ਸੰਯੁਕਤ ਰਾਸ਼ਟਰ: ਸੀਰੀਆ ਦੀ ਖਾਨਾਜੰਗੀ ਨੇ ਚਾਰ ਸਾਲਾਂ ਵਿਚ ਸਵਾ ਦੋ ਲੱਖ ਜਾਨਾਂ ਲੈ ਲਈਆਂ। ਸੰਯੁਕਤ ਰਾਸ਼ਟਰ ਅਨੁਸਾਰ ਜੂਨ-2013 ਤੱਕ 90,000 ਲੋਕ ਮਾਰੇ ਗਏ ਸਨ। ਅਗਸਤ 2014 ਤੱਕ ਇਹ ਗਿਣਤੀ 1,91,000 ਤੋਂ ਵੱਧ ਹੋ ਗਈ। ਮਾਰਚ 2015 ਤੱਕ ਖਾਨਾਜੰਗੀ ਵਿਚ ਮਾਰੇ ਜਾ ਚੁੱਕੇ ਲੋਕਾਂ ਦੀ ਗਿਣਤੀ 2,20,000 ਨੂੰ ਟੱਪ ਚੁੱਕੀ ਹੈ। ਰਾਸ਼ਟਰਪਤੀ ਅਸਦ ਨੇ ਵਿਰੋਧੀਆਂ ਦੇ ਗੜ੍ਹ ਨਸ਼ਟ ਕਰਨ ਲਈ ਰਸਾਇਣਕ ਹਥਿਆਰ ਵੀ ਵਰਤੇ ਤੇ ਉਨ੍ਹਾਂ ਦੇ ਘਰ ਮਲੀਆਮੇਟ ਕਰ ਦਿੱਤੇ ਪਰ ਵਿਦਰੋਹ ਫਿਰ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ।
ਬੇਹੱਦ ਕਮਜ਼ੋਰ ਸਰਕਾਰ ਦਾ ਲਾਭ ਉਠਾ ਕੇ ਸੀਰੀਆ ਵਿਚ ਸਰਗਰਮ ਅਲਕਾਇਦਾ ਦੇ ਇਕ ਵੱਡੇ ਧੜੇ ਨੇ ਵੱਖਰੀ ਜਥੇਬੰਦੀ ਆਈæਐਸ਼ਆਈæਐਲ਼ ਬਣਾ ਲਈ ਤੇ ਬਾਅਦ ਵਿਚ ਇਸ ਨੇ ਆਪਣਾ ਵੱਖਰਾ ਰਾਜ ਸਥਾਪਿਤ ਕਰਨ ਦਾ ਐਲਾਨ ਕਰਦਿਆਂ ਜਥੇਬੰਦੀ ਦਾ ਨਾਂ ਇਸਲਾਮਿਕ ਸਟੇਟ ਰੱਖ ਦਿੱਤਾ ਜੋ ਇਸ ਵੇਲੇ ਸੀਰੀਆ ਤੇ ਇਰਾਕ ਦੇ ਵੱਡੇ ਖੇਤਰਾਂ ‘ਤੇ ਕਾਬਜ਼ ਹੋ ਕੇ ਵਿਰੋਧੀਆਂ ਦਾ ਭਿਆਨਕ ਹੱਦ ਤੱਕ ਕਤਲੇਆਮ ਕਰਦੀ ਆ ਰਹੀ ਹੈ। ਸੀਰੀਆ ਦੇ ਦੱਖਣੀ ਸ਼ਹਿਰ ਦੀਰਾ ਵਿਚ ਅੱਜ ਤੋਂ ਚਾਰ ਸਾਲ ਪਹਿਲਾਂ ਭਾਵ 15 ਮਾਰਚ 2011 ਨੂੰ ਇਕ ਸਕੂਲ ਦੀ ਕੰਧ ਉਪਰ ਬਗਾਵਤੀ ਨਾਅਰੇ ਲਿਖੇ ਵੇਖ ਕੇ ਸੁਰੱਖਿਆ ਬਲਾਂ ਨੇ ਕੁਝ ਨਾਬਾਲਗ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ ਜਿਸ ਤੋਂ ਬਾਅਦ ਲੋਕਤੰਤਰ ਪੱਖੀ ਪ੍ਰਦਰਸ਼ਨ ਸ਼ੁਰੂ ਹੋ ਗਏ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਜਿਸ ਕਾਰਨ ਕੁਝ ਲੋਕ ਮਾਰੇ ਗਏ। ਇਸ ਤੋਂ ਬਾਅਦ ਇਹ ਪ੍ਰਦਰਸ਼ਨ ਪੂਰੇ ਸੀਰੀਆ ਵਿਚ ਫੈਲ ਗਏ। ਇਹ ਵਿਦਰੋਹ ਜੁਲਾਈ 2011 ਵਿਚ ਖਤਰਨਾਕ ਰੂਪ ਧਾਰ ਗਿਆ। ਜਦੋਂ ਅਸਦ ਸਰਕਾਰ ਦੇ ਵਿਰੋਧੀਆਂ (ਨੁਸਰਾ ਫਰੰਟ) ਨੇ ਹਥਿਆਰ ਚੁੱਕ ਲਏ ਤੇ ਸ਼ੁਰੂ ਹੋ ਗਈ ਖਾਨਾਜੰਗੀ। ਇਸ ਖਾਨਾਜੰਗੀ ਦਾ ਕਾਰਨ ਧਾਰਮਿਕ ਤੇ ਫਿਰਕੂ ਮੰਨਿਆ ਜਾ ਰਿਹਾ ਹੈ। ਬਹੁ-ਗਿਣਤੀ ਸੁੰਨੀ ਫਿਰਕੇ ਨਾਲ ਸਬੰਧਤ ਜਥੇਬੰਦੀਆਂ, ਘੱਟ ਗਿਣਤੀ ਸ਼ੀਆ ਰਾਸ਼ਟਰਪਤੀ ਅਸਦ ਨੂੰ ਗੱਦੀ ਤੋਂ ਲਾਹੁਣ ਲਈ ਜ਼ੋਰ ਲਾ ਰਹੀਆਂ ਹਨ। ਅਸਦ ਸਰਕਾਰ ਦਾ ਸਾਥ ਸ਼ੀਆ ਜਥੇਬੰਦੀਆਂ ਦੇ ਰਹੀਆਂ ਹਨ। ਕੁਰਦਾਂ ਨੂੰ ਆਪਣੀ ਹੋਂਦ ਬਚਾਉਣ ਲਈ ਗੁਆਂਢੀ ਦੇਸ਼ਾਂ ਵਿਚ ਵਸਦੇ ਆਪਣੇ ਭਾਈਚਾਰੇ ਕੋਲੋਂ ਮਦਦ ਲੈਣੀ ਪੈ ਰਹੀ ਹੈ। ਤਕਰੀਬਨ ਚਾਲੀ ਲੱਖ ਸ਼ਰਨਾਰਥੀ ਗੁਆਂਢੀ ਦੇਸ਼ਾਂ ਲਿਬਨਾਨ, ਜਾਰਡਨ ਤੇ ਤੁਰਕੀ ਵੱਲ ਭੱਜ ਗਏ ਹਨ। ਇਹ ਖਾਨਾਜੰਗੀ ਹੁਣ ਜੰਗ ਦਾ ਰੂਪ ਧਾਰ ਚੁੱਕੀ ਹੈ। ਦੇਸ਼ ਅੰਦਰ ਹੀ 76 ਲੱਖ ਲੋਕ ਕੈਂਪਾਂ ਵਿੱਚ ਹਨ। ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਨੇ 2011 ਤੋਂ ਲੈ ਕੇ ਹੁਣ ਤੱਕ ਆਮ ਲੋਕਾਂ ਦੀਆਂ ਹੋਈਆਂ ਹੱਤਿਆਵਾਂ ਲਈ ਅਸਦ ਸਰਕਾਰ ਤੇ ਉਸ ਦੇ ਵਿਰੋਧੀਆਂ ਨੂੰ ਬਰਾਬਰ ਕਸੂਰਵਾਰ ਠਹਿਰਾਇਆ ਹੈ। ਸੀਰੀਆ ਵਿਚ ਪੈਰ ਜਮਾਅ ਕੇ ਇਰਾਕ ਦੇ ਕਈ ਸ਼ਹਿਰਾਂ ਤੇ ਇਲਾਕਿਆਂ ‘ਤੇ ਕਾਬਜ਼ ਹੋਈ ਇਸਲਾਮਿਕ ਸਟੇਟ ਸਭ ਤੋਂ ਵੱਡਾ ਖਤਰਾ ਬਣ ਕੇ ਉੱਭਰੀ ਹੈ।
ਵੱਡੀ ਗਿਣਤੀ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਸਿਵਲ ਅਧਿਕਾਰ ਸੰਸਥਾ ਅਨੁਸਾਰ ਜਨਵਰੀ 2015 ਤੱਕ ਸੀਰੀਆ ਦੀ ਕੁੱਲ ਆਬਾਦੀ ਤਕਰੀਬਨ ਤਿੰਨ ਕਰੋੜ 72 ਲੱਖ ਸੀ, ਜਿਨ੍ਹਾਂ ਵਿਚੋਂ ਇਸ ਸਮੇਂ ਤੱਕ ਤਕਰੀਬਨ ਚਾਲੀ ਲੱਖ ਦੇਸ਼ ਵਾਸੀ ਘਰ ਛੱਡ ਕੇ ਗੁਆਂਢੀ ਦੇਸ਼ ਵਿਚ ਸ਼ਰਨਾਰਥੀ ਬਣ ਚੁੱਕੇ ਹਨ। ਤਕਰੀਬਨ 76 ਲੱਖ ਲੋਕ ਦੇਸ਼ ਅੰਦਰ ਹੀ ਬੇਗਾਨੇ ਬਣ ਕੇ ਬੈਠੇ ਹਨ। ਸੀਰੀਆ ਦੀ ਚਾਰ ਸਾਲਾ ਖਾਨਾਜੰਗੀ ਨੇ ਤੀਹ ਲੱਖ ਬੱਚਿਆਂ ਦੇ ਭਵਿੱਖ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਸੀਰੀਆ ਦੇ ਗੁਆਂਢੀ ਦੇਸ਼ਾਂ ਵਿਚ ਸ਼ਰਨਾਰਥੀਆਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਭਾਵੇਂ ਸੰਯੁਸ਼ਤ ਰਾਸ਼ਟਰ ਤੇ ਕੁਝ ਗੈਰ-ਸਰਕਾਰੀ ਜਥੇਬੰਦੀਆਂ ਨੇ ਆਰਜ਼ੀ ਸਕੂਲ ਖੋਲ੍ਹੇ ਹਨ ਪਰ ਇਨ੍ਹਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ। ਲੜਕੀਆਂ ਦੀ ਹਾਲਤ ਹੋਰ ਬਦਤਰ ਹੈ। ਵੱਡੀ ਉਮਰ ਦੀਆਂ ਨਾਬਾਲਗ (14-18 ਸਾਲ) ਬੱਚੀਆਂ ਸਕੂਲਾਂ ਵਿਚ ਨਜ਼ਰ ਨਹੀਂ ਆ ਰਹੀਆਂ। ਇਨ੍ਹਾਂ ਬੱਚੀਆਂ ਲਈ ਉਚੇਰੀ ਤੇ ਤਕਨੀਕੀ ਸਿੱਖਿਆ ਮੁਹੱਈਆ ਕਰਨੀ ਦੂਰ ਦੀ ਗੱਲ ਬਣ ਗਈ ਹੈ।
________________________________________
ਇਸਲਾਮਿਕ ਸਟੇਟ ‘ਤੇ ਛੇਤੀ ਨੱਥ ਪਾਉਣਾ ਔਖਾ
ਵਾਸ਼ਿੰਗਟਨ: ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ ‘ਤੇ ਰਾਤੋਂ ਰਾਤ ਕਾਬੂ ਪਾਉਣਾ ਮੁਸ਼ਕਲ ਹੈ। ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀæਆਈæਏæ ਨੇ ਮੰਨਿਆ ਹੈ ਕਿ ਇਸਲਾਮਿਕ ਸਟੇਟ ‘ਤੇ ਨੱਥ ਪਾਉਣ ਲਈ ਸਮਾਂ ਲੱਗੇਗਾ ਤੇ ਕਾਫੀ ਸੰਘਰਸ਼ ਕਰਨਾ ਪੈ ਸਕਦਾ ਹੈ। ਸੀæਆਈæਏæ ਦੇ ਡਾਇਰੈਕਟਰ ਜੌਹਨ ਬਰੈਨਨ ਨੇ ਕਿਹਾ ਕਿ ਇਸਲਾਮਿਕ ਸਟੇਟ ਹਥਿਆਰਾਂ ਤੇ ਪੈਸੇ ਪੱਖੋਂ ਕਾਫੀ ਮਜ਼ਬੂਤ ਜਥੇਬੰਦੀ ਹੈ। ਜਥੇਬੰਦੀ ਦੇ ਲੜਾਕੇ ਅਨੁਸ਼ਾਸਿਤ, ਵਚਨਬੱਧ ਤੇ ਜੁਝਾਰੂ ਹਨ। ਜੇਕਰ ਉਨ੍ਹਾਂ ‘ਤੇ ਰੋਕ ਨਾ ਲਾਈ ਗਈ ਤਾਂ ਜਥੇਬੰਦੀ ਸੀਰੀਆ ਤੇ ਇਰਾਕ ਤੋਂ ਇਲਾਵਾ ਹੋਰ ਥਾਵਾਂ ਉਤੇ ਵੀ ਵੱਡਾ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਅਤਿਵਾਦੀ ਜਥੇਬੰਦੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਕੇ ਰਣਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਸਲਾਮਿਕ ਸਟੇਟ ਅਮਰੀਕਾ ਤੇ ਉਸ ਦੇ ਭਾਈਵਾਲ ਮੁਲਕਾਂ ਲਈ ਚੁਣੌਤੀ ਬਣ ਸਕਦੇ ਹਨ।