ਜੁਆਲਾ ਮਜ਼੍ਹਬੀ

ਸਿਆਣਿਆਂ ਸੱਚ ਆਖਿਆ ਹੈ ਕਿ ਗਰੀਬੀ ਆਪਣੇ-ਆਪ ਵਿਚ ਇਕ ਸਰਾਪ ਹੈ। ਸਾਡੇ ਸਮਾਜ ਦਾ ਤਾਣਾ-ਬਾਣਾ ਹੀ ਕੁਝ ਅਜਿਹਾ ਹੈ ਕਿ ਗਰੀਬ ਨੂੰ ਜੋਰਾਵਰ ਨੇ ਹਮੇਸ਼ਾਂ ਹੀ ਲਿਤਾੜਿਆ ਹੈ। ਮਿਹਨਤੀ ਗਰੀਬ ਕਾਮੇ ਦੀਆਂ ਭਾਵਨਾਵਾਂ ਤੇ ਉਸ ਦੀਆਂ ਰੀਝਾਂ ਦਾ ਕੋਈ ਖਿਆਲ ਨਹੀਂ ਕਰਦਾ ਅਤੇ ਬਹੁਤੀ ਵਾਰੀ ਗਰੀਬ ਦੀਆਂ ਰੀਝਾਂ ਦਾ ਘਾਣ ਹੀ ਹੁੰਦਾ ਹੈ, ਕਈ ਵਾਰ ਤਾਂ ਰੀਝਾਂ ਦਾ ਹੀ ਨਹੀਂ ਖੁਦ ਗਰੀਬ ਦਾ ਵੀ ਘਾਣ ਹੋ ਜਾਂਦਾ ਹੈ।

ਅਜਿਹਾ ਕੁਝ ਹੀ ਵਾਪਰਦਾ ਹੈ, ਮੀਤ ਖਟੜਾ ਦੀ ਇਸ ਬਹੁਤ ਹੀ ਮਾਰਮਿਕ ਕਹਾਣੀ ਦੇ ਮੁਖ ਪਾਤਰ ਜੁਆਲੇ ਮਜ੍ਹਬੀ ਨਾਲ। -ਸੰਪਾਦਕ

ਮੀਤ ਖੱਟੜਾ
ਲੰਗਰ ਵਿਚ ਪਏ ਰੌਲੇ ਨੂੰ ਸੁਣ ਕੇ ਅਜੈਬ ਨੂੰ ਕੋਈ ਹੈਰਾਨੀ ਨਾ ਹੋਈ। ਉਸ ਨੂੰ ਪਤਾ ਸੀ ਕਿ ਜੁਆਲੇ ਮਜ਼੍ਹਬੀ ਤੋਂ ਬਿਨਾਂ ਭਲਾ ਹੋਰ ਕੌਣ ਲੜ ਸਕਦੈ। ਕਿਸੇ ਨੇ ਦੁਖਾ’ਤੀ ਹੋਊ ਉਹਦੀ ਅਣਖ। ਫਿਰ ਵੀ ਜਾਨਣ ਲਈ ਉਹ ਲੰਗਰ ਵੱਲ ਨੂੰ ਹੋ ਤੁਰਿਆ। ਕੋਲ ਜਾ ਕੇ ਵੇਖਿਆ ਤਾਂ ਉਹੀ ਗੱਲ ਹੋਈ। ਜੁਆਲਾ ਭੁੜਕ-ਭੁੜਕ ਕੇ ਹੌਲਦਾਰ ਦਾ ਗਲਮਾ ਫੜਨ ਤੱਕ ਜਾ ਰਿਹਾ ਸੀ। ਅਜੈਬ ਨੂੰ ਵੇਖ ਕੇ ਉਹ ਹੋਰ ਭੜਕ ਉਠਿਆ।
“ਹੁਣ ਆਓ ਓਏ ਮੇਰਿਓ ਸਾਲਿਓ। ਦੇਖੀਏ ਥੋਨੂੰ।”
“ਕੀ ਹੋ ਗਿਆ?”
“ਹੋਣਾ ਕੀ ਸੀ ਜੈਬ ਸਿਅ੍ਹਾਂ। ਮੈਂ ਵਾਰੀ ਸਿਰ ਆਪਦੀ ਰੋਟੀ ਲੈ ਰਿਹਾ ਸੀ। ਆਹ ਅਲਾਲਾਂ ਵਾਲਾ ਵੱਡਾ ਬਰਿਆੜ ਮੇਰੇ ਮੂਹਰੇ ਦੀ ਹੋ ਕੇ ਆ ਗਿਆ। ਮੈਂ ਸਰਸਰੀ ਕਹਿ ਦਿੱਤਾ ਬਈ ਲਾਈਨ ‘ਚ ਸਾਰੇ ਈ ਬੈਠੇ ਆਂ। ਮੇਰੇ ਪਤਿਉਰੇ ਦੇ ਨੇ ਮੂੰਹ ‘ਤੇ ਥੱਪੜ ਮਾਰਿਆ। ਉਲਟਾ ਆਹ ਹੌਲਦਾਰ ਇਹਦੀ ਮਦਦ ਕਰਦੈ।”
ਵਿਚ ਪੈ ਕੇ ਸਾਰਾ ਮਾਮਲਾ ਰਫਾ-ਦਫਾ ਹੋ ਗਿਆ ਸੀ। ਸਾਰੇ ਕੈਦੀ ਤੇ ਹਵਾਲਾਤੀ ਆਪੋ-ਆਪਣੀਆਂ ਬੈਰਕਾਂ ਵੱਲ ਨੂੰ ਹੋ ਤੁਰੇ। ਜੁਆਲਾ ਅੱਗ ਵਾਂਗੂੰ ਬਲਦਾ ਅਜੈਬ ਦੇ ਨਾਲ ਹੋ ਤੁਰਿਆ।
“ਵੱਡੇ ਵੀਰ! ਲੜਿਆ ਨਾ ਕਰ। ਏਥੇ ਸੁਪਰਡੈਂਟ ਤੋਂ ਲੈ ਕੇ ਥੱਲੇ ਤੱਕ ਸਾਰਾ ਆਵਾ ਈ ਊਤਾਂ ਦਾ। ਕੀਹਦੇ-ਕੀਹਦੇ ਨਾਲ ਲੜੇਂਗਾ? ਇਥੇ ਤਾਂ ਲੱਖਾਂ ਦੇ ਘਪਲੇ ਨੇ। ਸਾਰਾ ਉਪਰੋਂ ਈ ਮੀਂਹ ਆਂਗੂੰ ਵਰ੍ਹਦੈ। ਜਾਣ ਕੇ ਆਪਾਂ ਕੀ ਲੈਣੈਂ।” ਅਜੈਬ ਨੇ ਬੜੀ ਸਿਆਣਪ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਬਾਈ ਕੀ ਕਰਾਂ? ਜਰ ਨੀ ਹੁੰਦਾ। ਬਹੁਤ ਵਾਰੀ ਸੋਚੀਦਾ ਕੀ ਲੈਣਾ। ਪਰæææਆਹ ਪਰਸੋਂ ਈ ਦੇਖ ਲੈ ਰੋਟੀਆਂ ਦੀ ਗੱਲ। ਬੰਦਾ ਸਹੁਰਾ ਰਾਜੀ ਕਿਵੇਂ ਰਹੂ। ਪਤਾ ਨੀ ਕਿੰਨੇ ਦਿਨਾਂ ਦੀ ਬੇਹੀ ਦਾਲ ਹੋਊ। ਜੇ ਜਰਾ ਕੁ ਸੱਚ ਕਹਿ-ਤਾ ਤਾਂ ਸਾਲਾ ਡਿਪਟੀ ਕਿਮੇਂ ਗਿੱਠ-ਗਿੱਠ ਟੱਪਦਾ ਸੀ। ਮੈਂ ਅਹਿ ਕਰ ਦੂੰ ਮੈਂ ਅਹੁ ਕਰਦੂੰ। ਲੁਟੇਰੇ ਕਿਸੇ ਥਾਂ ਦੇ!”
ਅਜੇ ਥੋੜ੍ਹੇ ਦਿਨ ਹੀ ਬੀਤੇ ਸਨ, ਡਿਪਟੀ ਦੇ ਕਮਰੇ ਦੀ ਬਾਰੀ ਕੋਲ ਫਿਰ ਜੁਆਲਾ ਭਾਂਬੜ ਬਣਿਆ ਖੜ੍ਹਾ ਸੀ।
“ਓਏ ਵੱਡਿਆ ਡਿਪਟੀਆ! ਓਏ ਆਹ ਤੇਰੇ ਪਿਓ ਲਗਦੇ ਨੇ। ਓਏ ਇਨ੍ਹਾਂ ਦੀਆਂ ਮੁਲਾਕਾਤਾਂ ਕਮਰੇ ‘ਚ ਕਰਾਉਨਾਂ। ਇਨ੍ਹਾਂ ਨੂੰ ਮੀਟ, ਸ਼ਰਾਬ, ਭੁੱਕੀ, ਫੀਮ, ਗੋਲੀਆਂ ਪਤਾ ਨੀ ਕੀ-ਕੀ ਲਿਆ ਕੇ ਦਿੰਨੈਂ। ਭੁੱਕੀ ਦੇ ਟਰੱਕ ‘ਚ ਅੰਦਰ ਨੇ। ਓਏ ਕਾਨੂੰਨ ਤਾਂ ਸਾਰਿਆਂ ਲਈ ਆ। ਜਿਹੜੇ ਥੋਡੇ ਮੂੰਹ ‘ਚ ਹੱਡ ਦਿੰਦੇ ਆ ਨਾ, ਗੋਲੇ ਓਂ ਗੋਲੇ ਉਨ੍ਹਾਂ ਦੇ। ਸਾਲਾ ਗਰੀਬ ਤਾਂ ਜੇਲ੍ਹ ‘ਚ ਬੀ ਗਰੀਬ ਆ।”
“ਓਏ ਜ਼ਬਾਨ ਬੰਦ ਕਰਦੈਂ ਕਿ ਨਹੀਂ? ਸਾਲੇ ਦੇ ਗੋਲੀ ਮਾਰ ਦੂੰ। ਝੜੰਮ ਜਾਤ ਲੈ ਮਸਤਣ ਲੱਗੀ ਆ। ਕਾਨੂੰਨ ਸਮਝਾਉਣ ਲੱਗਿਆ ਮੈਨੂੰ। ਕੋਈ ਨੀ ਕਰਦੇ ਆਂ ਤੇਰਾ ਵੀ ਕੋਈ ਪ੍ਰਬੰਧ।” ਡਿਪਟੀ ਗੁੱਸੇ ‘ਚ ਲਾਲ ਪੀਲਾ ਹੋ ਗਿਆ।
“ਕਰਦੇ ਆਂ ਤੇਰਾ ਵੀ ਕੋਈ ਪ੍ਰਬੰਧ।” ਇਹ ਸ਼ਬਦ ਦੂਰੋਂ ਆਉਂਦੇ ਅਜੈਬ ਦੇ ਕੰਨਾਂ ਵਿਚ ਬੰਬ ਵਾਂਗੂੰ ਫਟੇ।
ਉਹ ਜੁਆਲੇ ਨੂੰ ਪੁਚਕਾਰਦਾ ਬੈਰਕਾਂ ਵੱਲ ਲੈ ਗਿਆ। ਉਹ ਡਿਪਟੀ ਦੇ ਕਹੇ ਸ਼ਬਦ, “ਕਰਦੇ ਆਂ ਤੇਰਾ ਵੀ ਕੋਈ ਪ੍ਰਬੰਧ” ਦੇ ਅਰਥਾਂ ਵਿਚ ਗੁਆਚਾ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਸੀ। ਅਜੇ ਪਿਛਲੇ ਹਫਤੇ ਹੀ ਤਾਂ ਘੁਤਰੇ ਸੁਨਿਆਰ ਦੇ ਕਰੰਟ ਲਾ ਕੇ ਪ੍ਰਬੰਧ ਕੀਤਾ ਸੀ। ਉਸ ਵਿਚਾਰੇ ਨੇ ਤਾਂ ਇਕ ਦਿਨ ਜੇਲ੍ਹ ‘ਚ ਦੌਰੇ ‘ਤੇ ਆਏ ਜੱਜ ਸਾਹਮਣੇ ਇਥੇ ਹੁੰਦੀਆਂ ਵਧੀਕੀਆਂ ਦਾ ਕੱਚਾ ਚਿੱਠਾ ਈ ਤਾਂ ਪੇਸ਼ ਕੀਤਾ ਸੀ।
“ਨਾ ਲੜਿਆ ਕਰ ਵੱਡੇ ਵੀਰ। ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦੈ। ਐਵੇਂ ਆਪਣਾ ਈ ਖੂਨ ਸਾੜੀ ਜਾਨੈਂ। ਉਲਟੀ ਅਫਸਰਾਂ ਨਾਲ ਦੁਸ਼ਮਣੀ। ਅੰਦਰ ਇਨ੍ਹਾਂ ਲਗਾੜਿਆਂ ਨਾਲ ਅੱਡ ਵੈਰ। ਓਏ ਇਨ੍ਹਾਂ ਦੀਆਂ ਤਾਂ ਮੰਤਰੀਆਂ ਨਾਲ ਯਾਰੀਆਂ ਨੇ, ਤੇਰੀ ਸੁਣਨੀ ਕੀਹਨੇ ਆ। ਪੈਸੇ ਆਲੇ ਦਾ ਕਾਨੂੰਨ ਆ।” ਅਜੈਬ ਨੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਜੈਬ ਸਿਅ੍ਹਾਂ ਰਿਹਾ ਨੀ ਜਾਂਦਾ।” ਜੁਆਲੇ ਨੇ ਗੰਭੀਰ ਹੋ ਕੇ ਅਜੈਬ ਨੂੰ ਬਾਹਾਂ ਵਿਚ ਘੁੱਟ ਲਿਆ ਸੀ। ਉਸ ਦੀਆਂ ਤਰਸ ਭਰੀਆਂ ਅੱਖਾਂ ਵਿਚ ਝਲਕਦਾ ਗੁੱਸਾ ਭਾਫ ਜਿਹਾ ਬਣ ਕੇ ਉਡ ਗਿਆ ਸੀ।
ਹੁਣ ਜੁਆਲਾ ਚੁੱਪ ਰਹਿਣ ਲੱਗ ਪਿਆ ਸੀ। ਕਦੇ-ਕਦੇ ਗ਼ਮ ‘ਚ ਭਰਿਆ ਅੱਖਾਂ ਥਾਣੀਂ ਛਲਕ ਜਾਂਦਾ। ਸਿਸਕੀਆਂ ਭਰਦਾ ਪਰਨੇ ਦੇ ਲੜ ਨਾਲ ਸਭ ਕੁਝ ਛੁਪਾ ਲੈਂਦਾ। ਉਹ ਕਾਇਰ ਵੀ ਨਹੀਂ ਸੀ। ਹੱਡਾਂ-ਪੈਰਾਂ ਦਾ ਖੁੱਲ੍ਹਾ ਹੌਸਲੇ ਨਾਲ ਜ਼ਮੀਨ ‘ਤੇ ਪੈਰ ਧਰਨ ਵਾਲਾ ਆਕੜਖਾਨ ਸੀ। ਪਤਾ ਨਹੀਂ ਕੀ ਦੁੱਖ ਸੀ ਉਸ ਦੇ ਮਨ ਵਿਚ ਜਿਹੜਾ ਕਦੇ ਬੜ੍ਹਕ ਤੋਂ ਥਿੜਕ ਕੇ ਲਿਲਕ ‘ਤੇ ਆ ਝੁਕਦਾ। ਬੈਰਕ ਦੀ ਨੁੱਕਰ ਵਿਚ ਕਈ-ਕਈ ਦਿਨ ਭੁੱਖਣ-ਭਾਣਾ ਖਾਮੋਸ਼ ਬੈਠਾ ਰਹਿੰਦਾ।
ਇਕ ਦਿਨ ਅਜੈਬ ਨੇ ਦਾਲ ਨੂੰ ਦੇਸੀ ਘਿਓ ਦਾ ਤੜਕਾ ਲਵਾਇਆ। ਜੁਆਲੇ ਨੂੰ ਹਾਕ ਮਾਰ ਦਿੱਤੀ।
“ਵੱਡੇ ਵੀਰ! ਅੱਜ ਆਪਾਂ ਰੋਟੀ ‘ਕੱਠੇ ਈ ਖਾਵਾਂਗੇ।”
“ਨਹੀਂ ਬਈ ਨਹੀਂ ਜੈਬ ਸਿਅ੍ਹਾਂ! ਤੇਰੇ ਨਾਲ ਸਿਰਫ ਚਾਹ ਦੀ ਸਾਂਝ ਆ। ਬਾਕੀ ਸਾਰੀ ਜੇਲ੍ਹ ਦੇ ਤਾਂ ਮੈਂ ਧਾਰ ਨੀ ਮਾਰਦਾ। ਰੋਟੀ ਤਾਂ ਮੈਂ ਜੇਲ੍ਹ ਦੀ ਈ ਖਾਊਂ।” “ਇਹਦੇ ਨਾਲ ਕੀ ਫਰਕ ਪੈਂਦੈ। ਭਲਾ ਆਪਣੇ ‘ਚ ਫਰਕ ਬੀ ਕੀ ਆ? ਤੈਨੂੰ ਭਾਈ ਜੋ ਕਹਿ-ਤਾ।”
“ਪੈਂਦੈ। ਫਰਕ ਪੈਂਦਾ। ਜੈਬ ਸਿਅ੍ਹਾਂ ਨਹੀਂ। ਅਸੂਲ ਭੰਗ ਹੁੰਦਾ। ਅੱਜ ਤੂੰ ਤੜਕੇ ਆਲੀ ਦੇ ਦੇਂਗਾ। ਕੱਲ੍ਹ ਨੂੰ ਕਿੱਥੋਂ ਭਾਲੂੰ। ਮੇਰੇ ਤਾਂ ਪਿੱਛੇ ਕੋਈ ਮੁਲਾਕਾਤ ਨੂੰ ਬੀ ਨੀ ਆਉਂਦਾ।æææ”
“ਵੱਡੇ ਵੀਰ ਗੁੱਸਾ ਤਾਂ ਨੀ ਕਰੇਂਗਾ। ਜੇ ਇਕ ਗੱਲ ਪੁੱਛਾਂ ਤਾਂæææ। ਆ ਜਾ ਕੋਲ ਆ ਜਾ।”
“ਗੁੱਸਾ ਕਾਹਦਾ ਜੈਬ ਸਿਅ੍ਹਾਂ। ਇਕ ਨੀ ਹਜ਼ਾਰ ਗੱਲ ਪੁੱਛ।”
“ਵੱਡੇ ਵੀਰ ਤੈਨੂੰ ਪਤਾ। ਮੈਂ ਤਾਂ ਵੱਡੇ ਭਾਈ ਦਾ ਬਦਲਾ ਲੈ ਕੇ ਇਥੇ ਆਇਆਂ। ਉਨ੍ਹਾਂ ਮੇਰੇ ਭਾਈ ਨੂੰ ਘਰੇ ਬੁਲਾ ਕੇ ਧੋਖੇ ਨਾਲ ਮਾਰਿਆ। ਪਰ ਮੈਂ ਤਾਂ ਚਿੱਟੇ ਦਿਨ ਸੱਥ ਵਿਚ ਲਲਕਾਰ ਕੇ ਮਾਰਿਆ ਸੀ। ਪਰ ਤੂੰæææ।”
ਓਏ ਨਾ ਪੁੱਛ ਓਏ ਜੈਬ ਸਿਅ੍ਹਾਂ।æææਨਾ ਜ਼ਖਮ ਛੇੜ।” ਅਜੈਬ ਨੇ ਜਿਵੇਂ ਉਸ ਦੀ ਦੁਖਦੀ ਰਗ ਉਪਰ ਹੱਥ ਰੱਖ ਦਿੱਤਾ ਹੋਵੇ।
ਉਹ ਇਕਦਮ ਹੀ ਸ਼ਿਥਲ ਜਿਹਾ ਹੋ ਕੇ ਅਜੈਬ ਦੇ ਮੋਢੇ ‘ਤੇ ਸਿਰ ਧਰ ਕੇ ਧਾਹਾਂ ਮਾਰ ਕੇ ਰੋਣ ਲੱਗ ਪਿਆ। ਅਜੈਬ ਹੈਰਾਨ ਸੀ ਕਿ ਇਹ ਚੱਟਾਨ ਕਿਵੇਂ ਥੋੜ੍ਹੇ ਜਿਹੇ ਅਹਿਸਾਸ ਦੇ ਪਤੀਲੇ ਨਾਲ ਭਰ ਗਈ ਸੀ। ਹੰਝੂਆਂ ਦੀ ਝੜੀ ਨੇ ਅਜੈਬ ਨੂੰ ਮੋਹ ਨਾਲ ਭਰ ਦਿੱਤਾ। ਉਹ ਜੁਆਲੇ ਦੀ ਪਿੱਠ ਥਾਪੜਦਾ ਹੌਸਲਾ ਦੇ ਕੇ ਚੁੱਪ ਕਰਾ ਰਿਹਾ ਸੀ।
“ਕਮਲਾ ਹੋ ਗਿਐਂ। ਭਲਾ ਐਂ ਰੋਈਦਾ। ਤਕੜਾ ਹੋ। ਮੈਂ ਤਾਂ ਤੈਨੂੰ ਲੋਹੇ ਦਾ ਮਰਦ ਸਮਝਦਾਂ। ਚੱਲ ਠੀਕ ਹੋ ਬੈਠ।”
“ਨਹੀਂਓ ਬਾਈæææਕੀ ਕਰਾਂ? ਮੈਂ ਤਾਂ ਪਛਤਾਵੇ ਦੀ ਅੱਗ ਵਿਚ ਸੜ ਰਿਹਾਂ। ਮੈਨੂੰ ਪਾਪੀ ਨੂੰ ਤਾਂ ਨਰਕਾਂ ‘ਚ ਬੀ ਢੋਈ ਨਾ ਮਿਲੇ। ਮੈਂ ਤਾਂ ਬਹੁਤ ਵੱਡਾ ਗੁਨਾਹਗਾਰ ਆਂ।”
“ਅਜਿਹਾ ਕਿਹੜਾ ਗੁਨਾਹ ਕਰ ਬੈਠਾਂ?”
ਜੁਆਲਾ ਸੰਭਲ ਕੇ ਬੈਠ ਗਿਆ। ਉਹਨੇ ਗ਼ਮ ਤੇ ਤਰਸ ਨਾਲ ਭਰੀਆਂ ਅੱਖਾਂ ਨਾਲ ਅਜੈਬ ਨੂੰ ਸਿਰ ਤੋਂ ਪੈਰਾਂ ਤੱਕ ਕਈ ਵਾਰੀ ਵੇਖਿਆ। ਉਸ ਦੀਆਂ ਅੱਖਾਂ ਵਿਚੋਂ ਅਪਣੱਤ ਛਲਕਦੀ ਵੇਖ ਕੇ ਜੁਆਲਾ ਫਿਸ ਜਿਹਾ ਗਿਆ।
“ਜੈਬ ਸਿਅ੍ਹਾਂ! ਮੈਂ ਬਹੁਤ ਵੱਡਾ ਪਾਪੀ ਆਂ। ਰੱਬ ਮੈਨੂੰ ਮਾਫ ਨਾ ਕਰੇ।” ਮੈਂ ਹੋਰ ਕਰਦਾ ਬੀ ਕੀ। ਬਾਈ ਜਦੋਂ ਮੈਂ ਸੁਰਤ ਸੰਭਾਲੀ, ਸਭ ਤੋਂ ਪਹਿਲਾਂ ਮੈਂ ਮਾਸਟਰ ਕਿਓਂ ਆਪਣੀ ਮਾਂ ਨੂੰ ਗੋਹਾ-ਕੂੜਾ ਕਰਨੋਂ ਹਟਾਇਆ। ਬਾਪੂ ਤਾਂ ਮੇਰਾ ਖੂਹੀ ਪੁੱਟਦਾ ਢਿੱਗ ਥੱਲੇ ਆ ਕੇ ਮਰ ਗਿਆ ਸੀ। ਕਈ ਸਾਲ ਬਾਹਰਲੇ ਪਿੰਡਾਂ ‘ਚ ਸੀਰ ਕਰਦਾ ਰਿਹਾਂ। ਪਿਛਲੇ ਕਈ ਸਾਲਾਂ ਤੋਂ ਮਾਸਟਰ ਨਾਲ ਸੀਰੀ ਆਂ। ਖੂਬ ਹੱਡ ਤੋੜ ਕੇ ਉਹਦੇ ਖੇਤਾਂ ‘ਚ ਰਿਉ ਬਣ ਕੇ ਖਿੰਡਦਾ ਰਿਹਾਂ। ਉਹਦੇ ਘਰ ਨੂੰ ਆਪਦਾ ਘਰ ਸਮਝਿਆ, ਸਮਝਦਾ ਬੀ ਕਿਉਂ ਨਾ, ਇਨ੍ਹਾਂ ਦਾ ਲੂਣ-ਪਾਣੀ ਜੋ ਖਾਂਦਾ ਸੀ।
“ਮੇਰੀ ਵੱਡੀ ਲੜਕੀ ਨੰਜੋ ਮਾਸਟਰ ਦੀ ਧੀ ਨਾਲ ਦਸਵੀਂ ‘ਚ ਪੜ੍ਹਦੀ ਸੀ। ਦੋਹਾਂ ਦੇ ਸਹੇਲਪੁਣੇ ਨੂੰ ਵੇਖ ਕੇ ਮੈਨੂੰ ਕਈ ਵਾਰੀ ਲਗਦਾ ਕਿਤੇ ਮੇਰੀ ਨਜ਼ਰ ਈ ਨਾ ਲੱਗ ਜੇ। ਬੜੇ ਚਾਵਾਂ ਨਾਲ ਧੀ ਨੂੰ ਦਸਵੀਂ ਕਰਾਈ। ਅਗਾਂਹ ਕਾਲਜ ਭੇਜਣ ਦੀ ਮੇਰੀ ਪਰੋਖੋਂ ਨੀ ਸੀ। ਕਿੰਨੀ ਸੋਹਣੀ ਸੀ ਡੁੱਬ ਜਾਣੀ ਮੇਰੀ ਨੰਜੋ। ਦਿਨਾਂ ‘ਚ ਈ ਲਗਰ ਆਂਗੂੰ ਵਧ’ਗੀ। ਹੁਣ ਮੈਨੂੰ ਉਹਦੇ ਵਧਦੇ ਜਿਸਮ ਨੂੰ ਵੇਖ ਕੇ ਡਰ ਲੱਗਣ ਲੱਗ ਪਿਆ ਸੀ। ਜਦੋਂ ਉਹ ਵਿਹੜੇ ‘ਚ ਫਿਰਦੀ ਜਿਵੇਂ ਅੱਗ ਦੀ ਲਾਟ ਹੋਵੇ।
“ਜਦੋਂ ਵੀ ਮੈਂ ਮਾਸਟਰ ਦੀ ਮੋਟਰ ਤੋਂ ਵਾਪਸ ਘਰੇ ਆਉਂਦਾ ਤਾਂ ਲੰਬੜ ਤੇ ਮਾਸਟਰ ਦੇ ਵਿਹਲੜ ਮੁੰਡਿਆਂ ਵੱਲੋਂ ਪੱਠੇ ਲੈਣ ਜਾਂਦੀਆਂ ਧੀਆਂ-ਭੈਣਾਂ ਨੂੰ ਮਸ਼ਕਰੀਆਂ ਮੈਥੋਂ ਜਰੀਆਂ ਨਾ ਜਾਂਦੀਆਂ। ਹੱਥ ‘ਚ ਫੜੀ ਸੋਟੀ ਕਈ ਵਾਰੀ ਉਲਰਦੀ-ਉਲਰਦੀ ਬੋਚੀ। ਏਸੇ ਡਰੋਂ ਮੈਂ ਧੀ ਨੂੰ ਛੇਤੀ ਮੰਗ ਦਿੱਤਾ। ਗਰੀਬ ਦੀ ਇੱਜ਼ਤ ਤਾਂ ਚਿੱਟੀ ਚਾਦਰ ਹੁੰਦੀ ਐ। ਰਾਹ ‘ਚ ਉੱਡਦਾ ਮਿੱਟੀ-ਘੱਟਾ ਬੀ ਦਾਗੀ ਕਰ ਜਾਂਦੈ।”
“ਇਕ ਦਿਨ ਮਾਸਟਰਨੀ ਨੂੰ ਮੈਂ ਉਹਦੇ ਮੁੰਡੇ ਦੀਆਂ ਕਰਤੂਤਾਂ ਬਾਰੇ ਕਹਿ ਬੈਠਾ। ਬਸ ਫਿਰ ਕੀ ਸੀ। ਜਾਤ-ਅਭਿਮਾਨ ਸਿਰ ਚੜ੍ਹ ਕੇ ਬੋਲਣ ਲੱਗਾ। “ਨਾ ਤੈਨੂੰ ਸਾਡਾ ਈ ਮੁੰਡਾ ਦੀਂਹਦਾ। ਖਬਰਦਾਰ ਜੇ ਮੇਰੇ ਮੁੰਡੇ ਬਾਰੇ ਘੱਟ-ਵੱਧ ਬੋਲਿਆ। ਆਪਦੀਆਂ ਉਨ੍ਹਾਂ ਵਿਹੜੇ ਵਾਲੀਆਂ ਖੋਤੜੀਆਂ ਨੂੰ ਸਮਝਾ ਜਿਹੜੀਆਂ ਰਾਹ-ਖੇਤ ਜਾਂਦੀਆਂ ਮੇਰੇ ਮੁੰਡੇ ਨਾਲ ਖਹਿੰਦੀਆਂ ਨੇ।”
ਇਸ ਦਿਨ ਤੋਂ ਬਾਅਦ ਮੈਂ ਕਦੇ ਬੀ ਆਪਣੀ ਧੀ ਨੂੰ ਮਾਸਟਰ ਦੇ ਘਰੇ ਨਾ ਆਉਣ ਦਿੱਤਾ। “ਪੈਸੇ ਆਲਾ ਭਲਾ ਧੀ ਨੂੰ ਕਦੋਂ ਘਰੇ ਰੱਖਦਾ। ਮਾਸਟਰ ਨੇ ਆਪਣੀ ਧੀ ਦਾ ਵਿਆਹ ਧਰ-ਤਾ। ਮੈਂ ਬੀ ਸੋਚਿਆ, ਬਈ ਮੇਰੀ ਧੀ ਕੀ ਸੋਚੂ। ਬਸ ਇਹ ਸੋਚ ਕੇ ਮੈਂ ਬੀ ਦਿਨ ਭੇਜ ‘ਤੇ। ਪਰ ਪੱਲੇ ਫੁੱਟੀ ਕੌਡੀ ਬੀ ਨੀ ਸੀ।” ਐਵੇਂ ਭਾਵੁਕ ਜਿਹਾ ਹੋ ਗਿਆ। ਜੁਆਲਾ ਹੌਕੇ ਭਰਨ ਲੱਗਾ। ਅਜੈਬ ਨੇ ਪਾਣੀ ਦਾ ਗਿਲਾਸ ਦਿੰਦਿਆਂ ਪਿੱਠ ਨੂੰ ਥਾਪੜਿਆ।
“ਹੌਸਲਾ ਰੱਖ ਬਾਈ ਹੌਸਲਾ।” “ਔæææਹੋæææਹੋæææਜੈਬ ਸਿਅ੍ਹਾਂæææਵਿਆਹ ਤਾਂ ਮੈਂ ਧਰ ਬੈਠਾ। ਪਰ ਪੈਸਿਆਂ ਬਾਰੇ ਕੁਝ ਬੀ ਨਾ ਸੋਚਿਆ। ਹੌਸਲਾ ਕਰਕੇ ਮਾਸਟਰ ਅੱਗੇ ਜਾ ਆਪਣੀ ਮਜਬੂਰੀ ਰੱਖੀ। ਮੈਨੂੰ ਅੰਦਰੋਂ ਡਰ ਜਿਹਾ ਲੱਗ ਰਿਹਾ ਸੀ, ਕਿਤੇ ਜਵਾਬ ਈ ਨਾ ਦੇ ਦੇਵੇ। ਉਹਦੇ ਘਰੇ ਬੀ ਤਾਂ ਵਿਆਹ ਸੀ। ਪਰ ਬਥੇਰਾ ਰਪੌੜ ਸੀ ਉਹਦੇ ਕੋਲੇ। ਭਲਾ ਕਿਸੇ ਦੀ ਮਜਬੂਰੀ ਨੂੰ ਕੌਣ ਸਮਝਦੈ। ਠਾਹ ਕਰਦਾ ਜਵਾਬ ਮੇਰੇ ਮੱਥੇ ਵਿਚ ਵੱਜਿਆ।
“ਓਏ ਤੈਨੂੰ ਦੀਂਹਦਾ ਨੀ ਸੀ ਬਈ ਮੇਰੇ ਘਰੇ ਵੀ ਵਿਆਹ ਰੱਖਿਆ ਹੋਇਆ। ਤੈਨੂੰ ਐਡੀ ਕਿਹੜੀ ਕਾਹਲੀ ਸੀ, ਕਿਹੜੀ ਤੇਰੀ ਧੀ ਬੁੱਢੀ ਹੋ ਚੱਲੀ ਸੀ। ਨਾਲੇ ਪੈਸੇ ਕਿਹੜਾ ਝਾੜੀਆਂ ਨੂੰ ਲੱਗਦੇ ਨੇ।” ਮਾਸਟਰ ਪੈਸੇ ਦੇਣ ਲੱਗਿਆਂ ਮਾਹਾਂ ਦੇ ਆਟੇ ਵਾਂਗੂੰ ਆਕੜ ਗਿਆ ਸੀ। “ਮਾਸਟਰ ਜੀ! ਆਪਦੇ ਈ ਮੰਗਦਾਂ। ਦੋ ਸਾਲਾਂ ਦਾ ਸਾਰਾ ਈ ਹਿਸਾਬ-ਕਿਤਾਬ ਪਿਐ।” “ਜਾਹ ਜਾ ਕੇ ਮੋਟਰ ਤੇ ਪਾਣੀ ਛੱਡ। ਅਗਲੇ ਸਾਲ ਕਰਦੀਂ ਵਿਆਹ। ਸਾਲੇ ਵੇਲਾ-ਕੁਵੇਲਾ ਵੀ ਨੀ ਵੇਖਦੇ।”
ਬਸ ਫਿਰ ਕੀ ਸੀ। ਗਲ ਵਿਚ ਬਗਲੀ ਪਾ ਕੇ ਸਾਰੇ ਰਿਸ਼ਤੇਦਾਰਾਂ ਕੋਲ ਪੈਸਿਆਂ ਦੀ ਖੈਰ ਮੰਗਣ ਚੜ੍ਹ ਪਿਆ। ਕਿਸੇ ਨੇ ਬੀ ਮੇਰੀ ਝੋਲੀ ਫੁੱਟੀ ਕੌਡੀ ਨਾ ਪਾਈ। ਪਾਉਂਦੇ ਬੀ ਬਿਚਾਰੇ ਕਿੱਥੋਂ? ਸਾਰੇ ਈ ਤਾਂ ਮੇਰੇ ਅਰਗੇ ਨੰਗ ਸੀ। ਆਥਣ ਹੋ ਚੱਲਿਆ ਸੀ। ਹੁਣ ਘਰ ਵੜਨਾ ਮੇਰੇ ਲਈ ਮੌਤ ਸੀ। ਹੌਲੀ ਹੌਲੀ ਮੈਂ ਰਾਤ ਦੀ ਉਡੀਕ ਕਰਨ ਲੱਗਾ। ਤਰ੍ਹਾਂ-ਤਰ੍ਹਾਂ ਦੇ ਖਿਆਲ ਮੈਨੂੰ ਝੰਬਣ ਲੱਗੇ। ਕਦੇ ਸੋਚਦਾ ਰਾਹ ਜਾਂਦੇ ਨੂੰ ਲੁੱਟ ਲਵਾਂ, ਚੋਰੀ ਕਰ ਲਵਾਂ। ਚੋਰੀ ਦਾ ਖਿਆਲ ਆਉਂਦਿਆਂ ਹੀ ਮਾਸਟਰ ਦੀ ਪੇਟੀ ਯਾਦ ਆ ਗਈ, ਜਿਸ ਵਿਚ ਗਹਿਣੇ, ਕੱਪੜੇ ਤੇ ਪੈਸੇ ਮੇਰੇ ਸਾਹਮਣੇ ਧਰੇ ਸੀ। ਅੱਜ ਮਾਸਟਰ ਬੀ ਤਾਂ ਘਰੇ ਨੀ ਸੀ। ਉਹਦੇ ਕੋਲ ਬਥੇਰਾ ਪੈਸਾ, ਆਪੇ ਹੋਰ ਬਣਾ ਲੂ ਪਰ ਅਚਾਨਕ ਹੀ ਗਹਿਣਿਆਂ ‘ਚ ਸਜੀ ਨੰਜੋ ਦੀ ਸਹੇਲੀ ਮਾਸਟਰ ਦੀ ਧੀ ਮੇਰੇ ਸਾਹਮਣੇ ਆ ਖੜ੍ਹੀ।
“ਚਾਚਾ ਜੁਆਲਿਆ! ਮੇਰੇ ਗਹਿਣੇ ਚੋਰੀ ਕਰੇਂਗਾ? ਆਪਦੀ ਧੀ ਦੇ ਗਹਿਣੇ ਚੋਰੀ ਕਰੇਂਗਾ?”
“ਹੈਂਅæææਐ ਪ੍ਰੀਤੋæææਮੇਰੀ ਧੀ ਦੀ ਸਹੇਲੀæææਮੇਰੀ ਧੀæææਨਹੀਂ। ਨਹੀਂ। ਮੇਰੀਏ ਬੱਚੀਏæææਮੈਂ ਗੁੰਮਰਾਹ ਹੋ ਗਿਆਂæææਪਰ ਮੈਂ ਕੀ ਕਰਾਂæææਨੰਜੋ ਬੀ ਤਾਂæææ। ਬਸ ਬਸ! ਮੈਥੋਂ ਨਹੀਂ ਹੋਣਾ ਇਹ ਪਾਪæææ।”
ਬੇਵੱਸ ਜਿਹਾ ਹੋ ਕੇ ਮੈਂ ਪਿੰਡ ਵੱਲ ਹੋ ਤੁਰਿਆ। ਰਸਤੇ ਵਿਚ ਸੰਗਤਪੁਰੀਆ ਮੇਰਾ ਪੁਰਾਣਾ ਮਾਲਕ ਮਿਲ ਗਿਆ। ਕਈ ਸਾਲ ਪਹਿਲਾਂ ਇਹਦੇ ਨਾਲ ਦੋ ਸਾਲ ਸੀਰ ਕੀਤਾ ਸੀ। ਉਹਦੀ ਡੱਬ ਵਿਚ ਬੋਤਲ ਵੇਖ ਕੇ ਮੇਰਾ ਚਿਹਰਾ ਖਿੜ ਗਿਆ। ਅਸੀਂ ਦੋਹਾਂ ਨੇ ਸ਼ਰਾਬ ਪੀਤੀ। “ਜੁਆਲਿਆ! ਆੜ੍ਹਤੀਏ ਤੋਂ ਪੈਸੇ ਲੈ ਕੇ ਆਇਆਂ। ਕੁੜੀ ਦਾ ਵਿਆਹ ਰੱਖਿਆ ਹੋਇਆ। ਬਥੇਰੀਆਂ ਹਾੜ੍ਹੀਆਂ-ਸਾਉਣੀਆਂ ਲੰਘਾ ਦਿੱਤੀਆਂæææਵਿਚਾਰੀ ਗਊ ਨੇ ਕੀ ਬੋਲਣਾ ਸੀæææ। ਯਾਰ ਜਰੂਰ ਆਈਂ। ਨਾਲੇ ਕੰਮ-ਧੰਦਾ ਵੀ ਤਾਂ ਤੂੰ ਹੀ ਕਰਨਾ।” ਸੰਗਤਪੁਰੀਆ ਧੀ ਦਾ ਵਿਆਹ ਰੱਖ ਕੇ ਜਿਵੇਂ ਮਣਾਂ-ਮੂੰਹੀਂ ਭਾਰ ਥੱਲਿਓਂ ਨਿਕਲਿਆ ਜਾਪ ਰਿਹਾ ਸੀ। “ਹਾਂ! ਹਾਂ! ਜ਼ਰੂਰ ਆਊਂ ਸਰਦਾਰਾ!” ਜਿਉਂ ਹੀ ਸੰਗਤਪੁਰੀਆ ਸਾਈਕਲ ਤੇ ਚੜ੍ਹਨ ਲੱਗਾ ਤਾਂ ਉਸ ਦੀ ਜੇਬ ਵਿਚੋਂ ਇਕ ਗੁਥਲੀ ਜਿਹੀ ਡਿੱਗ ਪਈ।
“ਓਏ ਸਰਦਾਰਾ! ਇਹ ਕੀ ਡਿੱਗ ਪਿਐ।” ਮੈਂ ਜਦੋਂ ਗੁਥਲੀ ਚੁੱਕੀ ਤਾਂ ਹੈਰਾਨ ਰਹਿ ਗਿਆ। ਨੋਟਾਂ ਦੀਆਂ ਥਹੀਆਂ ਸਨ। “ਕਿਉਂ ਮਾਰੀ ਹਾਕ? ਕਹਿ ਦਿਆਂ ਕੁਸ਼ ਨੀ। ਸਭ ਠੀਕ ਹੋ ਜਾਊ। ਆਹ ਕਿਹੜਾ ਮਾਰਿਆ-ਮਾਰਿਆ ਫਿਰਦੈਂ, ਬੇੜਾ ਪਾਰ ਹੋਜੂ। ਹਾਂ! ਹਾਂ! ਠੀਕ ਆ।”
“ਕੀ ਕਿਹਾ, ਜੁਆਲਿਆ?”
“ਕੁਸ਼ ਨੀ ਕੁਸ਼ ਨੀ।” ਓਏ ਕੁੱਤਿਆ! ਇਹਨੇ ਤੇਰੇ ਨਾਲ ਕਿੰਨਾ ਪਿਆਰ ਤੇ ਅਪਣੱਤ ਜਤਾਈ ਆ ਤੇ ਤੂੰ ਡੁੱਬ ਗਿਆ ਲਾਲਚ ‘ਚ। ਓਏ ਇਹਦੀ ਧੀæææਤੇਰੀ ਨੰਜੋæææਸ਼ਰਮ ਕਰ ਕੁਸ਼ ਸ਼ਰਮ। ਮੇਰੇ ਅੰਦਰਲੇ ਨੇ ਮੂੰਹ ‘ਤੇ ਚਪੇੜ ਮਾਰੀ।
“ਨਹੀਂ। ਨਹੀਂ। ਮੈਨੂੰ ਮਾਫ ਕਰ ਦੇ। ਗੱਲ ਸੁਣੀਂ ਸਰਦਾਰਾ! ਆਹ ਤੇਰੇ ਪੈਸੇ ਡਿੱਗ ਪਏ ਨੇ। ਵਿਚਾਰੇ ਨੇ ਪਤਾ ਨੀ ਕਿੰਨੇ ਕੁ ਵਿਆਹ ‘ਤੇ ਚੁੱਕੇ ਹੋਣਗੇ।”
ਬਸ ਫਿਰ ਮੈਂ ਲੱਤਾਂ ਘਸੀਟਦਾ ਰਾਤ ਦੇ ਹਨੇਰੇ ‘ਚ ਘਰੇ ਆ ਗਿਆ। ਸਾਰਾ ਟੱਬਰ ਸੁੱਤਾ ਪਿਆ ਸੀ। ਘਰ ਵਾਲੀ ਨੇ ਰੋਟੀ ਪੁੱਛੀ ਪਰ ਮੈਂ ‘ਖਾ ਕੇ ਆਇਆਂ’ ਦਾ ਲਾਰਾ ਲਾ ਕੇ ਮੰਜੀ ‘ਤੇ ਧੜੰਮ ਡਿੱਗ ਪਿਆ। ਨਸ਼ੇ ਦੀ ਲੋਰ ਵਿਚ ਮੈਨੂੰ ਲੱਗਿਆ ਜਿਵੇਂ ਆਕਾਸ਼ ਦੇ ਸਾਰੇ ਤਾਰੇ ਮੇਰੀ ਝੋਲੀ ਵਿਚ ਆ ਡਿੱਗੇ ਹੋਣ। ਮੈਂ ਖੁਸ਼ ਹੋ ਰਿਹਾ ਸੀ। ਜਿਉਂ ਹੀ ਮੈਂ ਝੋਲੀ ਸਮੇਟ ਕੇ ਰੱਖਣ ਲੱਗਾ ਤਾਂ ਵੇਖਿਆ ਹਾਲਾਤਾਂ ਦੀ ਤੇਜ਼ ਹਨੇਰੀ ਕਾਰਣ ਮੇਰਾ ਸਭ ਕੁਝ ਈ ਰੁੜ੍ਹ ਗਿਆ ਸੀ। ਮੈਂ ਚਾਦਰ ਨੂੰ ਬੋਚਦਾ ਅੱਖਾਂ ਪਾੜ ਕੇ ਆਲੇ-ਦੁਆਲੇ ਵੇਖਣ ਲੱਗਾ। ਸਾਰਾ ਟੱਬਰ ਘੂਕ ਸੁੱਤਾ ਪਿਆ ਸੀ। ਹਨੇਰੇ ‘ਚ ਬਣਦੇ ਸਾਏ ਮੇਰਾ ਤ੍ਰਾਹ ਕੱਢ ਦਿੰਦੇ। ਦੂਰ ਕਿਤੋਂ ਉਲੂ ਦੇ ਬੋਲਣ ਦੀ ਆਵਾਜ਼ ਮੈਨੂੰ ਹੋਰ ਡਰਾ ਦਿੰਦੀ।
ਅਚਾਨਕ ਹੀ ਮੇਰੇ ਮਨ ਵਿਚ ਇਕ ਖਿਆਲ ਆਇਆ। ਦਹਿਲ ਨਾਲ ਕੰਬਣ ਲੱਗਾ।
“ਨਹੀਂ! ਨਹੀਂ! ਇਹ ਨਹੀਂæææਨਹੀਂ ਹੋਣਾ ਮੈਥੋਂ। ਪਰ ਹੁਣ ਹੋਰ ਹੋ ਬੀ ਕੀ ਸਕਦੈ? ਚਾਰ ਦਿਨ ਰਹਿ ਗਏ ਨੇ ਵਿਆਹ ‘ਚ।” ਮੇਰਾ ਮਨ ਕੰਬ ਉਠਿਆ।
ਪਰ੍ਹੇ ਮੰਜੇ ‘ਤੇ ਨੰਜੋ ਘੂਕ ਸੁੱਤੀ ਪਈ ਚੰਦ ਆਂਗੂੰ ਚਮਕ ਰਹੀ ਸੀ। ਮੈਂ ਪੂਰਾ ਤਾਣ ਲਾ ਕੇ ਉਠਿਆ, ਘਰ ਵਿਚੋਂ ਕੋਈ ਚੀਜ਼ ਭਾਲਣ ਲੱਗਾ। ਅਚਾਨਕ ਮੇਰੇ ਹੱਥ ਗੰਨੇ ਵੱਢਣ ਵਾਲਾ ਗੰਡਾਸਾ ਆ ਗਿਆ। ਮੈਂ ਚਮਕ ਉਠਿਆ। ਪਰ ਦੂਜੇ ਹੀ ਪਲ ਘਬਰਾ ਗਿਆ।
“ਨਹੀਂ। ਨਹੀਂ। ਜੁਆਲਿਆ ਕਿਉਂæææਪਰæææਪਰæææਹੋਰ ਕਰਾਂ ਬੀ ਕੀ?
“ਬਸ ਇਕੋ ਹੀ ਪਲ ਮੈਂ ਨੰਜੋ ਦੇ ਮੰਜੇ ਕੋਲ ਸੀ। ਦੂਜੇ ਪਲ ਮੈਨੂੰ ਪਤਾ ਈ ਨਾ ਲੱਗਿਆæææਵਿਚਾਰੀ ਨੰਜੋ ਦਾ ਧੜ ਤੜਫ ਰਿਹਾ ਤੇ ਸਿਰ ਬੁੜ੍ਹਕ ਕੇ ਮੇਰੇ ਪੈਰਾਂ ‘ਚ ਆ ਡਿੱਗਾ। ਮੈਂ ਆਪਣੀ ਧੀ ਦੇ ਖੂਨ ‘ਚ ਹੱਥ ਰੰਗ ਲੇ ਜੈਬ ਸਿਅ੍ਹਾਂæææਮੈਂ ਪਾਪੀæææ। ਪਰ ਮੈਂ ਹੋਰ ਕਰਦਾ ਬੀ ਕੀæææਆæææਹੁੰæææਹੁੰ।”
ਨਿੱਤ ਪਛਤਾਵੇ ਦੀ ਅੱਗ ਵਿਚ ਸੜਦਾਂ। ਚਾਰ ਭਮਾਲੀਆਂ ਦੇ ਕੇ ਈ ਤੋਰ ਦਿੰਦਾæææਨਾ ਦਿੰਦਾ ਦਾਜ਼ææਪਰ ਜੈਬ ਸਿਅ੍ਹਾਂæææਤੂੰ ਹੀ ਦੱਸ ਮੈਂ ਇਉਂ ਕਿਉਂ ਕੀਤਾæææਮੈਨੂੰ ਬਾਹਰ ਨਿਕਲ ਲੈਣ ਦੇ ਸਾਲੇ ਮਾਸਟਰ ਦੀæææਜੇ ਸਾਲਾæææਮੇਰੀ ਮੇਹਨਤ ਈ ਦੇ ਦਿੰਦਾ ਤਾਂæææਅæææਹੁੰæææਹੁੰæææ।”
ਅਜੈਬ ਬਰੀ ਹੋ ਕੇ ਘਰੇ ਆ ਗਿਆ ਸੀ। ਆਉਣ ਲੱਗਿਆਂ ਜਦੋਂ ਉਹ ਜੁਆਲੇ ਨੂੰ ਮਿਲਿਆ ਤਾਂ ਉਹ ਅੰਤਾਂ ਦਾ ਉਦਾਸ ਸੀ। “ਅੱਛਾ ਜੈਬ ਸਿਅ੍ਹਾਂæææਕੋਈ ਗਲਤੀ ਹੋਗੀ ਹੋਵੇ ਤਾਂ ਮਾਫ ਕਰੀਂ। ਪਿੱਛੇ ਮੇਰੀ ਇਕ ਛੋਟੀ ਧੀ ਬੀ ਆ। ਕਦੇ ਵੇਲੇ-ਕੁਵੇਲੇ ਘਰੇ ਜਾ ਆਵੀਂ।æææਚੰਗਾ। ਹੋ ਸਕਿਆ ਤਾਂæææ।” ਜੁਆਲਾ ਭੁੱਬਾਂ ਮਾਰ ਕੇ ਰੋ ਪਿਆ ਸੀ।
“ਨਹੀਂ! ਨਹੀਂ! ਵੱਡੇ ਵੀਰ। ਪਰਵਾਹ ਨਾ ਕਰੀਂæææਮੈਂ ਜ਼ਰੂਰæææ।” ਦੋਵੇਂ ਜੱਫੀ ਪਾ ਕੇ ਕਿੰਨਾ ਹੀ ਚਿਰ ਰੋਂਦੇ ਰਹੇ।”
ਜੇਲ੍ਹੋਂ ਆ ਕੇ ਕਈ ਦਿਨਾਂ ਬਾਅਦ ਅਜੈਬ ਨੇ ਅਖਬਾਰ ਵਿਚ ਪੜ੍ਹਿਆ ਕਿ ਰੰਗਪੁਰ ਜੇਲ੍ਹ ਵਿਚ ਜੁਆਲਾ ਨਾਂ ਦਾ ਕੈਦੀ ਗਲਫਾਹਾ ਲੈ ਕੇ ਮਰ ਗਿਆ। ਉਸ ਨੂੰ ਰਤੀ ਵੀ ਹੈਰਾਨੀ ਨਾ ਹੋਈ। ਡਿਪਟੀ ਦੇ ਕਹੇ ਸ਼ਬਦ ‘ਕੋਈ ਨੀ ਕਰਦੇ ਆਂ ਤੇਰਾ ਵੀ ਕੋਈ ਪ੍ਰਬੰਧ’ ਅੱਜ ਵੀ ਉਹਦੇ ਕੰਨਾਂ ਵਿਚ ਗੂੰਜ ਰਹੇ ਸਨ।