ਨਾਨਕਸ਼ਾਹੀ ਕੈਲੰਡਰ ਵਿਵਾਦ ਹੋਰ ਡੂੰਘਾ ਹੋਇਆ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਨਾਨਕਸ਼ਾਹੀ ਕੈਲੰਡਰ ਵਿਵਾਦ ਹੱਲ ਹੋਣ ਦੀ ਥਾਂ ਹੋਰ ਉਲਝ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਨਵੇਂ ਕੈਲੰਡਰ ਨੂੰ ਭਾਰਤ ਸਮੇਤ ਵੱਡੀ ਗਿਣਤੀ ਵਿਦੇਸ਼ੀ ਸਿੱਖ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਹੈ। ਇਸ ਕਾਰਨ ਨਵੇਂ ਕੈਲੰਡਰ ਦੀ ਮਾਨਤਾ ਬਾਰੇ ਸਿੱਖ ਸੰਗਤ ਵਿਚ ਭੰਬਲਭੂਸਾ ਪੈਦਾ ਹੋ ਗਿਆ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਹੈ ਤੇ ਆਖਿਆ ਕਿ ਉਸ ਇਸ ਕੈਲੰਡਰ ਮੁਤਾਬਕ ਹੀ ਗੁਰਪੁਰਬ ਮਨਾਉਣਗੇ।
ਵੱਡੀ ਗਿਣਤੀ ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਕੈਲੰਡਰ ਵਿਵਾਦ ਦੇ ਹੱਲ ਲਈ ਜਥੇਦਾਰ ਵਲੋਂ 18 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇਸ ਸਾਲ ਦੇ ਅੰਤ ਤੱਕ ਆਪਣੀ ਰਿਪੋਰਟ ਦੇਵੇਗੀ, ਪਰ ਰਿਪੋਰਟ ਆਉਣ ਤੱਕ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਰੱਖਣ ਦੀ ਥਾਂ ਨਵਾਂ ਕੈਲੰਡਰ ਜਾਰੀ ਕਰ ਕੇ ਇਹ ਸੰਕੇਤ ਦਿੱਤਾ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ ਤੇ ਆਰæਐਸ਼ਐਸ਼ ਅੱਗੇ ਝੁਕ ਗਈ ਹੈ। ਇਸੇ ਦੌਰਾਨ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਨਵੇਂ ਕੈਲੰਡਰ ਨੂੰ ਬਿਕਰਮੀ ਕੈਲੰਡਰ ਦਾ ਹੀ ਦੂਜਾ ਰੂਪ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਵਲੋਂ ਕੈਲੰਡਰ ਵਿਵਾਦ ਹੱਲ ਕਰਨ ਲਈ ਬਣਾਈ 18 ਮੈਂਬਰੀ ਕਮੇਟੀ ਵੀ ਵਿਵਾਦਾਂ ਵਿਚ ਘਿਰੀ ਹੋਈ ਹੈ।
ਕਮੇਟੀ ਵਿਚ ਨਾਨਕਸ਼ਾਹੀ ਕੈਲੰਡਰ ਸਮਰਥਕ ਘੱਟ ਤੇ ਆਲੋਚਕ ਵਧੇਰੇ ਹਨ। ਇਸ ਕਮੇਟੀ ਵਿਚ ਸਮਰਥਕ ਵਜੋਂ ਇਕੱਲੇ ਪਾਲ ਸਿੰਘ ਪੁਰੇਵਾਲ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਬਿਕਰਮੀ ਕੈਲੰਡਰ ਵਿਚ ਵਧੇਰੇ ਖਾਮੀਆਂ ਹੋਣ ਕਾਰਨ 2003 ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਇਸ ਵਿਚ ਗੁਰਪੁਰਬਾਂ ਤੇ ਹੋਰ ਦਿਨ ਤਿਉਹਾਰਾਂ ਬਾਰੇ ਤਰੀਕਾਂ ਨਿਰਧਾਰਤ ਸਨ। ਇਹ ਕੈਲੰਡਰ 2003 ਤੋਂ ਲੈ ਕੇ 2010 ਤੱਕ ਲਾਗੂ ਰਿਹਾ, ਪਰ 2010 ਵਿਚ ਸੋਧ ਕਰ ਕੇ ਜੋ ਕੈਲੰਡਰ ਲਾਗੂ ਕੀਤਾ ਗਿਆ, ਉਸ ਨੇ ਵਧੇਰੇ ਤਣਾਅ ਪੈਦਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸੰਤ ਸਮਾਜ ਬਿਕਰਮੀ ਕੈਲੰਡਰ ਲਾਗੂ ਕਰਨ ‘ਤੇ ਅੜੇ ਹੋਏ ਹਨ ਜਦੋਂ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਨਾਨਕਸ਼ਾਹੀ ਕੈਲੰਡਰ ਦਾ ਸਮਰਥਰਨ ਕਰਨ ਬਦਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ।
ਪੰਜ ਸਿੰਘ ਸਾਹਿਬਾਨ ਵਲੋਂ ਜੋ ਕੈਲੰਡਰ ਜਾਰੀ ਕੀਤਾ ਗਿਆ ਹੈ, ਉਹ ਨਾ ਤਾਂ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਨਾ ਹੀ 2010 ਵਾਲੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨਾਲ ਮੇਲ ਖਾਂਦਾ ਹੈ ਜਿਸ ਤੋਂ ਸਪਸ਼ਟ ਹੈ ਕਿ ਪੁਰਾਣੇ ਦੋਵੇਂ ਕੈਲੰਡਰਾਂ ਦਾ ਇਸ ਵਰ੍ਹੇ ਲਈ ਭੋਗ ਪਾ ਦਿੱਤਾ ਗਿਆ ਹੈ। ਕੈਲੰਡਰ ਵਿਚ ਤਰੀਕਾਂ ਗੁਰਮੁਖੀ ਵਿਚ ਤੇ ਦੇਸੀ ਮਹੀਨਿਆਂ ਮੁਤਾਬਕ ਦਰਸਾਈਆਂ ਗਈਆਂ ਹਨ ਜਦੋਂਕਿ ਪਹਿਲਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿਚ ਇਹ ਤਰੀਕਾਂ ਰੋਮਨ ਅੰਕਾਂ ਵਿਚ ਹੁੰਦੀਆਂ ਸਨ। ਨਵੇਂ ਕੈਲੰਡਰ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਗੱਦੀ ਦਿਵਸ ਪੰਜ ਚੇਤ ਭਾਵ 18 ਮਾਰਚ ਨੂੰ ਦਰਸਾਇਆ ਗਿਆ ਹੈ। ਇਹ ਦਿਹਾੜਾ ਪਹਿਲਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਮੇਸ਼ਾ 14 ਮਾਰਚ ਨੂੰ ਮਨਾਇਆ ਜਾਂਦਾ ਹੈ।
ਇਸ ਲਈ ਪਹਿਲੇ ਦਿਨ ਹੀ ਨਵੇਂ ਕੈਲੰਡਰ ਕਾਰਨ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗੁਰਗੱਦੀ ਦਿਵਸ ਬਾਰੇ ਮਤਭੇਦ ਪੈਦਾ ਹੋ ਗਏ। ਇਸੇ ਤਰ੍ਹਾਂ ਹੋਰ ਗੁਰੂ ਸਾਹਿਬਾਨ ਦੇ ਦਿਵਸ ਵੀ ਪਹਿਲੇ ਕੈਲੰਡਰਾਂ ਨਾਲ ਮੇਲ ਨਹੀਂ ਖਾਂਦੇ। ਨਵੇਂ ਕੈਲੰਡਰ ਵਿਚ ਕਈ ਸਿੱਖ ਜਰਨੈਲਾਂ ਦੇ ਸ਼ਹੀਦੀ ਦਿਹਾੜੇ ਵੀ ਮਨਫ਼ੀ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਕਈ ਹਿੰਦੂ ਭਾਈਚਾਰੇ ਦੇ ਤਿਉਹਾਰਾਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਜਦਕਿ ਪਿਛਲੇ ਕੈਲੰਡਰਾਂ ਵਿਚ ਇਹ ਜਾਣਕਾਰੀ ਸ਼ਾਮਲ ਸੀ।
ਸਾਲ 2003 ਵਿਚ ਜਾਰੀ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਹੋਲੀ ਤੇ ਹੋਲਾ ਮਹੱਲਾ, ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਛੱਡ ਕੇ ਬਾਕੀ ਪੁਰਬਾਂ ਤੇ ਦਿਨ ਤਿਉਹਾਰਾਂ ਦੀਆਂ ਤਰੀਕਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਸਨ। 2010 ਵਿਚ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿਚ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਸ਼ਾਮਲ ਕੀਤੇ ਜਾਣ ਕਾਰਨ ਕਈ ਤਰੀਕਾਂ ਪੁਰਾਣੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਨ ਤੇ ਕੁਝ ਤਰੀਕਾਂ ਨਵੀਆਂ ਸਨ। ਨਵੇਂ ਕੈਲੰਡਰ ਵਿਚ ਗੁਰਪੁਰਬਾਂ ਦੀਆਂ ਤਰੀਕਾਂ ਦੋਵੇਂ ਕੈਲੰਡਰਾਂ ਤੋਂ ਅਲੱਗ ਹੋਣ ਕਾਰਨ ਉਸ ਨੂੰ ਪੂਰੀ ਤਰ੍ਹਾਂ ਬਿਕਰਮੀ ਕੈਲੰਡਰ ਦਾ ਰੂਪ ਦੱਸਿਆ ਜਾ ਰਿਹਾ ਹੈ। ਸੋਧੇ ਹੋਏ (ਨਾਨਕਸ਼ਾਹੀ) ਕੈਲੰਡਰ ਮੁਤਾਬਕ ਵੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਅੱਠ ਅਕਤੂਬਰ ਨੂੰ ਮਨਾਇਆ ਜਾਂਦਾ ਸੀ ਜਦਕਿ ਇਸ ਵਾਰ ਇਹ 28 ਅਕਤੂਬਰ ਨੂੰ ਆਏਗਾ।
ਇਸੇ ਤਰ੍ਹਾਂ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 24 ਨਵੰਬਰ ਨੂੰ ਮਨਾਇਆ ਜਾਂਦਾ ਸੀ ਪਰ ਇਸ ਵਰੇ ਦੇ ਕੈਲੰਡਰ ਅਨੁਸਾਰ 16 ਦਸੰਬਰ ਨੂੰ ਆਵੇਗਾ। ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਗੁਰੂ ਅਮਰਦਾਸ ਜੀ ਦਾ ਜੋਤੀ-ਜੋਤਿ, ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਵੀ ਬਿਕਰਮੀ ਕੈਲੰਡਰ ਅਨੁਸਾਰ ਬਦਲ ਦਿੱਤਾ ਗਿਆ ਹੈ।
ਬਰਖ਼ਾਸਤਗੀ ਖਿਲਾਫ ਜਥੇਦਾਰ ਨੰਦਗੜ੍ਹ ਹਾਈਕੋਰਟ ਪੁੱਜੇ
ਚੰਡੀਗੜ੍ਹ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬਰਖ਼ਾਸਤਗੀ ਖਿਲਾਫ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਹਾਈਕੋਰਟ ਪੁੱਜ ਗਏ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤੇ ਹਨ ਕਿ ਜਥੇਦਾਰ ਦੇ ਨਿਯੁਕਤੀ ਪੱਤਰ ਦੀ ਕਾਪੀ ਅਦਾਲਤ ਨੂੰ ਸੌਂਪੀ ਜਾਵੇ। ਜਥੇਦਾਰ ਨੰਦਗੜ੍ਹ 2003 ਵਿਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਹੋਏ ਸਨ ਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਕਾਰਨ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
_________________________________
ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਮਤਭੇਦ?
ਨਵੇਂ ਕੈਲੰਡਰ ਦੇ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵਿਚਾਲੇ ਆਪਸੀ ਮਤਭੇਦ ਉਭਰੇ ਹਨ। ਜਥੇਦਾਰ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਉਹੀ ਕੈਲੰਡਰ ਜਾਰੀ ਕੀਤਾ ਹੈ ਜੋ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਦੂਜੇ ਪਾਸੇ ਜਥੇਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨਵੇਂ ਵਰ੍ਹੇ ਦੇ ਇਸ ਕੈਲੰਡਰ ਨੂੰ ਪ੍ਰਕਾਸ਼ਿਤ ਕਰਨ ਲਈ ਲਿਖਤੀ ਰੂਪ ਵਿਚ ਆਦੇਸ਼ ਭੇਜੇ ਗਏ ਸਨ। ਉਨ੍ਹਾਂ ਨੂੰ ਜੋ ਕੁਝ ਦੱਸਿਆ ਗਿਆ ਹੈ, ਉਸੇ ਤਰ੍ਹਾਂ ਕੀਤਾ ਗਿਆ ਹੈ। ਇਸ ਕਾਰਵਾਈ ਪਿੱਛੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਕਾਰਜ ਪ੍ਰਣਾਲੀ ਉਤੇ ਵੀ ਕਿੰਤੂ-ਪ੍ਰੰਤੂ ਹੋਣਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ (ਦਿੱਲੀ) ਦੇ ਆਗੂਆਂ ਨੇ ਆਖਿਆ ਕਿ ਅਕਾਲ ਤਖ਼ਤ ਤੋਂ ਪਾਰਦਰਸ਼ੀ ਫੈਸਲੇ ਹੋਣ ਲਈ ਜ਼ਰੂਰੀ ਹੈ ਕਿ ਸਬੰਧਤ ਜਥੇਦਾਰਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਿਆਸਤ ਨਾਲ ਸਬੰਧਤ ਨਾ ਹੋਵੇ।