ਮੈਂ ਆਪਣੇ ਕੈਮਰੇ ਦਾ ਕੀ ਕਰਾਂ?

ਐਤਕੀਂ ਵਾਲੀ ਲਿਖਤ ‘ਮੈਂ ਆਪਣੇ ਕੈਮਰੇ ਦਾ ਕੀ ਕਰਾਂ?’ ਵਿਚ ਕਾਨਾ ਸਿੰਘ ਦੀ ਕਾਨੀ ਦਾ ਰੰਗ ਮੂਲੋਂ ਹੀ ਵੱਖਰਾ ਜਾਪਦਾ ਹੈ। ਇਸ ਲਿਖਤ ਵਿਚ ਪੰਜਾਬੀ ਸਾਹਿਤ ਦੇ ਦੋ ਮਹਾਂਰਥੀਆਂ-ਸੰਤੋਖ ਸਿੰਘ ਧੀਰ ਅਤੇ ਬਲਵੰਤ ਗਾਰਗੀ ਬਾਰੇ ਚੁੰਝ-ਚਰਚਾ ਹੈ। ਇਸ ਨਿੱਕੀ ਜਿਹੀ ਲਿਖਤ ਵਿਚੋਂ ਈਰਖਾ ਅਤੇ ਵਿਅੰਗ ਦੇ ਫੁਹਾਰੇ ਨਾਲੋ-ਨਾਲ ਫੁੱਟਦੇ ਹਨ।

ਅਸਲ ਵਿਚ ਕਾਨਾ ਸਿੰਘ ਆਪਣੀ ਨਿਵੇਕਲੀ ਜਿਹੀ ਛੋਹ ਨਾਲ ਲਿਖਤ ਵਿਚ ਆਈਆਂ ਸਾਧਾਰਨ ਗੱਲਾਂ ਨੂੰ ਵੀ ਸਾਧਾਰਨ ਨਹੀਂ ਰਹਿਣ ਦਿੰਦੀ। ਉਹਦੀ ਹਰ ਲਿਖਤ ਵਿਚ ਕਹਾਣੀ ਹੁੰਦੀ ਹੈ ਅਤੇ ਇਸ ਵਾਰ ਤਾਂ ਮਾਸ਼ਾ ਅੱਲ੍ਹਾ!æææਨਾਟਕ ਵੀ ਘੜੀ-ਮੁੜੀ ਝਾਤੀਆਂ ਮਾਰੀ ਜਾਂਦਾ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਮੇਰੇ ਗੁਆਂਢ ਸਥਿਤ ‘ਸਾਚਾ ਧਨ’ ਗੁਰਦੁਆਰੇ ਵਿਚ ਸੁਖਪਾਲਵੀਰ ਸਿੰਘ ਹਸਰਤ ਦੀ ਅੰਤਿਮ ਅਰਦਾਸ ਦਾ ਮੌਕਾ ਸੀ। ਭੋਗ ਮਗਰੋਂ ਸੰਤੋਖ ਸਿੰਘ ਧੀਰ ਨਾਲ ਮੁਲਾਕਾਤ ਹੋ ਜਾਣੀ ਸੁਭਾਵਕ ਹੀ ਸੀ।
“ਨੇੜੇ ਆਏ ਹੋਏ ਹੋ, ਚਲੋ ਘਰ।” ਮੈਂ ਧੀਰ ਨੂੰ ਚਾਹ ਦੇ ਕੱਪ ਦਾ ਸੱਦਾ ਦਿੱਤਾ। ਧੀਰ ਰਾਜ਼ੀ ਹੋ ਗਿਆ।
ਰਲ ਬੈਠਦਿਆਂ ਹੀ ਮੈਂ ਬਲਵੰਤ ਗਾਰਗੀ ਰਚਿਤ ਧੀਰ ਦੇ ਰੇਖਾ ਚਿੱਤਰ ‘ਸੁਰਮੇ ਵਾਲੀ ਅੱਖ’ ਦੀ ਗੱਲ ਛੋਹੀ। ਉਨ੍ਹਾਂ ਦਿਨਾਂ ਵਿਚ ਮੈਂ ਗਾਰਗੀ ਦਾ ਲਿਖਿਆ ਹੋਇਆ ਰੇਖਾ ਚਿੱਤਰਾਂ ਦਾ ਸੰਪੂਰਨ ਸੰਗ੍ਰਿਹ ‘ਸ਼ਰਬਤ ਦੀਆਂ ਘੁਟਾਂ’ ਪੜ੍ਹ ਰਹੀ ਸਾਂ।
“ਧੀਰ ਜੀ, ‘ਸੁਰਮੇ ਵਾਲੀ ਅੱਖ’ ਨੂੰ ਅੱਜ ਮੈਂ ਤੀਜੀ ਵਾਰ ਪੜ੍ਹਿਐ।” ਮੇਰੇ ਕਹਿਣ ਦੀ ਦੇਰ ਸੀ ਕਿ ਧੀਰ ਭਖ ਉਠਿਆ।
“ਇਹ ਲੇਖ ਉਹ ਨਹੀਂ ਜੋ ਗਾਰਗੀ ਨੇ ਪਹਿਲਾਂ ਲਿਖਿਆ ਸੀ। ਮੈਂ ਗਾਰਗੀ ਦੇ ਘਰ ਟਿਕਿਆ ਹੋਇਆ ਸਾਂ ਉਨ੍ਹੀਂ ਦਿਨੀਂ। ਮੈਨੂੰ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਕਿ ਗਾਰਗੀ ਨੇ ਤੇਰੇ ਬਾਰੇ ਲੇਖ ਲਿਖਿਆ ਹੈ ‘ਸੁਰਮੇ ਵਾਲੀ ਅੱਖ’। ਮੈਂ ਇਸ ਬਾਰੇ ਗਾਰਗੀ ਤੋਂ ਕੁਝ ਨਾ ਪੁੱਛਿਆ। ਚਾਰ-ਪੰਜ ਦਿਨਾਂ ਬਾਅਦ ਗਾਰਗੀ ਨੇ ਆਪ ਵੀ ਮੈਨੂੰ ਦੱਸ ਦਿੱਤਾ ਤੇ ਪੁੱਛਿਆ: ਸੁਣਾਵਾਂ? ਮੈਂ ਕਿਹਾ-ਤੇਰੀ ਮਰਜ਼ੀ ਹੈ ਭਾਈ। ਮੈਂ ਕੀ ਕਹਾਂ? ਮੈਂ ਤਾਂ ਆਬਜੈਕਟ ਹਾਂ। ਫਿਰ ਉਸ ਸੁਣਾਉਣਾ ਸ਼ੁਰੂ ਕੀਤਾ। ਉਹ ਲੇਖ ਮੇਰੀ ਅੱਖ ਤੋਂ ਸ਼ੁਰੂ ਹੁੰਦਾ ਸੀ। ਉਹ ਸੀæææਧੀਰ ਦੀ ਅੱਖ ਕਦੇ ਸੂਹੀ ਹੁੰਦੀ ਹੈ ਤੇ ਕਦੇ ਕਾਸ਼ਨੀ। ਕਦੇ ਨੀਲੀ ਤੇ ਕਦੇ ਸਾਵੀæææਇੱਦਾਂ ਕਰ ਕੇ ਪੰਜ-ਸੱਤ ਫ਼ਿਕਰੇ ਸਨ। ਫ਼ਿਕਰੇ ਸੁਣਾਉਣ ਮਗਰੋਂ ਗਾਰਗੀ ਨੇ ਮੈਨੂੰ ਕਿਹਾ ਕਿ ਜੇ ਤੈਂ ਸਾਰਾ ਸੁਣਨਾ ਹੈ ਤਾਂ ਇਹ ਲੇਖ ਛਪੇਗਾ ਨਹੀਂ, ਤੇ ਜੇ ਛਪਣਾ ਹੈ ਤਾਂ ਮੈਂ ਸੁਣਾਉਣਾ ਨਹੀਂ। ਮੈਂ ਕਿਹਾ ਤੇਰੀ ਮਰਜ਼ੀ ਹੈ ਭਾਈ।”
“ਫਿਰ?”
“ਉਹ ਲੇਖ ਜਦੋਂ ਗਾਰਗੀ ਨੇ ਛਪਵਾਇਆ ਤਾਂ ਉਸ ਨੇ ਉਸ ਦਾ ਮੁੱਢ ਕੱਟ ਦਿੱਤਾ। ਮੇਰੇ ਬਾਰੇ ਚੰਗੇ ਫ਼ਿਕਰੇ ਉਸ ਸਾਰੇ ਹੀ ਕੱਟ ਦਿੱਤੇ। ਗਾਰਗੀ ਦਿਆਨਤਦਾਰ ਨਹੀਂ, ਉਹ ਛੱਲ ਕਰਦੈæææ।” ਧੀਰ ਦਾ ਚਿਹਰਾ ਤਮਤਮਾ ਰਿਹਾ ਸੀ, ਗੁੱਸੇ ਨਾਲ। ਤੀਊੜਿਓ ਤੀਊੜੀ। ਬਾਹਾਂ ਉਲ੍ਹਾਰਦਾ!
“ਪਰ ਧੀਰ ਸਾਹਿਬ, ਜੇ ਉਹ ਫ਼ਿਕਰੇ ਨਾ ਕੱਟਦਾ ਤਾਂ ਲੱਗਣਾ ਸੀ ਗਾਰਗੀ ਝੂਠ ਬੋਲਦੈ। ਧੀਰ ਦੀ ਅੱਖ ਦੇ ਇੰਨੇ ਰੰਗ ਕਿੱਥੇ ਨੇ ਭਲਾæææ।”
“ਤੂੰ ਸਮਝਦੀ ਨਹੀਂ ਕਾਨਾ। ਉਹਦਾ ਮਤਲਬ ਬਾਹਰੀ ਦਿਖ ਤੋਂ ਨਹੀਂ ਸੀ, ਬਲਕਿ ਮੇਰੀ ਅੱਖ ਦੇ ਰੰਗਾਂ ਰਾਹੀਂ ਉਹਨੇ ਮੇਰੀਆਂ ਰਮਜ਼ਾਂ ਦਾ ਜ਼ਿਕਰ ਕੀਤਾ ਸੀ। ਛੇਤੀ ਹੀ ਕਿਸੇ ਗੱਲੋਂ ਮੇਰਾ ਗਾਰਗੀ ਨਾਲ ਇਖਤਲਾਫ਼ ਹੋ ਗਿਆ ਤੇ ਉਸ ਨੇ ਮੇਰੇ ਬਾਰੇ ਉਹ ਸਾਰੇ ਫ਼ਿਕਰੇ ਕੱਟ ਦਿੱਤੇ। ਉਹ ਬੇਈਮਾਨ ਹੈæææਨਿਰਾ ਬਾਣੀਆæææਮੈਂ ਉਹਦੇ ਘਰ ਰਹਿਣਾ, ਉਹਨੇ ਖੁੱਲ੍ਹ ਕੇ ਖਰਚ ਕਰਨਾ। ਮੈਂ ਤਾਂ ਮਲੰਗ ਸੀ। ਮੇਰੇ ਕੋਲ ਪੈਸੇ ਕਿੱਥੇ ਹੁੰਦੇ ਸਨ ਖਰਚਣ ਨੂੰæææ।”
“ਫਿਰ ਉਹ ਕਾਹਦਾ ਬਾਣੀਆ ਹੋਇਆ ਧੀਰ ਜੀ। ਬਾਣੀਏ ਨੂੰ ਤਾਂ ਇਕ ਪੈਸਾ ਖਰਚ ਕੇ ਰੁਪਿਆ ਖੱਟਣ ‘ਤੇ ਵੀ ਰੱਜ ਨਹੀਂ ਆਉਂਦਾ।”
“ਗਾਰਗੀ ਫੱਕੜ ਸੀ ਨਾ, ਕਾਨਾ। ਨਾ ਰੰਨ ਤੇ ਨਾ ਕੰਨæææ।”
“ਪਰ ਧੀਰ ਸਾਹਿਬ, ਗਾਰਗੀ ਦੇ ਰੇਖਾ ਚਿੱਤਰਾਂ ਦੀ ਸਿਨਫ਼ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਮੀਰ ਕੀਤਾ ਹੈ। ਇਹ ਉਸ ਦੀ ਵੱਡਮੁੱਲੀ ਦੇਣ ਹੈ। ਸੰਸਾਰ ਸਾਹਿਤ ਦਾ ਪਾਠਕ ਹੈ ਗਾਰਗੀ। ਉਹਦਾ ਅਨੁਭਵ ਵਿਸ਼ਾਲ ਤੇ ਲਾਸਾਨੀ ਹੈ। ਭਿੰਨ-ਭਿੰਨ ਦ੍ਰਿਸ਼ਟੀਕੋਣਾਂ ਅਤੇ ਪੱਖਾਂ ਤੋਂ ਲੇਖਕਾਂ ਨੂੰ ਵੇਖਣਾ ਤੇ ਫਿਰ ਉਨ੍ਹਾਂ ਦੇ ਧੁਰ ਅੰਦਰ ਤਕ ਦੇ ਸੱਚ ਦੀ ਤੰਦ ਪਕੜ ਕੇ ਖਾਕਾ ਖਿੱਚਣਾ ਕੋਈ ਖਾਲਾ ਜੀ ਦਾ ਘਰ ਨਹੀਂ। ਉਸ ਦੀ ਬੋਲੀ ਦੀ ਖਣਕਾਰæææ।”
“ਹਾਂ, ਬੋਲੀ ਨੂੰ ਗਾਰਗੀ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਇਕ-ਇਕ ਸ਼ਬਦ ਚੁਣਨ ਤੇ ਚਿਣਨ ਵਿਚ ਮਿਹਨਤ ਕਰਦਾ ਹੈ ਪਰ ਉਹ ਦਿਸ਼ਾ ਜਾਂ ਦ੍ਰਿਸ਼ਟੀਕੋਣ ਨੂੰ ਮਹੱਤਵ ਨਹੀਂ ਦਿੰਦਾ। ਇਹ ਗਲਤ ਹੈ, ਸਰਾਸਰ ਗਲਤ। ਬਿਨਾਂ ਦ੍ਰਿਸ਼ਟੀਕੋਣ ਦੇ ਬੋਲੀ ਦੇ ਕੀ ਮਾਇਨੇæææ।”
“ਪਰ ਧੀਰ ਜੀ, ਕੁਲ ਮਿਲਾ ਕੇ ਗਾਰਗੀ ਦੇ ਰੇਖਾ ਚਿੱਤਰਾਂ ਸਦਕੇ ਪਾਠਕਾਂ ਨੂੰ ਲੇਖਕਾਂ ਨਾਲ ਪਿਆਰ ਆਉਂਦਾ ਹੈ। ਲੇਖਕ ਦੇਵਤੇ ਨਾ ਹੋ ਕੇ ਮਨੁੱਖ ਪ੍ਰਤੀਤ ਹੁੰਦੇ ਹਨ, ਸਾਡੇ ਤੁਹਾਡੇ ਵਰਗੇ। ਪਾਠਕ ਉਨ੍ਹਾਂ ਨਾਲ ਆਤਮਸਾਤ ਹੁੰਦੇ ਹਨæææ।”
“ਪਰ ਕਾਨਾ, ਗਾਰਗੀ ਸੁਹਿਰਦ ਨਹੀਂ। ਔਰਤ ਦਾ ਗਾਰਗੀ ਦੇ ਮਨ ਵਿਚ ਕੋਈ ਸਤਿਕਾਰ ਨਹੀਂ। ਉਹ ਕਹਿੰਦੈ, ਔਰਤ ਅੱਗੇ ਕਦੇ ਨਾ ਗਿੜਗਿੜਾਓ, ਆਪਣੇ ਵੱਟ ਵਿਚ ਰਹੋ, ਉਹ ਆਪੇ ਆ ਜਾਵੇਗੀæææ।”
“ਇਹ ਤਾਂ ਉਹ ਸੱਚ ਹੀ ਕਹਿੰਦਾ ਹੈ ਧੀਰ ਸਾਹਿਬ। ਔਰਤ ਮਰਦੀ ਹੈ ਮਰਦ ਦੇ ਮਰਦਾਊਪੁਣੇ ‘ਤੇ। ਗਿੜਗਿੜਾਉਣ ਵਾਲਾ ਤਾਂ ਰੀੜ੍ਹ-ਰਹਿਤ ਹੋਇਆ। ਅਜਿਹੇ ਬੰਦੇ ਨਾਲ ਕੋਈ ਔਰਤ ਹਮਦਰਦੀ ਤਾਂ ਕਰ ਸਕਦੀ ਹੈ, ਪਿਆਰ ਨਹੀਂ।”
“ਗਾਰਗੀ ਕਿਸੇ ਨਾਲ ਸੁਹਿਰਦ ਨਹੀਂ। ਉਹ ਲੇਖਕਾਂ ਨੂੰ ਆਪਣੇ ਤੋਂ ਨੀਵੇਂ ਦਰਸਾਉਂਦਾ ਹੈ ਤੇ ਆਪਣੇ ਆਪ ਨੂੰ ਵਧੀਆ, ਨਫੀਸ, ਕਲਚਰਡ।”
“ਇਥੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਧੀਰ ਸਾਹਿਬ। ਮੇਰੇ ਵਿਚਾਰ ਵਿਚ ਗਾਰਗੀ ਲੇਖਕ ਦੀਆਂ ਕਮਜ਼ੋਰੀਆਂ ਨੂੰ ਐਸੇ ਢੰਗ ਨਾਲ ਉਜਾਗਰ ਕਰਦਾ ਹੈ ਕਿ ਉਹ ਪਾਠਕਾਂ ਨੂੰ ਹੋਰ ਪਿਆਰੇ ਤੇ ਆਪਣੇ-ਆਪਣੇ ਲੱਗਣ ਲੱਗਦੇ ਹਨ। ਜੇ ਉਸ ਨੇ ‘ਸੁਰਮੇ ਵਾਲੀ ਅੱਖ’ ਵਾਲਾ ਰੇਖਾ ਚਿੱਤਰ ਨਾ ਲਿਖਿਆ ਹੁੰਦਾ, ਤਾਂ ਅਸੀਂ ਸੰਤੋਖ ਸਿੰਘ ਧੀਰ ਦੀ ਇਨੀ ਪਿਆਰੀ ਸ਼ਖਸੀਅਤ ਦੇ ਦੀਦਾਰ ਕਰਨੋਂ ਵਾਂਝੇ ਰਹਿ ਜਾਂਦੇæææ।”
“ਗਾਰਗੀ ਨਾਟਕਕਾਰ ਹੈ। ਉਹ ਦੋਸਤੀ ਦਾ ਵੀ ਨਾਟਕ ਕਰਦੈ। ਸਾਹਿਤ ਸਮਾਗਮਾਂ ਵਿਚ ਟਕਰਾਅ ਜਾਣਾ ਸੁਭਾਵਕ ਹੀ ਹੈ। ਜੇ ਮੈਂ ਮੂੰਹ ਫੇਰ ਲਵਾਂ ਤਾਂ ਉਹ ਵੀ ਇਕ ਪਾਸੇ ਖਿਸਕ ਜਾਂਦਾ ਹੈ ਤੇ ਫਿਰ ਮਗਰੋਂ ਆ ਕੇ ਜੱਫੀ ਪਾ ਲੈਂਦਾ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇæææ।”
“ਇਹ ਤਾਂ ਉਸ ਦੀ ਵਡਿੱਤਣ ਹੋਈ ਧੀਰ ਸਾਹਿਬæææ।”
“ਮੈਨੂੰ ਗਾਰਗੀ ਨੇ ਆਪ ਕਿਹਾ ਸੀ ਕਿ ਪੰਜਾਬੀ ਵਿਚ ਕੇਵਲ ਛੇ ਹੀ ਨਾਮਵਰ ਲੇਖਕ ਹਨ: ਪ੍ਰਿੰਸੀਪਲ ਤੇਜਾ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋæ ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਪੰਜਵਾਂ ਧੀਰ ਯਾਨੀ, ਕਿ ਮੈਂ ਤੇ ਛੇਵਾਂ ਉਹ ਆਪ, ਗਾਰਗੀ।”
“ਪਰ ਧੀਰ ਸਾਹਿਬ, ਇਹ ਗਾਰਗੀ ਦੀ ਨਿੱਜੀ ਰਾਇ ਸੀ, ਸਮੁੱਚੇ ਪੰਜਾਬੀ ਪਾਠਕ ਜਗਤ ਦੀ ਨਹੀਂ; ਤੇ ਕੋਈ ਨਿੱਜੀ ਰਾਇ ਸਦੀਵੀ ਜਾਂ ਸਰਬ-ਸਾਂਝੀ ਹੋ ਵੀ ਸਕਦੀ ਹੈ ਤੇ ਨਹੀਂ ਵੀ। ਆਪਣੇ ਸਮਕਾਲੀ ਸੁਜਾਨ ਸਿੰਘ ਤੇ ਸੰਤ ਸਿੰਘ ਸੇਖੋਂ ਨੂੰ ਤੁਸੀਂ ਕੀਕੂੰ ਨਜ਼ਰਅੰਦਾਜ਼ ਕਰ ਸਕਦੇ ਹੋ? ਫਿਰ ਇਹ ਵੀ ਤਾਂ ਜ਼ਰੂਰੀ ਨਹੀਂ ਕਿ ਕਿਸੇ ਬੰਦੇ ਦੀ ਵਿਅਕਤੀਗਤ ਰਾਇ ਸਦੀਵੀ ਹੀ ਰਹੇ। ਰਾਇ ਬਦਲ ਵੀ ਤਾਂ ਸਕਦੀ ਹੈæææ।”
“ਪਰ ਡਿਫਰੈਂਸ ਹੋ ਜਾਣ ਨਾਲ ਰਾਇ ਬਦਲ ਦੇਣੀ ਗਲਤ ਹੈ, ਬਕਵਾਸ।”
“ਪਰ ਧੀਰ ਜੀ, ਕੀ ਗਾਰਗੀ ਦੇ ਸਰਟੀਫਿਕੇਟ ਮੁਤਾਬਕ ਹੀ ਕੋਈ ਛੋਟਾ ਜਾਂ ਵੱਡਾ ਲੇਖਕ ਹੋਵੇਗਾ? ਬਲਵੰਤ ਗਾਰਗੀ, ਗਾਰਗੀ ਹੀ ਸਹੀ, ਸਮੁੱਚਾ ਸਾਹਿਤ ਸੰਸਾਰ ਤਾਂ ਨਹੀਂæææ।”
æææ
ਧੀਰ ਨੇ ਹਮੇਸ਼ਾਂ ਮੈਨੂੰ ਗਲਪ ਜਾਂ ਵਾਰਤਕ ਲਿਖਣ ਲਈ ਪ੍ਰੇਰਨਾ-“ਕਾਨਾ, ਤੇਰਾ ਅਨੁਭਵ ਵਿਸ਼ਾਲ ਹੈ। ਤੂੰ ਕਹਾਣੀ ਲਿਖ, ਵਾਰਤਕ ਲਿਖ। ਛੋੜ ਕਵਿਤਾ ਤੇ ਵਿਅੰਗ। ਵਿਅੰਗਕਾਰ ਕੋਈ ‘ਭਾਈਆ’ ‘ਚਾਚਾ’ ਤਾਂ ਹੋ ਸਕਦਾ ਹੈ, ਪਰ ਉਚਤਮ ਸਾਹਿਤਕਾਰ ਨਹੀਂ।”
ਉਦੋਂ ਤਕ ਮੇਰਾ ਕਾਵਿ ਸੰਗ੍ਰਹਿ ‘ਲੋਹਿਓਂ ਪਾਰਸ’ ਛਪ ਚੁੱਕਿਆ ਸੀ ਤੇ ਮੈਂ ਗਾਹੇ-ਬਗਾਹੇ ‘ਵੇਲਣਾ’, ‘ਮੋਟਾ ਪਤੀ’ ਆਦਿ ਵਿਅੰਗ ਲੇਖ ਲਿਖ ਰਹੀ ਸਾਂ। ਧੀਰ ਦੀ ਪ੍ਰੇਰਨਾ ਸਦਕਾ ਮੈਂ ‘ਜਿੰਦੂਆ’ ਕਹਾਣੀ ਲਿਖੀ ਤੇ ਫਿਰ ‘ਖੁਸ਼ਬੂ’ ਵੀ। ਜੋ ਧੀਰ ਨੇ ਸੁਣੀਆਂ-ਮਾਣੀਆਂ ਤੇ ਹੋਰ ਵੀ ਲਿਖਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਮਗਰੋਂ ਛੇਤੀ ਹੀ ਮੈਥੋਂ ਸਾਹਿਰ ਲੁਧਿਆਣਵੀ ਨਾਲ ਸਬੰਧਤ ਰੇਖਾ ਚਿਤਰ ਲਿਖ ਹੋ ਗਿਆ। ਗੋਡਿਆਂ ਦੇ ਦਰਦ ਦੀ ਦਵਾਈ ਲੈਣ ਆਏ ਧੀਰ ਨੂੰ ਮੈਂ ਸੁਣਾਉਣ ਲੱਗੀ। ਸ਼ੁਰੂਆਤ ਸੀ, æææਚਿੱਟੇ ਦੁੱਧ ਕੁਰਤੇ ਪਜ਼ਾਮੇ ਵਿਚ ਸੰਧੂਰੀ ਭਾਅ ਮਾਰਦਾ ਗੰਧਮੀ ਚਿਹਰਾ, ਤਿੱਖਾ ਨੱਕ, ਰੌਸ਼ਨ ਮੱਥਾ ਤੇ ਲਾਖੇ ਹੋਠæææਸਾਹਿਰ ਲੁਧਿਆਣਵੀ ਦੀ ਦਿੱਖ ਦੇ ਬਿਆਨ ‘ਤੇ ਮੈਂ ਪੁੱਜੀ ਹੀ ਸਾਂ ਕਿ ਧੀਰ ਨੇ ਨੱਕ-ਮੂੰਹ ਸੰਗੋੜਿਆ। ਮੱਥਾ ਵੱਟੋ-ਵੱਟ।
“ਬਸ ਕਰ ਕਾਨਾ, ਸਾਹਿਰ ਕਿੱਥੇ ਸੁਹਣਾ ਸੀæææਕਾਲਾ ਭੱਦਾ, ਮਾਤਾ ਦੇ ਦਾਗ਼æææਇਹ ਉਸ ਦੀ ਤਸਵੀਰ ਨਹੀਂæææ।”
“ਪਰ ਧੀਰ ਸਾਹਿਬ, ਮੇਰੀ ਯਾਦ ਦੇ ਕੈਮਰੇ ਦੇ ਫੋਕਸ ਸਾਹਵੇਂ ਜਿਹੜਾ ਸਾਹਿਰ ਆਉਂਦਾ ਹੈ, ਉਹ ਇੱਦਾਂ ਦਾ ਹੀ ਹੈ। ਮੈਂ ਆਪਣੇ ਕੈਮਰੇ ਦਾ ਕੀ ਕਰਾਂ? ਮੈਨੂੰ ਤਾਂ ਤੁਸੀਂ ਵੀ ਬੜੇ ਸੁਹਣੇ ਲੱਗਦੇ ਹੋæææ।” ਸ਼ਰਮਾਕਲ ਜਿਹੀ ਮੁਸਕਰਾਹਟ ਸਹਿਜ ਹੋ ਗਏ ਧੀਰ ਦੇ ਨਕਸ਼ਾਂ ‘ਤੇ ਫੈਲ ਗਈ।
“ਭੋਲਾ ਧੀਰ।” ਮੇਰੇ ਹੋਠ ਫਰਕੇ।