ਆਪਣੀ ਅੰਮ੍ਰਿਤਾ

ਅੰਮ੍ਰਿਤਾ ਸ਼ੇਰਗਿਲ ਨੇ ਕਦੀ ਕਿਹਾ ਸੀ ਕਿ ਯੂਰਪ ਪਿਕਾਸੋ, ਮਿਤਾਸੀ ਤੇ ਕਈ ਹੋਰ ਚਿੱਤਰਕਾਰਾਂ ਦਾ ਹੈ ਅਤੇ ਭਾਰਤ ਸਿਰਫ ਮੇਰਾ ਹੈ।æææਹਾਲ ਹੀ ਵਿਚ ਨਿਊ ਯਾਰਕ ਵਿਚ ਉਹਦੀ ਇਕ ਪੇਂਟਿੰਗ 29 ਲੱਖ ਡਾਲਰ ਦੀ ਵਿਕੀ ਹੈ। ਇਹ ਸੈਲਫ ਪੋਰਟਰੇਟ ਅੰਮ੍ਰਿਤਾ ਨੇ 1933 ਵਿਚ ਬਣਾਈ ਸੀ ਜਦੋਂ ਉਹਦੀ ਉਮਰ ਮਹਿਜ਼ 19 ਸਾਲ ਦੀ ਸੀ।

ਇਸ ਵਿਚ ਵਰਤੇ ਸ਼ੋਖ ਰੰਗ ਉਹਦੀ ਆਪਣੀ ਜੀਵਨ ਕਹਾਣੀ ਭਲੀ-ਭਾਂਤ ਬਿਆਨ ਕਰਦੇ ਹਨ। ਇਸ ਪੇਂਟਿੰਗ, ਅੰਮ੍ਰਿਤਾ ਸ਼ੇਰਗਿਲ ਦੀ ਕਲਾ ਅਤੇ ਉਹਦੇ ਜੀਵਨ ਬਾਰੇ ਸ਼ਗੁਨ ਗੁਪਤਾ ਦਾ ਇਹ ਲੇਖ ਛਾਪ ਕੇ ਅਸੀਂ ਇਸ ਅਨੂਠੀ ਪੇਂਟਰ ਅਤੇ ਉਹਦੀ ਕਲਾ ਨੂੰ ਸਲਾਮੀ ਦੇ ਰਹੇ ਹਾਂ। -ਸੰਪਾਦਕ

ਸ਼ਗੁਨ ਗੁਪਤਾ
ਰੰਗਾਂ ਦੀ ਦੁਨੀਆਂ ਵਿਚ ਅੰਮ੍ਰਿਤਾ ਸ਼ੇਰਗਿਲ (30 ਜਨਵਰੀ 1913-5 ਦਸੰਬਰ 1941) ਦਾ ਨਾਂ ਕਈ ਮਾਮਲਿਆਂ ਕਰ ਕੇ ਬੜੇ ਮਾਇਨੇ ਰੱਖਦਾ ਹੈ। ਬਹੁਤੇ ਲੋਕੀ ਉਹਦੀ ਤੁਲਨਾ ਮੈਕਸੀਕਨ ਚਿੱਤਰਕਾਰ ਫਰੀਦਾ ਕਾਹਲੋ (1907-1954) ਨਾਲ ਕਰਦੇ ਹਨ ਅਤੇ ਕਈ ਤਾਂ ਉਸ ਨੂੰ Ḕਭਾਰਤ ਦੀ ਫਰੀਦਾ ਕਾਹਲੋḔ ਵੀ ਕਹਿੰਦੇ ਸੁਣੀਂਦੇ ਹਨ, ਪਰ ਕਈ ਲੋਕ ਅਜਿਹੇ ਵੀ ਮਿਲ ਜਾਣਗੇ ਜਿਹੜੇ ਇਹ ਕਹਿੰਦੇ ਹਨ ਕਿ Ḕਅੰਮ੍ਰਿਤਾ ਭਾਰਤ ਦੀ ਫਰੀਦਾ ਕਾਹਲੋḔ ਨਹੀਂ, ਬਲਕਿ Ḕਫਰੀਦਾ ਕਾਹਲੋ ਮੈਕਸੀਕੋ ਦੀ ਅੰਮ੍ਰਿਤਾ ਸ਼ੇਰਗਿਲḔ ਹੈ। ਇਸ ਨਿੱਕੀ, ਪਰ ਅਹਿਮ ਚਰਚਾ ਤੋਂ ਅੰਮ੍ਰਿਤਾ ਦੀ ਸੰਸਾਰ ਪੱਧਰ ਦੀ ਪ੍ਰਸਿੱਧੀ ਦੀ ਕਨਸੋਅ ਮਿਲਦੀ ਹੈ। ਉਹਦਾ ਨਾਂ ਸੰਸਾਰ ਚਿੱਤਰਕਲਾ ਵਿਚ ਵੱਜਦਾ ਹੈ ਅਤੇ ਉਸ ਵਲੋਂ ਕੈਨਵਸ ਉਤੇ ਰੰਗਾਂ ਦਾ ਜਿਹੜਾ ਨਾਚ ਕੀਤਾ ਗਿਆ ਹੈ, ਉਸ ਦਾ ਕੋਈ ਸਾਨੀ ਨਹੀਂ। ਉਹ ਆਪਣੀ ਮਿਸਾਲ ਆਪ ਹੈ ਅਤੇ ਇਸ ਲਿਹਾਜ਼ ਨਾਲ ਉਸ ਦੀ ਆਪਣੀ ਵੱਖਰੀ ਦੁਨੀਆਂ ਹੈ।
ਉਂਜ ਜੇ ਰਤਾ ਕੁ ਘੋਖਵੀਂ ਨਿਗ੍ਹਾ ਮਾਰੀ ਜਾਵੇ ਤਾਂ ਅੰਮ੍ਰਿਤਾ ਦੇ ਚਿੱਤਰਾਂ ਦੇ ਮੁੱਖ ਤੌਰ Ḕਤੇ ਦੋ ਰੂਪ ਬਹੁਤ ਉਘੜ ਕੇ ਸਾਹਮਣੇ ਆਉਂਦੇ ਹਨ। ਉਹਦੇ ਬਹੁਤੇ ਚਿੱਤਰਾਂ ਵਿਚ ਸ਼ੋਖ ਰੰਗ ਤਾਂ ਹੈਨ ਹੀ, ਜਿਹੜੇ ਉਸ ਦੀਆਂ ਕਲਾ ਕ੍ਰਿਤਾਂ ਦੀ ਖਾਸੀਅਤ ਵੀ ਹਨ, ਪਰ ਅਜਿਹੇ ਚਿੱਤਰ ਵੀ ਬਥੇਰੇ ਹਨ ਜਿਨ੍ਹਾਂ ਵਿਚ ਪੇਸ਼ ਚਿਹਰੇ ਬਹੁਤ ਖਾਮੋਸ਼ ਦਿਖਾਈ ਦਿੰਦੇ ਹਨ। ਇਹ ਅੰਮ੍ਰਿਤਾ ਦੇ ਜੀਵਨ ਦੀ ਇਕ ਬੁਝਾਰਤ ਹੀ ਹੈ ਕਿ ਜ਼ਿੰਦਗੀ ਦੇ ਪਾਣੀਆਂ ਵਿਚ ਗਲ-ਗਲ ਤੱਕ ਡੁੱਬੀ ਹੋਈ ਅੰਮ੍ਰਿਤਾ ਦੇ ਇਨ੍ਹਾਂ ਚਿੱਤਰਾਂ ਵਿਚ ਇੰਨੀ ਖਾਮੋਸ਼ੀ ਕਿਸ ਤਰ੍ਹਾਂ ਆਣ ਬੈਠੀ ਹੈ!
ਅੰਮ੍ਰਿਤਾ ਸ਼ੇਰਗਿਲ ਦਾ ਜਨਮ ਹੰਗਰੀ ਦੇ ਸ਼ਹਿਰ ਬੁੱਦਾਪੈਸਟ ਵਿਚ ਸਿੱਖ ਵਿਦਵਾਨ ਤੇ ਅਰਿਸਟੋਕਰੇਟ ਉਮਰਾਓ ਸਿੰਘ ਸ਼ੇਰਗਿਲ ਅਤੇ ਹੰਗਰੀ ਦੀ ਓਪੇਰਾ ਗਾਇਕਾ ਮੇਰੀ ਅੰਤੋਨੀ ਗੌਤਸਮਾਨ ਦੇ ਘਰੇ ਹੋਇਆ। ਖੁਸ਼ਕਿਸਮਤੀ ਨੂੰ ਅੰਮ੍ਰਿਤਾ ਨੂੰ ਇਰਵਨ ਬਕਤੇ ਵਰਗਾ ਰਿਸ਼ਤੇਦਾਰ ਮਿਲਿਆ ਜਿਹੜਾ ਉਸ ਲਈ ਪ੍ਰੇਰਨਾ ਦਾ ਸਰੋਤ ਬਣਿਆ। ਇਰਵਨ ਖੁਦ ਚਿੱਤਰਕਾਰ ਸੀ, ਪਰ ਬਾਅਦ ਵਿਚ ਉਹਨੇ ਭਾਰਤ ਬਾਰੇ ਖੋਜ ਲਈ ਚਿੱਤਰਕਾਰੀ ਨੂੰ ਅਲਵਿਦਾ ਆਖ ਦਿੱਤੀ। ਹੁਣ ਉਹਦਾ ਨਾਂ ਇੰਡੋਲੋਜਿਸਟ ਵਜੋਂ ਮਸ਼ਹੂਰ ਹੈ। ਅੰਮ੍ਰਿਤਾ ਉਦੋਂ 16 ਵਰ੍ਹਿਆਂ ਦੀ ਸੀ ਜਦੋਂ ਉਹ ਚਿੱਤਰਕਾਰੀ ਦੀ ਸਿਖਲਾਈ ਲਈ ਪੈਰਿਸ ਪੁੱਜੀ। ਉਹਦੀ ਮਾਂ ਉਦੋਂ ਉਹਦੇ ਨਾਲ ਸੀ। ਪੈਰਿਸ ਵਿਚ ਉਸ ਨੇ ਸੰਸਾਰ ਪ੍ਰਸਿੱਧ ਚਿੱਤਰਕਾਰਾਂ ਅਤੇ ਉਨ੍ਹਾਂ ਦੀਆਂ ਕਲਾ ਕਿਰਤਾਂ ਨਾਲ ਆਪਣੇ ਆਪ ਨੂੰ ਜੋੜਿਆ ਅਤੇ ਫਿਰ ਖੁਦ ਰੰਗਾਂ ਦੀ ਦੁਨੀਆਂ ਸਿਰਜਣੀ ਅਰੰਭ ਕੀਤੀ। ਉਹਦੀ ਕਲਾ-ਉਡਾਣ ਨੇ ਸਭ ਦਾ ਧਿਆਨ ਖਿੱਚਿਆ ਅਤੇ ਜਦੋਂ 1932 ਵਿਚ ਉਸ ਨੇ Ḕਯੰਗ ਗਰਲਜ਼Ḕ ਨਾਂ ਦੀ ਪੇਂਟਿੰਗ ਦੀ ਸਿਰਜਣਾ ਕੀਤੀ ਤਾਂ ਕਹਿੰਦੇ-ਕਹਾਉਂਦੇ ਚਿੱਤਰਕਾਰਾਂ ਦੀ ਨਜ਼ਰਾਂ ਉਸ ਵੱਲ ਘੁੰਮ ਗਈਆਂ। ਬਾਅਦ ਵਿਚ ਅੰਮ੍ਰਿਤਾ ਨੇ ਚਿੱਤਰਕਲਾ ਵਿਚ ਪੂਰਬ ਅਤੇ ਪੱਛਮ ਦਾ ਜਿਹੜਾ ਸੁਮੇਲ ਬਿਠਾਇਆ, ਉਹ ਬੇਜੋੜ ਹੋ ਨਿਬੜਿਆ।
ਆਪਣੀ 28 ਕੁ ਵਰ੍ਹਿਆਂ ਦੀ ਨਿੱਕੀ ਜਿਹੀ ਹਯਾਤੀ ਦੌਰਾਨ ਅੰਮ੍ਰਿਤਾ ਸ਼ੇਰਗਿਲ ਨੇ ਤਕਰੀਬਨ ਪੌਣੇ ਦੋ ਸੌ ਚਿੱਤਰ ਵਾਹੇ ਜਿਨ੍ਹਾਂ ਵਿਚੋਂ 95 ਭਾਰਤ ਦੇ ਵੱਖ-ਵੱਖ ਮਿਊਜ਼ੀਅਮਾਂ ਦਾ ਸ਼ਿੰਗਾਰ ਹਨ। ਇਨ੍ਹਾਂ ਕਲਾ ਕ੍ਰਿਤਾਂ ਨੂੰ ਭਾਰਤ ਦਾ ਅਨਮੋਲ ਖਜ਼ਾਨਾ ਗਿਣਿਆ ਗਿਆ ਹੈ। ਅੰਮ੍ਰਿਤਾ ਅਸਲ ਵਿਚ ਰੰਗਾਂ ਦੀ ਦੁਨੀਆਂ ਦਾ ਅਚੰਭਾ ਸੀ। ਉਸ ਨੇ ਰੰਗਾਂ ਦੇ ਆਕਾਸ਼ ਉਤੇ ਬਹੁਤ ਉਚੀ ਪਰਵਾਜ਼ ਭਰਨੀ ਸੀ, ਪਰ ਲਾਹੌਰ ਵਿਚ ਮੌਤ ਨੇ ਇਹ ਪਰਵਾਜ਼ ਵਿਚਾਲਿਓਂ ਵੱਢ ਦਿੱਤੀ। ਉਂਜ ਉਹਦੀਆਂ ਕਲਾ ਕ੍ਰਿਤਾਂ ਇਹ ਪਰਵਾਜ਼, ਨਿੱਤ ਭਰਦੀ ਪ੍ਰਤੀਤ ਹੁੰਦੀ ਹੈ।