ਚੜ੍ਹ ਮੱਚੀ ਏ ਮੌਤ-ਵਿਓਪਾਰੀਆਂ ਦੀ, ਢੀਠ ਸਿਰੇ ਦੇ ਕਦੇ ਨਾ ਜਿੱਚ ਹੁੰਦੇ।
ਛਾਣ-ਬੀਣ ਪੁਲਿਸ ਦੀ, ਕੋਰਟਾਂ ਵੀ, ਸਾਰੇ ਇਨ੍ਹਾਂ ਦੀ ਨਜ਼ਰ ਵਿਚ ਟਿੱਚ ਹੁੰਦੇ।
ਕੁੱਤੀ ਚੋਰਾਂ ਦੇ ਨਾਲ ਹੀ ਰਲੀ ਹੁੰਦੀ, ਤਾਹੀਂਓਂ ਨਹੀਂ ਕਾਨੂੰਨ ਤੋਂ ਖਿੱਚ ਹੁੰਦੇ।
ਪੁੱਤ ਜਿਨ੍ਹਾਂ ਦੇ ਸਾਹਮਣੇ ‘ਲਾਸ਼’ ਬਣਦੇ, ਮਾਪੇ ਜਿਊਂਦੇ ਨਾ ਮਰਦਿਆਂ ਵਿਚ ਹੁੰਦੇ।
ਅੰਨ੍ਹੇ ਕਰੇ ਅਮੀਰੀ ਦੀ ਲਾਲਸਾ ਨੇ, ਕਰਦੇ ਤਰਸ ਨਾ ਮਾਪਿਆਂ ਪਿੱਟਿਆਂ ਦਾ।
ਹੋਇਆ ਲਹੂ ਵੀ ਚਿੱਟਾ ਅਵੱਸ਼ ਹੋਣਾ, ‘ਕਾਰੋਬਾਰ’ ਚਲਾਉਂਦੇ ਜੋ ਚਿੱਟਿਆਂ ਦਾ!