ਹੁਣ ਮੈਂ ਹਿਟ ਗੀਤਕਾਰ/ਗਾਇਕ ਬਣਾਂਗਾ

ਕਮਲਜੀਤ ਨੀਲੋਂ
ਕਹਿੰਦੇ ਨਹੀਂ ਹੁੰਦੇ ਕਿ ਜ਼ਿੰਦਗੀ ‘ਚ ਜੇ ਤੁਹਾਨੂੰ ਇਕ ਵੀ ਚੱਜ ਦਾ ਇਨਸਾਨ ਮਿਲ ਜਾਵੇ ਤਾਂ ਜ਼ਿੰਦਗੀ ਤਰ ਜਾਂਦੀ ਹੈ ਤੇ ਜੇ ਮਾੜਾ ਮਿਲ ਜਾਵੇ ਤਾਂæææਚਲੋæææਆਪਾਂ ਮਾੜੇ ਪਾਸੇ ਬਾਰੇ ਕੀ ਸੋਚਣਾ। ਦੇਖੋ ਜੀ ਆਪਾਂ ਨੂੰ ਤਾਂ ਚੱਜ ਦਾ ਇਨਸਾਨ ਮਿਲ ਗਿਆ। ਕੁਝ ਕੁ ਮਹੀਨਿਆਂ ‘ਚ ਹੁਣ ਮੈਂ ਹਿਟ ਗੀਤਕਾਰ/ਗਾਇਕ ਵਜੋਂ ਤੁਹਾਡੇ ਰੂਬਰੂ ਹੋਵਾਂਗਾ।

ਤੁਸੀਂ ਪੁੱਛੋਗੇ ਕਿ ਤੇਰੇ ਕੋਲ ਇਹੋ ਜਿਹੀ ਕਿਹੜੀ ਗਿੱਦੜਸਿੰਗੀ ਆ ਗਈ ਕਿæææ। ਬਸ ਆ ਹੀ ਤਾਂ ਗੱਲ ਹੈ ਜੋ ਮੈਂ ਖੁਸ਼ੀ ‘ਚ ਫੁੱਲਿਆ ਤੁਹਾਡੇ ਨਾਲ ਸਾਂਝੀ ਕਰਨ ਲੱਗਾਂ। ਤੁਹਾਡੇ ਘਰਾਂ ‘ਚ, ਛੱਤਾਂ-ਬਨੇਰਿਆਂ ‘ਤੇ, ਵਿਆਹਾਂ-ਸ਼ਾਦੀਆਂ ‘ਤੇ, ਖਾਸ ਕਰਕੇ ਬੱਸਾਂ ‘ਚ ਚਲਦੇ ਗੀਤਾਂ ਦੇ ਆਖਰੀ ਪੈਰੇ ‘ਚ ਮੇਰਾ ਨਾਂ (ਬਚਿੱਤਰ ਅਣਖੀ) ਸੁਣਨ ਨੂੰ ਮਿਲਿਆ ਕਰੇਗਾ। ਜਿਵੇਂ,
ḔਅਣਖੀḔ ਨੇ ਸਿੱਖ ਲਿਆ ਜੀਣਾ ਬੱਲੀਏ,
ਸਬਰਾਂ ਦੇ ਘੁੱਟ ਨਿੱਤ ਪੀਣਾ ਬੱਲੀਏ।
ਹੋ ਸਕਦੈ ਗੀਤ ਦੇ ਮੁਖੜੇ ‘ਚ ਹੀ ਮੇਰਾ ਨਾਂ ਹੋਇਆ ਕਰੇ,
ਬੱਲੇ ਉਹ ਬਚਿੱਤਰਾ ਕਮਾਲ ਬੱਲੇ ਬੱਲੇ,
ਲੰਡਨੋਂ ਲਿਆਇਆ ਮੇਮ ਨਾਲ ਬੱਲੇ ਬੱਲੇ।
ਚਿੱਟੀ ਚਿੱਟੀ ਹਾਇ ਓ ਰੱਬਾ ਦੁੱਧ ਵਰਗੀ,
ਕਰੇ ਸਭਨਾਂ ਦਾ ਬੁਰਾ ਹਾਲ ਬੱਲੇ-ਬੱਲੇ।
ਸ਼ੁਕਰ ਕਰੋ ਕਿ ਕਰਮ ਚੰਗੇ ਸੀ ਕਿ ਇਕ ਉਸਤਾਦ ਗੀਤਕਾਰ ਮਿਲ ਗਿਆ, ਨਹੀਂ ਤਾਂ ਜ਼ਿੰਦਗੀ ਅਜਾਈਂ ਹੀ ਜਾਣੀ ਸੀ। ਕਾਫੀ ਦੇਰ ਤੋਂ ਮੇਰੀ ਮਾਰਕੀਟ ਠੰਢੀ ਹੀ ਜਾ ਰਹੀ ਸੀ। ਪੌਪ ਗਾਇਕੀ ਦਾ ਬੋਲਬਾਲਾ ਹੋ ਗਿਆ ਸੀ। ਮੈਂ ਕੀ ਕਰਦਾ? ਅਖੀਰ ਹੰਭੇ-ਹਾਰੇ ਨੇ ਉਸਤਾਦ ਜੀ (ਉਸਤਾਦ ਗੀਤਕਾਰ) ਦਾ ਦਰਵਾਜ਼ਾ ਜਾ ਖੜਕਾਇਆ। ਇਕੱਲੇ ਹੀ ਬੈਠੇ ਘੁੱਟ ਲਾ ਰਹੇ ਸੀ। ਕੋਲ ਪੈਨ ਤੇ ਕਾਗਜ਼ ਸੀ। ਮੈਂ ਜਾ ਕੇ ਅਰਜ਼ ਕੀਤੀ ਕਿ ਮੇਰੇ ਰੋਗ (ਮਾਰਕੀਟ) ਦਾ ਉਪਾਅ ਕਰੋ। ਉਹ ਮੈਨੂੰ ਸੁਣ ਕੇ ਅੱਗ ਬਗੋਲੇ ਹੋ ਉਠੇ, “ਦੁਸ਼ਟਾ ਭੱਜ ਜਾਹ ਇਥੋਂ।”
ਮੈਂ ਕਿਹਾ ਉਸਤਾਦ (ਬਾਬਾ) ਜੀ ਮੈਂ ਤਾਂ ਚਰਨੀਂ ਆ ਪਿਆਂ, ਹੁਣ ਭਾਵੇਂ ਮਾਰ ਦੇਵੋ, ਭਾਵੇਂ ਰੱਖ ਲਓ। ਉਹ ਕੁਝ ਨਰਮ ਹੋਏ ਤੇ ਬੋਲੇ, “ਬੇਵਕੂਫ ਜੇ ਪਹਿਲਾਂ ਹੀ ਆਤਮ ਸਮਰਪਣ ਕੀਤਾ ਹੁੰਦਾ ਤਾਂ ਅੱਜ ਤਕ ਸਾਈਕਲ ‘ਤੇ ਧੱਕੇ ਖਾਂਦਾ ਨਾ ਫਿਰਦਾ। ਟੁੱਟੇ ਜਿਹੇ ਮਕਾਨ ‘ਚ ਨਾ ਰਹਿੰਦਾ। ਤੇਰੇ ਗੁੱਟ ਸੁੰਨੇ-ਸੁੰਨੇ ਨਾ ਹੁੰਦੇ। ਤੇਰਾ ਗਲ ਬੀਆਬਾਨ ਨਾ ਹੁੰਦਾæææਤੇਰੀ ਬੈਂਕ ਵਾਲੀ ਕਾਪੀ ਬਾਂ-ਬਾਂ ਨਾ ਕਰਦੀ।”
“ਉਸਤਾਦ ਜੀ ਜੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਉਸ ਨੂੰ ਭੁੱਲਿਆ ਨ ਜਾਣੀਏ,” ਮੇਰੇ ਮੂੰਹੋਂ ਹਲੀਮੀ ਨਾਲ ਆਪੇ ਹੀ ਨਿਕਲ ਗਿਆ।
“ਮੂਰਖ ਹੁਣ ਸ਼ਾਮ ਨਹੀਂ, ਰਾਤ ਦੇ ਅੱਠ ਵੱਜ ਚੁੱਕੇ ਨੇ। ਸ਼ਾਮ ਤਾਂ ਕਦੋਂ ਦੀ ਲੰਘ ਚੁੱਕੀ ਆ। ਚਾਰ ਘੰਟੇ ਬਾਅਦ ਨਵਾਂ ਦਿਨ ਸ਼ੁਰੂ ਹੋ ਜਾਣਾ। ਮੈਂ ਚਾਰ ਘੰਟਿਆਂ ‘ਚ ਤੈਨੂੰ ਕੀ ਘੋਲ ਕੇ ਪਿਲਾ ਦਿਆਂ।”
“ਕੋਈ ਚਾਰਾ ਕਰੋ ਉਸਤਾਦ ਜੀ, ਦਰ ‘ਤੇ ਆਏ ਨੂੰ ਖਾਲੀ ਨਾ ਮੋੜੋ।” ਮੈਂ ਤਰਲਾ ਕੀਤਾ।
“ਜੋ ਮੈਂ ਕਹੂੰਗਾ ਕਰੇਂਗਾ?”
“ਹਾਂ ਉਸਤਾਦ ਜੀ, ਕਿਉਂ ਨਹੀਂ ਕਰੂੰਗਾ।”
“ਸੋਚ ਲੈ!”
“ਹਾਂ ਜੀ ਸੋਚ ਲਿਆ।”
“ਕਲਮ ‘ਤੇ ਹੱਥ ਧਰ ਕੇ ਸਹੁੰ ਖਾ।”
ਮੈਂ ਕਲਮ ‘ਤੇ ਹੱਥ ਧਰ ਲਿਆ ਤੇ ਕਿਹਾ, “ਮੈਂ ਕਸਮ ਖਾ ਕੇ ਕਹਿੰਦਾ ਹਾਂ ਕਿ ਜੋ ਉਸਤਾਦ ਜੀ ਕਹਿਣਗੇ, ਮੈਂ ਸਿਰਫ ਉਹ ਹੀ ਤੇ ਸਿਰਫ ਉਹ ਹੀ ਕਰੂੰਗਾ। ਉਸ ਤੋਂ ਬਿਨਾਂ ਕੁਝ ਨਹੀਂ ਕਰੂੰਗਾ।”
ਹੁਣ ਉਸਤਾਦ ਜੀ ਗੰਭੀਰ ਅਵਸਥਾ ‘ਚ ਪਹੁੰਚ ਗਏ। ਗਹਿਰੀ ਜਿਹੀ ਆਵਾਜ਼ ‘ਚ ਕਹਿਣ ਲੱਗੇ, “ਪਹਿਲੀ ਗੱਲ ਤਾਂ ਇਹ ਮੰਨ ਕਿ ਜੋ ਪਹਿਲਾਂ ਬਚਿੱਤਰ ਸਿੰਘ ਸੀ, ਉਹ ਮਰ ਗਿਆ, ਅੱਜ ਨਵੇਂ ਬਚਿੱਤਰ ਸਿੰਘ ਦਾ ਸਥਾਪਨਾ ਦਿਵਸ ਹੈ।” ਮੇਰੇ ਇਹ ਗੱਲ ਸੰਘ ‘ਚੋਂ ਨਾ ਲੰਘੀ ਤਾਂ ਉਹ ਮੇਰੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ, “ਸੋਚ ਲੈ, ਤੂੰ ਕਸਮ ਖਾਧੀ ਸੀ।” ਫੇਰ ਉਹ ਬੋਲੇ, “ਕੀ ਨੈਤਿਕਤਾ-ਨੂਤਿਕਤਾ ਜਿਹੀ ਲਈ ਫਿਰਦੈਂ? ਤੇਰੀ ਇਸ ਨੈਤਿਕਤਾ ਨੂੰ ਕਿਹੜਾ ਪੁੱਛਦੈ? ਬੜੀ ਸਾਫ-ਸੁਥਰੀ ਗਾਇਕੀ/ਗੀਤਕਾਰੀ ਲਈ ਫਿਰਦੈਂ! ਕੋਈ ਕੰਪਨੀ ਤੈਨੂੰ ਰਿਕਾਰਡ ਕਰਨ ਲਈ ਤਿਆਰ ਹੈ?”
“ਮੈਂ ਕੀ ਕਰਾਂ?” ਮੈਂ ਉਸਤਾਦ ਜੀ ਅੱਗੇ ਲਿਲਕ ਪਿਆ।
“ਭੁੱਲ ਜਾ ਕਿ ਨੈਤਿਕਤਾ ਵੀ ਕੋਈ ਚੀਜ਼ ਹੁੰਦੀ ਆ। ਜਦੋਂ ਤੇਰੇ ਕੋਲ ਸ਼ਹਿਰ ‘ਚ ਦੋ-ਤਿੰਨ ਕੋਠੀਆਂ ਹੋ ਗਈਆਂ, ਪੰਜ-ਸੱਤ ਪਲਾਟ ਹੋ ਗਏ, ਲੰਬੀ ਕਾਰ ਤੇਰੇ ਹੇਠਾਂ ਆ ਗਈ, ਗੁੱਟਾਂ ‘ਤੇ ਸੋਨਾ ਚੜ੍ਹ ਗਿਆ, ਚੇਨੀਆਂ ਤੇਰੇ ਗਲੇ ‘ਚ ਲਹਿਰਾਉਣ ਲੱਗ ਪਈਆਂ, ਜੇਬ ਭਾਰੀ ਲੱਗਣ ਲੱਗ ਪਈ ਤਾਂ ਤੇਰੀ ਅਨੈਤਿਕਤਾ ਵੀ ਨੈਤਿਕਤਾ ‘ਚ ਬਦਲ ਜਾਣੀ ਆ। ਲੋਕਾਂ ਨੇ ਐਂ ਕਹਿਣਾ ਬਈ ਜਿਵੇਂ ਬਚਿੱਤਰ ਸਿੰਘ ਕਹਿ ਰਿਹਾ, ਅਸਲ ਨੈਤਿਕਤਾ ਤਾਂ ਉਹ ਹੀ ਆ। ਭੁੱਲ ਜਾ ਉਹ ਸਭ ਕੁਝ।”
“ਸਮਝੋ ਮੈਂ ਭੁੱਲ ਗਿਆ ਉਸਤਾਦ ਜੀ,” ਮੈਂ ਸਿਰ ਨਿਵਾਉਂਦੇ ਨੇ ਕਿਹਾ।
“ਕੀ ਐਵੇਂ ਪਾਗਲਾਂ ਵਾਂਗੂੰ ਧੀਆਂ-ਭੈਣਾਂ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਨੈ। ਕਦੇ ਸਟੇਜ ‘ਤੇ ਮਾਂ ਦੀ ਪੂਜਾ ਕਰਨ ਲੱਗ ਪੈਨਾਂ। ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇਹ? ਧੀਆਂ ਨੇ ਤੇਰੇ ਹੱਥਾਂ ‘ਚ ਨੀਲੇ ਨੋਟ ਫੜਾ ਦੇਣੇ ਨੇ? ਭੈਣਾਂ ਨੇ ਗਰਾਂਟਾਂ ਦੇ ਦੇਣੀਆਂ ਨੇ? ਨਾਲੇ ਮਾਂ ਨੇ ਜਿਹੜਾ ਦੁੱਧ ਚੁੰਘਾਉਣਾ ਸੀ, ਚੁੰਘਾ’ਤਾ, ਹੁਣ ਉਹਦੇ ਕੋਲੋਂ ਕੀ ਭਾਲਦੈਂ? ਰਿਸ਼ਤਿਆਂ ਨੂੰ ਅੰਬ ਵਾਂਗੂੰ ਚੂਪ ਕੇ ਸੁੱਟਣ ਦੀ ਕਲਾ ਸਿੱਖ।
ਇਕ ਥਾਂ ‘ਤੇ ਤੂੰ ਸਟੇਜ ‘ਤੇ ਖੜ੍ਹਾ ਸਾਜ਼ਾਂ ਨਾਲ ਬਕਵਾਸ ਕਰ ਰਿਹਾ ਸੀ ਕਿ ਵੱਡੀ ਭਾਬੀ ਮਾਂ ਵਰਗੀ ਹੁੰਦੀ ਏ ਤੇ ਛੋਟੀ ਧੀਆਂ ਵਰਗੀ ਤੇ ਬਰਾਬਰ ਦੀ ਭੈਣਾਂ ਵਰਗੀ। ਜੇ ਇਹੋ ਜਿਹੀ ਗੁਸਤਾਖੀ ਮੁੜ ਕੇ ਸਟੇਜ ‘ਤੇ ਕੀਤੀ ਤਾਂ ਜਾਣਦਾ ਰਹੀਂ। ਜਦੋਂ ਤੂੰ ਸਟੇਜ ‘ਤੇ ਉਹ ਗੀਤ ਗਾ ਰਿਹਾ ਸੀ ਤਾਂ ਇਕ ਵਾਰੀ ਤਾਂ ਮੇਰਾ ਜੀ ਕੀਤਾ ਸੀ ਕਿ ਛਿੱਤਰ ਖੋਲ੍ਹ ਕੇ ਤੇਰੀæææਪਰ ਮੈਂ ਸੰਭਲ ਗਿਆ। ਯਾਦ ਕਰ ਤੂੰ ਇਹ ਸ਼ਬਦ ਕਿੱਥੇ ਕਹਿ ਰਿਹਾ ਸੀ ਕਿ ਪਿੰਡ ਦੀ ਧੀ-ਭੈਣ ਸਭ ਦੀ ਸਾਂਝੀ ਹੁੰਦੀ ਏ ਤੇ ਗੁਆਂਢੀਆਂ ਨਾਲ ਸਾਡਾ ਰਿਸ਼ਤਾ ਅਪਣੱਤ ਦਾ ਹੁੰਦਾ ਹੈ? ਸਾਲਾ ਬਣਿਆ ਅਪਣੱਤ ਦਾæææ।”
“ਹਜ਼ੂਰ ਮੈਂ ਆਪਣੀਆਂ ਗਲਤੀਆਂ ਲਈ ਮੁਆਫੀ ਮੰਗਦਾਂ,” ਮੈਂ ਹਲੀਮੀ ਨਾਲ ਕਿਹਾ।
“ਮਾਫੀ ਮੰਗ ਲਈ ਤਾਂ ਕੁਝ ਮੁਖੜੇ ਲੈ ਜਾ। ਬੜੇ ਕੀਮਤੀ ਮੁਖੜੇ ਨੇ, ਇਹ ਸਾਰੇ ਪੂਰੇ ਗੀਤ ਬਣਾ ਕੇ ਕਿਤੇ ਵਿਆਹ-ਸ਼ਾਦੀ ‘ਤੇ ਗਾ ਦੇਵੀਂ। ਜਿਥੇ ਤੂੰ ਗਾ ਰਿਹਾ ਹੋਵੇਂਗਾ, ਮੈਂ ਉਸ ਥਾਂ ‘ਤੇ ਕਿਤੇ ਖੜ੍ਹਾ ਤੈਨੂੰ ਸੁਣ ਰਿਹਾ ਹੋਵਾਂਗਾ, ਸਮਝਿਆ?” ਉਹ ਬੜੇ ਬਾਬਾ-ਮਈ ਲਹਿਜ਼ੇ ‘ਚ ਬੋਲੇ।
“ਲਿਆਓ ਜੀ ਮੁਖੜੇ ਦਿਉ,” ਮੈਂ ਦੋਵੇਂ ਹੱਥ ਉਨ੍ਹਾਂ ਵੱਲ ਇਸ ਤਰ੍ਹਾਂ ਕੀਤੇ ਜਿਵੇਂ ਕੋਈ ਭੀਖ ਮੰਗ ਰਿਹਾ ਹੁੰਦੈ।
ਪਹਿਲੇ ਗੀਤ ਦਾ ਮੁਖੜਾ ਲਿਖ:
ਪਿੰਡ ਦੀ ਕੁੜੀ ‘ਤੇ ਸਾਡਾ ਦਿਲ ਆ ਗਿਆ,
ਟੈਲੀਫੋਨ ਦਾ ਹੈ ਭਾਰੀ ਬਿਲ ਆ ਗਿਆ,
ਗੱਲਾਂ ਕਰਦੇ ਰਹੀਦਾ
ਹਉਕੇ ਭਰਦੇ ਰਹੀਦਾ
ਪਿੰਡ ਦੀæææ।
ਦੂਜਾ:
ਰੋਜ਼ ਸਵੇਰੇ ਦਰਾਂ ਮੂਹਰਿਓਂ
ਲੰਘਿਆ ਕਰ ਵੇ ਜ਼ਾਲਮਾ,
ਮਿੱਠਾ ਮਿੱਠਾ ਜਾਂਦਾ ਜਾਂਦਾ
ਖੰਘਿਆ ਕਰ ਵੇ ਜ਼ਾਲਮਾ।
ਗੁਆਂਢਣ ਵਾਲੇ ਗੀਤ:
ਸਾਡੇ ਹੈ ਚੁਬਾਰੇ ਵਿਚ ਮੋਰੀ ਮਿੱਤਰੋ,
ਦੇਖਾਂ ਮੈਂ ਗੁਆਂਢਣ ਨੂੰ ਚੋਰੀ ਮਿੱਤਰੋ।
ਭਾਬੀਆਂ ਲਈ ਅਸਲੀ ਗੀਤ ਵੀ ਲੈ ਜਾ:
“ਭਾਬੀਏ ਦਿਉਰ ਪੁੱਛਦਾ,
ਕਦੋਂ ਜਾਊਗਾ ਜਹਾਜ਼ ਵੀਰਾ ਚੜ੍ਹ ਕੇ।”
ਉਹ ਹੋ, ਕੁੜੀਆਂ ਬਾਰੇ ਗੀਤ ਦਾ ਮੁਖੜਾ ਤਾਂ ਮੈਂ ਦੇਣਾ ਹੀ ਭੁੱਲ ਗਿਆ ਸੀ:
ਉਹ ਕੁੜੀ ਦਿਲ ਵਿਚ ਵਸ ਗਈ ਓ ਯਾਰ,
ਦਿਲ ਦੀ ਕਹਾਣੀ ਸਾਰੀ ਦੱਸ ਗਈ ਓ ਯਾਰ,
ਉਹ ਕੁੜੀ, ਉਹ ਕੁੜੀæææ।
ਕਿਉਂ ਹੈ ਨਾ ਕਮਾਲ ਮੁਖੜਿਆਂ ‘ਚ। ਤੈਨੂੰ ਗੀਤਾਂ ਦੇ ਮੁਖੜੇ ਦੇ ਕੇ ਆਪਣਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰ ਲਿਆ ਪਰ ਤੇਰੇ ਲਈ ਇਹ ਕੁਰਬਾਨੀ ਕਰਨੀ ਹੀ ਪੈਣੀ ਸੀ। ਤੂੰ ਮੈਥੋਂ ਭੁੱਖਾ ਮਰਦਾ ਦੇਖ ਨਹੀਂ ਹੁੰਦਾ।
ਹੁਣ ਭੱਜ ਜਾ, ਖੜ੍ਹੀਂ ਨਾ ਰਾਹ ‘ਚ ਕਿਤੇ। ਤੂੰ ਖਜ਼ਾਨਾ ਲੁੱਟ ਕੇ ਲੈ ਚੱਲਿਆ ਏਂ। ਅਗਲੀ ਵਾਰੀ ਆਈਂ, ਤੈਨੂੰ ਦੱਸੂੰਗਾ ਕਿ ਗੀਤ ਚੋਰੀ ਕਿਵੇਂ ਕਰਨੇ ਨੇ। ਸਮਝਿਆ?”
ਮੈਂ ਆਉਣ ਲੱਗਿਆਂ ਇਕ ਵਾਰੀ ਫੇਰ ਕਸਮ ਖਾ ਕੇ ਉਠਿਆ।
ਮੈਂ ਆਪਣੇ ਮਨ ਨਾਲ ਗੱਲਾਂ ਕਰਨ ਲੱਗ ਪਿਆ ਕਿ ਹਿੱਟ ਗੀਤਕਾਰ/ਗਾਇਕ ਕਿਉਂ ਨਹੀਂ ਬਣੂੰਗਾ? ਜਦ ਮੈਂ ਉਸਤਾਦ ਜੀ ਦੇ ਪੂਰਨਿਆਂ ‘ਤੇ ਚੱਲੂੰਗਾ, ਪਿੰਡ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਨਹੀਂ ਸਮਝੂੰਗਾ, ਗੁਆਂਢੀਆਂ ਦੀ ਕੁੜੀ ਦੇ ਲੱਕ ਵੱਲ ਵਿਸ਼ੇਸ਼ ਧਿਆਨ ਦਊਂਗਾ, ਧੀਆਂ-ਭੈਣਾਂ ਤੇ ਮਾਂਵਾਂ ਦੇ ਗੀਤ ਨਹੀਂ ਗਾਊਂਗਾ, ਭਾਬੀ ਦੇ ਰਿਸ਼ਤੇ ਨੂੰ ਗਲਤ ਤਰੀਕੇ ਨਾਲ ਪੇਸ਼ ਨਹੀਂ ਕਰੂੰਗਾ (ਜਿਵੇਂ ਮੈਂ ਪਹਿਲਾਂ ਕਰ ਰਿਹਾ ਸੀ), ਫੇਰ ਤਾਂ ਮੈਂ ਬਣੂੰਗਾ ਹੀ ਹਿਟ ਗੀਤਕਾਰ/ਗਾਇਕ-ਕੀ ਕਹਿੰਦੇ?
ਇੰਨਾ ਸੋਚ ਕੇ ਮੈਂ ਘਰ ਨੂੰ ਆ ਗਿਆ। ਮੁਖੜਿਆਂ ਦੇ ਗੀਤ ਬਣਾ ਲਏ। ਮੈਨੂੰ ਬੁਲਾਇਆ ਤਾਂ ਕਿਸੇ ਨੇ ਨਹੀਂ ਸੀ ਪਰ ਮੈਂ ਬਦੋ-ਬਦੀ ਕਿਸੇ ਦੇ ਵਿਆਹ ‘ਤੇ ਚਲੇ ਗਿਆ। ਜਾ ਕੇ ਸਟੇਜ ‘ਤੇ ਕਹਿਣ ਲੱਗ ਪਿਆ, “ਮੈਂ ਕੋਈ ਗੀਤ ਗਾਉਣ ਲਈ ਨਹੀਂ ਆਇਆ। ਸਗੋਂ ਮੈਂ ਤਾਂ ਆਪਣੇ ਯਾਰ ਭਿੰਦੀ ਨਾਲ ਖੁਸ਼ੀਆਂ ਸਾਂਝੀਆਂ ਕਰਨ ਆਇਆ ਹਾਂ।” ਮੇਰੇ ਗੀਤ ਤਾਂ ਪੂਰੇ ਤਿਆਰ ਸੀ। ਲਓ ਜੀ ਮੈਂ ਗਾਉਣਾ ਸ਼ੁਰੂ ਕਰ ਦਿੱਤਾ। ਨੋਟਾਂ ਦੀ ਤਾਂ ਵਰਖਾ ਹੋਣੀ ਸ਼ੁਰੂ ਹੋ ਗਈ। ਨੋਟ ਜੇਬ ‘ਚ ਪਾਉਣੇ ਔਖੇ ਹੋ ਗਏ। ਮੈਂ ਸੋਚਿਆ ਸੀ ਕਿ ਦੋ-ਚਾਰ ਸੌ ਬਣੂ, ਮੈਂ ਪੈਂਟ ਦੀ ਜੇਬ ‘ਚ ਹੀ ਪਾਊਂਗਾ। ਪਰ ਬਾਬਿਓ! ਉਥੇ ਤਾਂ ਕਮਾਲ ਹੋ ਗਈ।
ਇਕ ਗੱਲ ਜੋ ਮੈਨੂੰ ਬਹੁਤ ਹੀ ਪਿਆਰੀ ਲੱਗੀ ਕਿ ਜਿਹੜੇ ਬੰਦੇ ਸੋਫੀ ਹਾਲਤ ਵਿਚ ਇਹੋ-ਜਿਹੇ ਗੀਤਾਂ ਨੂੰ ਭੰਡਦੇ ਨਹੀਂ ਸੀ ਥੱਕਦੇ, ਉਹ ਵੀ ਮੇਰੇ ਗੀਤਾਂ ਉਤੇ ਸ਼ਰਾਬ ਪੀ ਕੇ ਨੱਚਣ ਲੱਗ ਪਏ।
ਮੈਨੂੰ ਉਸਤਾਦ ਜੀ ਦੇ ਕਹੇ ਲਫਜ਼ ਚੇਤੇ ਆ ਗਏ, “ਬਚਿੱਤਰ ਸਿੰਘਾ! ਇਹ ਨੈਤਿਕਤਾ-ਨੂਤਿਕਤਾ ਕੁਝ ਨਹੀਂ ਹੁੰਦੀæææਤੇਰਾ ਵਹਿਮ ਏ।”
ਬਾਬਿਓ! ਇਸ ਸੀਜ਼ਨ ‘ਚ ਹੀ ਮੇਰੇ ਕੋਲ ਬੜਾ ਪੈਸਾ ਆ ਜਾਣੈ। ਕਾਰ ਖਰੀਦ ਲੈਣੀ ਆ, ਕੋਠੀ ਪਾ ਲੈਣੀ ਆ। ਗੁੱਟਾਂ ‘ਤੇ ਸੋਨਾ ਚੜ੍ਹ ਜਾਣੈ। ਜੇਬ ਨੇ ਭਾਰੀ ਹੋਣਾ ਸ਼ੁਰੂ ਕਰ ਦੇਣੈ। ਪੱਤਰਕਾਰ ਦੋਸਤਾਂ ਨਾਲ ਮੇਰੀ ਆੜੀ ਪੈ ਜਾਣੀ ਆ। ਅਖਬਾਰਾਂ ‘ਚ ਮੇਰੇ ਲੇਖ ਲਗ ਜਾਣੇ ਨੇ, “ਚੰਨ ਵਰਗਾ-ਬਚਿੱਤਰ ਅਣਖੀ”, “ਅਣਖੀਲੀ ਗਾਇਕੀ ਦਾ ਗੀਤਕਾਰ ਤੇ ਗਾਇਕ-ਬਚਿੱਤਰ ਅਣਖੀ”, “ਪਰਿਵਾਰਕ ਰਿਸ਼ਤਿਆਂ ਦਾ ਗਾਇਕ-ਬਚਿੱਤਰ ਅਣਖੀ”, “ਜੋ ਸੁਰਾਂ ਨਾਲ ਇਕ ਸੁਰ ਹੋ ਜਾਂਦਾ-ਬਚਿੱਤਰ ਅਣਖੀ”।
ਲੱਖ ਲੱਖ ਸ਼ੁਕਰ ਉਸ ਉਸਤਾਦ ਬਾਬਾ ਜੀ ਦਾ, ਜਿਨ੍ਹਾਂ ਨੇ ਮੈਨੂੰ ਸਹਾਰਾ ਦੇ ਕੇ ਨਰਕ ‘ਚੋਂ ਕੱਢ ਲਿਆ। ਹੁਣ ਵਾਲੀ ਲਾਈਨ ਵਿਚ ਸ਼ਰਮ ਦੀ ਕਿੰਨੀ ਕੁ ਲੋੜ ਹੈ, ਇਸ ਬਾਰੇ ਮੈਨੂੰ ਉਕਾ ਹੀ ਪਤਾ ਨਹੀਂ, ਹਾਂ ਧਨ-ਦੌਲਤ ਬਹੁਤ ਹੈ ਇਸ ਪਾਸੇ, ਇਸ ਗੱਲ ਦਾ ਤਾਂ ਮੈਨੂੰ ਪੂਰਾ ਗਿਆਨ ਹੋ ਗਿਆ।
ਤੁਸੀਂ ਸਾਰੇ ਅਪਣੱਤ ਦੀ ਚਟਣੀ ਬਣਾ ਕੇ ਖਾ ਲਿਓ-ਵੱਡਿਓ ਅਪਣੱਤਿਓ, ਪੈਸੇ ਤੋਂ ਬਿਨਾਂ ਤੁਹਾਡੀ ਅਕਲ ਨੂੰ ਕੀਹਨੇ ਪੁੱਛਣਾ?
ਇਹ ਗੱਲਾਂ ਕਹਿਣ ਨੂੰ ਮੇਰਾ ਬੜਾ ਹੀ ਦਿਲ ਕਰਦਾ, ਪਰ ਕਹਾਂਗਾ ਜ਼ਰਾ ਠਹਿਰ ਕੇ। ਮੈਨੂੰ ਹਿਟ ਗੀਤਕਾਰ/ਗਾਇਕ ਬਣ ਜਾਣ ਦਿਓ ਬਸ!