ਹਈਸ਼ਾ ਵਾਲੀ ਭੂਮੀ ਦੀ ਕਮਾਲ

ਕੀਰਤ ਕਾਸ਼ਣੀ
ਹਿੰਦੀ ਫਿਲਮਾਂ ਵਿਚ ਹੀਰੋਇਨਾਂ ਦੀ ਕਤਾਰ ਵਿਚ ਅੱਗੇ ਹੋ ਕੇ ਖਲੋਣ ਵਾਲੀ ਨਵੀਂ ਅਦਾਕਾਰਾ ਭੂਮੀ ਪੜਨੇਕਰ ਲਈ ਇਹ ਦਰਵਾਜ਼ੇ ਅਚਾਨਕ ਖੁੱਲ੍ਹੇ ਹਨ। ਆਪਣੀ ਪਹਿਲੀ ਹੀ ਫਿਲਮ Ḕਦਮ ਲਗਾ ਕੇ ਹਾਈਸ਼ਾḔ ਵਿਚ ਉਸ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਲਿਆ ਹੈ ਅਤੇ ਅੱਜ ਕੱਲ੍ਹ ਉਹ ਖੁਦ ਹੀ ਨਹੀਂ, ਉਹਦੇ ਟੱਬਰ ਦੇ ਸਾਰੇ ਜੀਅ ਖੁਸ਼ ਹਨ।

ਇਸ ਫਿਲਮ ਵਿਚ ਭੂਮੀ ਨੇ ਹਰਿਦਵਾਰ ਰਹਿੰਦੀ ਵਿਆਹੁਤਾ ਮੁਟਿਆਰ ਸੰਧਿਆ ਦਾ ਕਿਰਦਾਰ ਨਿਭਾਇਆ ਹੈ ਜੋ ਮੱਧ-ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਕਿਰਦਾਰ ਖਾਤਰ ਉਸ ਨੇ ਆਪਣਾ ਭਾਰ ਤਕਰੀਬਨ 25 ਕਿਲੋ ਵਧਾਇਆ। ਫਿਲਮ ਦੀ ਕਹਾਣੀ ਮੁਤਾਬਕ ਸੰਧਿਆ, ਜ਼ਰਾ ਭਾਰੇ ਜਿਸਮ ਵਾਲੀ ਕੁੜੀ ਹੈ ਜਿਸ ਦਾ ਵਿਆਹ ਫਿਲਮ ਦੇ ਹੀਰੋ ਪ੍ਰਕਾਸ਼ ਤਿਵਾੜੀ (Ḕਵਿੱਕੀ ਡੋਨਰḔ ਫੇਮ ਅਦਾਕਾਰ ਆਯੂਸ਼ਮਾਨ ਖੁਰਾਨਾ) ਨਾਲ ਹੋ ਜਾਂਦਾ ਹੈ। ਪ੍ਰਕਾਸ਼ ਆਪਣੀ ਪਤਨੀ ਨੂੰ ਨਾ-ਪਸੰਦ ਕਰਦਾ ਹੈ, ਕਿਉਂਕਿ ਇਹ ਰਿਸ਼ਤਾ ਉਸ ਦੀ ਮਰਜ਼ੀ ਦੇ ਉਲਟ ਹੋਇਆ ਸੀ। ਇਕ ਵਾਰ ਤਾਂ ਗੱਲ ਦੋਹਾਂ ਦੇ ਤੋੜ-ਵਿਛੋੜੇ ਤੱਕ ਜਾ ਪੁੱਜਦੀ ਹੈ, ਪਰ ਸੰਧਿਆ ਆਪਣੇ ਪਤੀ ਦਾ ਪਿਆਰ ਹਾਸਲ ਕਰਨ ਲਈ ਬੜੇ ਤਰੱਦਦ ਕਰਦੀ ਹੈ ਅਤੇ ਆਖਰਕਾਰ ਜਿੱਤ ਸੰਧਿਆ ਦੀ ਹੁੰਦੀ ਹੈ। ਉਹ ਪ੍ਰਕਾਸ਼ ਦਾ ਪਿਆਰ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ।
ਐਨ ਇਸੇ ਤਰ੍ਹਾਂ ਭੂਮੀ ਪੜਨੇਕਰ ਵੀ ਫਿਲਮ ਦੁਨੀਆਂ ਵਿਚ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋ ਗਈ ਹੈ, ਉਹ ਵੀ ਬੜੇ ਧੜੱਲੇ ਨਾਲ। ਇਸ ਫਿਲਮ ਲਈ ਉਸ ਨੂੰ ਸਿਰਫ ਸ਼ਾਬਾਸ਼ੀ ਹੀ ਨਹੀਂ ਮਿਲੀ ਸਗੋਂ ਯਸ਼ਰਾਜ ਫਿਲਮਜ਼ ਜਿਸ ਨੇ ਇਹ ਫਿਲਮ ਬਣਾਈ ਹੈ, ਦੀਆਂ ਤਿੰਨ ਹੋਰ ਫਿਲਮਾਂ ਵਿਚ ਉਸ ਨੂੰ ਕੰਮ ਮਿਲ ਗਿਆ ਹੈ। ਅਸਲ ਵਿਚ ਯਸ਼ਰਾਜ ਫਿਲਮਜ਼ ਵਾਲਿਆਂ ਨੇ ਲੀਹ ਤੋਂ ਹਟ ਕੇ ਬਣਾਈ ਇਸ ਫਿਲਮ ਲਈ ਹਰ ਪੱਧਰ ‘ਤੇ ਜੋਖਮ ਉਠਾਇਆ। ਜਦੋਂ ਇਸ ਫਿਲਮ ਦੀ ਪੇਸ਼ਕਸ਼ ਭੂਮੀ ਪੜਨੇਕਰ ਕੋਲ ਆਈ ਤਾਂ ਉਸ ਨੇ ਇਸ ਪੇਸ਼ਕਸ਼ ਨੂੰ ਵੰਗਾਰ ਵਜੋਂ ਲਿਆ ਅਤੇ ਫਿਲਮ ਦੇ ਆਦਿ ਤੋਂ ਅੰਤ ਤੱਕ ਖੂਬ ਮਿਹਨਤ ਕੀਤੀ। ਉਸ ਦੀ ਇਹੀ ਮਿਹਨਤ ਅਤੇ ਲਗਨ ਆਖਰਕਾਰ ਰੰਗ ਲਿਆਈ, ਤੇ ਫਿਲਮ ਦੁਨੀਆਂ ਵਿਚ ਉਸ ਦੀ ਗੱਡੀ ਚੱਲ ਨਿਕਲੀ।
ਭੂਮੀ ਪੜਨੇਕਰ ਯਸ਼ਰਾਜ ਫਿਲਮਜ਼ ਨਾਲ ਜੁੜੀ ਕਾਸਟਿੰਗ ਡਾਇਰੈਕਟਰ ਸ਼ਾਨੂੰ ਸ਼ਰਮਾ ਨਾਲ ਬਤੌਰ ਅਸਿਸਟੈਂਟ ਪਿਛਲੇ ਛੇ ਸਾਲ ਤੋਂ ਕੰਮ ਕਰ ਰਹੀ ਹੈ। ਉਹਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਉਹ ਫਿਲਮਾਂ ਵਿਚ ਹੀਰੋਇਨ ਬਣੇਗੀ। ਮੁੰਬਈ ਵਿਚ ਜੰਮੀ ਭੂਮੀ ਨੇ ਆਪਣੀ ਪੜ੍ਹਾਈ ਮੁੰਬਈ ਵਿਚ ਹੀ ਪੂਰੀ ਕੀਤੀ ਸੀ। ਇਸ ਫਿਲਮ ਨੇ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਦਾ ਧਿਆਨ ਹੀ ਨਹੀਂ ਖਿੱਚਿਆ ਸਗੋਂ ਬਾਕਸ ਆਫਿਸ ਉਤੇ ਵੀ ਖੂਬ ਕਮਾਈ ਕੀਤੀ ਹੈ। ਇਹ ਫਿਲਮ ਹੁਣ ਤੱਕ 25 ਕਰੋੜ ਰੁਪਏ ਕਮਾ ਚੁੱਕੀ ਹੈ ਤੇ ਇਸ ਉਤੇ ਕੁੱਲ 15 ਕਰੋੜ ਰੁਪਏ ਲੱਗੇ ਸਨ। ਭੂਮੀ ਪੜਨੇਕਰ ਇਸ ਫਿਲਮ ਦੀ ਸਫਲਤਾ ਤੋਂ ਉਤਸ਼ਾਹ ਵਿਚ ਹੈ। ਉਸ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਲੀਹ ਤੋਂ ਹਟਵੀਆਂ ਫਿਲਮਾਂ ਕਰੇਗੀ। ਯਸ਼ਰਾਜ ਫਿਲਮਜ਼ ਨਾਲ ਵੀ ਜਿਨ੍ਹਾਂ ਤਿੰਨ ਫਿਲਮਾਂ ਦਾ ਕੰਟਰੈਕਟ ਹੋਇਆ ਹੈ, ਉਨ੍ਹਾਂ ਦੀਆਂ ਕਹਾਣੀਆਂ ਵੀ ‘ਦਮ ਲਗਾ ਕੇ ਹਈਸ਼ਾ’ ਵਾਂਗ ਵੱਖਰੀਆਂ ਹੀ ਹਨ। ਉਹ ਦੱਸਦੀ ਹੈ ਕਿ ਕਾਸਟਿੰਗ ਡਾਇਰੈਕਟਰ ਸ਼ਾਨੂੰ ਸ਼ਰਮਾ ਨਾਲ ਬਤੌਰ ਅਸਿਸਟੈਂਟ ਕੰਮ ਕਰਦਿਆਂ ਉਹਨੇ ਫਿਲਮ ਲਾਈਨ ਬਾਰੇ ਬੜਾ ਕੁਝ ਸਿਖਿਆ ਹੈ ਅਤੇ ਉਹ ਇਸ ਤਜਰਬੇ ਦੇ ਆਧਾਰ ਉਤੇ ਹੀ ਆਪਣੇ ਫਿਲਮ ਕਰੀਅਰ ਨੂੰ ਅੱਗੇ ਵਧਾਏਗੀ। ਉਹ ਹੁੱਬ-ਹੁੱਬ ਕਹਿੰਦੀ ਹੈ, “ਫਿਲਮ ਜਗਤ ਵਿਚ ਮੈਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਅਚਾਨਕ ਮੌਕਾ ਮਿਲਿਆ ਹੈ। ਮੈਂ ਸਾਬਤ ਕਰਾਂਗੀ ਕਿ ਮੈਂ ਵੀ ਕੁਝ ਕਰ ਸਕਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਫਿਲਮੀ ਦੁਨੀਆਂ ਵਿਚ ਮਿਸਾਲ ਬਣਾਂ ਅਤੇ ਆਉਣ ਵਾਲੇ ਨਵੇਂ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਬਣਾਂ।” ਭੂਮੀ ਪੜਨੇਕਰ ਦੀ ਮਾਂ ਦੱਸਦੀ ਹੈ ਕਿ ਭੂਮੀ ਪੜਨੇਕਰ ਕੋਈ ਵੀ ਕੰਮ ਜਨੂੰਨ ਦੀ ਹੱਦ ਤੱਕ ਜਾ ਕੇ ਕਰਦੀ ਹੈ। ਉਹ ਜੁ ਕੁਝ ਵੀ ਠਾਣ ਲੈਂਦੀ ਹੈ, ਉਹਨੂੰ ਪੂਰਾ ਕਰ ਬਗੈਰ ਫਿਰ ਸਾਹ ਨਹੀਂ ਲੈਂਦੀ। ਹੁਣ ਦੇਖਣਾ ਹੈ ਕਿ ਭੂਮੀ, ਫਿਲਮੀ ਦੁਨੀਆਂ ਦੇ ਘੜਮੱਸ ਵਿਚ ਕਿੰਨਾ ਕੁ ਵੱਖਰਾ ਹੋ ਕੇ ਤੁਰਦੀ ਹੈ ਅਤੇ ਇਸ ਵਿਚ ਕਿੰਨੀਆਂ ਨਵੀਆਂ ਪੈੜਾਂ ਪਾਉਂਦੀ ਹੈ।