉਸ ਉਚਾਈ ‘ਤੇ ਪਹੁੰਚ ਜਾਂਦਾ ਹੈ ਜਿਥੇ ਗੁਰੂ ਦਾ ਰੋਲ ਖਤਮ ਹੋ ਜਾਂਦਾ ਹੈ।
ਕਰਤਾਰਪੁਰ ਵਿਚ ਗੁਰੂ ਦੀ ਸੇਵਾ ਵਿਚ ਰਹਿੰਦਿਆਂ ਭਾਈ ਲਹਿਣਾ ਗੁਰੂ ਮਿਹਰ ਸਦਕਾ ਅਧਿਆਤਮਕ ਉਚਾਈਆਂ ਤੱਕ ਪਹੁੰਚਦੇ ਹਨ ਅਤੇ ਉਨ੍ਹਾਂ ਦੀ ਸੁਰਤਿ ਰੱਬੀ ਸੁਰਤਿ ਨਾਲ ਇਕਸੁਰ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਉਨ੍ਹਾਂ ਨੂੰ ਗੁਰੂ ਥਾਪ ਕੇ ਭਾਈ ਲਹਿਣਾ ਤੋਂ ਪੂਰੀ ਮਰਿਆਦਾ ਨਾਲ ਗੁਰੂ ਅੰਗਦ ਸਜਾ ਦਿੰਦੇ ਹਨ। ਉਪਰ ਦਿੱਤੇ ਸਿੱਖ ਇਲਹਾਮ ਦੇ ਜ਼ਿਕਰ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਵਿਚ ਸਤੇ ਅਤੇ ਬਲਵੰਡ ਦੀ ਰਚੀ ਵਾਰ ਵਿਚੋਂ ਹੋ ਜਾਂਦੀ ਹੈ। ḔਵਾਰḔ ਵਿਚ ਗੁਰੂ ਅੰਗਦ ਦੇ ਗੁਰੂ ਬਣਨ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਜਦੋਂ ਕਿਸੇ ਦਾ ਨਾਮਣਾ ਅਕਾਲ ਪੁਰਖ ਆਪ ਉਚਾ ਕਰਦਾ ਹੈ ਤਾਂ ਉਸ ਨੂੰ ਪਰਖਣ ਜਾਂ ਤੋਲਣ ਲਈ ਕੋਈ ਗੱਲ ਕਰ ਸਕਣੀ ਮੁਸ਼ਕਿਲ ਹੈ। ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੀ ਆਤਮ ਅਵਸਥਾ ਦੀ ਬਖਸ਼ਿਸ਼ ਹਾਸਲ ਕਰਨ ਲਈ ਜੋ ਸਤਿ ਆਦਿ ਰੱਬੀ ਗੁਣ ਹਨ ਗੁਰੂ ਨਾਨਕ ਵਿਚ ਪਹਿਲਾਂ ਹੀ ਮੌਜੂਦ ਹਨ ਅਤੇ ਇਸ ਉਚੀ ਅਵਸਥਾ ਨੂੰ ਪ੍ਰਾਪਤ ਗੁਰੂ ਨਾਨਕ ਨੇ ਸੱਚ-ਰੂਪ ਕਿਲਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ ਧਰਮ ਦਾ ਰਾਜ ਚਲਾਇਆ। ਗੁਰੂ ਨੇ ਅਕਾਲ ਪੁਰਖ ਦੀ ਬਖਸ਼ਿਸ਼ ਕੀਤੀ ਮਤਿ-ਰੂਪੀ ਤਲਵਾਰ ਅਤੇ ਜ਼ੋਰ ਨਾਲ ਆਤਮਕ ਜ਼ਿੰਦਗੀ ਬਖਸ਼ਿਸ਼ ਕਰਕੇ ਭਾਈ ਲਹਿਣਾ, ਜੋ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਵਿਚ ਲੱਗੇ ਹੋਏ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਦੇ ਸਿਰ ਉਤੇ ਗੁਰਿਆਈ ਦਾ ਛਤਰ ਰੱਖ ਦਿੱਤਾ। ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਅੱਗੇ ਮੱਥਾ ਟੇਕਿਆ ਅਤੇ ਆਪਣੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਦੇ ਦਿੱਤਾ,
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਿਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥
ਸਹਿ ਟਿਕਾ ਦਿਤੋਸੁ ਜੀਵਦੈ॥੧॥ (ਪੰਨਾ ੯੬੬)
ਗੁਰੂ ਅੰਗਦ ਦੇਵ ਨੂੰ ਗੁਰਗੱਦੀ ਦੇ ਕੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਰਾਹੀਂ ਸਿੱਖ ਸਿਧਾਂਤਾਂ ਦਾ ਅਮਲੀ ਪ੍ਰਕਾਸ਼ਨ ਕਰਦੇ ਹਨ। ਗੁਰੂ ਨਾਨਕ ਸਾਹਿਬ ਦਾ ਜਨਮ ਤਲਵੰਡੀ ਰਾਇਭੋਇੰ (ਨਨਕਾਣਾ ਸਾਹਿਬ) ਦਾ ਹੈ ਅਤੇ ਸਿੱਖ ਧਰਮ ਦਾ ਅਗਾਜ਼ ਸੁਲਤਾਨਪੁਰ ਲੋਧੀ ਵਿਚ Ḕਵੇਈਂ ਨਦੀ ਪ੍ਰਵੇਸ਼Ḕ ਤੋਂ ਹੁੰਦਾ ਹੈ। ਚਾਰ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਤੋਂ ਬਾਅਦ ਉਹ ਸਿੱਖ ਧਰਮ ਦਾ ਕੇਂਦਰ ਰਾਵੀ ਕਿਨਾਰੇ ਕਰਤਾਰਪੁਰ ਨੂੰ ਬਣਾਉਂਦੇ ਹਨ ਅਤੇ ਗੁਰਗੱਦੀ ਦੀ ਜਾਂ-ਨਸ਼ੀਨਤਾ ਨੂੰ ਯੋਗਤਾ-ਮੂਲਕ ਬਣਾਉਂਦਿਆਂ ਭਾਈ ਲਹਿਣਾ ਨੂੰ ਗੁਰਗੱਦੀ ਸੌਂਪਦੇ ਹਨ। ਗੁਰੂ ਅੰਗਦ ਸਿੱਖ ਧਰਮ ਦੇ ਸਿਧਾਂਤਾਂ ਦੀ ਸਥਾਪਤੀ ਨੂੰ ਅੱਗੇ ਲੈ ਜਾਣ ਹਿੱਤ ਗੁਰੂ ਹੁਕਮ ਅਨੁਸਾਰ ਕਰਤਾਰਪੁਰ ਛੱਡ ਦਿੰਦੇ ਹਨ ਅਤੇ ਪ੍ਰਚਾਰ ਦਾ ਕੇਂਦਰ ਖਡੂਰ ਵਿਚ ਸਥਾਪਤ ਕਰਦੇ ਹਨ ਜਿਥੇ ਬਾਣੀ ਪੜ੍ਹੀ ਤੇ ਸੁਣੀ ਜਾਂਦੀ ਹੈ, ਸ਼ਬਦ ਦਾ ਕੀਰਤਨ ਅਤੇ ਪ੍ਰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਸੰਗਤ ਨੂੰ ਸ਼ਬਦ ਵਿਚ ਸੁਸ਼ਿਖਸ਼ਤ ਕਰਨ ਲਈ ਗੁਰੂ ਅੰਗਦ ਦੇਵ ਨੇ ਲਿਪੀ ਸੋਧ ਕੇ ਉਸ ਨੂੰ ਵਰਤਮਾਨ ਗੁਰਮੁਖੀ ਲਿਪੀ ਦਾ ਸਰੂਪ ਬਖਸ਼ਿਸ਼ ਕੀਤਾ ਜੋ ਪੰਜਾਬੀ ਭਾਸ਼ਾ ਨੂੰ ਲਿਖਣ ਦਾ ਸਾਧਨ ਬਣੀ। ਇਸੇ ਲਿਪੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਲਿਖਤੀ ਪ੍ਰਕਾਸ਼ਨ ਹੋਇਆ। ਇਸ ਨੇ ਪੰਜਾਬੀ ਬੋਲੀ ਅਤੇ ਇਸ ਨੂੰ ਬੋਲਣ ਵਾਲਿਆਂ ਨੂੰ ਇੱਕ ਵਿਲੱਖਣ ਪਛਾਣ ਦਿੱਤੀ। ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ḔਲੰਡਿਆਂḔ ਅਤੇ ḔਮਹਾਜਨੀḔ ਲਿਪੀ ਵਿਚ ਲਿਖੀ ਜਾਂਦੀ ਸੀ ਜਿਸ ਵਿਚ ਕੋਈ ਸਵਰ ਅੱਖਰ ਨਹੀਂ ਸੀ ਹੁੰਦੇ।
ਗੁਰੂ ਅੰਗਦ ਦੇਵ ਨੇ ਨੌਜੁਆਨਾਂ ਦੀ ਸਿਹਤ ਸੰਭਾਲ ਅਤੇ ਬੱਚਿਆਂ ਦੀ ਸਿੱਖਿਆ ਵੱਲ ਖਾਸ ਧਿਆਨ ਦਿੱਤਾ। ਖਡੂਰ ਸਹਿਬ ਵਿਚ ਕੁਸ਼ਤੀ ਵਰਗੀਆ ਪਰੰਪਰਕ ਅਤੇ ਸਿਹਤ ਪੱਖੀ ਖੇਡਾਂ ਦਾ ਖਾਸ ਪ੍ਰਬੰਧ ਕੀਤਾ। ਬੱਚਿਆਂ ਦੇ ਪੜ੍ਹਨ-ਲਿਖਣ ਵੱਲ ਗੁਰੂ ਅੰਗਦ ਦੇਵ ਨਿਜੀ ਤੌਰ ‘ਤੇ ਧਿਆਨ ਦਿੰਦੇ ਅਤੇ ਉਨ੍ਹਾਂ ਨੇ ਗੁਰਮੁਖੀ ਲਿਪੀ ਵਿਚ ਕੈਦੇ ਤਿਆਰ ਕਰਾਏ। ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਗੁਰੂ ਨਾਨਕ ਸਾਹਿਬ ਵਲੋਂ ਸਿੱਖ ਵਾਸਤੇ ਤਿੰਨ ਬੁਨਿਆਦੀ ਨਿਯਮ ਦਿੱਤੇ ਗਏ ਹਨ। ਗੁਰੂ ਅੰਗਦ ਦੇਵ ਆਪਣਾ ਨਿਜੀ ਗੁਜ਼ਾਰਾ ਮੁੰਜ ਦਾ ਵਾਣ ਵੱਟ ਕੇ ਕਰਦੇ ਅਤੇ ਜੋ ਕੁਝ ਵੀ ਸੰਗਤ ਵਲੋਂ ਚੜ੍ਹਾਵੇ ਵਿਚ ਆਉਂਦਾ, ਉਸ ਨੂੰ ਸਾਂਝੇ ਕੰਮਾਂ ਵਿਚ ਵਰਤਿਆ ਜਾਂਦਾ। ਗੁਰੂ ਨਾਨਕ ਦੇਵ ਨੇ ਇੱਕ ਨਰੋਏ ਸਮਾਜ ਦੀ ਉਸਾਰੀ ਲਈ ਉਸ ਦੀ ਨੀਂਹ ਸੇਵਾ ਅਤੇ ਮਨੁੱਖੀ ਬਰਾਬਰੀ ਦੇ ਸਿਧਾਂਤ ‘ਤੇ ਰੱਖੀ ਅਤੇ ਇਸ ਦੀ ਪੂਰਤੀ ਲਈ ਲੰਗਰ ਦੀ ਸੰਸਥਾ ਕਾਇਮ ਕੀਤੀ। ਲੰਗਰ ਦੀ ਸੰਸਥਾ ਅਜਿਹੀ ਸੰਸਥਾ ਹੈ ਜਿੱਥੇ ਸੇਵਾ ਅਤੇ ਮਨੁੱਖੀ ਬਰਾਬਰੀ ਦੋਵਾਂ ਦੀ ਪੂਰਤੀ ਹੁੰਦੀ ਹੈ।
ਸਤਾ ਅਤੇ ਬਲਵੰਡ ਦੀ ਵਾਰ ਵਿਚ ਸਾਰਾ ਬਿਰਤਾਂਤ ਬਿਆਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਜੋ ਧੁੰਮ ਪਈ ਹੋਈ ਸੀ, ਉਸ ਦਾ ਸਦਕਾ ਹੀ ਭਾਈ ਲਹਿਣਾ ਦੀ ਵਡਿਆਈ ਦੀ ਧੁੰਮ ਵੀ ਚਾਰ ਚੁਫੇਰੇ ਪੈ ਗਈ ਕਿਉਂਕਿ ਗੁਰੂ ਜੁਗਤ ਵੀ ਉਹੀ ਸੀ ਅਤੇ ਗੁਰੂ ਜੋਤਿ ਵੀ ਉਹੀ ਸੀ। ਗੁਰੂ ਅੰਗਦ ਦੇ ਸਿਰ ‘ਤੇ ਰੱਬੀ ਛਤਰ ਝੁਲ ਰਿਹਾ ਹੈ। ਭਾਈ ਲਹਿਣਾ ਭਾਵ ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਦੀ ਹੱਟੀ ਵਿਚ ਗੱਦੀ ਮੱਲ ਕੇ ਬੈਠੇ ਗੁਰੂ ਨਾਨਕ ਸਾਹਿਬ ਦੇ ਦੱਸੇ ਹੁਕਮ ਦੀ ਪਾਲਣਾ ਕਰ ਰਹੇ ਹਨ। ਇਸ ਹੁਕਮ ਦੀ ਪਾਲਣਾ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ ਦੇ ਬਰਾਬਰ ਹੈ। ਇਥੇ ਦਿਨ ਰਾਤ ਅਕਾਲ ਪੁਰਖ ਦੀ ਸਿਫ਼ਤਿ-ਸਲਾਹ ਹੋ ਰਹੀ ਹੈ, ਰੂਹਾਨੀ ਨੂਰ ਵਰਸ ਰਿਹਾ ਹੈ ਅਤੇ ਸੱਚੇ ਪਾਤਿਸ਼ਾਹ ਗੁਰੂ ਅੰਗਦ ਦਾ ਦਰਸ਼ਨ ਕਰਕੇ ਜਨਮ-ਜਨਮ ਦੀ ਇਕੱਠੀ ਹੋਈ ਵਿਕਾਰਾਂ ਦੀ ਮੈਲ ਕੱਟੀ ਜਾ ਰਹੀ ਹੈ। ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਭਾਈ ਲਹਿਣਾ ਨੇ ਆਗਿਆ ਦਾ ਪਾਲਣ ਕੀਤਾ। ਪੁੱਤਰਾਂ ਨੇ ਆਗਿਆ ਦਾ ਪਾਲਣ ਨਹੀਂ ਕੀਤਾ। ਉਹ ਗੁਰੂ ਦੇ ਹੁਕਮ ਵਲੋਂ ਪਿੱਠ ਕਰਕੇ ਮੁੜਦੇ ਰਹੇ। ਜੇ ਇੱਕ ਪਾਸੇ ਅਧਿਆਤਮਕ ਭੁੱਖ ਨੂੰ ਸਰਚਾਉਣ ਲਈ ਗੁਰੂ ਅੰਗਦ ਦੇਵ ਸ਼ਬਦ ਦਾ ਲੰਗਰ ਚਲਾ ਰਹੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਖੀਵੀ ਆਈਆਂ ਸੰਗਤਾਂ ਦੀ ਪੇਟ ਦੀ ਭੁੱਖ ਸਰਚਾਉਣ ਲਈ ਪਰਸ਼ਾਦੇ ਦਾ ਲੰਗਰ ਚਲਾ ਰਹੇ ਹਨ। ਮਾਤਾ ਖੀਵੀ ਸੰਗਤਾਂ ਲਈ ਵਧੀਆ ਲੰਗਰ ਆਪ ਤਿਆਰ ਕਰਵਾਉਂਦੇ ਹਨ ਜਿਵੇਂ ਕਿ ਵਾਰ ਵਿਚ ਜ਼ਿਕਰ ਕੀਤਾ ਗਿਆ ਹੈ, ਮਾਤਾ ਜੀ ਦੇ ਲੰਗਰ ਵਿਚ ਦੇਸੀ ਘਿਉ ਦੀ ਵਧੀਆ ਅਤੇ ਸੁਆਦਲੀ ਖੀਰ ਤਿਆਰ ਕੀਤੀ ਜਾਂਦੀ। ਬਿਆਨ ਕੀਤਾ ਹੈ ਕਿ ਮਾਤਾ ਖੀਵੀ ਬਹੁਤ ਭਲੇ ਹਨ, ਜਿਨ੍ਹਾਂ ਦੀ ਛਾਂ ਬਹੁਤ ਸੰਘਣੀ ਹੈ ਅਰਥਾਤ ਉਨ੍ਹਾਂ ਦੀ ਸੰਗਤਿ ਵਿਚ ਜਾਇਆਂ ਹਿਰਦੇ ਵਿਚ ਠੰਢ ਪੈਂਦੀ ਹੈ। ਮਾਤਾ ਖੀਵੀ ਦਾ ਪਤੀ ਗੁਰੂ ਅੰਗਦ ਉਹ ਹੈ ਜਿਸ ਨੇ ਸਾਰੀ ਧਰਤੀ ਦਾ ਭਾਰ ਚੁੱਕਿਆ ਹੋਇਆ ਸੀ। ਉਨ੍ਹਾਂ (ਗੁਰੂ ਅੰਗਦ) ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਗੁਰੂ ਨਾਨਕ ਦੇ ਦਰ ‘ਤੇ ਕਬੂਲ ਹੋਏ,
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ॥
ਪਏ ਕਬੂਲ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ॥
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥੩॥ (ਪੰਨਾ ੯੬੭)
ਗੁਰੂ ਅੰਗਦ ਦੇਵ 28 ਮਾਰਚ 1552 ਈæ ਨੂੰ ਕਰੀਬ 47 ਸਾਲ ਦੀ ਉਮਰ ਪੂਰੀ ਕਰਕੇ ਗੁਰੂ ਨਾਨਕ ਦੇ ਦਿੱਤੇ ਸਿਧਾਂਤਾਂ ਅਨੁਸਾਰ ਪਰਖ ਦੀ ਕਸਵੱਟੀ ‘ਤੇ ਪੂਰੇ ਉਤਰਨ ਵਾਲੇ ਗੁਰੂ ਅਮਰਦਾਸ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤਿ ਸਮਾ ਗਏ। ਗੁਰੂ ਅਮਰਦਾਸ ਰਿਸ਼ਤੇ ਵਿਚ ਗੁਰੂ ਅੰਗਦ ਦੇਵ ਦੇ ਕੁੜਮ ਲਗਦੇ ਸਨ।