ਪੰਜਾਬ ਦੀ ਕੋਇਲ ਸੁਰਿੰਦਰ ਕੌਰ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ; ਲੱਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ; ਚੰਨ ਵੇ ਕਿ ਸ਼ੌਂਕਣ ਮੇਲੇ ਦੀ; ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ; ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ਆਦਿ ਗੀਤ ਰਵਾਇਤੀ ਸਾਫ-ਸੁਥਰੀ ਪੰਜਾਬੀ ਗਾਇਕੀ ਦੇ ਪ੍ਰੇਮੀਆਂ ਦੇ ਕੰਨਾਂ ਵਿਚ ਹਮੇਸ਼ਾਂ ਗੂੰਜਦੇ ਰਹਿਣਗੇ। ਇਨ੍ਹਾਂ ਗੀਤਾਂ ਦੀ ਸੌਗਾਤ ਦੇਣ ਵਾਲੀ ਅਤੇ ਪੰਜਾਬੀ ਲੋਕ ਗਾਇਕੀ ਦੀ ਪਵਿੱਤਰਤਾ ਕਾਇਮ ਰੱਖਣ ਵਾਲੀ ਗਾਇਕਾ ਸੁਰਿੰਦਰ ਕੌਰ ਦਾ ਜਨਮ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ।

ਉਹ ਪੰਜ ਭੈਣਾਂ ਸਨ। ਮਾਪਿਆਂ ਨੇ ਸਭ ਦੇ ਨਾਮ ਸਿੱਖਾਂ ਵਰਗੇ ਰੱਖੇ। ਸੁਰਿੰਦਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਆਂਢ-ਗੁਆਂਢ ਜਾਂ ਰਿਸ਼ਤੇਦਾਰਾਂ ਦੇ ਘਰੀਂ ਵਿਆਹ-ਸ਼ਾਦੀ ਸਮਾਗਮਾਂ ਵਿਚ ਸੁਹਾਗ ਅਤੇ ਘੋੜੀਆਂ ਦੇ ਗੀਤ ਗਾਉਂਦੀ। ਬੱਸ, ਇਕ ਦਿਨ ਇਨ੍ਹਾਂ ਦੀ ਸੁਰੀਲੀ ਆਵਾਜ਼ ਲਾਹੌਰ ਰੇਡੀਓ ਸਟੇਸ਼ਨ ਤੱਕ ਪਹੁੰਚ ਗਈ।
ਅਗਸਤ 1943 ਵਿਚ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਰੇਡੀਓ ਤੋਂ ਗੀਤ ਗਾਇਆ-‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗੱਲੋੜੀਆਂ’। ਇਸ ਗੀਤ ਨੇ ਸਾਰੇ ਪੰਜਾਬ ਵਿਚ ਧੁੰਮਾਂ ਪਾ ਦਿੱਤੀਆਂ।
ਸੰਨ 1947 ਵਿਚ ਦੇਸ ਵੰਡ ਤੋਂ ਬਾਅਦ ਇਨ੍ਹਾਂ ਦਾ ਪਰਿਵਾਰ ਦਿੱਲੀ ਆ ਗਿਆ ਅਤੇ ਮਾਪਿਆਂ ਨੇ ਸੁਰਿੰਦਰ ਕੌਰ ਦਾ ਵਿਆਹ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ। ਸੋਢੀ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਦੇ ਲੈਕਚਰਰ ਸਨ। ਉਧਰ, ਲਾਹੌਰ ਤੋਂ ਫਿਲਮ ਇੰਡਸਟਰੀ ਵੀ ਮੁੰਬਈ ਤਬਦੀਲ ਹੋ ਗਈ। ਸੰਗੀਤਕਾਰ ਗੁਲਾਮ ਹੈਦਰ, ਜੋ ਲਾਹੌਰ ਤੋਂ ਹੀ ਸਿਰੰਦਰ ਕੌਰ ਦੀ ਆਵਾਜ਼ ਦੇ ਪਾਰਖੂ ਸਨ, ਨੇ ਉਨ੍ਹਾਂ ਨੂੰ ਮੁੰਬਈ ਬੁਲਾ ਲਿਆ ਅਤੇ ਹਿੰਦੀ ਫਿਲਮ ‘ਸ਼ਹੀਦ’ ਦੇ ਗਾਣੇ ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫ਼ਸਾਨਾ’, ‘ਆਨਾ ਹੈ ਤੋ ਆ ਜਾਓ’, ‘ਤਕਦੀਰ ਕੀ ਆਂਧੀ’ ਅਤੇ ‘ਹਮ ਕਹਾਂ ਔਰ ਤੁਮ ਕਹਾਂ’ ਰਿਕਾਰਡ ਕਰਵਾਏ।
1948 ਤੋਂ 1952 ਤੱਕ ਸੁਰਿੰਦਰ ਕੌਰ ਮੁੰਬਈ ਰਹੀ, ਫਿਰ ਉਹ ਦਿੱਲੀ ਵਾਪਸ ਆ ਗਈ। ਉਹਦੀ ਕਾਮਯਾਬੀ ਵਿਚ ਉਹਦੇ ਪਤੀ ਜੋਗਿੰਦਰ ਸਿੰਘ ਸੋਢੀ ਦਾ ਪੂਰਾ ਯੋਗਦਾਨ ਸੀ। ਉਹ ਹੀ ਉਸ ਦੇ ਗੀਤਾਂ ਦੀ ਚੋਣ ਕਰਦਾ। ਉਸ ਦੇ ਚੁਣੇ ਇਹ ਗੀਤ ਸੁਰਿੰਦਰ ਕੌਰ ਨੇ ਗਾਏ:
ਆਪਣੀ ਗਾਇਕੀ ਦੇ 60 ਸਾਲਾਂ ਦੇ ਕੈਰੀਅਰ ਵਿਚ ਸੁਰਿੰਦਰ ਕੌਰ ਨੇ ਬੁੱਲ੍ਹੇ ਸ਼ਾਹ, ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਕਈ ਸ਼ਾਇਰਾਂ ਦੇ ਗੀਤ, ਕਾਫ਼ੀਆਂ ਅਤੇ ਗਜ਼ਲਾਂ ਗਾਈਆਂ। ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜ਼ਾਦਿਆਂ ਬਾਰੇ ਨੂਰਪੁਰੀ ਦੇ ਦਰਦ ਭਰੇ ਗੀਤ ਗਾ ਕੇ ਸੁਰਿੰਦਰ ਕੌਰ ਨੇ ਸਿੱਖ ਜਗਤ ਵਿਚ ਆਪਣਾ ਵਖਰਾ ਨਾਂ ਪੈਦਾ ਕੀਤਾ। ਪੰਜਾਬੀ ਗਾਇਕੀ ਨਾਲ ਪਿਆਰ ਰਖਣ ਵਾਲੇ ਕਿਸ ਪੰਜਾਬੀ ਨੇ ਦਸ਼ਮੇਸ਼ ਪਿਤਾ ਅਤੇ ਉਨ੍ਹਾਂ ਦੇ ਸਾਹਿਬਜਾਦਿਆਂ ਬਾਰੇ ਉਸ ਦੇ ਇਹ ਗੀਤ ਨਹੀਂ ਸੁਣੇ ਹੋਣਗੇ:
ਮਾਛੀਵਾੜੇ ਵਿਚ ਬੈਠਾ ਸ਼ਹਿਨਸ਼ਾਹ ਜਹਾਨ ਦਾ,
ਹੱਥ ਵਿਚ ਖੰਡਾ ਪਿਛੇ ਢਾਸਣਾ ਕਮਾਨ ਦਾ।
*
ਕਿਥੇ ਮਾਤਾ ਤੋਰਿਆ ਏ ਅਜੀਤ ਤੇ ਜੁਝਾਰ ਨੂੰ,
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ।
*
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।
ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ, ਦੀਦਾਰ ਸੰਧੂ, ਰੰਗੀਲਾ ਜੱਟ, ਮੁਹੰਮਦ ਸਦੀਕ ਅਤੇ ਵਿਦਿਆ ਨਾਥ ਸੇਠ ਨਾਲ ਗਾਏ ਦੋ-ਗਾਣੇ ਆਪਣੇ ਸਮੇਂ ਸਿਖਰ ‘ਤੇ ਸਨ। ਸੰਨ 1948 ਤੋਂ ਬਾਅਦ ਆਲ ਇੰਡੀਆ ਰੇਡੀਓ ਜਲੰਧਰ ਤੋਂ ਐਤਵਾਰ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਵਿਚ ਲੋਕਾਂ ਦੀ ਫਰਮਾਇਸ਼ ‘ਤੇ ਅੱਧਾ ਕੁ ਘੰਟਾ ਕੇਵਲ ਲੋਕ ਗੀਤ ਹੀ ਸੁਣਾਏ ਜਾਂਦੇ ਸਨ ਜਿਸ ਵਿਚ ਹਰ ਹਫ਼ਤੇ ਵਾਰ-ਵਾਰ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਣਿਆਂ ਦੀ ਫਰਮਾਇਸ਼ ਲੋਕਾਂ ਵੱਲੋਂ ਕੀਤੀ ਜਾਂਦੀ। ਕੁਝ ਖਾਸ ਗਾਣਿਆਂ ਦੇ ਬੋਲ ਹਨ:
ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ,
ਗੜਵਾ ਲੈ ਦੇ ਚਾਂਦੀ ਦਾ।

ਬੋਤਾ ਹੌਲੀ ਤੋਰ ਮਿੱਤਰਾ,
ਵੇ ਮੇਰਾ ਨਰਮ ਕਾਲਜਾ ਧੜਕੇ।

ਜੁੱਤੀ ਕਸੂਰੀ ਪੈਰੀਂ ਨਾ ਪੂਰੀ,
ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ।

ਕੁੱਟ ਕੁੱਟ ਬਾਜਰਾ ਮੈਂ ਕੋਠੇ ਉਤੇ ਪਾਨੀ ਆਂ।

ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ,
ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਓ।

ਸੂਈ ਵੇ ਸੂਈ ਟੰਗੀ ਪੜਛੱਤੀ,
ਤੇਰੀ ਮਾਂ ਬੜੀ ਕੁਪੱਤੀ, ਬਾਲਮਾ ਸੂਈ ਵੇ।

ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ।

ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ,
ਕਰ ਛਤਰੀ ਦੀ ਛਾਂ ਮੈਂ ਛਾਵੇਂ ਬਹਿਨੀ ਆਂ।
ਸੰਨ 1980 ਦੇ ਲਾਗੇ ਸੁਰਿੰਦਰ ਕੌਰ ਨੇ ਬੜਾ ਧਮਾਕੇਦਾਰ ਗੀਤ ਪੇਸ਼ ਕੀਤਾ: ਘੁੰਡ ਚੁੱਕ ਕੇ ਜਦ ਕਿੱਕਲੀ ਮੈਂ ਪਾਈ ਰਾਤ ਨੂੰ, ਵੇ ਅੱਗ ਪਾਣੀਆਂ ‘ਚ ਹਾਣੀਆਂ ਮੈਂ ਲਾਈ ਰਾਤ ਨੂੰ। ਉਸ ਨੇ ਤਕਰੀਬਨ 2000 ਗਾਣੇ ਰਿਕਾਰਡ ਕਰਾਏ।
ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਜੋ ਭਾਰਤੀ ਕਮਿਊਨਿਸਟ ਪਾਰਟੀ ਦੀ ਦੇਖ-ਰੇਖ ਵਿਚ ਚਲਦਾ ਸੀ, ਨਾਲ ਮਿਲ ਕੇ ਸੁਰਿੰਦਰ ਕੌਰ ਬੇਆਰਾਮੀ ਝੱਲ ਕੇ ਵੀ ਛੋਟੇ-ਛੋਟੇ ਪਿੰਡਾਂ ਵਿਚ ਪ੍ਰੋਗਰਾਮਾਂ ‘ਤੇ ਜਾਂਦੀ ਰਹੀ। ਉਸ ਦਾ ਨਾਂ ਹੀ ਭੀੜ ਇਕੱਠੀ ਕਰਨ ਲਈ ਕਾਫ਼ੀ ਸੀ। 1976 ਵਿਚ ਪਤੀ ਜੋਗਿੰਦਰ ਸਿੰਘ ਸੋਢੀ ਦੀ ਮੌਤ ਨੇ ਸੁਰਿੰਦਰ ਕੌਰ ਨੂੰ ਬਹੁਤ ਕਮਜ਼ੋਰ ਕਰ ਦਿੱਤਾ।
ਸੁਰਿੰਦਰ ਕੌਰ ਨੂੰ ਪੰਜਾਬੀ ਸਾਹਿਤ ਵਿਚ ਪੂਰੀ ਦਿਲਚਸਪੀ ਸੀ। ਉਹਦੀ ਆਪਣੀ ਲਾਇਬ੍ਰੇਰੀ ਵਿਚ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ, ਦੀਵਾਨ ਸਿੰਘ ਕਾਲੇ ਪਾਣੀ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਦੀਆਂ ਕਿਤਾਬਾਂ ਮੌਜੂਦ ਸਨ। ਵਿਹਲੇ ਸਮੇਂ ਉਹ ਕੁਝ ਨਾ ਕੁਝ ਪੜ੍ਹਦੀ ਰਹਿੰਦੀ। ਉਹ ਪੰਚਕੂਲਾ ਵਿਖੇ ਆਪਣੀ ਬੇਟੀ ਡੌਲੀ ਗੁਲੇਰੀਆ ਨਾਲ ਰਹਿੰਦੀ ਰਹੀ।
ਸੁਰਿੰਦਰ ਕੌਰ ਨੂੰ ਆਪਣੀ ਗਾਇਕੀ ਦੇ ਬਲ ਬਹੁਤ ਸਾਰੇ ਮਾਣ-ਸਨਮਾਨ ਮਿਲੇ। ਸੰਨ 2002 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਸ ਨੂੰ ਡਾਕਟਰਰੇਟ ਦੀ ਆਨਰੇਰੀ ਡਿਗਰੀ ਦਿਤੀ। ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਨੇ ਉਸ ਦਾ ਪੰਜਾਬੀ ਲੋਕ ਸੰਗੀਤ ਲਈ ਸਨਮਾਨ ਕੀਤਾ। ਸੰਨ 2006 ਵਿਚ ਉਸ ਨੂੰ ਪਦਮਸ੍ਰੀ ਐਵਾਰਡ ਮਿਲਿਆ ਜਿਸ ਬਾਰੇ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਐਵਾਰਡ ਲਈ ਉਸ ਦਾ ਨਾਂ ਪੰਜਾਬ ਸਰਕਾਰ ਨੇ ਨਹੀਂ, ਬਲਕਿ ਹਰਿਆਣਾ ਸਰਕਾਰ ਨੇ ਭੇਜਿਆ ਸੀ।
ਮਈ 1993 ਤੋਂ ਅਕਤੂਬਰ ਤੱਕ ਉਹ ਨਿਊ ਜਰਸੀ (ਅਮਰੀਕਾ) ਵਿਚ ਆਪਣੀ ਬੇਟੀ ਪਾਸ ਰਹੀ। ਨਿਊ ਜਰਸੀ ਅਤੇ ਸ਼ਿਕਾਗੋ ਵਿਖੇ ਪੰਜਾਬੀ ਭਾਈਚਾਰੇ ਨੇ ਉਸ ਦਾ ਸ਼ਾਨਦਾਰ ਢੰਗ ਨਾਲ ਸਨਮਾਨ ਕੀਤਾ। 15 ਜੂਨ 2006 ਨੂੰ ਨਿਊ ਜਰਸੀ ਦੇ ਇਕ ਹਸਪਤਾਲ ਵਿਚ ਉਹ ਇਸ ਜਗਤ ਨੂੰ ਅਲਵਿਦਾ ਕਹਿ ਗਈ ਅਤੇ ਸਾਡੇ ਲਈ ਰਵਾਇਤੀ ਗਾਇਕੀ ਦਾ ਅਜਿਹਾ ਖ਼ਜ਼ਾਨਾ ਛੱਡ ਗਈ ਜੋ ਸਾਨੂੰ ਮੌਜੂਦਾ ਸਮੇਂ ਦੀ ਮਤਲਬਹੀਣ ਗਾਇਕੀ ਦੀ ਹਵਾੜ ਤੋਂ ਬਚਾ ਸਕਦਾ ਹੈ।