ਨਾਨਕ ਸ਼ਾਹ ਫਕੀਰ’ ਨੂੰ ਵਿਵਾਦਾਂ ਦਾ ਘੇਰਾ

ਹਿੰਦੀ ਫਿਲਮ Ḕਨਾਨਕ ਸ਼ਾਹ ਫਕੀਰḔ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਕਿ ਫਿਲਮ ਵਿਚ ਗੁਰੂ ਨਾਨਕ ਦਾ ਕਿਰਦਾਰ, ਕਿਸੇ ਅਦਾਕਾਰ ਵਲੋਂ ਨਿਭਾਇਆ ਦਿਖਾਇਆ ਗਿਆ ਹੈ ਜੋ ਸਿੱਖ ਰਵਾਇਤਾਂ ਦੀ ਉਲੰਘਣਾ ਹੈ।

ਇਹ ਫਿਲਮ 17 ਅਪਰੈਲ ਨੂੰ ਰਿਲੀਜ਼ ਕੀਤੀ ਜਾ ਰਹੀ ਹੈ ਅਤੇ ਇਸ ਦਾ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਤੇ ਫਿਲਮ ਦੇ ਹੋਰ ਕਲਾਕਾਰ ਅੱਜ ਕੱਲ੍ਹ ਫਿਲਮ ਦੇ ਪ੍ਰਚਾਰ ਲਈ ਨਿਕਲੇ ਹੋਏ ਹਨ। ਨਿਰਮਾਤਾ ਦਾ ਕਹਿਣਾ ਹੈ ਕਿ ਇਸ ਫਿਲਮ ਵਿਚ ਸਿੱਖ ਰਵਾਇਤਾਂ ਬਾਰੇ ਕੋਈ ਕੋਤਾਹੀ ਨਹੀਂ ਵਰਤੀ ਗਈ ਹੈ, ਫਿਲਮ ਦੀ ਸਾਰੀ ਕਹਾਣੀ ਬਾਬੇ ਨਾਨਕ ਦੇ ਸੰਗੀ-ਸਾਥੀ ਮਰਦਾਨਾ ਰਾਹੀਂ ਸੁਣਾਈ ਗਈ ਹੈ ਅਤੇ ਫਿਲਮ ਗੁਰੂ ਨਾਨਕ ਦੀਆਂ ਸਿਖਿਆਵਾਂ ਉਤੇ ਆਧਾਰਤ ਹੈ।
ਦੂਜੇ ਬੰਨੇ ਫਿਲਮ ਉਤੇ ਇਤਰਾਜ਼ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਭਾਵੇਂ ਮਰਦਾਨਾ ਹੀ ਸੁਣਾ ਰਿਹਾ ਹੈ ਪਰ ਫਿਲਮ ਦਾ ਜੋ ਟਰੇਲਰ ਰਿਲੀਜ਼ ਕੀਤਾ ਗਿਆ ਹੈ, ਉਸ ਵਿਚ ਮਰਦਾਨੇ ਅਤੇ ਬਾਬੇ ਨਾਨਕ ਨੂੰ ਇਕੱਠੇ ਤੁਰਦਿਆਂ ਦਿਖਾਇਆ ਗਿਆ ਹੈ। ਗੌਰਤਲਬ ਹੈ ਕਿ ਫਿਲਮਾਂ ਵਿਚ ਸਿੱਖ ਗੁਰੂਆਂ ਦੇ ਕਿਰਦਾਰ ਦਿਖਾਉਣ ਬਾਰੇ ਪਹਿਲਾਂ ਵੀ ਇਤਰਾਜ਼ ਉਠਦੇ ਰਹੇ ਹਨ। ਕੁਝ ਲੋਕਾਂ ਨੇ ਤਾਂ ਪਿਛੇ ਜਿਹੇ ਰਿਲੀਜ਼ ਹੋਈ ਐਨੀਮੇਸ਼ਨ ਫਿਲਮ Ḕਚਾਰ ਸਾਹਿਬਜ਼ਾਦੇḔ ਉਤੇ ਵੀ ਇਤਰਾਜ਼ ਕੀਤਾ ਸੀ; ਹਾਲਾਂਕਿ ਇਸ ਫਿਲਮ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਸਿੱਖੀ ਬਾਰੇ ਬਹੁਤ ਸੋਹਣੇ ਢੰਗ ਨਾਲ ਬਿਰਤਾਂਤ ਪੇਸ਼ ਕੀਤਾ ਗਿਆ ਸੀ। ਕੁਝ ਸਿੱਖ ਵਿਦਵਾਨਾਂ ਦਾ ਇਸ ਬਾਰੇ ਕਹਿਣਾ ਹੈ ਕਿ ਕਿਸੇ ਵੀ ਕਲਾ-ਰਚਨਾ ਦਾ ਵਧੇਰੇ ਜ਼ੋਰ ਸਿੱਖੀ ਅਤੇ ਸਿੱਖੀ ਜੀਵਨ ਜਾਚ ਉਤੇ ਹੋਣਾ ਚਾਹੀਦਾ ਹੈ। ਨਿਰਮਾਤਾ ਹਰਿੰਦਰ ਸਿੰਘ ਸਿੱਕਾ ਮੁਤਾਬਕ, ਉਨ੍ਹਾਂ ਇਹ ਫਿਲਮ ਬਾਬੇ ਨਾਨਕ ਦੀਆਂ ਸਿਖਿਆਵਾਂ ਦੇ ਪ੍ਰਚਾਰ ਲਈ ਬਣਾਈ ਹੈ ਅਤੇ ਫਿਲਮ ਲਈ ਚੋਟੀ ਦੇ ਕਲਾਕਾਰਾਂ ਤੋਂ ਕੰਮ ਕਰਵਾਇਆ ਹੈ। ਫਿਲਮ ਵਿਚ ਮਸ਼ਹੂਰ ਅਦਾਕਾਰ ਆਰਿਫ ਜ਼ਕਾਰੀਆ ਨੇ ਬਾਬੇ ਨਾਨਕ ਦੇ ਸਾਥੀ ਮਰਦਾਨੇ ਦਾ ਕਿਰਦਾਰ ਨਿਭਾਇਆ ਹੈ। ਇਸੇ ਤਰ੍ਹਾਂ ਬੇਬੇ ਨਾਨਕੀ ਦੇ ਰੋਲ ਵਿਚ ਪੁਨੀਤ ਸਿੱਕਾ ਦਿਸਦੀ ਹੈ। ਫਿਲਮ ਦਾ ਸੰਗੀਤ ਉਤਮ ਸਿੰਘ ਨੇ ਤਿਆਰ ਕੀਤਾ ਹੈ। ਉਤਮ ਸਿੰਘ ਦਾ ਦਾਅਵਾ ਹੈ ਕਿ ਫਿਲਮ ਵਿਚ ਸਭ ਸ਼ਬਦ ਰਾਗਾਂ ਉਤੇ ਆਧਾਰਤ ਹਨ। ਫਿਲਮ ਦੇ ਸੰਗੀਤ ਲਈ ਆਸਕਰ ਇਨਾਮ ਜੇਤੂ ਸੰਗੀਤ ਮਾਸਟਰ ਰਸੂਲ ਫੁਕੁਟੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ।
ਫਿਲਮ ਬਾਬਤ ਛਿੜੇ ਵਿਵਾਦ ਬਾਰੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਦਾ ਮਕਸਦ ਕੋਈ ਵਿਵਾਦ ਪੈਦਾ ਕਰਨਾ ਨਹੀਂ; ਉਹ ਤਾਂ ਫਿਲਮ ਫੀਲਡ ਦੇ ਬੰਦੇ ਵੀ ਨਹੀਂ ਹਨ। ਉਨ੍ਹਾਂ ਦੀ ਤਾਂ ਇਕ ਹੀ ਮਨਸ਼ਾ ਸੀ ਕਿ ਆਪਾ-ਧਾਪੀ ਦੇ ਇਸ ਦੌਰ ਵਿਚ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਫਿਲਮ ਰਾਹੀਂ ਪ੍ਰਚਾਰਿਆ ਜਾਵੇ।
-ਜਗਜੀਤ ਸਿੰਘ ਸੇਖੋਂ