ਜਗਜੀਤ ਸਿੰਘ ਅਨੰਦ ਵਾਰਤਕ ਪੁਰਸਕਾਰ

ਗੁਲਜ਼ਾਰ ਸਿੰਘ ਸੰਧੂ
1954 ਵਿਚ ਮੈਂ ਕੈਂਪ ਕਾਲਜ ਨਵੀਂ ਦਿੱਲੀ ਦਾ ਵਿਦਿਆਰਥੀ ਸਾਂ ਜਦੋਂ ਜਗਜੀਤ ਸਿੰਘ ਅਨੰਦ ਨੂੰ ਪਹਿਲੀ ਵਾਰ ਵੇਖਿਆ। ਉਹ ਕਿਸੇ ਕਮਿਊਨਿਸਟ ਸਮਾਗਮ ਵਿਚ ਕਾਮਰੇਡ ਗੋਪਾਲਨ ਦੇ ਭਾਸ਼ਣ ਦਾ ਪੰਜਾਬੀ ਵਿਚ ਨਾਲ ਦੀ ਨਾਲ ਉਲਥਾ ਕਰ ਰਿਹਾ ਸੀ। ਮੇਰੀ ਓਸ ਵੇਲੇ ਦੀ ਸਮਝ ਅਨੁਸਾਰ ਉਸ ਦਾ ਪੰਜਾਬੀ ਉਲਥਾ ਗੋਪਾਲਨ ਦੀ ਤੇਜ਼ ਤਰਾਰ ਅੰਗਰੇਜ਼ੀ ਨਾਲੋਂ ਦੋ ਪੈਰ ਅੱਗੇ ਚੱਲ ਰਿਹਾ ਸੀ। ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜੁਆਈ ਹੈ ਤਾਂ ਮੈਨੂੰ ਉਰਮਿਲਾ ਤੇ ਅਨੰਦ ਦੇ ਵਿਆਹ ਦੇ ਬੰਧਨ ਵਿਚ ਬੰਨ੍ਹੇ ਜਾਣ ਦੀ ਸਮਝ ਆਈ।

ਉਸ ਦੇ ਚੇਤੇ ਨੂੰ ਖੋਰਾ ਵੀ ਓਨੀ ਹੀ ਤੇਜ਼ ਗਤੀ ਨਾਲ ਲੱਗੇਗਾ, ਕਦੀ ਸੋਚਿਆ ਨਹੀਂ ਸੀ।
95 ਨੂੰ ਢੁਕਿਆ ਜਗਜੀਤ ਸਿੰਘ ਅਨੰਦ ਕਈ ਵਰ੍ਹੇ ਭਾਰਤੀ ਵਿਸ਼ਵ ਵਿਦਿਆਲਿਆਂ ਦੀ ਗੈਰ ਅਧਿਆਪਕ ਜਥੇਬੰਦੀ ਦਾ ਪ੍ਰਧਾਨ ਵੀ ਰਿਹਾ ਹੈ। ਮੇਰੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਕੰਮ ਕਰਨ ਸਮੇਂ ਉਸ ਸੰਸਥਾ ਦੀ ਗੈਰ-ਅਧਿਆਪਨ ਜਥੇਬੰਦੀ ਦਾ ਪ੍ਰਧਾਨ ਰੂਪ ਸਿੰਘ ਰੂਪਾ ਸੀ। ਹੁਣ ਰੂਪਾ ਦੇ ਅਮਰੀਕਾ ਜਾ ਕੇ ਦੋ ਪਟਰੌਲ ਪੰਪਾਂ ਦਾ ਮਾਲਕ ਬਣ ਜਾਣ ਪਿੱਛੋਂ ਉਸ ਦੀ ਬੇਨਤੀ ਉਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਜਗਜੀਤ ਸਿੰਘ ਅਨੰਦ ਦੇ ਨਾਂ ਉਤੇ ਵਧੀਆ ਵਾਰਤਕ ਲੇਖਕਾਂ ਲਈ ਇੱਕ ਪੁਰਸਕਾਰ ਸਥਾਪਤ ਕੀਤਾ ਹੈ। ਅਨੰਦ ਦੇ ਜੀਊਂਦੇ ਜੀ ਇਹ ਅਮਲ ਮੈਨੂੰ ਚੰਗਾ ਨਹੀਂ ਸੀ ਲੱਗਿਆ। ਪਰ ਉਸ ਦੇ ਚੇਤੇ ਨੂੰ ਲਗੇ ਖੋਰੇ ਦੀ ਥਾਹ ਪਾਉਣ ਤੋਂ ਪਿੱਛੋਂ ਮੈਨੂੰ ਜਾਪਿਆ ਕਿ ਰੂਪਾ ਦੀ ਕਾਰਵਾਈ ਠੀਕ ਹੀ ਸੀ। ਠੀਕ ਨਾਲੋਂ ਵੀ ਉਤੇ। ਆਪਣੇ ਗੁਰੂ ਲਈ ਅਜਿਹੀ ਸ਼ਰਧਾ ਹਰ ਕੋਈ ਨਹੀਂ ਰਖਦਾ।
15 ਮਾਰਚ 2015 ਨੂੰ ਪੰਜਾਬੀ ਸਾਹਿਤ ਅਕਾਡਮੀ ਨੇ ਵਿਦਵਾਨਾਂ ਦੀ ਸੁੱਚੀ ਇਕਤਰਤਾ ਵਿਚ ਜਦੋਂ ਇਹ ਪੁਰਸਕਾਰ ਮੈਨੂੰ ਪ੍ਰਦਾਨ ਕੀਤਾ ਤਾਂ ਮੈਨੂੰ ਚੌਹਰੀ ਪ੍ਰਸੰਨਤਾ ਹੋਈ। ਪਹਿਲੇ ਇੱਕ ਚੇਲੇ ਦੀ ਆਪਣੇ ਆਗੂ ਪ੍ਰਤੀ ਸ਼ਰਧਾ ਦੇਖ ਕੇ। ਦੂਜੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਇਸ ਸ਼ਰਧਾ ਉਤੇ ਫੁੱਲ ਚੜ੍ਹਾਉਣ ਉਤੇ, ਤੀਜੇ ਪੁਰਸਕਾਰ ਦਾ ਜਗਜੀਤ ਸਿੰਘ ਅਨੰਦ ਦੇ ਜੀਊਂਦੇ ਜੀ ਨੇਪਰੇ ਚੜ੍ਹਨ ਉਤੇ ਅਤੇ ਚੌਥੇ ਆਪਣੀ ਵਾਰਤਕ ਸ਼ੈਲੀ ਨੂੰ ਜਗਜੀਤ ਅਨੰਦ ਦੀ ਸ਼ੈਲੀ ਨਾਲ ਜੁੜਦੀ ਵੇਖ ਕੇ। ਸਭ ਤੋਂ ਵੱਡੀ ਤਸੱਲੀ ਵਾਲੀ ਗੱਲ ਇਹ ਕਿ ਜਗਜੀਤ ਅਨੰਦ ਦਾ ਪਰਿਵਾਰ ਉਸ ਦੀ ਸਾਂਭ-ਸੰਭਾਲ ਵਿਚ ਕੋਈ ਕਸਰ ਨਹੀਂ ਛੱਡ ਰਿਹਾ। ਅਜਿਹਾ ਅਮਲ ਰੱਬ ਨਾਲ ਆਢਾ ਲੈਣ ਵਰਗਾ ਹੁੰਦਾ ਹੈ!
ਜਦੋਂ ਮੈਂ ਹਵਾਲਾਤ ਦੇਖੀ: ਮੇਰੀ ਉਮਰ ਅੱਸੀਆਂ ਤੋਂ ਉਤੇ ਹੈ। ਮੈਂ ਕਲ ਤੱਕ ਥਾਣੇ ਦੀ ਹਵਾਲਾਤ ਨਹੀਂ ਸੀ ਦੇਖੀ। ਆਈ ਜੀ, ਡੀ ਆਈ ਜੀ ਤੇ ਪੁਲਿਸ ਕਪਤਾਨ ਮਿੱਤਰ ਵੀ ਬਣੇ ਪਰ ਹਵਾਲਾਤ ਜਾਣ ਦਾ ਸਬੱਬ ਨਹੀਂ ਬਣਿਆ। ਹੁਣ ਜਦੋਂ 36 ਸੈਕਟਰ, ਚੰਡੀਗੜ੍ਹ ਦੇ ਥਾਣੇ ਦਾ ਐਸ ਐਚ ਓ ਰਾਮ ਦਿਆਲ ਬਣ ਕੇ ਆਇਆ ਤਾਂ ਮੈਨੂੰ ਕਿਸੇ ਕੰਮ ਥਾਣੇ ਜਾਣਾ ਪੈ ਗਿਆ। ਉਹ ਹੁਸ਼ਿਆਪੁਰ ਜ਼ਿਲ੍ਹੇ ਦੇ ਪਿੰਡ ਹੂਕੜਾਂ ਦਾ ਜੰਮਪਲ ਹੈ ਜਿਹੜਾ ਕਿ ਮੇਰੇ ਕਵੀ ਮਿੱਤਰ ਤਾਰਾ ਸਿੰਘ ਕਾਮਲ ਦਾ ਜੱਦੀ ਪਿੰਡ ਹੈ।
ਮੈਂ ਉਸ ਦੇ ਦਫ਼ਤਰ ਜਾਂਦਿਆਂ ਸਾਰ ਉਸ ਨੂੰ ਪਹਿਲਾ ਕੰਮ ਇਹੀਓ ਕਿਹਾ ਕਿ ਮੈਨੂੰ ਥਾਣੇ ਦੇ ਕੰਮਾਂ ਬਾਰੇ ਵੀ ਦੱਸੇ ਤੇ ਇਸ ਦੇ ਵੱਖ ਵੱਖ ਅੰਗਾਂ ਬਾਰੇ ਵੀ। ਉਹ ਹੈਰਾਨ ਸੀ ਕਿ ਮੈਂ ਹਵਾਲਾਤ ਨਹੀਂ ਸੀ ਵੇਖੀ। ਮੈਂ ਉਸਨੂੰ ਦੱਸਿਆ ਕਿ ਮੈਂ ਜ਼ਿੰਦਗੀ ਵਿਚ ਕਦੀ ਕ੍ਰਾਂਤੀਕਾਰੀ ਨਹੀਂ ਰਿਹਾ ਤੇ ਨਾ ਹੀ ਅਜਿਹਾ ਮੁਲਜ਼ਮ ਜਿਸ ਨੂੰ ਥਾਣੇ ਜਾਂ ਹਵਾਲਾਤ ਡੱਕਣ ਦੀ ਲੋੜ ਪੈਂਦੀ ਹੈ। ਮੈਂ ਤਾਂ ਥਾਣਾ ਮੁਖੀ ਦਾ ਦਫ਼ਤਰ ਵੀ ਪਹਿਲੀ ਵਾਰ ਵੇਖ ਰਿਹਾ ਹਾਂ।
ਉਸ ਦੇ ਕਮਰੇ ਵਿਚ ਇਕ ਪਾਸੇ ਮੁਲਜ਼ਮਾਂ ਦਾ ਚਾਰਟ ਸੀ ਤੇ ਦੂਜੇ ਪਾਸੇ ਕਰਮਚਾਰੀਆਂ ਦੀ ਹਾਜ਼ਰੀ ਦਾ। ਇਹ ਵੇਖਣ ਲਈ ਕਿ ਕਿਹੜਾ ਕਰਮਚਾਰੀ ਹਾਜ਼ਰ ਹੈ ਤੇ ਕਿਹੜਾ ਮੁਲਜ਼ਮ ਕਦੋਂ ਆਇਆ ਤੇ ਕਿੱਥੇ ਹੈ। ਉਸ ਦਿਨ ਥਾਣੇ ਵਿਚ ਦੋ ਮੁਲਜ਼ਮ ਸਨ। ਇੱਕ ਮਹਿਲਾ ਇੱਕ ਮਰਦ। ਮਰਦ ਵੀ ਹਵਾਲਾਤ ਵਿਚ ਸੀ ਤੇ ਮਹਿਲਾ ਜ਼ਨਾਨੇ ਕਮਰੇ ਵਿਚ। ਉਨ੍ਹਾਂ ਨੂੰ ਟੱਟੀ ਪਿਸ਼ਾਬ ਵੀ ਓਥੇ ਹੀ ਜਾਣਾ ਪੈਂਦਾ ਸੀ। ਮਰਦਾਂ ਲਈ ਉਹਲਾ ਸਧਾਰਨ ਸੀ ਤੇ ਮਹਿਲਾ ਲਈ ਲੁਕਵਾਂ-ਛਿਪਵਾਂ। ਉਹ ਵਿਆਹ ਸ਼ਾਦੀਆਂ ਵਿਚ ਬੱਚੇ ਲੈ ਕੇ ਜਾਂਦੇ ਸਨ। ਬੱਚੇ ਸਮਾਨ ਚੋਰੀ ਕਰਕੇ ਉਨ੍ਹਾਂ ਨੂੰ ਲਿਆ ਦਿੰਦੇ ਸਨ ਜਿਸ ਤੋਂ ਪਿੱਛੋਂ ਸਾਰੇ ਜਾਣੀ-ਪਛਾਣੀ ਵਿੱਧੀ ਵਰਤ ਕੇ ਰਫੂ ਚੱਕਰ ਹੋ ਜਾਂਦੇ ਸਨ। ਥੋੜ੍ਹੀ ਬਹੁਤ ਛਿਤਰ ਪਰੇਡ ਤੋਂ ਪਿੱਛੋਂ ਅਧ-ਪਚਧੀਆਂ ਚੋਰੀਆਂ ਮੰਨ ਚੁੱਕੇ ਸਨ। ਉਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਸਨ।
ਮੈਂ ਥਾਣੇ ਦੇ ਮੁਣਸ਼ੀ ਦਾ ਕਮਰਾ ਵੀ ਦੇਖਿਆ ਤੇ ਉਸ ਦੇ ਨਾਲ ਵਾਲਾ ਰਿਕਾਰਡ ਰੂਮ ਤੇ ਫੇਰ ਮਾਲ ਖਾਨਾ ਵੀ ਜਿੱਥੇ ਥਾਣੇ ਦਾ ਆਪਣਾ ਤੇ ਚੋਰਾਂ ਤੋਂ ਮਿਲਿਆ ਸਾਮਾਨ ਵੀ ਰਖਿਆ ਹੋਇਆ ਸੀ। ਇੱਕ ਪਾਸੇ 25-30 ਅਜਿਹੇ ਗੈਸ ਸਲੰਡਰ ਪਏ ਸਨ ਜਿਹੜੇ ਠੱਗੀ ਕਰਨ ਵਾਲਿਆਂ ਨੇ ਨਕਲੀ ਤਿਆਰ ਕਰਕੇ ਵੇਚ ਰੱਖੇ ਸਨ। ਥਾਣੇ ਦੇ ਪਿਛਲੇ ਪਾਸੇ ਠੀਕ-ਠਾਕ ਕਾਰਾਂ ਖੜ੍ਹੀਆਂ ਸਨ ਤੇ ਥਾਣੇ ਦੇ ਬਾਹਰ ਤੇ ਚਾਰ ਦੀਵਾਰੀ ਦੇ ਅੰਦਰ ਉਹ ਕਾਰਾਂ ਵੀ ਜਿਹੜੀਆਂ ਹਾਦਸਾਗ੍ਰਸਤ ਹੋਣ ਕਾਰਨ ਟੁੱਟ ਭੱਜ ਚੁੱਕੀਆਂ ਸਨ। ਪੁਛਣ ਤੇ ਪਤਾ ਲੱਗਿਆ ਕਿ ਮਾਲਖਾਨੇ ਤੋਂ ਬਾਹਰ ਮੀਂਹ ਹਨੇਰੀ ਦਾ ਸ਼ਿਕਾਰ ਇਹ ਕਾਰਾਂ ਵੀ ਮਾਲ ਖਾਨੇ ਵਿਚ ਜਮ੍ਹਾਂ ਗਿਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਮੈਨੂੰ ਤੀਹ ਸਾਲ ਪਹਿਲਾਂ ਦੀ ਉਹ ਘਟਨਾ ਚੇਤੇ ਆਈ ਜੋ ਦਿੱਲੀ ਰਹਿੰਦਿਆਂ ਮੇਰੇ ਨਾਲ ਵਾਪਰੀ ਸੀ। ਮੇਰੀ ਕਾਰ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ ਟੱਕਰ ਮਾਰ ਕੇ ਭਜਣ ਲੱਗੀ ਤਾਂ ਮੇਰੇ ਮਿੱਤਰ ਦੇ ਆਦੇਸ਼ ਅਨੁਸਾਰ ਥਾਣੇ ਪਹੁੰਚਾ ਦਿੱਤੀ ਗਈ। ਮੈਂ ਘਟਨਾ ਦੀ ਰਿਪੋਰਟ ਲਿਖਵਾਉਣ ਗਿਆ ਤਾਂ ਮੈਨੂੰ ਉਹ ਬੱਸ ਕਿਧਰੇ ਦਿਖਾਈ ਨਾ ਦਿੱਤੀ। ਪੁੱਛਣ ‘ਤੇ ਪਤਾ ਲੱਗਿਆ ਕਿ ਉਹ ਮਾਲਖਾਨੇ ਵਿਚ ਜਮ੍ਹਾ ਸੀ। ਛੱਤੀ ਸੈਕਟਰ ਦਾ ਥਾਣਾ ਵੇਖ ਕੇ ਸਮਝ ਆਇਆ ਕਿ ਥਾਣੇ ਦੀ ਚਾਰ ਦੀਵਾਰੀ ਵਿਚ ਪਹੁੰਚੀ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਚੀਜ਼ ਮਾਲਖਾਨੇ ਵਿਚ ਬੰਦ ਸਮਝੀ ਜਾਂਦੀ ਹੈ। ਹੁਣ ਮੈਂ ਆਪਣੀ ਉਮਰ ਦੇ ਉਸ ਪੜਾਅ ਉਤੇ ਹਾਂ ਕਿ ਨਾ ਕੋਈ ਕ੍ਰਾਂਤੀਕਾਰੀ ਅਮਲ ਕਰ ਸਕਦਾ ਹਾਂ ਤੇ ਨਾ ਕੋਈ ਵੱਡਾ ਜੁਰਮ। ਜੇ ਰਾਮ ਦਿਆਲ ਸਾਡੇ ਥਾਣੇ ਦਾ ਮੁਖੀ ਬਣ ਕੇ ਨਾ ਆAੁਂਦਾ ਤਾਂ ਮੈਂ ਹਵਾਲਾਤ ਦੇਖੇ ਬਿਨਾ ਹੀ ਤੁਰ ਜਾਣਾ ਸੀ।
ਅੰਤਿਕਾ: (ਸਾਧੂ ਬਿਨਿੰਗ)
ਨਾਸਤਕ ਹੋਣ ਬਾਅਦ
ਸਦੀਆਂ ਤੋਂ ਸਿਰ ਚੜ੍ਹਿਆ ਭਾਰ ਲਹਿ ਜਾਂਦਾ ਹੈ
ਹਲਕੇ ਸੁਰਖਰੂ ਹੋਣ ਦਾ ਮਿੱਠਾ ਜਿਹਾ ਅਹਿਸਾਸ
ਬਾਕੀ ਰਹਿ ਜਾਂਦਾ ਹੈ।