‘ਆਪ’ ਦੀ ਆਸ

ਆਮ ਆਦਮੀ ਪਾਰਟੀ (ਆਪ) ਵਿਚਕਾਰ ਚੱਲ ਰਿਹਾ ਸਿਆਸੀ ਖਹਿ-ਭੇੜ ਹੁਣ ਸੁਲ੍ਹਾ-ਸਫਾਈ ਵਾਲੇ ਰਾਹ ਪੈ ਗਿਆ ਹੈ। ਪਿਛਲੇ ਦੋ ਹਫਤਿਆਂ ਦੌਰਾਨ ਪਾਰਟੀ ਅੰਦਰ ਆਪੋ-ਧਾਪੀ ਦਾ ਜੋ ਮਾਹੌਲ ਬਣ ਗਿਆ ਸੀ, ਉਸ ਤੋਂ ਪਾਰਟੀ ਦੇ ਵਾਲੰਟੀਅਰ, ਖਾਸ ਕਰ ਕੇ ਪਰਵਾਸ ਵਿਚ ਵੱਸਦੇ ਲੋਕ ਬਹੁਤ ਪ੍ਰੇਸ਼ਾਨ ਸਨ।

ਇਸ ਪ੍ਰੇਸ਼ਾਨੀ ਅਤੇ ਪਸ਼ੇਮਾਨੀ ਦਾ ਕਾਰਨ ਸਿੱਧਾ ਹੀ ਸੀ ਕਿ ਚਿਰਾਂ ਬਾਅਦ ਇਸ ਪਾਰਟੀ ਨੇ ਆਸ ਬੰਨ੍ਹਾਈ ਸੀ ਕਿ ਭਾਰਤ ਦੇ ਗਲ-ਸੜ ਚੁੱਕੇ ਢਾਂਚੇ ਵਿਚ ਸੁਧਾਰ ਸੰਭਵ ਹੈ ਅਤੇ ਲੋਕਾਈ ਦੀ ਮਦਦ ਨਾਲ ਕੋਈ ਵੀ ਮੁਹਿੰਮ ਜਿੱਤੀ ਜਾ ਸਕਦੀ ਹੈ, ਪਰ ਕੁਝ ਮਸਲੇ ਵੇਲੇ ਸਿਰ ਅਤੇ ਮੌਕੇ ਮੁਤਾਬਕ ਨਾ ਨਜਿੱਠਣ ਕਰ ਕੇ ਹਾਲਾਤ ਬਦ ਤੋਂ ਬਦਤਰ ਹੋ ਗਏ। ਭਾਰਤੀ ਸਿਆਸਤ ਵਿਚ ਦਿਲਚਸਪੀ ਰੱਖਣ ਵਾਲਾ ਹਰ ਸੰਜੀਦਾ ਸ਼ਖਸ ਇਸ ਉਥਲ-ਪੁਥਲ ਨੂੰ ਬੜੀ ਉਤਸੁਕਤਾ ਨਾਲ ਦੇਖ ਰਿਹਾ ਸੀ। ਅਸਲ ਵਿਚ ਉਹ ਇਹ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਸਨ ਕਿ ‘ਆਪ’ ਤੋਂ ਲਾਈ ਆਸ ਇੰਨੀ ਛੇਤੀ ਖਤਮ ਹੋ ਜਾਵੇਗੀ। ‘ਆਪ’ ਬਾਰੇ ਸਿਆਸੀ ਵਿਸ਼ਲੇਸ਼ਕ ਮੁੱਢ ਤੋਂ ਹੀ ਇਹ ਵਿਚਾਰ ਪ੍ਰਗਟ ਕਰਦੇ ਆ ਰਹੇ ਹਨ ਕਿ ਇਸ ਪਾਰਟੀ ਅਤੇ ਇਸ ਪਾਰਟੀ ਦੇ ਆਗੂਆਂ ਨੇ ਜੋ ਮੁੱਦੇ ਲੋਕਾਂ ਸਾਹਮਣੇ ਰੱਖੇ ਹਨ ਅਤੇ ਇਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਜਿਹੜੀ ਸਿਆਸਤ ਦਾ ਆਗਾਜ਼ ਕੀਤਾ ਸੀ, ਉਸ ਪਾਸੇ ਅਗਲਾ ਕਦਮ ਤਾਂ ਹੀ ਪੁੱਟਿਆ ਜਾ ਸਕਦਾ ਹੈ, ਜੇ ਸਿਆਸੀ ਪਿੜ ਵਿਚ ਪੂਰੀ ਤਰ੍ਹਾਂ ਕਾਇਮ ਹੋ ਕੇ ਪੈਰ ਧਰਿਆ ਜਾਵੇ। ਪਹਿਲਾਂ ਵੀ ਇਹ ਤੱਥ ਭਲੀ-ਭਾਂਤ ਸਾਹਮਣੇ ਆਇਆ ਸੀ ਕਿ ਕੁਝ ਮਾਮਲਿਆਂ ਵਿਚ ਕਾਹਲੀ ਵਰਤਣ ਕਾਰਨ ਪਾਰਟੀ ਨੂੰ ਪਿਛਾਂਹ ਹਟਣਾ ਪਿਆ ਸੀ। ਉਂਜ ਅਜੇ ਵੀ ਇਹ ਤਸੱਲੀ ਵਾਲੀ ਗੱਲ ਕਹੀ ਜਾ ਸਕਦੀ ਹੈ ਕਿ ਹਾਲਾਤ ਨੂੰ ਮੋੜਾ ਪੈਣ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਯੋਗੇਂਦਰ ਯਾਦਵ ਜੋ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਕੇਂਦਰ ਵਿਚ ਹਨ, ਦਾ ਇਕ ਬਿਆਨ ਧਿਆਨ ਦੇਣ ਵਾਲਾ ਹੈ। ਉਨ੍ਹਾਂ ਚੰਗੇ ਪਾਸੇ ਮੋੜਾ ਕੱਟਣ ਦੀ ਆਸ ਨਾਲ ਇਹ ਕਿਹਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ ਜੋ ‘ਸਾਗਰ ਮੰਥਨ’ ਹੋਇਆ ਹੈ, ਉਸ ਪਿਛੋਂ ਅੰਤਾਂ ਦਾ ਜ਼ਹਿਰ ਬਾਹਰ ਆਇਆ ਹੈ, ਹੁਣ ਅੰਮ੍ਰਿਤ ਬਾਹਰ ਆਉਣ ਦੀ ਵਾਰੀ ਹੈ। ਯੋਗੇਂਦਰ ਯਾਦਵ ਦੇ ਇਸ ਬਿਆਨ ਦੇ ਅਰਥ ਬਹੁਤ ਡੂੰਘੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪਾਰਟੀ ਦੇ ਜਨਮ ਤੋਂ ਲੈ ਕੇ ਹੁਣ ਤੱਕ ਵਿਰੋਧੀਆਂ ਨੇ ਕਈ ਵਾਰ ਆਪੂੰ-ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦਾ ਭੋਗ ਪੈ ਚੁੱਕਾ ਹੈ, ਪਰ ਪਾਰਟੀ ਹਰ ਵਾਰ ਪਹਿਲਾਂ ਨਾਲੋਂ ਵੀ ਕਿਤੇ ਵੱਧ ਤਕੜੀ ਹੋ ਕੇ ਸੰਕਟ ਵਿਚੋਂ ਉਭਰੀ ਹੈ ਅਤੇ ਆਪਣੀ ਸਮਰੱਥਾ ਦਾ ਮੁਜ਼ਾਹਰਾ ਕੀਤਾ ਹੈ। ਇਸ ਵਾਰ ਵੀ ਪਾਰਟੀ ਅੰਦਰ ਉਭਰੇ ਮੱਤਭੇਦ ਦੂਰ ਹੋਣਗੇ ਅਤੇ ਜਿਸ ਸਿਆਸਤ ਨੂੰ ਬਦਲਣ ਅਤੇ ਇਸ ਦੇ ਕਿਲ੍ਹੇ ਸੰਨ੍ਹ ਲਾਉਣ ਲਈ ਇਸ ਦੀ ਕਾਇਮੀ ਹੋਈ ਸੀ, ਉਸ ਪਾਸੇ ਜ਼ਰੂਰ ਸਫਲਤਾ ਮਿਲੇਗੀ।
‘ਆਪ’ ਦੇ ਪਿਛੋਕੜ ਉਤੇ ਜੇ ਤਰਦੀ ਜਿਹੀ ਨਜ਼ਰ ਵੀ ਮਾਰੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਪਾਰਟੀ ਦੀ ਹੋਂਦ ਦਾ ਮਸਲਾ ਮੁੱਖ ਧਾਰਾ ਸਿਆਸਤ ਦੇ ਨਿਘਾਰ ਨਾਲ ਜੁੜਿਆ ਹੋਇਆ ਹੈ। ਮੁੱਖ ਧਾਰਾ ਦੀਆਂ ਦੋ ਅਹਿਮ ਪਾਰਟੀਆਂ- ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੋਂ ਲੋਕਾਂ ਦਾ ਮੋਹ-ਭੰਗ ਹੋਣ ਤੋਂ ਬਾਅਦ ਹੀ ‘ਆਪ’ ਵਾਲਾ ਵਰਤਾਰਾ ਵਾਪਰਿਆ। ਇਕੱਲੇ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਹੀ ‘ਆਪ’ ਅਤੇ ਇਸ ਪਾਰਟੀ ਲਈ ਨੀਂਹ ਬਣੇ ‘ਅੰਨਾ ਹਜ਼ਾਰੇ ਅੰਦੋਲਨ’ ਨਾਲ ਚੰਦ ਦਿਨਾਂ ਵਿਚ ਅਣਗਿਣਤ ਲੋਕ ਸੜਕਾਂ ਉਤੇ ਆ ਗਏ ਸਨ। ਇਸ ਅੰਦੋਲਨ ਦੀ ਅਗਲੀ ਕੜੀ ਦੇ ਰੂਪ ਵਿਚ ਹੀ ‘ਆਪ’ ਅੱਗੇ ਆਈ ਸੀ। ਉਂਜ ਇਹ ਵੀ ਸੱਚ ਹੈ ਕਿ ਇਸ ਪਾਰਟੀ ਬਾਰੇ ਕੁਝ ਲੋਕਾਂ ਦੇ ਮੁੱਢ ਤੋਂ ਹੀ ਕੁਝ ਸੰਸੇ ਰਹੇ ਹਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਦੇਸ ਅੰਦਰ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ, ਉਹ ਬਿਨਾਂ ਸ਼ੱਕ ਫਿਕਰ ਵਧਾਉਣ ਵਾਲਾ ਸੀ। ਭਾਜਪਾ ਦੇ ਕੱਟੜ ਆਗੂ ਨਰੇਂਦਰ ਮੋਦੀ ਦੀ ਅਗਵਾਈ ਵਿਚ ਜਿਸ ਢੰਗ ਨਾਲ ਕੇਂਦਰ ਵਿਚ ਸਰਕਾਰ ਬਣੀ ਸੀ, ਉਸ ਨੇ ਆਮ ਲੋਕਾਂ ਵਿਚ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਸੀ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਦੇਸ ਭਰ ਦੇ ਲੋਕਾਂ ਨੂੰ ਇਕ ਅਜਿਹਾ ਰਾਹ ਦਿਖਾਇਆ ਜਿਸ ਉਤੇ ਚੱਲ ਕੇ ਮੁੱਖ ਧਾਰਾ ਦੀਆਂ ਪਾਰਟੀਆਂ ਦੀ ਕੋਝੀ ਸਿਆਸਤ ਨੂੰ ਵੰਗਾਰਿਆ ਸੀ। ਇਹੀ ਇਕ ਮੁੱਦਾ ਸੀ ਜਿਸ ਦੁਆਲੇ ਆਪ-ਮੁਹਾਰੇ ਹੀ ਸਿਆਸੀ ਗੋਲਬੰਦੀ ਹੋਈ ਅਤੇ ਇਸ ਦੇ ਨਤੀਜੇ ਵੀ ਬੜੇ ਸਾਰਥਕ ਨਿਕਲੇ। ਅਸਲ ਵਿਚ ਇਹ ਨਵੀਂ ਸਿਆਸਤ ਲਈ ਆਸ ਲਾਈ ਬੈਠੇ ਲੋਕਾਂ ਦਾ ਦੋ-ਟੁੱਕ ਫੈਸਲਾ ਸੀ। ਇਹ ਇਸੇ ਆਧਾਰ ਉਤੇ ਸ਼ੁਰੂ ਹੋਈ ਸਿਆਸਤ ਦਾ ਹੀ ਸਿਲਾ ਸੀ ਕਿ ਲੋਕ ਮੂੰਹ-ਜ਼ੋਰ ਮੋਦੀ ਲਹਿਰ ਨੂੰ ਪਛਾੜਨ ਵਿਚ ਸਫਲ ਹੋਏ। ਇਸ ਹਿਸਾਬ ਨਾਲ ‘ਆਪ’ ਆਪਣਾ ਇਕ ਇਤਿਹਾਸਕ ਰੋਲ ਨਿਭਾ ਚੁੱਕੀ ਹੈ।
ਹੁਣ ਦੇਖਣ/ਸਮਝਣ ਵਾਲੀ ਗੱਲ ਇਹ ਹੈ ਕਿ ਪਾਰਟੀ ਦੇ ਆਗੂ ਸਿਆਸਤ ਦੇ ਪਿੜ ਵਿਚ ਮਿਲੇ ਇਸ ਮੌਕੇ ਨੂੰ ਕਿਸ ਤਰ੍ਹਾਂ ਵਰਤ ਸਕਣਗੇ। ਲੋਕ ਭਾਰਤ ਦੇ ਸਿਆਸੀ ਪਿੜ ਵਿਚ ‘ਆਪ’ ਤੋਂ ਅਜਿਹੇ ਵੱਡੇ ਇਤਿਹਾਸਕ ਰੋਲ ਦੀ ਤਵੱਕੋ ਕਰ ਰਹੇ ਹਨ ਜੋ ਬੁਰੀ ਤਰ੍ਹਾਂ ਨਿੱਘਰ ਚੁੱਕੇ ਸਿਆਸੀ ਢਾਂਚੇ ਵਿਚ ਨਵੀਂ ਰੂਹ ਫੂਕ ਦੇਵੇ। ਇਹੀ ਉਹ ਇਤਿਹਾਸਕ ਮੋੜ ਹੈ ਜਿਥੇ ਪਾਰਟੀ ਦੇ ਆਗੂਆਂ ਦਾ ਇਮਤਿਹਾਨ ਸ਼ੁਰੂ ਹੁੰਦਾ ਹੈ। ਵਕਤ ਨੇ ਸਾਬਤ ਕੀਤਾ ਹੈ ਕਿ ਕੋਈ ਵੀ ਮਸਲਾ ਹੱਲ ਕੀਤਾ ਜਾ ਸਕਦਾ ਹੈ, ਬੱਸ ਆਗੂਆਂ ਵਿਚ ਇੱਛਾ-ਸ਼ਕਤੀ ਅਤੇ ਕੁਰਬਾਨੀ ਦੇਣ ਦਾ ਮਾਦਾ ਹੋਣਾ ਚਾਹੀਦਾ ਹੈ। ਆਸ ਕਰਨੀ ਚਾਹੀਦੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਹਾਲਾਤ ਦੀ ਇਸ ਨਜ਼ਾਕਤ ਨੂੰ ਸਮਝਣਗੇ ਅਤੇ ਸੰਸਾਰ ਭਰ ਵਿਚ ਆਸ ਦੀ ਡੋਰੀ ਫੜੀ ਬੈਠੇ ਲੱਖਾਂ ਵਾਲੰਟੀਅਰਾਂ ਨੂੰ ਨਿਰਾਸ਼ ਨਹੀਂ ਕਰਨਗੇ। ਜੇ ‘ਆਪ’ ਦੇ ਆਗੂ ਕੁਰਬਾਨੀ ਦਾ ਚੇਤਾ ਰੱਖਣ ਤਾਂ ਨਵੀਂਆਂ ਪੈੜਾਂ ਖੁਦ-ਬਖੁਦ ਬਣਨਗੀਆਂ। ਜੇ ਨਹੀਂ ਤਾਂ ਇਤਿਹਾਸ ਦੇ ਬੋਝੇ ਵਿਚ ਇਸ ਪਾਰਟੀ ਲਈ ਜਗ੍ਹਾ ਵੀ ਰਾਖਵੀਂ ਹੋਵੇਗੀ!