ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸੂਬਾ ਸਰਕਾਰ ਲਈ ਬੜੇ ਨਮੋਸ਼ੀ ਵਾਲੇ ਹਾਲਾਤ ਬਣੇ ਹੋਏ ਹਨ। ਵਿਰੋਧੀ ਧਿਰ ਨੇ ਜਿਥੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਸ਼ਾ ਤਸਕਰੀ ਵਿਚ ਨਾਂ ਬੋਲਣ ਕਾਰਨ ਸਰਕਾਰ ਨੂੰ ਘੇਰਿਆ ਹੈ, ਉਥੇ ਸੂਬੇ ਵਿਚ ਲੋਕ ਮੁੱਦਿਆਂ ‘ਤੇ ਕੁਝ ਅਕਾਲੀ ਵਿਧਾਇਕਾਂ ਨੇ ਹੀ ਸਰਕਾਰ ਨੂੰ ਲਾਜਵਾਬ ਕਰ ਦਿੱਤਾ।
ਭਾਜਪਾ ਨੇ ਇਸ ਵਾਰ ਆਪਣੇ ਜੋਟੀਦਾਰ ਅਕਾਲੀ ਦਲ ਦਾ ਸਾਥ ਦੇਣ ਦੀ ਬਜਾਏ ਚੁੱਪ ਧਾਰੀ ਰੱਖੀ। ਮਜੀਠੀਆ ਖਿਲਾਫ ਮਰਿਆਦਾ ਮਤਾ ਲਿਆਉਣ ਵਿਚ ਕਾਂਗਰਸੀ ਭਾਵੇਂ ਅਸਫਲ ਰਹੇ, ਪਰ ਉਨ੍ਹਾਂ ਸਰਕਾਰ ਨੂੰ ਸਫਾਈ ਦੇਣ ਬਾਰੇ ਇੰਨਾ ਮਜਬੂਰ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿਣਾ ਪਿਆ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਜੇਲ੍ਹ ਭੇਜ ਦਿੱਤਾ ਸੀ, ਪਰ ਅਦਾਲਤ ਵਿਚ ਉਹ ਨਿਰਦੋਸ਼ ਸਾਬਤ ਹੋਏ ਸਨ। ਇਸ ਲਈ ਦੋਸ਼ ਸਾਬਤ ਹੋਣ ‘ਤੇ ਹੀ ਮਜੀਠੀਆ ਤੋਂ ਅਸਤੀਫਾ ਲਿਆ ਜਾਵੇਗਾ। ਉਨ੍ਹਾਂ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਮਜੀਠੀਆ ਨੂੰ ਐਨ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਮਾਲ ਮੰਤਰੀ ਨੂੰ ਅਜੇ ਤੱਕ ਕਿਸੇ ਅਦਾਲਤ ਨੇ ਮੁਲਜ਼ਮ ਵਜੋਂ ਨਹੀਂ ਬੁਲਾਇਆ। ਇਸ ਲਈ ਕਾਂਗਰਸ ਨੂੰ ਇਸ ਮਾਮਲੇ ‘ਤੇ ਜ਼ਿਆਦਾ ਤੂਲ ਨਹੀਂ ਦੇਣੀ ਚਾਹੀਦੀ।
ਸੱਤਾਧਾਰੀ ਵਿਧਾਇਕਾਂ ਨੇ ਹੀ ਵਿਕਾਸ ਦੇ ਮੁੱਦੇ ‘ਤੇ ਸਰਕਾਰ ਦੀ ਚੰਗੀ ਲਾਹ-ਪਾਹ ਕੀਤੀ ਜਿਸ ਕਾਰਨ ਵੱਖ-ਵੱਖ ਮੰਤਰੀਆਂ ਨੂੰ ਮਾਮਲਿਆਂ ਦੀ ਪੜਤਾਲ ਕਰਵਾਉਣ ਦੇ ਭਰੋਸੇ ਦੇ ਕੇ ਖਹਿੜਾ ਛੁਡਾਉਣਾ ਪਿਆ। ਜਗਰਾਓਂ ਤੋਂ ਸੱਤਾਧਾਰੀ ਧਿਰ ਦੇ ਵਿਧਾਇਕ ਐਸ਼ਆਰæ ਕਲੇਰ ਨੇ ਪਿੰਡ ਭਦਿਆਣਾ (ਜਲੰਧਰ) ਵਿਚਲੇ ਸੀਵਰੇਜ ਪਲਾਂਟ ਦੇ ਦੋ ਸਾਲਾਂ ਤੋਂ ਲਟਕ ਰਹੇ ਮੁੱਦੇ ਉਪਰ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਦਿੱਤੇ ਜਵਾਬ ਉਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਕੰਮ ਦਫ਼ਤਰੀ ਪ੍ਰਕਿਰਿਆ ਵਿਚ ਹੀ ਉਲਝਿਆ ਪਿਆ ਹੈ। ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਜੇਕਰ ਸੀਵਰੇਜ ਪਲਾਂਟ ਲਈ ਕਾਗਜ਼ੀ ਪ੍ਰਵਾਨਗੀ ਦੇਣ ‘ਤੇ ਦੋ ਸਾਲਾਂ ਹੀ ਲੱਗਣੇ ਹਨ ਤਾਂ ਰਾਜ ਦਾ ਵਿਕਾਸ ਕਿਵੇਂ ਹੋਵੇਗਾ। ਗਿੱਲ ਵਿਧਾਨ ਸਭਾ ਹਲਕੇ ਦੇ ਸੱਤਾਧਾਰੀ ਧਿਰ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਪਿੰਡ ਧਾਂਦਰਾਂ (ਲੁਧਿਆਣਾ) ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਣ ਲਈ ਪ੍ਰਬੰਧਕਾਂ ਨੂੰ ਦਿੱਤੀ ਪੰਚਾਇਤੀ ਜ਼ਮੀਨ ਦੇ ਮੁੱਦੇ ‘ਤੇ ਕੀਤੇ ਸਵਾਲ ਉਪਰ ਵੀ ਸਰਕਾਰ ਘਿਰ ਗਈ। ਇਸੇ ਤਰ੍ਹਾਂ ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਨੇ ਪਿੰਡ ਚਹਿਲਾਂ (ਮਾਨਸਾ) ਦੀ ਪੰਜ ਸਾਲ ਪਹਿਲਾਂ ਉਦਯੋਗਿਕ ਸਿਖਲਾਈ ਸੰਸਥਾ (ਆਈæਟੀæਆਈæ) ਸਥਾਪਤ ਕਰਨ ਵਾਸਤੇ ਹਾਸਲ ਕੀਤੀ ਜ਼ਮੀਨ ਦੇ ਮੁੱਦੇ ਬਾਰੇ ਕਿਹਾ ਕਿ ਇਹ ਪ੍ਰਾਜੈਕਟ ਸਿਰੇ ਨਾ ਲੱਗਣ ਕਾਰਨ ਜ਼ਮੀਨ ਬੰਜਰ ਹੋ ਗਈ ਹੈ। ਗੁਰਇਕਬਾਲ ਕੌਰ ਨੇ ਨਵਾਂ ਸ਼ਹਿਰ ਦੇ ਹਸਪਤਾਲ ਵਿਚਲੇ ਸਟਾਫ਼ ਦੀ ਘਾਟ, ਜਗੀਰ ਕੌਰ ਨੇ ਭੁਲੱਥ ਤੇ ਬੇਗੋਵਾਲ ਵਿਚ ਸੀਵਰੇਜ ਵਿਛਾਉਣ, ਅਜਾਇਬ ਸਿੰਘ ਭੱਟੀ ਨੇ ਭੁੱਚੋ ਮੰਡੀ ਵਿਚ ਸੀਵਰੇਜ ਵਿਛਾਉਣ ਤੇ ਹਰੀ ਸਿੰਘ ਨੇ ਮੱਲਾਂਵਾਲਾ (ਫਿਰੋਜ਼ਪੁਰ) ਵਿਚ ਸੀਵਰੇਜ ਪਾਉਣ ਸਬੰਧੀ ਸਵਾਲ ਕੀਤੇ।
ਇਸ ਤੋਂ ਪਹਿਲਾਂ ਕਾਂਗਰਸ ਨੇ ਮੁੱਖ ਮੰਤਰੀ ਦੇ ਪਰਿਵਾਰ ਉਤੇ ਸਮੁੱਚਾ ਵਪਾਰ ਹਥਿਆਉਣ ਦੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਪਰਿਵਾਰ-ਸਰਕਾਰ-ਵਪਾਰ ਦਾ ਗੱਠਜੋੜ ਸੂਬੇ ਲਈ ਘਾਤਕ ਸਾਬਤ ਹੋ ਗਿਆ ਹੈ। ਹਾਕਮ ਤੇ ਵਿਰੋਧੀ ਧਿਰ ਦਰਮਿਆਨ ਚੱਲ ਰਹੀ ਗਰਮਾ-ਗਰਮ ਬਹਿਸ ਦੌਰਾਨ ਅਹਿਮ ਘਟਨਾ ਇਹ ਵੀ ਵਾਪਰੀ ਕਿ ਮੁੱਖ ਮੰਤਰੀ ਖਾਮੋਸ਼ੀ ਤੋੜਦਿਆਂ ਕਰੀਬੀ ਰਿਸ਼ਤੇਦਾਰ ਸ਼ ਮਜੀਠੀਆ ਦੇ ਪੱਖ ਵਿਚ ਖੁੱਲ੍ਹ ਕੇ ਨਿੱਤਰ ਆਏ ਤੇ ਕਾਂਗਰਸੀਆਂ ਨੂੰ ਰਾਜਸੀ ਦੁਸ਼ਮਣੀ ਤਿਆਗਣ ਦੀ ਨਸੀਹਤ ਦਿੱਤੀ।
ਸੰਸਦ ਵਿਚ ਗੱਠਜੋੜ ਧਰਮ ਨਿਭਾ ਕੇ ਘਿਰਿਆ ਅਕਾਲੀ ਦਲ
ਪਾਰਲੀਮੈਂਟ ਵਿਚ ਭੋਂ ਪ੍ਰਾਪਤੀ ਬਿੱਲ ਦਾ ਪੱਖ ਪੂਰ ਕੇ ਅਕਾਲੀ ਦਲ ਬੇਹੱਦ ਕਸੂਤੀ ਸਥਿਤੀ ਵਿਚ ਫਸ ਗਿਆ ਹੈ। ਅਕਾਲੀ ਦਲ ਨੇ ਸੰਸਦ ਤੋਂ ਬਾਹਰ ਇਸ ਬਿੱਲ ਦਾ ਵਿਰੋਧ ਕੀਤਾ ਸੀ, ਪਰ ਗੱਠਜੋੜ ਧਰਮ ਨਿਭਾਉਣ ਖਾਤਰ ਸੰਸਦ ਅੰਦਰ ਇਸ ਦੇ ਹੱਕ ਵਿਚ ਵੋਟ ਦੇ ਦਿੱਤੀ। ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਨੇ ਅਕਾਲੀਆਂ ਦੀ ਇਸ ਦੋਗਲੀ ਨੀਤੀ ਖਿਲਾਫ ਮੋਰਚਾ ਲਾਇਆ ਹੋਇਆ ਹੈ। ਅਕਾਲੀਆਂ ਨੂੰ ਵੀ ਹੁਣ ਕਿਸਾਨੀ ਵਿਚ ਆਪਣਾ ਜਨ ਆਧਾਰ ਖੁਰਨ ਦਾ ਡਰ ਸਤਾ ਰਿਹਾ ਹੈ।
ਦੱਸਣਯੋਗ ਹੈ ਕਿ ਭੋਂ ਪ੍ਰਾਪਤੀ ਬਿੱਲ ਖਿਲਾਫ ਪੂਰੇ ਦੇਸ਼ ਵਿਚ ਸੰਘਰਸ਼ ਚੱਲ ਰਿਹਾ ਹੈ ਤੇ ਅਕਾਲੀ ਦਲ ਨੇ ਵੀ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ ਪਰ ਸੰਸਦ ਅੰਦਰ ਇਸ ਦੇ ਹੱਕ ਵਿਚ ਵੋਟ ਪਾ ਦਿੱਤੀ ਜਦ ਕਿ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਇਸ ਬਿੱਲ ਦੇ ਵਿਰੋਧ ਵਿਚ ਵੋਟ ਪਾਈ ਸੀ।