ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦਾ ਪਹਿਲਾ ਉਭਾਰ

ਸ਼ਹੀਦ ਭਗਤ ਸਿੰਘ ਦੀ ਕਲਮ ਤੋਂæææ

ਹਰ ਸਾਲ 23 ਮਾਰਚ ਨੂੰ ਸੰਸਾਰ ਭਰ ਵਿਚ ਜਿਥੇ ਕਿਤੇ ਵੀ ਪੰਜਾਬੀ ਜਾਂ ਭਾਰਤੀ ਵੱਸਦੇ ਹਨ, ਉਨ੍ਹਾਂ ਦੇ ਚੇਤਿਆਂ ਵਿਚ ਸ਼ਹੀਦ ਭਗਤ ਸਿੰਘ ਜ਼ਰੂਰ ਉਭਰਦਾ ਹੈ। 23 ਮਾਰਚ 1931 ਨੂੰ ਅੰਗਰੇਜ਼ ਹਾਕਮਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਾ ਦਿੱਤਾ ਸੀ। ਇਨ੍ਹਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਅੰਗਰੇਜ਼ ਹਾਕਮਾਂ ਦੇ ਤਖਤ ਨੂੰ ਤਕੜਾ ਹਲੂਣਾ ਦਿੱਤਾ ਸੀ। ਇਨ੍ਹਾਂ ਵਿਚੋਂ ਭਗਤ ਸਿੰਘ ਇਸ ਕਰ ਕੇ ਵਿਲੱਖਣ ਸੀ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਵੀ ਲੋਕਾਂ ਨਾਲ ਸੰਵਾਦ ਰਚਾ ਰਿਹਾ ਸੀ।

ਐਤਕੀਂ ਪਾਠਕਾਂ ਲਈ ਅਸੀਂ ਭਗਤ ਸਿੰਘ ਦਾ ਪੰਜਾਬ ਦੇ ਹਾਲਾਤ ਬਾਰੇ ਲਿਖਿਆ ਇਹ ਲੇਖ ਛਾਪ ਰਹੇ ਹਾਂ। ਉਰਦੂ ਵਿਚ ਲਿਖਿਆ ਇਹ ਲੇਖ 1931 ਵਿਚ ਲਾਹੌਰ ਦੇ ਅਖ਼ਬਾਰ Ḕਪੀਪਲਜ਼Ḕ ਤੇ Ḕਵੰਦੇ ਮਾਤ੍ਰਮḔ ਵਿਚ ਛਪਿਆ ਸੀ। -ਸੰਪਾਦਕ

ਪੰਜਾਬ ਦੇ ਸਾਬਕਾ ਗਵਰਨਰ ਸਰ ਮਾਈਕਲ ਓਡਵਾਇਰ ਨੇ ਆਪਣੀ ਪੁਸਤਕ Ḕਇੰਡੀਆ ਐਜ਼ ਆਈ ਸਾਅḔ (ਭਾਰਤ ਵਿਚ ਜਿਵੇਂ ਮੈਂ ਡਿੱਠਾ) ਵਿਚ ਕੌੜੀ ਤੇ ਝੂਠੀ, ਪਰ ਨਾਲ ਹੀ ਬੇਹਦ ਅਹਿਮ ਸੱਚਾਈ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਿਆਸੀ ਹਲਚਲਾਂ ਵਿਚ ਸਭ ਤੋਂ ਪਿਛੇ ਹੈ। ਪੰਜਾਬ ਦੇ ਸਿਆਸੀ ਅੰਦੋਲਨਾਂ ਦਾ ਜਿਨ੍ਹਾਂ ਨੂੰ ਥੋੜ੍ਹਾ-ਬਹੁਤ ਗਿਆਨ ਹੈ, ਉਹ ਇਸ ਸੱਚਾਈ ਨੂੰ ਭਲੀ ਪ੍ਰਕਾਰ ਸਮਝ ਸਕਦੇ ਹਨ।
ਅੱਜ ਤੱਕ ਦਾ ਇਤਿਹਾਸ ਫੋਲੀਏ ਤਾਂ ਪਤਾ ਚੱਲਦਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਇਸ ਸੂਬੇ ਨੇ ਹੀ ਕੀਤੀਆਂ ਹਨ। ਇਸ ਲਈ ਬੜੀਆਂ ਬੜੀਆਂ ਮੁਸੀਬਤਾਂ ਇਸ ਸੂਬੇ ਦੀ ਜਨਤਾ ਨੂੰ ਸਹਿਣੀਆਂ ਪਈਆਂ ਹਨ। ਸਿਆਸੀ ਤੇ ਧਾਰਮਿਕ ਆਦਿ ਅੰਦੋਲਨਾਂ ਵਿਚ ਪੰਜਾਬ ਦੂਸਰੇ ਸੂਬਿਆਂ ਨਾਲੋਂ ਅੱਗੇ ਰਿਹਾ ਹੈ ਅਤੇ ਦੇਸ਼ ਲਈ ਜਾਨ ਤੇ ਮਾਲ ਦੀ ਕੁਰਬਾਨੀ ਸਭ ਤੋਂ ਵੱਧ ਇਸ ਸੂਬੇ ਦੇ ਲੋਕਾਂ ਨੇ ਕੀਤੀ ਹੈ, ਫਿਰ ਵੀ ਸਾਨੂੰ ਸਿਰ ਝੁਕਾ ਕੇ ਇਹ ਮੰਨਣਾ ਪੈਂਦਾ ਹੈ ਕਿ ਸਿਆਸੀ ਖੇਤਰ ਵਿਚ ਪੰਜਾਬ ਸਭ ਤੋਂ ਪਿੱਛੇ ਹੈ।
ਇਸ ਦਾ ਕਾਰਨ ਇਹ ਹੈ ਕਿ ਸਿਆਸੀ ਅੰਦੋਲਨ ਇਥੋਂ ਦੀ ਜਨਤਾ ਦੇ ਨਿਜੀ ਜੀਵਨ ਦਾ ਜ਼ਰੂਰੀ ਅੰਗ ਨਹੀਂ ਬਣ ਸਕਿਆ। ਸਾਹਿਤਕ ਖੇਤਰ ਵਿਚ ਵੀ ਇਸ ਸੂਬੇ ਨੇ ਕੋਈ ਵਰਣਨਯੋਗ ਥਾਂ ਹਾਸਲ ਨਹੀਂ ਕੀਤੀ। ਬੁੱਧੀਜੀਵੀ ਵਰਗ ਲਈ ਉਸ ਸਮੇਂ ਤੱਕ (ਓਡਵਾਇਰ ਦੀ ਪੁਸਤਕ ਲਿਖਣ ਤੱਕ) ਦੇਸ਼ ਦੀ ਆਜ਼ਾਦੀ ਦਾ ਸਵਾਲ ਸਭ ਤੋਂ ਜ਼ਰੂਰੀ ਅਤੇ ਅਹਿਮ ਨਹੀਂ ਬਣਿਆ ਸੀ। ਇਸੇ ਲਈ ਆਮ ਕਰ ਕੇ ਕਿਹਾ ਜਾਂਦਾ ਹੈ ਕਿ ਇਹ ਸੂਬਾ ਬਹੁਤ ਪਿਛੇ ਹੈ। ਭਾਰਤ ਵਿਚ ਹੋਰ ਵੀ ਬਹੁਤ ਸਾਰੇ ਸੂਬੇ ਹਨ ਜੋ ਪੰਜਾਬ ਤੋਂ ਬਹੁਤ ਪਿਛੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਹ ਬਦਕਿਸਮਤ ਸੂਬਾ ਅਜਿਹੇ ਦੂਸ਼ਣ ਸਹਿ ਕੇ ਵੀ ਪਿਛੇ ਹੀ ਹੈ।
ਪੰਜਾਬ ਦੀ ਕੋਈ ਵਿਸ਼ੇਸ਼ ਆਪਣੀ ਭਾਸ਼ਾ ਨਹੀਂ। ਭਾਸ਼ਾ ਨਾ ਹੋਣ ਦੇ ਕਾਰਨ ਸਾਹਿਤਕ ਖੇਤਰ ਵਿਚ ਕੋਈ ਤਰੱਕੀ ਨਹੀਂ ਹੋ ਸਕੀ। ਪੜ੍ਹੇ-ਲਿਖੇ ਲੋਕਾਂ ਨੂੰ ਪੱਛਮੀ ਸਾਹਿਤ Ḕਤੇ ਹੀ ਨਿਰਭਰ ਰਹਿਣਾ ਪਿਆ। ਦੁੱਖਦਾਈ ਸਿੱਟਾ ਇਹ ਹੋਇਆ ਕਿ ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਆਪਣੇ ਸੂਬੇ ਦੀਆਂ ਸਿਆਸੀ ਹਲਚਲਾਂ ਤੋਂ ਅਲੱਗ ਜਿਹਾ ਹੀ ਰਿਹਾ ਹੈ। ਇਸੇ ਕਰ ਕੇ ਪੰਜਾਬ ਵਿਚ ਅਜਿਹੇ ਵਰਕਰ ਗਿਣੇ-ਮਿਥੇ ਹੀ ਹਨ ਜੋ ਆਪਣਾ ਪੂਰਾ ਜੀਵਨ ਰਾਜਨੀਤੀ ਨੂੰ ਹੀ ਦੇ ਸਕਦੇ ਹਨ। ਇਸੇ ਆਧਾਰ Ḕਤੇ ਇਸ ਸੂਬੇ Ḕਤੇ ਅਜਿਹੇ ਦੋਸ਼ ਲਾਏ ਜਾਂਦੇ ਹਨ। ਆਪਣੇ ਸੂਬੇ ਦੀ ਇਸ ਘਾਟ ਵੱਲ ਸੂਬੇ ਦੇ ਨੇਤਾਵਾਂ ਅਤੇ ਪੁਰਸ਼ ਸਮਾਜ ਦਾ ਧਿਆਨ ਖਿੱਚਣਾ ਹੀ ਇਨ੍ਹਾਂ ਲੇਖਾਂ ਦਾ ਉਦੇਸ਼ ਹੈ।
ਗੁਰੂ ਰਾਮ ਸਿੰਘ ਦੀ ਅਗਵਾਈ ਵਿਚ ਹੋਏ ਕੂਕਾ ਵਿਦਰੋਹ ਤੋਂ ਲੈ ਕੇ ਅੱਜ ਤੱਕ ਜੋ ਅੰਦੋਲਨ ਚੱਲੇ ਅਤੇ ਜਿਸ ਪ੍ਰਕਾਰ ਜਨਤਾ ਵਿਚ ਇਹ ਸੂਝ ਆਈ ਹੈ ਕਿ ਉਹ ਆਜ਼ਾਦੀ ਦੀ ਬਲੀ ਵੇਦੀ Ḕਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ ਅਤੇ ਜਿਨ੍ਹਾਂ ਲੋਕਾਂ ਨੇ ਪ੍ਰਾਣਾਂ ਦਾ ਬਲੀਦਾਨ ਦਿੱਤਾ, ਉਨ੍ਹਾਂ ਦਾ ਜੀਵਨ, ਚਰਿੱਤਰ ਅਤੇ ਇਤਿਹਾਸ ਹਰ ਇਸਤਰੀ-ਪੁਰਸ਼ ਦਾ ਹੌਸਲਾ ਬੁਲੰਦ ਕਰੇਗਾ ਅਤੇ ਉਹ ਹੋਣ ਵਾਲੇ ਅੰਦੋਲਨਾਂ ਨੂੰ ਵੀ ਅਧਿਐਨ ਅਤੇ ਅਨੁਭਵਾਂ ਦੀ ਰੋਸ਼ਨੀ ਵਿਚ ਚੰਗੀ ਤਰ੍ਹਾਂ ਚਲਾ ਸਕਣਗੇ। ਮੇਰਾ ਇਹ ਉਦੇਸ਼ ਬਿਲਕੁਲ ਨਹੀਂ ਹੈ ਕਿ ਭਵਿੱਖ ਵਿਚ ਵੀ ਠੀਕ ਇਸੇ ਪ੍ਰਕਾਰ ਦੇ ਅੰਦੋਲਨ ਹੀ ਸਫਲ ਹੋ ਸਕਣਗੇ। ਮੇਰਾ ਉਦੇਸ਼ ਤਾਂ ਸਿਰਫ਼ ਇਹ ਹੈ ਕਿ ਜਨਤਾ, ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਜੀਵਨ ਭਰ ਦੇਸ਼ ਦੇ ਹੀ ਕੰਮ ਵਿਚ ਲੱਗੇ ਰਹਿਣ ਦੀ ਉਨ੍ਹਾਂ ਦੀਆਂ ਮਿਸਾਲਾਂ ਤੋਂ ਪ੍ਰੇਰਨਾ ਹਾਸਲ ਕਰਨ ਅਤੇ ਉਨ੍ਹਾਂ ਦਾ ਪਾਲਣ ਕਰਨ। ਵਕਤ ਆਉਣ Ḕਤੇ ਕਿਸ ਢੰਗ ਨਾਲ ਕੰਮ ਕਰਨਾ ਹੈ, ਇਸ ਦਾ ਫੈਸਲਾ ਕਰਨ ਵਾਲੇ ਦੇਸ਼ ਦੀ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਖੁਦ ਕਰ ਸਕਦੇ ਹਨ।
1907 ਤੋਂ ਪਹਿਲਾਂ ਪੰਜਾਬ ਵਿਚ ਬਿਲਕੁਲ ਹੀ ਖਾਮੋਸ਼ੀ ਸੀ। ਕੂਕਾ ਵਿਦਰੋਹ ਪਿਛੋਂ ਕੋਈ ਅਜਿਹਾ ਰਾਜਸੀ ਅੰਦੋਲਨ ਨਹੀਂ ਉਠਿਆ ਜੋ ਹਾਕਮਾਂ ਦੀ ਨੀਂਦ ਹਰਾਮ ਕਰ ਦਿੰਦਾ। ਸੰਨ 1908 ਵਿਚ ਪੰਜਾਬ ਵਿਚ ਪਹਿਲੀ ਵਾਰ ਕਾਂਗਰਸ ਦਾ ਇਜਲਾਸ ਹੋਇਆ ਪਰ ਉਸ ਸਮੇਂ ਕਾਂਗਰਸ ਦੇ ਕੰਮ ਦਾ ਆਧਾਰ ਹਾਕਮਾਂ ਪ੍ਰਤੀ ਵਫ਼ਾਦਾਰੀ ਪ੍ਰਗਟ ਕਰਨਾ ਸੀ। ਇਸ ਲਈ ਸਿਆਸੀ ਖੇਤਰ ਵਿਚ ਉਸ ਦਾ ਕੋਈ ਵਰਣਨਯੋਗ ਅਸਰ ਨਹੀਂ ਪਿਆ। 1905-06 ਵਿਚ ਬੰਗਾਲ ਦੀ ਵੰਡ ਦੇ ਵਿਰੁਧ ਜੋ ਸ਼ਕਤੀਸ਼ਾਲੀ ਅੰਦੋਲਨ ਉਠ ਖੜ੍ਹਾ ਹੋਇਆ ਸੀ ਅਤੇ ਸਵਦੇਸ਼ੀ ਦੀ ਵਰਤੋਂ ਤੇ ਵਿਦੇਸ਼ੀ ਮਾਲ ਦੀ ਬਾਈਕਾਟ ਦੀ ਜੋ ਹਲਚਲ ਸ਼ੁਰੂ ਹੋਈ, ਇਸ ਦਾ ਪੰਜਾਬ ਦੇ ਉਦਯੋਗਿਕ ਜੀਵਨ ਅਤੇ ਆਮ ਜਨਤਾ Ḕਤੇ ਬੜਾ ਭਾਰੀ ਅਸਰ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਇਥੇ ਖੰਡ ਤਿਆਰ ਕਰਨ ਦਾ ਖਿਆਲ ਪੈਦਾ ਹੋਇਆ ਅਤੇ ਇਕ ਦੋ ਮਿੱਲਾਂ ਵੀ ਖੁੱਲ੍ਹ ਗਈਆਂ। ਭਾਵੇਂ ਸੂਬੇ ਦੇ ਸਿਆਸੀ ਜੀਵਨ Ḕਤੇ ਇਸ ਦਾ ਕੋਈ ਜ਼ਿਆਦਾ ਅਸਰ ਨਾ ਪਿਆ ਪਰ ਸਰਕਾਰ ਨੇ ਇਸ ਉਦਯੋਗ ਨੂੰ ਤਬਾਹ ਕਰਨ ਲਈ ਗੰਨੇ ਦੀ ਫਸਲ Ḕਤੇ ਮਾਮਲਾ ਢਾਈ ਰੁਪਏ ਨੂੰ ਤਿੰਨ ਗੁਣਾ ਵਧਾ ਕੇ ਸਾਢੇ ਸੱਤ ਰੁਪਏ ਕਰ ਦਿੱਤਾ। ਇਸ ਨਾਲ ਕਿਸਾਨ ਇਕਦਮ ਬੌਂਦਲ ਜਿਹੇ ਗਏ।
ਨਵਾਂ ਕਾਲੋਨੀ ਐਕਟ: ਦੂਸਰੇ ਪਾਸੇ ਲਾਇਲਪੁਰ ਵਿਚ ਸਰਕਾਰ ਨੇ ਨਵੀਂ ਨਹਿਰ ਖੁਦਵਾ ਕੇ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਆਦਿ ਦੇ ਨਿਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਲਾਲਚ ਦੇ ਕੇ ਇਸ ਖੇਤਰ ਵਿਚ ਬੁਲਾ ਲਿਆ ਸੀ। ਇਹ ਲੋਕ ਆਪਣੀ ਪੁਰਾਣੀ ਜ਼ਮੀਨ ਤੇ ਜਾਇਦਾਦ ਛੱਡ ਕੇ ਆਏ ਅਤੇ ਕਈ ਸਾਲ ਤੱਕ ਆਪਣਾ ਖੂਨ ਪਸੀਨਾ ਇਕ ਕਰ ਕੇ ਇਨ੍ਹਾਂ ਜੰਗਲਾਂ ਨੂੰ ਗੁਲਜ਼ਾਰ ਬਣਾ ਦਿੱਤਾ। ਲੇਕਿਨ ਅਜੇ ਉਨ੍ਹਾਂ ਸਾਹ ਵੀ ਨਹੀਂ ਸੀ ਲਿਆ ਕਿ ਨਵਾਂ ਕਾਲੋਨੀ ਐਕਟ ਉਨ੍ਹਾਂ ਦੇ ਸਿਰ Ḕਤੇ ਆ ਖੜ੍ਹਾ ਹੋਇਆ। ਇਹ ਐਕਟ ਕੀ ਸੀ? ਕਿਸਾਨਾਂ ਦੀ ਹੋਂਦ ਹੀ ਮਿਟਾ ਦੇਣ ਦਾ ਤਰੀਕਾ ਸੀ। ਇਸ ਐਕਟ ਅਨੁਸਾਰ ਹਰ ਵਿਅਕਤੀ ਦੀ ਨਿੱਜੀ ਜਾਇਦਾਦ ਦਾ ਮਾਲਕ ਸਿਰਫ਼ ਵੱਡਾ ਪੁੱਤਰ ਹੀ ਹੋ ਸਕਦਾ ਸੀ। ਛੋਟੇ ਪੁੱਤਰਾਂ ਲਈ ਕੋਈ ਹਿੱਸਾ ਨਹੀਂ ਰੱਖਿਆ ਗਿਆ ਸੀ। ਵੱਡੇ ਪੁੱਤਰ ਦੇ ਮਰਨ Ḕਤੇ ਉਹ ਜ਼ਮੀਨ ਜਾਂ ਹੋਰ ਜਾਇਦਾਦ ਛੋਟੇ ਲੜਕੇ ਨੂੰ ਨਹੀਂ ਮਿਲ ਸਕਦੀ ਸੀ, ਬਲਕਿ ਉਸ Ḕਤੇ ਵੀ ਸਰਕਾਰ ਦਾ ਅਧਿਕਾਰ ਹੋ ਜਾਂਦਾ ਸੀ।
ਕੋਈ ਆਦਮੀ ਆਪਣੀ ਜ਼ਮੀਨ Ḕਤੇ ਖੜ੍ਹੇ ਦਰੱਖ਼ਤਾਂ ਨੂੰ ਨਹੀਂ ਕੱਟ ਸਕਦਾ ਸੀ। ਉਨ੍ਹਾਂ ਤੋਂ ਉਹ ਇਕ ਦਾਤਣ ਵੀ ਨਹੀਂ ਕੱਟ ਸਕਦਾ ਸੀ। ਜੋ ਜ਼ਮੀਨਾਂ ਉਨ੍ਹਾਂ ਨੂੰ ਮਿਲੀਆਂ ਸਨ, ਉਨ੍ਹਾਂ Ḕਤੇ ਉਹ ਸਿਰਫ਼ ਖੇਤੀ ਹੀ ਕਰ ਸਕਦੇ ਸਨ। ਕਿਸੇ ਪ੍ਰਕਾਰ ਦਾ ਮਕਾਨ ਜਾਂ ਝੌਂਪੜੀ, ਇਥੋਂ ਤੱਕ ਕਿ ਪਸ਼ੂਆਂ ਨੂੰ ਪੱਠੇ ਪਾਉਣ ਲਈ ਖੁਰਲੀ ਤੱਕ ਵੀ ਨਹੀਂ ਬਣਾ ਸਕਦੇ ਸਨ। ਕਾਨੂੰਨ ਦਾ ਥੋੜ੍ਹਾ ਜਿਹਾ ਉਲੰਘਣ ਕਰਨ Ḕਤੇ 24 ਘੰਟੇ ਦਾ ਨੋਟਿਸ ਦੇ ਕੇ ਅਖੌਤੀ ਅਪਰਾਧੀ ਦੀ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਸੀ। ਕਿਹਾ ਜਾਂਦਾ ਹੈ ਕਿ ਐਸਾ ਕਾਨੂੰਨ ਬਣਾ ਕੇ ਸਰਕਾਰ ਚਾਹੁੰਦੀ ਸੀ ਕਿ ਥੋੜ੍ਹੇ ਜਿਹੇ ਵਿਦੇਸ਼ੀਆਂ ਨੂੰ ਕੁੱਲ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇ ਤੇ ਹਿੰਦੁਸਤਾਨੀ ਕਾਸ਼ਤਕਾਰ ਉਨ੍ਹਾਂ ਦੇ ਰਹਿਮ Ḕਤੇ ਰਹਿਣ। ਸਰਕਾਰ ਇਹ ਵੀ ਚਾਹੁੰਦੀ ਸੀ ਕਿ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਵੱਡੇ-ਵੱਡੇ ਜ਼ਿਮੀਂਦਾਰ ਹੋਣ ਅਤੇ ਬਾਕੀ ਬਹੁਤ ਗਰੀਬ ਕਾਸ਼ਤਕਾਰ ਹੋਣ। ਇਸ ਪ੍ਰਕਾਰ ਜਨਤਾ ਦੋ ਵਰਗਾਂ ਵਿਚ ਵੰਡੀ ਜਾਵੇ। ਮਾਲਦਾਰ ਕਦੀ ਵੀ ਕਿਸੇ ਵੀ ਹਾਲਤ ਵਿਚ ਸਰਕਾਰ ਵਿਰੋਧੀਆਂ ਦਾ ਸਾਥ ਦੇਣ ਦਾ ਹੌਸਲਾ ਨਹੀਂ ਕਰ ਸਕਣਗੇ ਅਤੇ ਗਰੀਬ ਕਾਸ਼ਤਕਾਰਾਂ ਜੋ ਦਿਨ-ਰਾਤ ਮਿਹਨਤ ਕਰ ਕੇ ਵੀ ਪੇਟ ਨਹੀਂ ਭਰ ਸਕਣਗੇ, ਨੂੰ ਇਸ ਦਾ ਮੌਕਾ ਹੀ ਨਹੀਂ ਮਿਲੇਗਾ। ਇਸ ਪ੍ਰਕਾਰ ਸਰਕਾਰ ਖੁੱਲ੍ਹੇ ਹੱਥੀਂ ਜੋ ਚਾਹੇਗੀ, ਕਰੇਗੀ।
ਅਸ਼ਾਂਤੀ ਦੇ ਬੀਜ: ਉਨ੍ਹੀਂ ਦਿਨੀਂ ਯੂæਪੀæ ਅਤੇ ਬਿਹਾਰ ਵਰਗੇ ਸੂਬਿਆਂ ਵਿਚ ਵੀ ਕਿਸਾਨਾਂ ਦੀ ਹਾਲਤ ਐਸੀ ਹੀ ਸੀ, ਪਰ ਪੰਜਾਬ ਦੇ ਲੋਕ ਜਲਦੀ ਹੀ ਸੰਭਲ ਗਏ। ਸਰਕਾਰ ਦੀ ਇਸ ਚਾਲ ਵਿਰੁਧ ਉਨ੍ਹਾਂ ਜ਼ਬਰਦਸਤ ਅੰਦੋਲਨ ਸ਼ੁਰੂ ਕਰ ਦਿੱਤਾ। ਰਾਵਲਪਿੰਡੀ ਵੱਲ ਵੀ ਇਨ੍ਹੀਂ ਦਿਨੀਂ ਨਵਾਂ ਬੰਦੋਬਸਤ ਖਤਮ ਹੋਇਆ ਸੀ ਅਤੇ ਲਗਾਨ ਵਧਾਇਆ ਗਿਆ ਸੀ। ਇਸ ਪ੍ਰਕਾਰ ਸੰਨ 1907 ਦੇ ਸ਼ੁਰੂ ਵਿਚ ਹੀ ਅਸ਼ਾਂਤੀ ਦੇ ਕੁਝ ਕਾਰਨ ਹਾਜ਼ਰ ਸਨ। ਇਸ ਸਾਲ ਦੇ ਸ਼ੁਰੂ ਵਿਚ ਹੀ ਪੰਜਾਬ ਦੇ ਗਵਰਨਰ ਸਰ ਐਬਿਟਸਨ ਨੇ ਕਿਹਾ ਵੀ ਸੀ ਕਿ ਇਸ ਸਮੇਂ ਭਾਵੇਂ ਪ੍ਰਗਟ ਰੂਪ ਵਿਚ ਤਾਂ ਸ਼ਾਂਤੀ ਹੈ, ਪਰ ਜਨਤਾ ਦੇ ਦਿਲ ਵਿਚ ਅਸੰਤੋਸ਼ ਪੈਦਾ ਹੁੰਦਾ ਜਾ ਰਿਹਾ ਹੈ।
ਇਨ੍ਹੀਂ ਦਿਨੀਂ ਦੇਸ਼ ਭਰ ਵਿਚ ਖਾਮੋਸ਼ੀ ਛਾਈ ਹੋਈ ਸੀ। ਜਨਤਾ Ḕਠਹਿਰੋ ਤੇ ਦੇਖੋḔ ਦੀ ਹਾਲਤ ਵਿਚ ਸੀ। ਇਹ ਖਾਮੋਸ਼ੀ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਸੀ। ਪੰਜਾਬ ਵਿਚ ਤਾਂ ਐਸੀ ਹਾਲਤ ਸੀ ਕਿ ਅਸ਼ਾਂਤੀ ਦਾ ਪੈਦਾ ਹੋ ਜਾਣਾ ਬਿਲਕੁਲ ਉਚਿਤ ਅਤੇ ਜ਼ਰੂਰੀ ਹੀ ਸੀ।
1906 ਦਾ ਕਾਂਗਰਸ ਇਜਲਾਸ: 1906 ਵਿਚ ਕਾਂਗਰਸ ਦਾ ਸਾਲਾਨਾ ਇਜਲਾਸ ਕਲਕੱਤੇ ਵਿਚ ਦਾਦਾਭਾਈ ਨਾਰੋਜੀ ਦੀ ਪ੍ਰਧਾਨਗੀ ਹੇਠ ਹੋਇਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਭਾਸ਼ਣ ਵਿਚ ḔਸਵਰਾਜḔ ਸ਼ਬਦ ਦੀ ਵਰਤੋਂ ਕੀਤੀ। ਬ੍ਰਿਟਿਸ਼ ਪਾਰਲੀਮੈਂਟ ਦੇ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ Ḕਤੇ ਖੁਦ ਦਾਦਾਭਾਈ ਨੇ ਕਿਹਾ ਸੀ ਕਿ ਜੇ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਤਾਕਤ ਪੈਦਾ ਕਰਨੀ ਹੋਵੇਗੀ। ਸਾਨੂੰ ਆਪਣੇ ਭਾਰ ਹੀ ਖੜ੍ਹਾ ਹੋਣਾ ਪਵੇਗਾ। ਪੱਥਰਾਂ ਵਾਂਗ ਗੱਡੀ ਨਜ਼ਰ ਨਾਲ ਵੇਖਦੇ ਰਹਿਣ ਨਾਲ ਹੀ ਕੰਮ ਨਹੀਂ ਚੱਲੇਗਾ।
ਲਾਲਾ ਲਾਜਪਤ ਰਾਏ: ਠੀਕ ਇਹੀ ਗੱਲ ਇਕ ਸਾਲ ਪਹਿਲਾਂ ਬਨਾਰਸ ਦੇ ਕਾਂਗਰਸ ਇਜਲਾਸ ਵਿਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੇ ਕਹੀ ਸੀ। ਲਾਲਾ ਜੀ ਕਾਂਗਰਸ ਦੇ ਪ੍ਰਧਾਨ ਸਵਰਗੀ ਗੋਖਲੇ ਨਾਲ ਵਫਦ ਵਿਚ ਇੰਗਲੈਂਡ ਭੇਜੇ ਗਏ ਸਨ। ਉਥੋਂ ਵਾਪਸ ਆ ਕੇ ਉਨ੍ਹਾਂ ਬਹੁਤ ਹੀ ਗਰਮ ਭਾਸ਼ਨ ਦਿੱਤਾ ਸੀ।
ਲੋਕਮਾਨਿਆ ਤਿਲਕ: 1906 ਦੇ ਕਾਂਗਰਸ ਇਜਲਾਸ ਵਿਚ ਲੋਕਮਾਨਿਆ ਤਿਲਕ ਦਾ ਬੋਲਬਾਲਾ ਸੀ। ਨੌਜਵਾਨ ਧੜਾ ਉਨ੍ਹਾਂ ਦੀਆਂ ਖਰੀਆਂ ਤੇ ਸਪਸ਼ਟ ਗੱਲਾਂ ਕਾਰਨ ਉਨ੍ਹਾਂ ਦਾ ਭਗਤ ਬਣ ਗਿਆ ਸੀ। ਉਨ੍ਹਾਂ ਦੀ ਨਿਡਰਤਾ ਕੁਝ ਕਰ ਗੁਜ਼ਰਨ ਦੀ ਭਾਵਨਾ ਅਤੇ ਵੱਡੇ ਤੋਂ ਵੱਡੇ ਕਸ਼ਟ ਸਹਿਣ ਲਈ ਹਮੇਸ਼ਾ ਤਿਆਰ ਰਹਿਣ ਦੇ ਕਾਰਨ ਨੌਜਵਾਨ ਉਨ੍ਹਾਂ ਵੱਲ ਖਿੱਚੇ ਆ ਰਹੇ ਸਨ। ਕਾਂਗਰਸ ਇਜਲਾਸ ਤੋਂ ਇਲਾਵਾ ਕਾਂਰਗਸ ਦੇ ਪੰਡਾਲ ਤੋਂ ਬਾਹਰ ਵੀ ਲੋਕਮਾਨਿਆ ਤਿਲਕ ਦੇ ਅਨੇਕਾਂ ਭਾਸ਼ਨ ਇਸ ਮੌਕੇ Ḕਤੇ ਹੋਏ ਸਨ।
ਸ਼ ਕਿਸ਼ਨ ਸਿੰਘ ਤੇ ਸ਼ ਅਜੀਤ ਸਿੰਘ: ਜੋ ਨੌਜਵਾਨ ਲੋਕਮਾਨਿਆ ਵੱਲ ਖਾਸ ਤੌਰ Ḕਤੇ ਖਿੱਚੇ ਗਏ ਸਨ, ਉਨ੍ਹਾਂ ਵਿਚ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਦੋ ਨੌਜਵਾਨ ਇਸ ਮੌਕੇ Ḕਤੇ ਲੋਕਮਾਨਿਆ ਨੂੰ ਮਿਲੇ ਜਿਨ੍ਹਾਂ ਦਾ ਉਤਸ਼ਾਹ ਅਤੇ ਹੌਸਲਾ ਵੇਖ ਕੇ ਉਸ ਨੂੰ ਬਹੁਤ ਖੁਸ਼ੀ ਹੋਈ ਅਤੇ ਪੰਜਾਬ ਵਿਚ ਸਿਆਸੀ ਅੰਦੋਲਨ ਨੂੰ ਤਾਕਤਵਰ ਬਣਾਉਣ ਦੀ ਸਲਾਹ ਦੇ ਕੇ ਲੋਕਮਾਨਿਆ ਨੇ ਉਨ੍ਹਾਂ ਦੋਹਾਂ ਨੌਜਵਾਨਾਂ ਨੂੰ ਵਿਦਾ ਕਰ ਦਿੱਤਾ। ਇਹ ਨੌਜਵਾਨ ਮੇਰੇ ਪਿਤਾ ਸ਼ ਕਿਸ਼ਨ ਸਿੰਘ ਅਤੇ ਮੇਰੇ ਚਾਚਾ ਸ਼ ਅਜੀਤ ਸਿੰਘ ਸਨ।
Ḕਭਾਰਤ ਮਾਤਾḔ ਅਖਬਾਰ ਅਤੇ ਮਹਿਤਾ ਨੰਦ ਕਿਸ਼ੋਰ: ਸ਼ ਕਿਸ਼ਨ ਸਿੰਘ ਅਤੇ ਸ਼ ਅਜੀਤ ਸਿੰਘ ਨੇ ਵਾਪਸ ਲਾਹੌਰ ਆ ਕੇ Ḕਭਾਰਤ ਮਾਤਾḔ ਨਾਂ ਦਾ ਮਾਸਕ ਪੱਤਰ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਨਯੋਗ ਮਹਿਤਾ ਨੰਦ ਕਿਸ਼ੋਰ ਨੂੰ ਨਾਲ ਲੈ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਇਨ੍ਹਾਂ ਕੋਲ ਨਾ ਧਨ ਸੀ ਅਤੇ ਨਾ ਹੀ ਧਨੀ ਵਰਗ ਨਾਲ ਕੋਈ ਸੰਬੰਧ ਹੀ ਸੀ। ਕਿਸੇ ਫਿਰਕੇ ਦੇ ਨੇਤਾ ਜਾਂ ਮਹੰਤ ਵੀ ਨਹੀਂ ਸਨ। ਸੋ ਪ੍ਰਚਾਰ ਦੇ ਕੰਮ ਲਈ ਜ਼ਰੂਰੀ ਸਭ ਸਾਧਨ ਖੁਦ ਹੀ ਇਕੱਠੇ ਕਰਨੇ ਪੈਂਦੇ। ਇਕ ਦਿਨ ਘੰਟੀ ਵਜਾ ਕੇ ਬਾਜ਼ਾਰ ਵਿਚ ਕੁਝ ਲੋਕਾਂ ਨੂੰ ਇਕੱਠਾ ਕਰ ਲਿਆ ਅਤੇ ਇਸ ਵਿਸ਼ੇ Ḕਤੇ ਭਾਸ਼ਨ ਦੇਣ ਲੱਗੇ ਕਿ ਵਿਦੇਸ਼ੀਆਂ ਨੇ ਭਾਰਤੀ ਉਦਯੋਗ ਅਤੇ ਵਪਾਰ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕੀਤਾ ਹੈ। ਉਥੇ ਇਹ ਵੀ ਐਲਾਨ ਕਰ ਦਿੱਤਾ ਕਿ ਆਉਂਦੇ ਐਤਵਾਰ ਨੂੰ ਅਹਿਮ ਸਭਾ Ḕਭਾਰਤ ਮਾਤਾḔ ਦੇ ਦਫ਼ਤਰ ਦੇ ਕੋਲ ਜੋ ਲਾਹੌਰੀ ਅਤੇ ਸ਼ਾਲਾਮਾਰੀ ਦਰਵਾਜ਼ੇ ਦੇ ਵਿਚਕਾਰ ਸਥਿਤ ਹੈ, ਹੋਵੇਗੀ। ਪਹਿਲੀ ਸਭਾ ਪਾਪੜ ਮੰਡੀ ਵਿਚ, ਦੂਜੀ ਲਾਹੌਰੀ ਮੰਡੀ ਵਿਚ ਹੋਈ। ਤੀਸਰੀ ਸਭਾ ਵਿਚ ਭਾਸ਼ਨਾਂ ਤੋਂ ਪਹਿਲਾਂ ਇਕ ਪੰਜਾਬੀ ਨੌਜਵਾਨ ਨੇ ਬੜੇ ਹੀ ਦਿਲਟੁੰਬਵੇਂ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰੀ ਹੋਈ ਨਜ਼ਮ ਪੜ੍ਹੀ ਜਿਸ ਦੀ ਸਰੋਤਿਆਂ ਨੇ ਬਹੁਤ ਪ੍ਰਸੰਸਾ ਕੀਤੀ। ਹੁਣ ਇਹ ਨੌਜਵਾਨ ਵੀ ਇਸੇ ਦਲ ਵਿਚ ਸ਼ਾਮਲ ਹੋ ਗਿਆ। ਇਹ ਨੌਜਵਾਨ ਪੰਜਾਬ ਦੇ ਪ੍ਰਸਿੱਧ ਰਾਸ਼ਟਰ ਕਵੀ ਲਾਲਾ ਲਾਲ ਚੰਦ Ḕਫ਼ਲਕḔ ਸਨ ਜੋ ਅੱਜ ਤੱਕ ਆਪਣੀਆਂ ਉਤਸ਼ਾਹਪੂਰਨ ਕਵਿਤਾਵਾਂ ਨਾਲ ਦੇਸ਼ ਨੂੰ ਜਗਾਉਂਦੇ ਰਹੇ ਹਨ। ਇਸੇ ਹਫ਼ਤੇ ਲਾਲਾ ਪਿੰਡੀਦਾਸ ਅਤੇ ਡਾæ ਈਸ਼ਵਰੀ ਪ੍ਰਸਾਦ ਆਦਿ ਕੁਝ ਹੋਰ ਸੱਜਣਾਂ ਨੇ ਵੀ ਇਸ ਦਲ ਵਿਚ ਆਉਣ Ḕਤੇ Ḕਅੰਜੁਮਨ ਮੁਹਿਬਤਾਨੇ ਵਤਨḔ ਨਾਂ ਦੀ ਸੰਸਥਾ ਬਣਾਈ ਜੋ ਬਾਅਦ ਵਿਚ Ḕਭਾਰਤ ਮਾਤਾ ਸੁਸਾਇਟੀḔ ਦੇ ਨਾਂ ਨਾਲ ਪ੍ਰਸਿੱਧ ਹੋਈ।
ਜੱਟਾਂ ਦੀ ਸਭਾ: ਇਕ-ਦੋ ਮਹੀਨੇ ਇਸੇ ਤਰ੍ਹਾਂ ਪ੍ਰਚਾਰ ਹੁੰਦਾ ਰਿਹਾ। ਇਕ ਦਿਨ ਲਾਹੌਰ ਅਤੇ ਅੰਮ੍ਰਿਤਸਰ ਖੇਤਰ ਦੇ ਜੱਟ ਕਾਸ਼ਤਕਾਰਾਂ ਨੇ ਲਗਾਨ ਵਧਾਉਣ ਵਿਰੁਧ ਸਭਾ ਕਰਨ ਦਾ ਫੈਸਲਾ ਕੀਤਾ। ਅਜਮੇਰੀ ਦਰਵਾਜ਼ੇ ਦੇ ਬਾਹਰ ਰਤਨ ਚੰਦ ਦੀ ਸਰਾਂ ਵਿਚ ਸਭਾ ਕੀਤੀ ਗਈ, ਪਰ ਜਦ ਜੱਟ ਇਕੱਠੇ ਹੋਏ ਤਾਂ ਡੀæਸੀæ ਨੇ ਰਤਨ ਚੰਦ ਦੇ ਲੜਕੇ ਨੂੰ ਬੁਲਾ ਕੇ ਜਾਇਦਾਦ ਜ਼ਬਤ ਕਰ ਲੈਣ ਦੀ ਧਮਕੀ ਦਿੱਤੀ। ਇਸ ਤਰ੍ਹਾਂ ਰਤਨ ਚੰਦ ਦੇ ਲੜਕੇ ਨੇ ਉਥੇ ਇਕੱਠੇ ਹੋਏ ਕਿਸਾਨਾਂ ਨੂੰ ਆਪਣੀ ਸਰਾਂ ਤੋਂ ਬਾਹਰ ਕੱਢ ਦਿੱਤਾ। ਤਦ ਕਿਸਾਨਾਂ ਨੇ ਸ਼ਹਿਰ ਦੇ ਨੇਤਾ ਮੰਨੇ ਜਾਣ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਪਰ ਉਥੋਂ ਵੀ ਉਨ੍ਹਾਂ ਨੂੰ ਸਾਫ਼ ਜਵਾਬ ਮਿਲ ਗਿਆ। ਮਾਯੂਸ ਹੋ ਕੇ ਵਿਚਾਰੇ ਕਮੇਟੀ ਬਾਗ ਵਿਚ ਜਾ ਬੈਠੇ। ਇੰਨੇ ਵਿਚ ਭਾਰਤ ਮਾਤਾ ਸੁਸਾਇਟੀ ਦੇ ਮੈਂਬਰਾਂ ਨੂੰ ਇਸ ਦੀ ਸੂਚਨਾ ਮਿਲੀ ਅਤੇ ਉਹ ਇਨ੍ਹਾਂ ਲੋਕਾਂ ਨੂੰ ਆਪਣੀ ਥਾਂ Ḕਤੇ ਲੈ ਗਏ। ਸੁਸਾਇਟੀ ਕੋਲ ਕਮਰੇ ਤੋਂ ਬਿਨਾਂ ਖੁੱਲ੍ਹਾ ਮੈਦਾਨ ਵੀ ਸੀ। ਇਸ ਮੈਦਾਨ ਵਿਚ ਦਰੀਆਂ ਵਿਛਾ ਕੇ ਸ਼ਾਮਿਆਨਾ ਲਗਵਾ ਦਿੱਤਾ ਗਿਆ ਅਤੇ ਇਕ ਪਾਸੇ ਉਨ੍ਹਾਂ ਕਿਸਾਨਾਂ ਦੇ ਭੋਜਨ ਲਈ ਲੰਗਰ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ। ਕਿਸਾਨਾਂ ਦਾ ਉਤਸ਼ਾਹ ਇਸ ਨਾਲ ਵਧ ਗਿਆ ਅਤੇ ਫਿਰ ਪੂਰਾ ਇਕ ਹਫ਼ਤਾ ਉਥੇ ਹਰ ਰੋਜ਼ ਸਭਾਵਾਂ ਹੋਈਆਂ ਜਿਨ੍ਹਾਂ ਵਿਚ ਨਿਡਰ ਭਾਸ਼ਨ ਦਿੱਤੇ ਗਏ। ਇਸ ਸਭਾ ਵਿਚ ਆਮ ਕਿਸਾਨਾਂ ਦਾ ਉਤਸ਼ਾਹ ਵੇਖ ਕੇ ਭਾਰਤ ਮਾਤਾ ਸੁਸਾਇਟੀ ਦੇ ਮੈਂਬਰਾਂ ਦੇ ਹੌਸਲੇ ਵੀ ਵਧ ਗਏ। ਇਸ ਦੇ ਬਾਅਦ ਪਿੰਡਾਂ ਦੇ ਦੌਰਿਆਂ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਨਾਲ ਕਿਸਾਨਾਂ ਨੂੰ ਲਗਾਨਬੰਦੀ ਲਈ ਤਿਆਰ ਕੀਤਾ ਜਾ ਸਕੇ। ਇਹ ਸਰਕਾਰ ਦੇ ਵਿਰੁਧ ਯੁੱਧ ਦਾ ਐਲਾਨ ਸੀ ਅਤੇ ਜਨਤਾ ਵਿਚ ਏਨਾ ਜੋਸ਼ ਸੀ ਕਿ ਇਸ ਸੰਘਰਸ਼ ਵਿਚ ਉਹ ਆਪਣਾ ਸਭ ਕੁਝ ਦਾਅ Ḕਤੇ ਲਗਾ ਦੇਣ ਲਈ ਹਮੇਸ਼ਾ ਤਿਆਰ ਸੀ।
ਸੂਫ਼ੀ ਅੰਬਾ ਪ੍ਰਸ਼ਾਦ: ਠੀਕ ਇਨ੍ਹੀਂ ਦਿਨੀਂ ਹੀ ਭਾਰਤ ਮਾਤਾ ਸੁਸਾਇਟੀ ਵਿਚ ਉਚ ਕੋਟੀ ਦੇ ਦੇਸ਼ ਭਗਤ, ਸਿਆਸੀ ਆਗੂ ਅਤੇ ਲੇਖਕ ਸੂਫ਼ੀ ਅੰਬਾ ਪ੍ਰਸ਼ਾਦ ਸ਼ਾਮਲ ਹੋਏ। ਸੂਫ਼ੀ ਜੀ ਦਾ ਜਨਮ ਸੰਨ 1885 ਵਿਚ ਮੁਰਾਦਾਬਾਦ ਵਿਚ ਹੋਇਆ ਸੀ, ਉਰਦੂ ਦੇ ਪ੍ਰਭਾਵਸ਼ਾਲੀ ਲੇਖਕ ਹਿੰਦੂ-ਮੁਸਲਿਮ ਏਕਤਾ ਦੇ ਪ੍ਰਬਲ ਸਮਰਥਕ ਅਤੇ ਆਜ਼ਾਦੀ ਦੇ ਨਿਡਰ ਪੁਜਾਰੀ ਸਨ। ਉਨ੍ਹਾਂ ਹਫ਼ਤਾਵਾਰ ਅਖ਼ਬਾਰ ਕੱਢਿਆ। ਇਸ ਤੋਂ ਇਕ ਸਾਲ ਬਾਅਦ ਹੀ ਰਾਜ ਵਿਦਰੋਹ ਦੇ ਅਪਰਾਧ ਵਿਚ ਸਵਾ ਦੋ ਸਾਲ ਕੈਦ ਦੀ ਸਜ਼ਾ ਮਿਲੀ। ਸਜ਼ਾ ਕੱਟ ਕੇ ਆਏ ਤਾਂ ਸਾਲ ਅੰਦਰ ਹੀ ਉਨ੍ਹਾਂ ਖਿਲਾਫ਼ ਦੂਜਾ ਮੁਕੱਦਮਾ ਖੜ੍ਹਾ ਕਰ ਦਿੱਤਾ ਗਿਆ। ਇਸ ਵਾਰ ਉਨ੍ਹਾਂ ਨੂੰ 6 ਸਾਲ ਦੀ ਕੈਦ ਹੋਈ। ਉਨ੍ਹੀਂ ਦਿਨੀਂ ਰਾਜ ਵਿਦਰੋਹ ਵਿਚ ਸਜ਼ਾ ਪਾਏ ਹੋਏ ਕੈਦੀਆਂ ਨੂੰ ਬਹੁਤ ਖਤਰਨਾਕ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਜੇਲ੍ਹ ਵਿਚ ਵਰਤਾਓ ਵੀ ਬਹੁਤ ਬੁਰਾ ਹੁੰਦਾ ਸੀ। 1906 ਵਿਚ ਉਹ ਜੇਲ੍ਹ ਵਿਚੋਂ ਰਿਹਾ ਹੋਏ ਅਤੇ ਪੰਜਾਬ ਵਿਚ ਸਿਆਸੀ ਜਾਗ੍ਰਿਤੀ ਵੇਖ ਕੇ ਪੰਜਾਬ ਚਲੇ ਆਏ। ਏਥੇ ਆ ਕੇ ਉਹ ḔਹਿੰਦੁਸਤਾਨḔ ਸਪਤਾਹਿਕ ਦੇ ਸਹਾਇਕ ਸੰਪਾਦਕ ਬਣਾਏ ਗਏ। ਗਰਮਾ ਗਰਮ ਲੇਖਾਂ ਅਤੇ ਸੰਪਾਦਕੀਆਂ ਵਿਚ ਉਨ੍ਹਾਂ ਦਾ ਨਾਂ ਦਿੱਤੇ ਜਾਣ Ḕਤੇ ਅਖ਼ਬਾਰ ਦੇ ਮਾਲਕਾਂ ਨੂੰ ਬੜੀ ਘਬਰਾਹਟ ਰਹਿੰਦੀ ਸੀ। ਇਸ Ḕਤੇ ਉਨ੍ਹਾਂ ਨੂੰ ਅਖਬਾਰ ਵਿਚੋਂ ਅਸਤੀਫ਼ਾ ਦੇਣਾ ਪਿਆ। ਸਭ ਤੋਂ ਪਹਿਲਾਂ ਉਹ ਜੱਟਾਂ ਦੀ ਸਭਾ ਵਿਚ ਆਏ ਸਨ ਅਤੇ ਫਿਰ ਉਥੇ ਹੀ ਰਹਿ ਗਏ। ਬਾਅਦ ਵਿਚ ਸ਼ ਅਜੀਤ ਸਿੰਘ ਨਾਲ ਉਨ੍ਹਾਂ ਦੀ ਐਸੀ ਡੂੰਘੀ ਮਿੱਤਰਤਾ ਹੋ ਗਈ ਕਿ ਇਕ ਦੂਜੇ ਤੋਂ ਅਲੱਗ ਹੋਣਾ ਲਗਭਗ ਅਸੰਭਵ ਹੋ ਗਿਆ।
ਇਨ੍ਹੀਂ ਦਿਨੀਂ ਹੀ ਲਾਇਲਪੁਰ ਵਿਚ ਬਹੁਤ ਵੱਡਾ ਮੇਲਾ ਹੋਣ ਵਾਲਾ ਸੀ। ਇਹ ਮੇਲਾ ਪਸ਼ੂ ਮੰਡੀ ਦੇ ਨਾਂ ਨਾਲ ਪ੍ਰਸਿੱਧ ਸੀ। ਇਸ ਸਾਲ ਜ਼ਿਮੀਂਦਾਰ ਦੇ ਮਾਲਕ ਮੀਆਂ ਸਿਰਾਜੁਦੀਨ ਅਤੇ ਇਕ ਦੋ ਹੋਰ ਸੱਜਣਾਂ ਨੇ ਇਸ ਮੌਕੇ ਰੋਜ਼ਾਨਾ ਇਕ ਸਭਾ ਕਰਨ ਦਾ ਨਿਸ਼ਚਾ ਕੀਤਾ। ਇਸ ਵਿਚ ਨਵੇਂ ਕਾਲੋਨੀ ਐਕਟ ਵਿਰੁਧ ਮਤੇ ਪਾਸ ਕਰਨੇ ਸਨ। ਸਭਾ ਵਿਚ ਭਾਸ਼ਨ ਦੇਣ ਲਈ ਲਾਲਾ ਜੀ ਨੂੰ ਖਾਸ ਰੂਪ ਵਿਚ ਬੁਲਾਇਆ ਗਿਆ ਸੀ। ਭਾਰਤ ਮਾਤਾ ਸੁਸਾਇਟੀ ਦੇ ਮੈਂਬਰ ਗਰਮ ਦਲੀਏ ਸਨ, ਵਿਧਾਨਕ ਰੂਪ ਨਾਲ ਅੰਦੋਲਨ ਚਲਾਉਣ ਦਾ ਵਿਚਾਰ ਰੱਖਣ ਵਾਲੇ ਸੱਜਣ ਥੋੜ੍ਹਾ ਘਬਰਾ ਗਏ। ਭਾਰਤ ਮਾਤਾ ਸੁਸਾਇਟੀ ਵਲੋਂ ਦੋ ਵਰਕਰ ਉਥੇ ਇਸ ਉਦੇਸ਼ ਲਈ ਭੇਜੇ ਗਏ ਕਿ ਉਹ ਉਥੇ ਪਹੁੰਚ ਕੇ ਆਪਣੇ ਅਨੁਕੂਲ ਹਾਲਾਤ ਬਣਾ ਲੈਣ ਜਿਸ ਨਾਲ ਸ਼ ਅਜੀਤ ਸਿੰਘ ਆਪਣੇ ਦੂਸਰੇ ਸਾਥੀਆਂ ਨਾਲ ਪਹੁੰਚ ਕੇ ਸਫ਼ਲਤਾ ਨਾਲ ਆਪਣਾ ਪ੍ਰਚਾਰ ਕਰ ਸਕਣ।
ਜ਼ਿਮੀਦਾਰ ਸਭਾ ਵਲੋਂ ਜੋ ਪੰਡਾਲ ਲੱਗਾ ਸੀ, ਉਸ ਵਿਚ ਹੀ ਇਕ ਦਿਨ ਭਾਸ਼ਨ ਦੇ ਕੇ ਭਾਰਤ ਮਾਤਾ ਸੁਸਾਇਟੀ ਤੇ ਕਾਰਜਕਰਤਾ ਨੇ ਆਮ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰ ਲਿਆ। ਉਧਰ ਜਿਸ ਦਿਨ ਲਾਲਾ ਜੀ ਲਾਹੌਰ ਤੋਂ ਰਵਾਨਾ ਹੋਏ, ਉਸੇ ਦਿਨ ਸ਼ ਅਜੀਤ ਸਿੰਘ ਨੇ ਵੀ ਉਥੋਂ ਚਾਲੇ ਪਾ ਦਿੱਤੇ। ਲਾਲਾ ਜੀ ਨੇ ਸਰਦਾਰ ਤੋਂ ਪੁੱਛਿਆ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ? ਆਪਣੇ ਪ੍ਰੋਗਰਾਮ ਦੀ ਸੂਚਨਾ ਵੀ ਲਾਲ ਜੀ ਨੇ ਦਿੱਤੀ ਕਿ ਸਰਕਾਰ ਨੇ ਕਾਲੋਨੀ ਐਕਟ ਵਿਚ ਜੋ ਥੋੜ੍ਹਾ ਜਿਹਾ ਪਰਿਵਰਤਨ ਕਰ ਦਿੱਤਾ ਹੈ, ਇਸ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਬਾਕੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਾਂਗੇ।
ਸਰਦਾਰ ਜੀ ਨੇ ਉਤਰ ਵਿਚ ਕਿਹਾ ਕਿ ਸਾਡਾ ਪ੍ਰੋਗਰਾਮ ਤਾਂ ਇਹ ਹੈ ਕਿ ਜਨਤਾ ਨੂੰ ਲਗਾਨਬੰਦੀ ਲਈ ਤਿਆਰ ਕੀਤਾ ਜਾਵੇ। ਲਾਲ ਜੀ ਸਾਡੇ ਪ੍ਰੋਗਰਾਮ ਵਿਚ ਸਰਕਾਰ ਨੂੰ ਧੰਨਵਾਦ ਕਰਨ ਦੀ ਤਾਂ ਕੋਈ ਥਾਂ ਮਿਲ ਹੀ ਨਹੀਂ ਸਕਦੀ।
ਲਾਲਾ ਜੀ ਅਤੇ ਸ਼ ਅਜੀਤ ਸਿੰਘ ਲਾਇਲਪੁਰ ਪਹੁੰਚੇ। ਲਾਲਾ ਜੀ ਦਾ ਵਿਸ਼ਾਲ ਜਲੂਸ ਕੱਢਿਆ ਗਿਆ ਜਿਸ ਕਰ ਕੇ ਲਾਲਾ ਜੀ ਲਗਭਗ ਦੋ ਘੰਟੇ ਵਿਚ ਪੰਡਾਲ ਪੁੱਜੇ। ਸਾਡੇ ਲੋਕ ਅਜਿਹੇ ਵੀ ਹਨ ਜੋ ਜਲੂਸ ਵਿਚ ਸ਼ਾਮਲ ਨਾ ਹੋ ਕੇ ਸਿੱਧੇ ਪੰਡਾਲ ਵਿਚ ਹੀ ਪਹੁੰਚ ਗਏ ਸਨ ਅਤੇ ਉਥੇ ਭਾਸ਼ਨ ਸ਼ੁਰੂ ਹੋ ਗਏ ਸਨ। ਇਕ ਦੋ ਛੋਟੇ ਛੋਟੇ ਭਾਸ਼ਨਾਂ ਬਾਅਦ ਸ਼ ਅਜੀਤ ਸਿੰਘ ਨੇ ਭਾਸ਼ਨ ਦਿੱਤਾ। ਉਨ੍ਹਾਂ ਦੀ ਨਿਡਰ ਭਾਸ਼ਨ ਸ਼ੈਲੀ ਨੇ ਜਨਤਾ ਨੂੰ ਆਪਣਾ ਭਗਤ ਬਣਾ ਦਿੱਤਾ ਅਤੇ ਸਰੋਤੇ ਬੜੇ ਜੋਸ਼ ਵਿਚ ਆ ਚੁੱਕੇ ਸਨ।
ਲਾਇਲਪੁਰ ਦੇ ਡੀæਸੀæ ਵੀ ਇਥੇ ਹਾਜ਼ਰ ਸਨ। ਕਾਰਵਾਈ ਵੇਖ ਕੇ ਉਨ੍ਹਾਂ ਇਹ ਸਿੱਟਾ ਕੱਢਿਆ ਕਿ ਇਹ ਸਭਾ ਆਯੋਜਨ ਸਾਜ਼ਿਸ਼ ਸੀ। ਲਾਲਾ ਲਾਜਪਤ ਰਾਏ ਇਨ੍ਹਾਂ ਸਭ ਦੇ ਗੁਰੂ ਹਨ ਅਤੇ ਨੌਜਵਾਨ ਸ਼ ਅਜੀਤ ਸਿੰਘ ਉਨ੍ਹਾਂ ਦੇ ਚੇਲੇ ਹਨ। ਸਰਕਾਰ ਦਾ ਇਹ ਵਿਚਾਰ ਬਹੁਤ ਦਿਨਾਂ ਤੱਕ ਬਣਿਆ ਰਿਹਾ। ਹੋ ਸਕਦਾ ਹੈ ਕਿ ਲਾਲਾ ਜੀ ਅਤੇ ਸ਼ ਅਜੀਤ ਸਿੰਘ ਨੂੰ ਨਜ਼ਰਬੰਦ ਕਰਨ ਦਾ ਇਹੀ ਕਾਰਨ ਸੀ।
ਲਾਲ ਜੀ ਦੇ ਭਾਸ਼ਨ ਤੇ ਬਾਅਦ ਸ੍ਰੀ ਬਾਂਕੇ ਦਿਆਲ ਨੇ ਨਜ਼ਮ Ḕਪਗੜੀ ਸੰਭਾਲ ਉਏ ਜੱਟਾḔ ਪੜ੍ਹੀ ਜੋ ਬਾਅਦ ਵਿਚ ਬਹੁਤ ਹੀ ਪ੍ਰਚੱਲਤ ਹੋ ਗਈ। ਲਾਲਾ ਬਾਂਕੇ ਦਿਆਲ ਪੁਲਿਸ ਵਿਚ ਸਬ ਇੰਸਪੈਕਟਰ ਸਨ ਅਤੇ ਸਰਕਾਰੀ ਨੌਕਰੀ ਛੱਡ ਕੇ ਇਸ ਅੰਦੋਲਨ ਵਿਚ ਸ਼ਾਮਲ ਹੋ ਗਏ ਸਨ। ਇਸ ਦਿਨ ਨਜ਼ਮ ਪੜ੍ਹ ਕੇ ਜਦ ਉਹ ਮੰਚ ਤੋਂ ਉਤਰੇ ਤਾਂ ਭਾਰਤ ਮਾਤਾ ਦਲ ਦੇ ਵਰਕਰਾਂ ਨੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ।
ਲਾਹੌਰ ਵਿਚ ਹੋਏ ਦੰਗੇ ਦੇ ਬਾਅਦ, ਮਿਉਂਸਪਲ ਬੋਰਡ ਨੇ ਇਹ ਪ੍ਰਸਤਾਵ ਪਾਸ ਕੀਤਾ ਕਿ ਸ਼ਹਿਰ ਵਿਚ ਸਭ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਜਾਵੇ ਕਿ ਉਹ ਵਿਦਿਆਰਥੀਆਂ ਨੂੰ ਸਿਆਸੀ ਅੰਦੋਲਨਾਂ ਵਿਚ ਹਿੱਸਾ ਲੈਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਹੋਸਟਲਾਂ ਤੋਂ ਬਾਹਰ ਨਾ ਜਾਣ ਦੇਣ। ਜੋ ਵਿਦਿਆਰਥੀ ਉਨ੍ਹਾਂ ਨਾ ਹੁਕਮ ਨਾ ਮੰਨੇ, ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਮਤੇ ਸਬੰਧੀ ਲੋਕਮਾਨਿਆ ਤਿਲਕ ਨੇ ਆਪਣੇ ਮਰਾਠੀ ਪੱਤਰ ḔਕੇਸਰੀḔ ਵਿਚ ਜ਼ਬਰਦਸਤ ਲੇਖ ਲਿਖਿਆ ਕਿ ਇਨ੍ਹਾਂ ਦੰਗਿਆਂ ਤੋਂ ਕਿਸ ਨੂੰ ਦੁਖ ਅਤੇ ਖੇਦ ਨਹੀਂ ਹੋਵੇਗਾ? ਕੌਣ ਚਾਹੁੰਦਾ ਹੈ ਕਿ ਨੌਜਵਾਨ ਥੋੜ੍ਹੇ ਹੌਸਲੇ ਤੋਂ ਕੰਮ ਨਾ ਲੈਣ? ਪਰ ਮਿਉਂਸਪਲ ਬੋਰਡ ਦੇ ਇਸ ਫੈਸਲੇ ਦਾ ਕੀ ਭਾਵ ਹੈ। 50 ਸਾਲ ਬਾਅਦ ਅੱਜ ਦੇਸ਼ ਦੇ ਨੌਜਵਾਨਾਂ ਵਿਚ ਥੋੜ੍ਹੀ ਜਿਹੀ ਜਾਗ੍ਰਿਤੀ ਨਜ਼ਰ ਆਈ ਹੈ। ਉਸ ਸਾਧਾਰਨ ਜਿਹੇ ਦੰਗੇ ਦੇ ਕਾਰਨ ਨਸ਼ਟ ਕਰਨ ਦਾ ਮਤਾ ਕਿਉਂ ਕੀਤਾ ਜਾਵੇ? ਅੱਜ ਨੌਜਵਾਨਾਂ ਵਿਚ ਦੇਸ਼ ਭਗਤੀ ਦੀਆਂ ਭਾਵਨਾਵਾਂ ਉਮੜ ਰਹੀਆਂ ਹਨ ਅਤੇ ਉਹ ਸਵਾਧੀਨਤਾ-ਬੇਚੈਨ ਹਨ ਤਾਂ ਉਨ੍ਹਾਂ ਨੂੰ ਪ੍ਰੇਮ ਨਾਲ ਸਮਝਾਉਣਾ ਚਾਹੀਦਾ ਹੈ ਕਿ ਉਹ ਇਸ ਪ੍ਰਕਾਰ ਆਪਣੀ ਸ਼ਕਤੀ ਦਾ ਨਾਸ਼ ਨਾ ਕਰਨ।
ਜਨਤਾ ਜੋਸ਼ ਵਿਚ ਆ ਕੇ ਜਦ ਕੁਝ ਕਰ ਗੁਜ਼ਰਦੀ ਹੈ ਤਾਂ ਗਰਮ ਦਲ ਦੀ ਇਹ ਨੀਤੀ ਹੁੰਦੀ ਸੀ। ਗਰਮ ਦਲ ਦੇ ਨੇਤਾ ਜਾਣਦੇ ਸਨ ਕਿ ਜਨਤਾ ਵਿਚ ਜਾਗ੍ਰਿਤੀ ਹੁੰਦੀ ਹੈ ਤਾਂ ਉਸ ਦੇ ਨਾਲ ਜੋਸ਼ ਅਤੇ ਬੇਚੈਨੀ ਹੋਣੀ ਜ਼ਰੂਰੀ ਹੀ ਹੈ। ਉਹ ਇਹ ਵੀ ਜਾਣਦੇ ਸਨ ਕਿ ਫੂਕਾਂ ਮਾਰ-ਮਾਰ ਕੇ ਪੈਰ ਰੱਖਣ ਵਾਲੇ ਭੱਦਰ ਪੁਰਸ਼ ਆਜ਼ਾਦੀ ਸੰਗਰਾਮ ਵਿਚ ਜ਼ਿਆਦਾ ਦੇਰ ਤਕ ਨਹੀਂ ਟਿਕ ਸਕਦੇ। ਰਾਸ਼ਟਰ ਦੇ ਨਿਰਮਾਤਾ ਤਾਂ ਨੌਜਵਾਨ ਹੀ ਹੋਇਆ ਕਰਦੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ: “ਸੁਧਾਰ ਬੁੱਢੇ ਆਦਮੀ ਨਹੀਂ ਕਰ ਸਕਦੇ। ਉਹ ਤਾਂ ਬੁੱਧੀਮਾਨ ਅਤੇ ਸਮਝਦਾਰ ਹੁੰਦੇ ਹਨ। ਸੁਧਾਰ ਤਾਂ ਹੁੰਦੇ ਹਨ ਨੌਜਵਾਨਾਂ ਦੀ ਮਿਹਨਤ, ਹੌਸਲੇ, ਬਲੀਦਾਨ ਅਤੇ ਇਰਾਦੇ ਨਾਲ ਜਿਨ੍ਹਾਂ ਨੂੰ ਭੈਭੀਤ ਹੋਣਾ ਆਉਂਦਾ ਹੀ ਨਹੀਂ ਤੇ ਜੋ ਵਿਚਾਰ ਘੱਟ ਅਤੇ ਅਨੁਭਵ ਜ਼ਿਆਦਾ ਕਰਦੇ ਹਨ।”
ਜਾਪਦਾ ਹੈ ਕਿ ਉਸ ਸਮੇਂ ਇਸ ਪ੍ਰਾਂਤ (ਪੰਜਾਬ) ਦੇ ਯੁਵਕ ਇਨ੍ਹਾਂ ਭਾਵਨਾਵਾਂ ਤੋਂ ਪ੍ਰਭਾਵਿਤ ਹੋ ਕੇ ਹੀ ਆਜ਼ਾਦੀ ਸੰਘਰਸ਼ ਵਿਚ ਕੁੱਦ ਪੈਂਦੇ ਹਨ। ਤਿੰਨ ਮਹੀਨੇ ਪਹਿਲਾਂ ਜਿਥੇ ਬਿਲਕੁਲ ਖਾਮੋਸ਼ੀ ਸੀ, ਉਥੇ ਹੁਣ ਸਵਦੇਸ਼ੀ ਅਤੇ ਸਵਰਾਜ ਦਾ ਅੰਦੋਲਨ ਇੰਨਾ ਬਲਵਾਨ ਹੋ ਗਿਆ ਕਿ ਨੌਕਰਸ਼ਾਹੀ ਘਬਰਾ ਉਠੀ। ਉਧਰ ਲਾਇਲਪੁਰ ਆਦਿ ਜ਼ਿਲ੍ਹਿਆਂ ਵਿਚ ਨਵੇਂ ਕਾਲੋਨੀ ਐਕਟ ਦੇ ਵਿਰੁਧ ਅੰਦੋਲਨ ਚੱਲ ਰਿਹਾ ਸੀ। ਉਥੇ ਕਿਸਾਨਾਂ ਦੀ ਹਮਦਰਦੀ ਵਿਚ ਰੇਲਵੇ ਦੇ ਮਜ਼ਦੂਰਾਂ ਨੇ ਵੀ ਹੜਤਾਲ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਧਨ ਵੀ ਇਕੱਠਾ ਕੀਤਾ ਜਾਣ ਲੱਗਾ। ਸਿੱਟਾ ਇਹ ਹੋਇਆ ਕਿ ਅਪਰੈਲ ਦੇ ਅਖ਼ੀਰ ਤੱਕ ਪੰਜਾਬ ਸਰਕਾਰ ਘਬਰਾ ਉਠੀ। ਪੰਜਾਬ ਦੇ ਉਸ ਸਮੇਂ ਗਵਰਨਰ ਨੇ ਭਾਰਤ ਸਰਕਾਰ ਨੂੰ ਆਪਣੇ ਪੱਤਰ ਵਿਚ ਲਿਖਿਆ ਸੀ- ਸੂਬੇ ਦੇ ਉਤਰੀ ਜ਼ਿਲ੍ਹਿਆਂ ਵਿਚ ਸਿਰਫ਼ ਪੜ੍ਹੇ-ਲਿਖੇ ਤਬਕੇ ਅਤੇ ਉਨ੍ਹਾਂ ਵਿਚ ਵੀ ਖਾਸ ਕਰ ਕੇ ਵਕੀਲ ਅਤੇ ਵਿਦਿਆਰਥੀ ਸਮਾਜ ਤੱਕ ਹੀ ਨਵੇਂ ਵਿਚਾਰ ਸੀਮਤ ਹਨ, ਪਰ “ਸੂਬੇ ਦੇ ਕੇਂਦਰ ਵੱਲ ਵਧਦੇ ਹੀ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਅਸੰਤੋਸ਼ ਅਤੇ ਅਸ਼ਾਂਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।æææਇਨ੍ਹਾਂ ਲੋਕਾਂ ਨੇ ਅੰਦੋਲਨ ਦੇ ਨੇਤਾਵਾਂ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਵੀ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਿਰੋਜ਼ਪੁਰ ਵਿਚ ਉਨ੍ਹਾਂ ਨੂੰ ਖਾਸ ਸਫ਼ਲਤਾ ਮਿਲੀ ਹੈ। ਰਾਵਲਪਿੰਡੀ ਅਤੇ ਲਾਇਲਪੁਰ ਵੱਲ ਵੀ ਬੇਚੈਨੀ ਫੈਲਾਉਣ ਵਿਚ ਕਾਮਯਾਬ ਹੋ ਰਹੇ ਹਨ। ਲਾਹੌਰ ਦਾ ਤਾਂ ਕਹਿਣਾ ਹੀ ਕੀ ਹੈ?” ਪੱਤਰ ਦੇ ਅਖੀਰ ਵਿਚ ਕਿਹਾ ਗਿਆ ਹੈ, ਕੁਝ ਨੇਤਾ ਅੰਗਰੇਜ਼ ਨੂੰ ਦੇਸ਼ ਵਿਚੋਂ ਕੱਢ ਦੇਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਘੱਟ ਤੋਂ ਘੱਟ ਉਹ ਸਾਨੂੰ ਹਕੂਮਤ ਤੋਂ ਹਟਾ ਦੇਣ ਦੀ ਕੋਸ਼ਿਸ਼ ਵਿਚ ਜ਼ਰੂਰ ਹਨ।æææਉਹ ਤਾਂ ਤਾਕਤ ਨਾਲ ਵੀ ਅਜਿਹਾ ਕਰਨਾ ਚਾਹੁੰਦੇ ਹਨ। ਜਨਤਾ ਅਤੇ ਸ਼ਾਸਕ ਵਿਚਕਾਰ ਸਹਿਯੋਗ ਦੁਆਰਾ ਇਸ ਪ੍ਰਕਾਰ ਦਾ ਵਾਤਾਵਰਨ ਪੈਦਾ ਕਰਨ ਲਈ ਗੈਰ-ਜ਼ਿੰਮੇਵਾਰ ਢੰਗ ਨਾਲ ਘਿਰਣਾ ਤੇ ਅੰਗਰੇਜ਼ ਵੱਲ ਦੁਸ਼ਮਣੀ ਪੈਦਾ ਕਰ ਦੇਣਾ ਚਾਹੁੰਦੇ ਹਨ। ਵਰਤਮਾਨ ਹਾਲਤ ਬਹੁਤ ਹੀ ਨਾਜ਼ੁਕ ਹੈ ਅਤੇ ਜਲਦੀ ਹੀ ਸਾਨੂੰ ਕੁਝ ਨਾ ਕੁਝ ਪ੍ਰਬੰਧ ਕਰਨਾ ਚਾਹੀਦਾ ਹੈ।”