-ਗੁਰਬਚਨ ਸਿੰਘ
ਅਫਗਾਨਿਸਤਾਨ ਵਿਚ ਆਪਣੀ ਫੌਜੀ ਹਾਰ ਤੋਂ ਬਾਅਦ ਅਮਰੀਕੀ ਸਾਮਰਾਜੀਆਂ ਨੇ ਆਪਣੀ ਸੰਸਾਰ ਯੁਧ ਨੀਤੀ ਬਦਲ ਲਈ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਉਹ ਹੁਣ ਪਹਿਲਾਂ ਵਾਂਗ ਸਾਰੇ ਸੰਸਾਰ ਉਤੇ ਆਪਣੀ ਚੌਧਰ ਨਹੀਂ ਮੜ੍ਹ ਸਕਦੇ। ਸਾਮਰਾਜੀ ਮਾਹਿਰਾਂ ਨੇ ਅਨੇਕਾਂ ਲਿਖਤਾਂ ਵਿਚ ਇਸ ਸੱਚ ਨੂੰ ਕਬੂਲ ਕੀਤਾ ਹੈ।
ਅਮਰੀਕੀ ਸਾਮਰਾਜੀਆਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਉਹ ਫੌਜੀ ਤੇ ਆਰਥਿਕ ਤਾਕਤ ਦੇ ਜ਼ੋਰ ਨਾਲ ਸੰਸਾਰ ਭਰ ਦੇ ਲੋਕਾਂ ਉਤੇ ਸਦਾ ਲਈ ਰਾਜ ਨਹੀਂ ਕਰ ਸਕਦੇ। ਆਪਣੀ ਇਸ ਫੌਜੀ ਹਾਰ ਤੋਂ ਬਾਅਦ ਇਸਲਾਮਿਕ ਜਹਾਦ ਤੋਂ ਡਰੇ ਹੋਏ ਅਮਰੀਕੀ ਸਾਮਰਾਜੀਆਂ ਨੇ ਮੁਸਲਮਾਨ ਜਹਾਦੀਆਂ ਨੂੰ ਆਪਣੇ-ਆਪਣੇ ਦੇਸਾਂ ਵਿਚ ਉਲਝਾਉਣ ਵਾਸਤੇ ਸ਼ੀਆ ਤੇ ਸੁੰਨੀਆਂ ਨੂੰ ਆਪਸ ਵਿਚ ਲੜਾਉਣ ਦੀ ਯੁਧ ਨੀਤੀ ਅਖਤਿਆਰ ਕਰ ਲਈ ਹੈ। ਇਰਾਕ, ਸੀਰੀਆ, ਯਮਨ, ਲਿਬੀਆ, ਮਾਲੀ, ਲੈਬਨਾਨ, ਪਾਕਿਸਤਾਨ ਸਮੇਤ ਲਗਭਗ ਸਾਰੇ ਮਧ-ਪੂਰਬ ਅਤੇ ਅਫਰੀਕੀ ਮੁਲਕਾਂ ਵਿਚ ਉਨ੍ਹਾਂ ਨੇ ਆਪਣੀ ਇਸ ਯੁਧਨੀਤੀ ਨੂੰ ਲਾਗੂ ਕਰਨ ਦੇ ਯਤਨ ਸ਼ੁਰੂ ਕੀਤੇ ਹੋਏ ਹਨ।
ਇਰਾਕ ਵਿਚ ਆਪਣੀ ਫੌਜੀ ਹਾਰ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਹ ਯੁਧਨੀਤੀ ਅਜ਼ਮਾ ਕੇ ਵੇਖ ਲਈ ਸੀ। ਇਰਾਕੀ ਸ਼ੀਆ-ਸੁੰਨੀ ਆਪਸ ਵਿਚ ਲੜਦੇ ਹੋਏ ਇਰਾਕ ਵਿਚ ਲੱਖਾਂ ਲੋਕਾਂ ਦਾ ਵਹਿਸ਼ੀ ਕਤਲੇਆਮ ਕਰਨ ਵਾਲੇ ਆਪਣੇ ਮੁਖ ਦੁਸ਼ਮਣ ਅਮਰੀਕੀ ਸਾਮਰਾਜੀਆਂ ਨੂੰ ਭੁਲ ਗਏ ਹਨ ਅਤੇ ਆਪਸੀ ਲੜਾਈ ਵਿਚ ਇਕ-ਦੂਜੇ ਨੂੰ ਮਾਰਨ ਲਈ ਉਸੇ ਕੋਲੋਂ ਮਦਦ ਮੰਗ ਰਹੇ ਹਨ। ਆਪਣੀ ਇਸ ਯੁਧ ਨੀਤੀ ਨੂੰ ਲਾਗੂ ਕਰਨ ਲਈ ਉਨ੍ਹਾਂ ਨੇ ਆਪਣੇ ਜੋਟੀਦਾਰ ਪਾਕਿਸਤਾਨ ਨੂੰ ਵੀ ਨਹੀਂ ਬਖਸ਼ਿਆ।
ਪਛਮੀ ਸਾਮਰਾਜੀਆਂ ਦੀ ਇਸਲਾਮ ਵਿਰੁਧ ਇਸ ਲੜਾਈ ਵਿਚ ਮੌਕਾ ਪਾ ਕੇ ਚੀਨ ਇਕ ਵਡੀ ਆਰਥਿਕ ਸ਼ਕਤੀ ਬਣ ਕੇ ਉਭਰਿਆ ਹੈ। ਉਸ ਨੇ ਨਾ ਸਿਰਫ ਅਮਰੀਕਾ ਸਮੇਤ ਸੰਸਾਰ ਭਰ ਦੀ ਮੰਡੀ ਉਤੇ ਕਬਜ਼ਾ ਕਰਨ ਦੇ ਯਤਨ ਸ਼ੁਰੂ ਕਰ ਦਿਤੇ ਹਨ, ਸਗੋਂ ਆਪਣੀ ਬਣੀ ਇਸ ਆਰਥਿਕ ਸ਼ਕਤੀ ਨਾਲ ਉਸ ਨੇ ਸਾਮਰਾਜੀ ਮੁਲਕਾਂ ਵਿਚ ਪੂੰਜੀ ਲਾਉਣ ਦੇ ਨਾਲ-ਨਾਲ ਅਮਰੀਕੀ ਸਨਅਤਾਂ ਨਾਲ ਵੀ ਮੁਕਾਬਲੇਬਾਜ਼ੀ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਆਪਣੀ ਇਸ ਆਰਥਿਕ ਸ਼ਕਤੀ ਨਾਲ ਉਸ ਨੇ ਆਪਣੀ ਫੌਜੀ ਤਾਕਤ ਨੂੰ ਵਧਾਉਣਾ ਸ਼ੁਰੂ ਕੀਤਾ ਹੋਇਆ ਹੈ। ਸਾਰੇ ਸਾਮਰਾਜੀ ਮਾਹਿਰਾਂ ਵਿਚਕਾਰ ਇਨ੍ਹਾਂ ਤੱਥਾਂ ਬਾਰੇ ਹੁਣ ਕੋਈ ਮਤਭੇਦ ਨਹੀਂ ਹਨ ਕਿ ਚੀਨ ਸੰਸਾਰ ਭਰ ਦੀ ਅਗਲੀ ਮਹਾਂਸ਼ਕਤੀ ਬਣਨ ਵੱਲ ਵਧ ਰਿਹਾ ਹੈ। ਹੁਣ ਅਮਰੀਕੀ ਸਾਮਰਾਜੀਆਂ ਵਾਸਤੇ ਆਪਣੇ ਨਵੇਂ ਬਣੇ ਇਸ ਸ਼ਰੀਕ ਦੇ ਪਰ ਕੁਤਰਨੇ ਜ਼ਰੂਰੀ ਹਨ। ਇਸ ਕਰਕੇ ਹੁਣ ਉਹ ਐਲਾਨੀਆਂ ਤੌਰ ‘ਤੇ ਚੀਨ ਨੂੰ ਘੇਰਨ ਦੀ ਯੁਧ ਨੀਤੀ ਲਾਗੂ ਕਰ ਰਹੇ ਹਨ।
ਇਸੇ ਦੌਰਾਨ ਸੀਰੀਆ ਵਿਚ ਹਕੂਮਤ ਬਦਲਣ ਦੇ ਬਹਾਨੇ ਉਥੇ ਸ਼ੀਆ-ਸੁੰਨੀਆਂ ਵਿਚਕਾਰ ਜੰਗ ਕਰਵਾਉਣ ਦੇ ਮੰਤਵ ਨਾਲ ਜਦੋਂ ਪ੍ਰਧਾਨ ਅਸਦ ਨੂੰ ਗੱਦੀਓਂ ਲਾਹੁਣ ਦੇ ਯਤਨ ਕੀਤੇ ਗਏ ਤਾਂ ਰੂਸ ਦੇ ਪ੍ਰਧਾਨ ਪੁਤਿਨ ਨੂੰ ਅਹਿਸਾਸ ਹੋਇਆ ਕਿ ਅਮਰੀਕੀ ਸਾਮਰਾਜੀਆਂ ਵੱਲੋਂ ਉਸ ਦੇ ਜੋਟੀਦਾਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਹੁਣ ਉਸ ਨੂੰ ਕੰਨ ਹੋਏ। ਇਸ ਤੋਂ ਪਹਿਲਾਂ ਇਹੀ ਪ੍ਰਧਾਨ ਪੁਤਿਨ ਲਿਬੀਆ ਦੇ ਪ੍ਰਧਾਨ ਕਰਨਲ ਮੁਹੰਮਦ ਗੱਦਾਫੀ ਨੂੰ ਗੱਦੀਓਂ ਲਾਹ ਕੇ ਕਤਲ ਕੀਤੇ ਜਾਣ ਬਾਰੇ ਦੜ੍ਹ ਵਟ ਗਿਆ ਸੀ। ਹੁਣ ਉਸ ਨੇ ਸੰਯੁਕਤ ਰਾਸ਼ਟਰ ਦੀ ਸੁਰਖਿਆ ਕੌਂਸਲ ਰਾਹੀਂ ਚੀਨ ਦੀ ਮਦਦ ਨਾਲ ਆਪਣੀ ਵੀਟੋ ਪਾਵਰ ਵਰਤ ਕੇ ਇਨ੍ਹਾਂ ਯਤਨਾਂ ਵਿਚ ਰੁਕਾਵਟ ਪਾਉਣੀ ਸ਼ੁਰੂ ਕਰ ਦਿਤੀ ਹੈ। ਇਹ ਅਮਰੀਕੀ ਸਾਮਰਾਜੀਆਂ ਦੀ ਯੁੱਧ ਨੀਤੀ ਵਿਚ ਰੁਕਾਵਟ ਬਣਦਾ ਸੀ। ਹੁਣ ਉਨ੍ਹਾਂ ਨੂੰ ਪਤਾ ਲਗਾ ਉਨ੍ਹਾਂ ਦਾ ਇਕ ਹੋਰ ਫੌਜੀ ਸ਼ਰੀਕ ਰੂਸ ਉਨ੍ਹਾਂ ਦੀ ਇਸ ਸੰਸਾਰ ਚੌਧਰ ਵਿਚ ਰੁਕਾਵਟ ਬਣ ਸਕਦਾ ਹੈ। ਇਸ ਲਈ ਹੁਣ ਰੂਸ ਉਨ੍ਹਾਂ ਦੇ ਦੁਸ਼ਮਣਾਂ ਦੀ ਕਤਾਰ ਵਿਚ ਖੜਾ ਹੋ ਗਿਆ ਹੈ।
ਰੂਸ ਨੇ ਸੀਰੀਆ ਦੇ ਪ੍ਰਧਾਨ ਅਸਦ ਦੀ ਹਕੂਮਤ ਤਾਂ ਬਚਾਅ ਲਈ, ਪਰ ਉਸ ਨੂੰ ਇਸ ਦੀ ਕੀਮਤ ਤਾਰਨੀ ਪਈ। ਹੁਣ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੀ ਹੋਂਦ ਦਾ ਫੈਸਲਾ ਅਮਰੀਕੀ ਸਾਮਰਾਜੀਆਂ ਨਾਲ ਟਕਰਾਅ ਵਿਚੋਂ ਹੀ ਹੋਣਾ ਹੈ। ਹੁਣ ਤਕ ਜਿਸ ਸੋਚ ਨਾਲ ਹੀ ਮਨੁਖ ਜਾਤੀ ਨੂੰ ਝੁਣਝੁਣੀ ਛਿੜਦੀ ਸੀ, ਪੁਤਿਨ ਨੇ ਬੜੀ ਤੇਜ਼ੀ ਨਾਲ ਉਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਤੀ ਹੈ। ਪੁਤਿਨ ਦੇ ਆਪਣੇ ਬਿਆਨਾਂ ਅਨੁਸਾਰ ਇਸ ਵੇਲੇ ਰੂਸ ਦੀ ਸਾਰੀ ਪਰਮਾਣੂ ਫੌਜ ਪੂਰੀ ਤਰ੍ਹਾਂ ਚੌਕਸ ਅਤੇ ਹਰਕਤ ਵਿਚ ਹੈ। ਪੁਤਿਨ ਨੂੰ ਇਹ ਵੀ ਅਹਿਸਾਸ ਹੋ ਗਿਆ ਜਾਪਦਾ ਹੈ, ਕਿ ਉਸ ਦੀ ਆਪਣੀ ਜਾਤੀ ਹੋਂਦ ਵੀ ਪ੍ਰਮਾਣੂ ਜੰਗ ਦੀ ਤਿਆਰੀ ਨਾਲ ਹੀ ਜੁੜੀ ਹੋਈ ਹੈ।
ਹੁਣ ਅਮਰੀਕੀ ਸਾਮਰਾਜੀਆਂ ਮੂਹਰੇ ਤਿੰਨ ਦੁਸ਼ਮਣ ਖੜੇ ਹਨ। ਉਭਰ ਰਹੀ ਮਹਾਂਸ਼ਕਤੀ ਚੀਨ, ਖਤਰਨਾਕ ਪ੍ਰਮਾਣੂ ਹਥਿਆਰਾਂ ਨਾਲ ਲੈਸ ਫੌਜੀ ਸ਼ਕਤੀ ਰੂਸ ਤੇ ਇਸਲਾਮਿਕ ਜਹਾਦ। ਪੂੰਜੀਵਾਦ ਦੇ ਵਜੂਦ ਵਿਚ ਸਮੋਈਆਂ ਕਦੇ ਨਾ ਹੱਲ ਹੋ ਸਕਣ ਵਾਲੀਆਂ ਵਿਰੋਧਤਾਈਆਂ ਸਾਮਰਾਜੀ ਮੁਨਾਫੇ ਰਾਹੀਂ ਪੂੰਜੀ ਇਕੱਠੀ ਕਰਨ ਦੀ ਹਾਬੜ ਦੇ ਰੂਪ ਵਿਚ ਅਸੀਮ ਲਾਲਚ, ਵਪਾਰ ਦੀ ਕਮੀਨਗੀ ਤੇ ਆਪਸੀ ਮੁਕਾਬਲਾ, ਅਰਾਜਕਤਾ ਤੇ ਜਮਾਤੀ ਸੰਘਰਸ਼ਾਂ ਦਾ ਵੇਗ, ਇਸ ਟਕਰਾਅ ਨੂੰ ਬੜੀ ਤੇਜ਼ੀ ਨਾਲ ਅਗੇ ਵਧਾ ਰਹੇ ਹਨ। ਇਸ ਹਾਲਤ ਵਿਚ ਅਮਰੀਕੀ ਸਾਮਰਾਜੀ ਤ੍ਰੈਪੱਖੀ ਸੰਸਾਰ ਯੁਧ ਨੀਤੀ ਲਾਗੂ ਕਰ ਰਹੇ ਹਨ। ਚੀਨ ਨੂੰ ਏਸ਼ੀਆ ਵਿਚ ਘੇਰਨਾ, ਰੂਸ ਨੂੰ ਯੂਰਪ ਵਿਚ ਘੇਰਨਾ ਅਤੇ ਇਸਲਾਮਿਕ ਜਹਾਦ ਨੂੰ ਸ਼ੀਆ-ਸੁੰਨੀ ਟਕਰਾਅ ਵਿਚ ਉਲਝਾਈ ਰਖਣਾ। ਇਸ ਦੇ ਨਾਲ ਹੀ ਰੂਸ, ਚੀਨ ਅਤੇ ਇਸਲਾਮਿਕ ਮੁਲਕਾਂ ਵਿਚਲੇ ਨਵੇਂ ਬਣੇ ਅਰਬਪਤੀਆਂ ਅਤੇ ਸਾਮਰਾਜੀ ਸਭਿਆਚਾਰ ਵਿਚ ਗਰਕੇ ਮਧਵਰਗ ਨੂੰ ਉਕਸਾ ਕੇ ਪੁਤਿਨ ਵਿਰੁਧ, ਚੀਨ ਦੀ ਕਮਿਊਨਿਸਟ ਪਾਰਟੀ ਵਿਰੁਧ ਅਤੇ ਮੁਸਲਿਮ ਜਹਾਦੀਆਂ ਵਿਰੁਧ ਲਾਮਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਚੀਨ ਨੂੰ ਏਸ਼ੀਆ ਵਿਚ ਘੇਰਨ ਲਈ ਭਾਰਤੀ ਸਾਮਰਾਜੀਆਂ ਨੂੰ ਸਿਸ਼ਕੇਰਿਆ ਜਾ ਰਿਹਾ ਹੈ। ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਾਕਮਾਂ ਨੂੰ ਵਡਿਆ ਕੇ ਤੇ ਉਨ੍ਹਾਂ ਨੂੰ ਸੰਸਾਰ ਦੀ ਇਕ ਮਹਾਂਸ਼ਕਤੀ ਬਣਨ ਦੇ ਭਰਮਜਾਲ ਵਿਚ ਫਸਾ ਕੇ ਪਾਕਿਸਤਾਨ ਜਾਂ ਚੀਨ ਦੇ ਗਲ ਪਾਇਆ ਜਾਵੇ। ਇਨ੍ਹਾਂ ਤਿੰਨਾਂ ਮੁਲਕਾਂ ਨੂੰ ਇਸ ਖਿੱਤੇ ਵਿਚ ਪ੍ਰਮਾਣੂ ਜੰਗ ਵਿਚ ਉਲਝਾਇਆ ਜਾਵੇ, ਤਾਂ ਕਿ ਉਭਰ ਰਹੀ ਮਹਾਂਸ਼ਕਤੀ ਚੀਨ ਨੂੰ ਆਪਣੇ ਮੁਕਾਬਲੇ ਵਿਚ ਅਸਰਹੀਣ ਕੀਤਾ ਜਾਵੇ।
ਰੂਸ ਨੂੰ ਯੂਕਰੇਨ ਨਾਲ ਲੜਾ ਕੇ ਅਤੇ ਯੂਰਪ ਨੂੰ ਯੂਕਰੇਨ ਮਗਰ ਲਾਮਬੰਦ ਕਰਕੇ ਰੂਸ ਨੂੰ ਯੂਰਪ ਦੇ ਗਲ ਪਾਇਆ ਜਾਵੇ ਅਤੇ ਜੇ ਸੰਭਵ ਹੋਵੇ ਤਾਂ ਰੂਸ ਨੂੰ ਆਪਣੇ ਪ੍ਰਮਾਣੂ ਹਥਿਆਰ ਅਮਰੀਕਾ ਵੱਲ ਸੇਧਿਤ ਕਰਨ ਦੀ ਬਜਾਏ ਯੂਰਪ ਵੱਲ ਸੇਧਿਤ ਕਰਨ ਲਈ ਮਜਬੂਰ ਕੀਤਾ ਜਾਵੇ।
ਅਮਰੀਕੀ ਸਾਮਰਾਜੀਆਂ ਦੀ ਚਾਲ ਬੜੀ ਸਾਫ ਹੈ, ਰੂਸ ਦੀ ਫੌਜੀ ਸ਼ਕਤੀ ਅਤੇ ਚੀਨ ਦੀ ਆਰਥਿਕ ਸ਼ਕਤੀ ਨੂੰ ਖੁੰਡਿਆ ਕਰਨਾ। ਆਪਣੇ ਮੁਕਾਬਲੇ ਵਿਚ ਇਨ੍ਹਾਂ ਨੂੰ ਉਭਰਨ ਨਾ ਦੇਣਾ। ਸਿਰਫ ਇਸ ਤਰ੍ਹਾਂ ਕਰਕੇ ਹੀ ਹੁਣ ਉਹ ਆਪਣੀ ਸੰਸਾਰ-ਚੌਧਰ ਕਾਇਮ ਰਖ ਸਕਦੇ ਹਨ।
ਭਾਰਤ ਦੇ ਲੋਕਾਂ ਲਈ ਖਤਰਨਾਕ ਗੱਲ ਇਹ ਹੈ ਕਿ ਬ੍ਰਾਹਮਣਵਾਦੀ ਭਰਮਾਊ ਸੋਚ ਵਿਚ ਜੀ ਰਹੀ ਆਰæ ਐਸ਼ ਐਸ਼ ਤੇ ਨਰਿੰਦਰ ਮੋਦੀ ਦੀ ਅਗਵਾਈ ਹੇਠਲੇ ਉਸ ਦੇ ਰਾਜਸੀ ਪ੍ਰਤੀਨਿਧ ਅਮਰੀਕਾ ਦੇ ਇਸ ਝਾਂਸੇ ਵਿਚ ਫਸਦੇ ਜਾ ਰਹੇ ਹਨ। ਇਸ ਦਾ ਸਪਸ਼ਟ ਸਬੂਤ ਇਜ਼ਰਾਈਲ ਅਤੇ ਭਾਰਤ ਸਰਕਾਰ ਵਿਚ ਹੋ ਰਹੇ ਫੌਜੀ ਸਮਝੌਤੇ ਹਨ। ਪਹਿਲਾਂ ਜਿਹੜੇ ਫੌਜੀ ਸਮਝੌਤੇ ਗੁਪਤ ਰੂਪ ਵਿਚ ਕੀਤੇ ਜਾਂਦੇ ਸਨ, ਹੁਣ ਉਹ ਸ਼ਰੇਆਮ ਕੀਤੇ ਅਤੇ ਪ੍ਰਚਾਰੇ ਜਾ ਰਹੇ ਹਨ। ਇਜ਼ਰਾਈਲ ਦੀਆਂ ਖੁਫੀਆ ਏਜੰਸੀਆਂ ਦੀ ਕਸ਼ਮੀਰ ਵਿਚ ਹਾਜ਼ਰੀ ਹੁਣ ਕੋਈ ਗੁਪਤ ਗੱਲ ਨਹੀਂ ਰਹਿ ਗਈ। ਜ਼ਰੂਰੀ ਨਹੀਂ ਕਿ ਸਾਰੀ ਭਾਰਤੀ ਹੁਕਮਰਾਨ ਜਮਾਤ ਆਰæਐਸ਼ਐਸ਼ ਤੇ ਮੋਦੀ ਦੇ ਇਸ ਤਰਕ ਨਾਲ ਸਹਿਮਤ ਹੋਵੇ। ਪਰ ਹਾਲ ਦੀ ਘੜੀ ਭਾਰਤੀ ਹੁਕਮਰਾਨ ਜਮਾਤ ਇਸ ਪਾਸੇ ਹੀ ਵਧ ਰਹੀ ਹੈ। ਦੇਸ ਭਰ ਦੇ ਆਮ ਲੋਕਾਂ ਨੂੰ ਅਮਰੀਕਾ ਦੇ ਇਸ ਖਤਰਨਾਕ ਝਾਂਸੇ ਵਿਰੁਧ ਵਡੀ ਪਧਰ ਉਤੇ ਲਾਮਬੰਦ ਕਰਨ ਦੀ ਲੋੜ ਹੈ।
