ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਿਸ਼ਾਲ ਨੀਲਾ ਆਸਮਾਨ, ਚੜ੍ਹਦੇ ਫੱਗਣ ਦੀ ਸੁਹਾਵਣੀ ਰੁੱਤ ਦੀ ਇਕ ਸਵੇਰ, ਨਿੱਘਾ-ਨਿੱਘਾ ਸੂਰਜ, ਹਰੀ ਕਚੂਰ ਕਣਕ ਦੇ ਲਹਿਲਹਾਉਂਦੇ ਖੇਤਾਂ ਵਿਚਕਾਰ ਸਾਡੇ ਪਿੰਡੋਂ ਦਰਿਆ ਸਤਲੁਜ ਨੂੰ ਜਾਂਦੀ ਨਵੀਂ-ਨਵੀਂ ਬਣੀ ਸੜਕ ਉਪਰ, ਆਪਣੇ ਆਪ ਨੂੰ ਸਾਈਕਲ ‘ਤੇ ਚੜ੍ਹਿਆ ਜਾਂਦਾ ਤਸੱਵਰ ਕਰਦਿਆਂ ਮੈਂ ਕਾਹਲੀ-ਕਾਹਲੀ ਚਾਹ ਦਾ ਕੱਪ ਨਬੇੜਿਆ।

ਉਮਰ ਦੇ ਤਿੰਨ ਕੁ ਦਹਾਕੇ ਸਾਈਕਲ ਨਾਲ ਗੂੜ੍ਹੀ ਯਾਰੀ ਰਹੀ ਹੋਣ ਕਰ ਕੇ, ਹੁਣ ਇਸ ਦੀ ਸਵਾਰੀ ਕਰਨ ਦੇ ਮੋਹ ਨਾਲ ਦੂਜੀ ਲੋੜ ਜੁੜ ਗਈ-ਸ਼ੂਗਰ ਘਟਾਉਣ ਦੀ। ਅਮਰੀਕਾ ਤੋਂ ਪਿੰਡ ਹਾਲੇ ਤਾਜ਼ਾ-ਤਾਜ਼ਾ ਹੀ ਪਹੁੰਚਿਆ ਸਾਂ। ਪਿੰਡ ਦੇ ਆਸੇ-ਪਾਸੇ, ਬਚਪਨ ਤੇ ਜਵਾਨੀ ਨਾਲ ਜੁੜੀਆਂ ਕਈ ਘਟਨਾਵਾਂ ਦੀਆਂ ਗਵਾਹੀਆਂ ਸਾਂਭੀ ਬੈਠੇ ਬਹੁਤ ਸਾਰੇ ਮੋੜ ਤੇ ਚੁਰਸਤੇ ਧੂਹ ਪਾ ਰਹੇ ਸਨ। ‘ਉਡੂੰ-ਉਡੂੰ ਕਰੇ ਮੇਰਾ ਜੀਅ ਨੀ ਸਹੇਲੀਉ’ ਵਾਲੀ ਹਾਲਤ ਬਣੀ ਹੋਈ ਸੀ।
ਗਲੀ ਦਾ ਮੋੜ ਮੁੜ ਕੇ ਸੜਕ ‘ਤੇ ਚੜ੍ਹਦਿਆਂ ਹੀ ਮੈਂ ਜਿਉਣੇ ਮੌੜ ਵਾਂਗ ਸਾਈਕਲ ਉਤੇ ਪਲਾਕੀ ਮਾਰ ਕੇ ਚੜ੍ਹ ਗਿਆ। ਅਜੇ ਦਸ ਕੁ ਪੈਡਲ ਹੀ ਮਾਰੇ ਹੋਣਗੇ ਕਿ ਸੜਕ ਦੇ ਇਕ ਪਾਸੇ ਲੱਗੇ ਢੇਰਾਂ ਉਤੇ ਗੋਹਾ-ਕੂੜਾ ਸੁੱਟ ਕੇ ਖਾਲੀ ਟੋਕਰਾ ਸੜਕ ‘ਤੇ ਝਾੜਦਿਆਂ ਇਕ ਜਨਾਨੀ ਨੇ ਸ਼ਾਲ ਨਾਲ ਢਕਿਆ ਆਪਣਾ ਮੂੰਹ ਨੰਗਾ ਕੀਤਾ ਅਤੇ ਅਜਨਬੀਆਂ ਵਾਂਗ ਮੇਰੇ ਵੱਲ ਝਾਕਿਆ। ਫਿਰ ਮੈਨੂੰ ਪਛਾਣਦਿਆਂ ਉਹ ਇਕਦਮ ਖਿੜਦਿਆਂ ਬੋਲੀ-“ਵੇ ‘ਚਲੋਚਣਾ’ ਸ’ਸਰੀ ‘ਕਾਲ! ਤੂੰ ਬਾਹਰੋਂ ਕਦ ਆਇਐਂ?æææ’ਕੱਲਾ ਈ ਆਇਆਂ ਕਿ ਨਿਆਣੇ ਵੀ ਨਾਲ ਆਏ ਆ?”
ਸਾਈਕਲ ਤੋਂ ਉਤਰ ਕੇ ਦੁਆ-ਸਲਾਮ ਕਰਦਿਆਂ ਮੈਂ ਉਹਦੇ ਇਕੋ ਸਾਹੇ ਕੀਤੇ ਸਵਾਲਾਂ ਦੇ ਜਵਾਬ ਦਿੱਤੇ; ਉਹਦੀ ਤੇ ਉਹਦੇ ਟੱਬਰ ਦੀ ਰਾਜ਼ੀ-ਖੁਸ਼ੀ ਪੁੱਛ ਕੇ ਮੈਂ ਫਿਰ ਸਾਈਕਲ ‘ਤੇ ਲੱਤ ਦੇ ਦਿੱਤੀ। ਪਿੰਡ ਪੱਧਰ ਦੇ ਵਰਤੋਂ-ਵਿਹਾਰ ਮੁਤਾਬਕ ‘ਭਾਬੀ’ ਲਗਦੀ ਇਹ ਟੋਟਲੀ ‘ਗੂਠਾ ਛਾਪ ਅਨਪੜ੍ਹ ਜਨਾਨੀ, ਉਨ੍ਹਾਂ ਵੇਲਿਆਂ ਤੋਂ ਮੈਨੂੰ ‘ਚਲੋਚਣਾ’ ਨਾਮ ਨਾਲ ਹੀ ਬੁਲਾਉਂਦੀ ਆ ਰਹੀ ਸੀ, ਜਦੋਂ ਮੈਂ ਫੱਟੀ-ਬਸਤਾ ਚੁੱਕੀ ਸਕੂਲੇ ਜਾਂਦਾ ਹੁੰਦਾ ਸੀ। ਉਹ ਵਿਚਾਰੀ ਕੀ ਜਾਣੇ ਕਿ ਮੇਰੇ ਨਾਂ ਵਿਚ ਪੰਜ ਅੱਖਰ ਪੈਂਦੇ ਨੇ ਕਿ ਦਸ! ਮੈਨੂੰ ਬੁਲਾਉਣ ਲੱਗਿਆਂ ਉਹ ਤਾਂ ਮੇਰੇ ਨਾਂ ਦੀ ਬੱਸ ‘ਤਰਜ਼’ ਉਚਾਰਨ ਕਰਦੀ ਸੀ, ਪਰ ਇੰਜ ਕਹਿਣ ਵੇਲੇ ਉਹਦੇ ਬੋਲਾਂ ਵਿਚੋਂ ਮਾਨੋ ਮੋਹ ਦਾ ਸ਼ਹਿਦ ਹੀ ਟਪਕਦਾ ਜਾਪਦਾ।
‘ਭਾਬੀ’ ਵੱਲੋਂ ਬੋਲੇ ਜਾਂਦੇ ਆਪਣੇ ਇਸ ਅਜੀਬ ਨਾਂ ਬਾਰੇ ਸੋਚ ਕੇ ਬੁੱਲ੍ਹਾਂ ਵਿਚ ਹੱਸਦਾ, ਮੈਂ ਤੇਜ਼-ਤੇਜ਼ ਪੈਡਲ ਮਾਰਨ ਲੱਗ ਪਿਆ। ਮੋਹਰਿਉਂ ਤੇਜ਼ ਸਪੀਡ ਨਾਲ ਆ ਰਹੀ ਕਾਰ ਦੇਖ ਕੇ, ਡਰਦਾ ਹੋਇਆ ਸੜਕ ਦੇ ਕੰਢੇ ਖਲੋ ਗਿਆ ਪਰ ਕਾਰ ਧੀਮੀ ਹੁੰਦੀ-ਹੁੰਦੀ ਮੇਰੇ ਲਾਗੇ ਆ ਕੇ ਰੁਕ ਗਈ। ਕਾਰ ਵਿਚੋਂ ਉਤਰੇ ਮੇਰੇ ਸੱਜਣ ਮਿੱਤਰ, ਸੇਵਾ ਮੁਕਤ ਅਧਿਆਪਕ ਦਸ-ਬਾਰਾਂ ਕੁ ਮਿੰਟ ਮੇਰੇ ਨਾਲ ਗੱਲਬਾਤ ਕਰਦਿਆਂ, ਕਦੇ ਉਹ ਮੈਨੂੰ ਜਥੇਦਾਰ ਸਾਹਿਬ, ਕਦੇ ਮੇਰੇ ਤਖੱਲਸ ਬਣ ਚੁੱਕੇ ਮੇਰੇ ਪਿੰਡ ਦੇ ਨਾਂ ਪਿਛੇ ਵੀ ਸਾਹਿਬ ਜੋੜ-ਜੋੜ ਆਖੀ ਗਿਆ। ਕਿਸੇ ਮੌਕੇ ਇਨ੍ਹਾਂ ਦੀ ਬਦਲੀ ਰੁਕਵਾਈ ਹੋਣ ਕਰ ਕੇ, ਮਾਣ ਸਤਿਕਾਰ ਵਜੋਂ ਉਹ ਮੈਨੂੰ ਕਵੱਲਾ ਹੀ ‘ਸਾਬ੍ਹ ਸਾਬ੍ਹ’ ਕਰੀ ਜਾਵੇ।
ਉਹਦੇ ਕੋਲੋਂ ਰੁਖਸਤ ਹੋ ਕੇ ਸਾਈਕਲ ‘ਤੇ ਤੁਰੇ ਜਾਂਦਿਆਂ ਮੈਨੂੰ ਮੱਲੋ-ਮੱਲੀ ਹਾਸਾ ਆਈ ਜਾਵੇ, ਕਿ ਦਸ ਕੁ ਖੇਤ ਪਿਛੇ ਇਕ ਜਨਾਨੀ ਲਈ ‘ਚਲੋਚਣ’ ਐਥੇ ਆ ਕੇ ‘ਸਾਬ੍ਹ’ ਬਣ ਗਿਆ!
ਹੁਣ ਮੇਰੀ ਸਾਈਕਲ ਯਾਤਰਾ ਵਿਚ ਕਿਸੇ ਨੇ ਮੋਹਰਿਉਂ ਨਹੀਂ, ਸਗੋਂ ਪਿਛਿਓਂ ਆਉਣ ਵਾਲੇ ਮੇਰੇ ਜਮਾਤੀ ਨੇ ‘ਵਿਘਨ’ ਪਾਇਆ। ਸਕੂਲ ਵਿਚ ਮੇਰੇ ਨਾਲ ਪੜ੍ਹਦਾ ਰਿਹਾ ਇਹ ‘ਮੁੰਡਾ’ ਮੋਟਰਸਾਈਕਲ ‘ਤੇ ਬੰਬੀ ਚਲਾਉਣ ਜਾ ਰਿਹਾ ਸੀ। ਮੇਰੇ ਬਰਾਬਰ ਲਿਆ ਕੇ ਮੋਟਰਸਾਈਕਲ ਰੋਕਦਿਆਂ, ਉਹ ਮੇਰੇ ‘ਤੇ ਹੀ ਵਰ੍ਹ ਪਿਆ, “ਕਿਉਂ ਲੱਗਿਐਂ ਅਮਰੀਕਾ ਦਾ ਜਲੂਸ ਕੱਢਣæææ! ਆਇਆ ਹੋਵੇਂ ‘ਮਰੀਕਾ ਤੋਂ, ਤੇ ਘੁੰਮੇਂ ਸਾਈਕਲ ‘ਤੇ?æææਕਿਉਂ ਹਾਸੋ-ਹੀਣੀ ਕਰਾਉਣ ਡਿਹਾ ਹੋਇਐਂ ਸਭ ਕੁਝ ਹੁੰਦਿਆਂ-ਸੁੰਦਿਆਂæææ।” ਕੁਝ ਕਹਿਣ ਨੂੰ ਮੇਰੇ ਬੁੱਲ੍ਹ ਤਾਂ ਫਰਕਦੇ ਰਹੇ, ਪਰ ਉਸ ਭਲੇਮਾਣਸ ਨੇ ਵਿਚ-ਵਿਚਾਲੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਮੈਨੂੰ ਹਾਸੇ-ਹਾਸੇ ਵਿਚ ਅਜਿਹਾ ਕਹਿ ਰਿਹਾ ਹੈ, ਪਰ ਜਦ ਉਹਨੇ ਮੇਰੇ ਵੱਲੋਂ ਸ਼ੂਗਰ ਹੋਈ ਹੋਣ ਦਾ ਹਵਾਲਾ ਦੇ ਕੇ ‘ਐਕਸਰਸਾਈਜ਼’ ਜ਼ਰੂਰੀ ਕਰਨ ਦੀ ਦਲੀਲ ਵੀ ਅਣਸੁਣੀ ਕਰ ਕੇ ਆਪਣਾ ਲੈਕਚਰ ਜਾਰੀ ਰੱਖਿਆ, ਤਦ ਮੈਨੂੰ ਪਤਾ ਲੱਗਿਆ ਕਿ ਉਹ ਮੂਰਖਮਤੀ ਦਿਖਾਉਂਦਾ ਹੋਇਆ ਸੱਚ ਮੁਚ ਹੀ ਮੈਨੂੰ ਗਿਆ ਗੁਜ਼ਰਿਆ ਜਾਂ ਕੰਜੂਸ ਮੰਨੀ ਬੈਠਾ ਸੀ। ਮੈਂ ਬਥੇਰੀ ਮਗਜ਼ ਪੱਚੀ ਕਰਦਿਆਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਅਮਰੀਕਾ ਤੋਂ ਆ ਕੇ ਸਾਈਕਲ ਚਲਾਉਣ ਨਾਲ, ਮੇਰੀ ‘ਸ਼ਾਨ’ ਘਟਦੀ ਨਹੀਂ, ਸਗੋਂ ਵਧਦੀ ਹੈ; ਪਰ ਉਹ ਮੇਰੇ ਉਤੇ ਅਮਰੀਕਾ ਦਾ ‘ਜਲੂਸ ਕਢਾਉਣ’ ਵਾਲੀ ਆਪਣੀ ਗੱਲ ‘ਤੇ ਹੀ ਅੜਿਆ ਰਿਹਾ।
ਇਹਦੇ ਹੱਥੋਂ ਮੇਰੀ ਬੰਦ ਖਲਾਸੀ ਕਰਵਾਈ ਸਾਡੇ ਗੁਆਂਢੀ ਪਿੰਡ ਦੇ ਕਾਮਰੇਡ ਨੇ ਜੋ ਸੜਕ ਨਾਲ ਲਗਦੇ ਖੇਤ ਵਿਚੋਂ ਛਟਾਲਾ ਵੱਢ ਕੇ ਹਟਿਆ ਸੀ। ਆਪਣੇ ਸਾਈਕਲ ਦੇ ਕੈਰੀਅਰ ‘ਤੇ ਪੱਠਿਆਂ ਦੀ ਪੰਡ ਲੱਦਦਿਆਂ ਉਹਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਖੜ੍ਹਿਆਂ-ਖੜ੍ਹਿਆਂ ਕੁਝ ਗੱਲਾਂ ਪੰਜਾਬ ਦੀ ਸਿਆਸਤ ਬਾਰੇ ਹੋਈਆਂ। ਮੈਂ ਦੇਖ ਰਿਹਾ ਸਾਂ ਕਿ ਉਹ ਗੱਲਾਂ ਕਰਦਾ-ਕਰਦਾ ਮੇਰੇ ਸਾਈਕਲ ਵੱਲ ਤਿਰਛਾ ਜਿਹਾ ਝਾਕ ਲੈਂਦਾ ਸੀ। ਤੁਰਨ ਲੱਗਿਆਂ ਉਹਨੇ ਮੈਨੂੰ ਪੁੱਛਿਆ, “ਸਰਦਾਰ ਜੀ, ਆਹ ਗੱਡੀ ਨਵੀਂ ਕਢਾਈ ਐ?”
“ਨਹੀਂ ਯਾਰਾ, ਸਾਲ ਹੋ ਗਿਆæææਨਿਆਣਿਆਂ ਨੇ ਸ਼ੌਕੀਆ ਈ ਲਿਆ ਹੋਇਆæææਇਹਨੂੰ ਚਲਾਉਂਦਾ ਹੁਣ ਕੌਣ ਐ?æææਮੈਂ ਹੀ ਬਾਹਰ ਕੱਢਿਆ ਆ ਕੇæææ।” ਕਾਮਰੇਡ ਮੂੰਹੋਂ ਸਾਈਕਲ ਨੂੰ ਹੀ ਗੱਡੀ ਕਿਹਾ ਸੁਣ ਕੇ ਹੈਰਾਨ ਹੁੰਦਿਆਂ ਮੈਂ ਟੁੱਟਵਾਂ ਜਿਹਾ ਜਵਾਬ ਦਿੱਤਾ। ਘਰ-ਘਰ ਸਕੂਟਰ ਮੋਟਰਸਾਈਕਲ ਤੇ ਕਾਰਾਂ ਵਾਲੇ ਇਸ ਯੁੱਗ ਵਿਚ ਜਿਉਣ ਵਾਲੇ ਕਾਮਰੇਡ ਨੇ ਆਪਣਾ ਸਾਈਕਲ ਖਿੱਚ ਕੇ ਸੜਕ ਉਤੇ ਲਿਆਉਂਦਿਆਂ ਮੈਨੂੰ ਸੋਚੀ ਪਾਉਣ ਵਾਲੀ ਇਕ ਹੋਰ ਗੱਲ ਆਖ ਦਿੱਤੀ।
“ਆਹੋ ਜੀ, ਬਾਹਰ ਜਾਣ ਦਾ ਇਹ ਤਾਂ ਫਾਇਦਾ ਹੈਗਾ ਈ ਐ ਸਰਦਾਰ ਜੀ, ਬੰਦਾ ਰੀਝ ਪੂਰੀ ਕਰ ਸਕਦਾ ਹੈ ਆਪਣੀ।”
ਬਿਨਾਂ ਚੇਨਕਵਰ, ਬਿਨਾਂ ਮੱਡਗਾਰਡ ਤੋਂ ਜੰਗਾਲ ਖਾਧਾ ਉਹਦਾ ਕਬਾੜ ਬਣਿਆ ਸਾਈਕਲ ਦੇਖ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਬਾਹਰ ਦੀ ਕਮਾਈ ਨਾਲ ਰੀਝ ਪੂਰੀ ਕਰਨ ਤੋਂ ਉਸ ਦਾ ਭਾਵ ਨਵਾਂ ਸਾਈਕਲ ਖਰੀਦ ਸਕਣ ਦੀ ਸਮਰਥਾ ਤੋਂ ਹੀ ਹੈ। ‘ਕੀੜੀ ਨੂੰ ਕੂੰਡਾ ਹੀ ਦਰਿਆ’ ਵਾਲੀ ਕਹਾਵਤ ਦੀ ਸਾਕਾਰ ਮੂਰਤੀ ਕਾਮਰੇਡ ਦੇ ਉਥੋਂ ਤੁਰ ਪੈਣ ਬਾਅਦ ਮੈਂ ਵੀ ਰੁਟੀਨ ਮੁਤਾਬਕ ਦਰਿਆ ਤੱਕ ਪਹੁੰਚਣ ਲਈ ਸਾਈਕਲ ਰੇੜ੍ਹ ਲਿਆ।
ਪਹਾੜੀ ਇਲਾਕੇ ਵਿਚੋਂ ਸ਼ੂਕਦਾ ਵਗਣ ਵਾਲਾ ਦਰਿਆ, ਮੈਦਾਨੀ ਇਲਾਕੇ ਵਿਚ ਕਿਵੇਂ ਚੁੱਪ-ਚੁਪੀਤਾ ਸ਼ਾਂਤ-ਚਿੱਤ ਵਹਿੰਦਾ, ਮੈਂ ਸਾਹਮਣੇ ਦੇਖ ਰਿਹਾ ਸਾਂ। ਵਗਦੇ ਪਾਣੀ ਦੀਆਂ ਅਠਖੇਲੀਆਂ ਦਾ ਅਨੰਦ ਮਾਨਣ ਲਈ ਮੈਂ ਕੰਢੇ ਦੇ ਨੇੜੇ ਹੋ ਗਿਆ। ਪਾਣੀ ਦਾ ਵਹਾਅ ਕੁਝ ਤੇਜ਼ ਹੋਣ ਕਾਰਨ, ਇਸ ਪਾਸੇ ਢਾਹ ਲੱਗੀ ਹੋਈ ਸੀ। ਮੇਰੇ ਦੇਖਦੇ-ਦੇਖਦੇ ਗੋਡੇ-ਗੋਡੇ ਹੋਈ ਕਣਕ ਵਾਲਾ ਖੇਤ ਦਰਿਆ ਬੁਰਦ ਹੋ ਰਿਹਾ ਸੀ। ਬੰਨੇ ‘ਤੇ ਖੜ੍ਹੇ ਸਫੈਦੇ ਅਤੇ ਪਾਪੂਲਰ ਦੇ ਦਰੱਖ਼ਤ ਵੀ ਦਰਿਆ ਵੱਲ ਲੁੜ੍ਹਕੇ ਹੋਏ ਸਨ। ਥੋੜ੍ਹਾ ਸਾਵਧਾਨ ਹੋ ਕੇ ਪਾਣੀ ਦੀਆਂ ਲਹਿਰਾਂ ਅਤੇ ਪਾਣੀ ਵਿਚ ਗਰਕਦੇ ਜਾਂਦੇ ਝਾੜ-ਝੂੰਡਿਆਂ ਦੀਆਂ ਕੁਝ ਫੋਟੋਆਂ ਖਿੱਚ ਕੇ ਮੈਂ ਆਪਣਾ ਮੋਬਾਈਲ ਜੈਕਟ ਦੀ ਜੇਬ ਵਿਚ ਪਾ ਲਿਆ।
ਪੂਰਨ ਸ਼ਾਂਤੀ ਦੇ ਇਸ ਅਨੂਠੇ ਮਾਹੌਲ ਵਿਚ ਵਗਦੇ ਪਾਣੀ ਦੀ ਕਲ-ਕਲ ਦੀ ਆਵਾਜ਼ ਸੁਣਨ, ਤੇ ਬਣਦੇ-ਮਿਟਦੇ ਛਿਣ ਭੰਗਰੇ ਬੁਲਬੁਲੇ ਦੇਖਣ ਲਈ, ਮੈਂ ਖਾਮੋਸ਼ ਹੋ ਕੇ ਲਾਗੇ ਪਏ ਪੱਥਰ ‘ਤੇ ਬਹਿ ਗਿਆ। ‘ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥’ ਨੌਵੇਂ ਗੁਰੂ ਜੀ ਦਾ ਇਹ ਵੈਰਾਗਮਈ ਸਲੋਕ ਆਪ ਮੁਹਾਰੇ ਮੇਰੇ ਬੁੱਲ੍ਹਾਂ ‘ਤੇ ਆ ਗਿਆ। ਜ਼ਿੰਦਗੀ ਵੀ ਪਾਣੀ ਦੇ ਬੁਲਬੁਲੇ ਜੈਸੀ ਹੀ ਹੈæææਉਸੇ ਪਲ ਬੁਲਬੁਲੇ ਦਾ ਇਕ ਸ਼ਿਅਰ ਯਾਦ ਆ ਗਿਆæææਅਖੇ, ਪਾਣੀ ਨੇ ਆਪਣੀ ਹਿੱਕ ‘ਤੇ ਬਣਦੇ-ਮਿਟਦੇ ਬੁਲਬੁਲੇ ਨੂੰ ਤਾਅਨਾ ਮਾਰਿਆ ਕਿ ਤੈਨੂੰ ਪਲ ਭਰ ਲਈ ਉਪਰ ਨੂੰ ਉਠ ਕੇ ਕੀ ਮਿਲਦਾ ਹੈ? ਮੇਰੇ ਵਾਂਗ ਚੁੱਪ ਕਰ ਕੇ ਕਿਉਂ ਨਹੀਂ ਵਗਦਾ? ਬੁਲਬੁਲਾ ਅਣਖ ਨਾਲ ਬੋਲਿਆ, “ਮੈਂ ਜਿੰਨਾ ਚਿਰ ਵੀ ਜਿਉਂਦਾ ਹਾਂ, ਧੌਣ ਅਕੜਾ ਕੇ ਤੈਥੋਂ ਉਚਾ ਹੋ ਕੇ ਹੀ ਜਿਉਂਦਾ ਹਾਂ।”
ਕੁਦਰਤ ਦੇ ਸਾਜੇ ਹੋਏ ਇਸ ਅਨੰਦਮਈ ਚੌਗਿਰਦੇ ਦੀ ਗੋਦ ਵਿਚ ਚੁੱਪ ਸੰਗੀਤ ਨਾਲ ਰਮਜ਼ਾਂ ਭਰੀਆਂ ਗੱਲਾਂ ਕਰਦਿਆਂ ਮੈਨੂੰ ਘਰ ਦਾ ਚੇਤਾ ਉਦੋਂ ਆਇਆ ਜਦ ਮੇਰੀ ਭੁੱਖ ਚਮਕ ਪਈ। ਉਠ ਕੇ ਆੜ ਵਿਚ ਖੜ੍ਹਾ ਸਾਈਕਲ ਚੁੱਕਿਆ। ਕੁਝ ਕਰਮਾਂ ਤੁਰਨ ਬਾਅਦ ਆਪਣੇ ਬਾਪ ਦੀ ਨਸੀਹਤ ਚੇਤੇ ਆਈ। ਉਹ ਕਹਿੰਦਾ ਹੁੰਦਾ ਸੀ ਕਿ ਬਾਹਰ ਕਿਸੇ ਓਪਰੇ ਥਾਂ ਘੜੀ-ਪਲ ਬਹਿ ਕੇ ਜਦੋਂ ਵੀ ਉਠੋ ਤਾਂ ਉਸ ਥਾਂ ਤੋਂ ਪੰਜ ਕਰਮਾਂ ਦੂਰ ਜਾ ਕੇ ਪਿੱਛੇ ਮੁੜ ਕੇ ਗਹੁ ਨਾਲ ਦੇਖੋ, ਤੁਹਾਡੀ ਕੋਈ ਚੀਜ਼-ਵਸਤ ਉਥੇ ਤਾਂ ਨਹੀਂ ਰਹਿ ਗਈ। ਇਹ ਸਿਆਣੀ ਮੱਤ ਯਾਦ ਤਾਂ ਆ ਗਈ, ਪਰ ਮੇਰੀ ਹੂੜਮੱਤ ਨੇ ਮੈਨੂੰ ਪਿੱਛੇ ਮੁੜ ਕੇ ਦੇਖਣ ਨਾ ਦਿੱਤਾ।
‘ਮੇਰਾ ਇਥੇ ਕੀ ਰਹਿ ਗਿਆ ਹੋਣੈæææਮੈਂ ਕਿਹੜਾ ਇਥੇ ਕੋਈ ਟਰੰਕ ਜਾਂ ਝੋਲਾ ਖੋਲ੍ਹ ਕੇ ਬੈਠਾ ਸਾਂæææਪੁਰਾਣੇ ਬਜ਼ੁਰਗ ਕਈ ਨਸੀਹਤਾਂ ਐਵੇਂ ਫਜ਼ੂਲ ਦੀ ਚਿੰਤਾ ਕਾਰਨ ਹੀ ਨਿਆਣਿਆਂ ਉਤੇ ਥੋਪਦੇ ਰਹਿੰਦੇ ਸਨæææਹੁਣ ਜ਼ਮਾਨਾ ਬਦਲ ਗਿਆ।’
ਦਿਲ ਦਾ ਇਹ ਹੂੜਮੱਤੀਆ ਫੈਸਲਾ ਮੰਨਦਿਆਂ ਮੈਂ ਦਰਿਆ ਵੱਲ ਪਿੱਠ ਘੁਮਾਈ ਤੇ ਸਾਈਕਲ ਲੈ ਕੇ ਤੁਰ ਪਿਆ। ਅੱਠ-ਦਸ ਕੁ ਪੁਲਾਂਘਾਂ ਪੁੱਟੀਆਂ ਹੋਣਗੀਆਂ ਕਿ ਮੈਨੂੰ ਆਪਣੇ ਸੈਲ ਫੋਨ ਦੀ ‘ਰਿੰਗ’ ਵੱਜਦੀ ਸੁਣੀ। ਪਤਾ ਇਹ ਟਿੰਗ ਲਿੰਗ, ਟਿੰਗ ਲਿੰਗ, ਟਿਊਂ-ਟਿਊਂ ਦੀ ‘ਵਾਜ਼ ਕਿਥੋਂ ਆ ਰਹੀ ਸੀ?æææਕਣਕ ਵਿਚੋਂ ਜਿਥੇ ਮੈਂ ਹੁਣੇ ਪਥੱਲਾ ਮਾਰ ਕੇ ਬੈਠਾ ਦਰਿਆਈ ਪਾਣੀ ਦੇਖਦਾ ਰਿਹਾ ਸਾਂ!
ਵਾਰਿਸ ਸ਼ਾਹ ਤੂੰ ਘੁੰਮ ਕੇ ਦੇਖ ਦੁਨੀਆਂ
ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ।