ਯੂæਕੇæ ਚੋਣਾਂ: ਸਿੱਖ ਵੋਟਰਾਂ ਨੇ ਉਲਝਾਈ ਸਿਆਸੀ ਧਿਰਾਂ ਦੀ ਤਾਣੀ

ਲੰਡਨ: ਯੂæਕੇæ ਦੀਆਂ ਆਮ ਚੋਣਾਂ ਵਿਚ ਇਸ ਵਾਰ ਸਿੱਖ ਵੋਟਰਾਂ ਨੇ ਸਿਆਸੀ ਧਿਰਾਂ ਦੀ ਤਾਣੀ ਉਲਝਾਈ ਹੋਈ ਹੈ। ਵੋਟ ਕਿਸ ਧਿਰ ਨੂੰ ਪਾਈ ਜਾਵੇ, ਇਸ ਬਾਰੇ ਫ਼ਿਲਹਾਲ ਸਿੱਖਾਂ ਦੀ ਕੋਈ ਸਪਸ਼ਟ ਰਾਏ ਸਾਹਮਣੇ ਨਹੀਂ ਆ ਰਹੀ। ਆਮ ਤੌਰ ਉਤੇ ਇਹੋ ਮੰਨਿਆ ਜਾਂਦਾ ਹੈ ਕਿ ਹੋਰ ਘੱਟ-ਗਿਣਤੀਆਂ ਵਾਂਗ ਸਿੱਖ ਵੀ ਲੇਬਰ ਪਾਰਟੀ ਦੇ ਹੱਕ ਵਿਚ ਭੁਗਤਣਗੇ ਪਰ ਇਕ ਤਾਜ਼ਾ ਸਰਵੇਖਣ ਨੇ ਇਸ ਧਾਰਨਾ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ।

ਯੂæਕੇæ ਵਿਚ ਸਿੱਖਾਂ ਦੀ ਵੱਡੀ ਵਸੋਂ ਹੋਣ ਕਾਰਨ ਸਿੱਖ ਵੋਟ ਇਥੇ ਕਾਫ਼ੀ ਅਹਿਮੀਅਤ ਰੱਖਦੀ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਇੰਗਲੈਂਡ ਵਿਚ ਸਿੱਖਾਂ ਦੀ ਆਬਾਦੀ 4,20,196 ਸੀ ਤੇ ਵੇਲਜ਼ ਵਿਚ ਇਹ ਗਿਣਤੀ 2,962 ਸੀ। ਯੂæਕੇæ ਵਿਚ ਸਿੱਖਾਂ ਦਾ ਪਲਾਇਨ ਸਠਵਿਆਂ ਦੌਰਾਨ ਸਭ ਤੋਂ ਵੱਧ ਹੋਇਆ।
ਸਰਵੇਖਣ ਵਿਚ ਉਂਜ 16 ਫ਼ੀਸਦੀ ਸਿੱਖਾਂ ਨੇ ਸੱਤਾ ਧਿਰ ਨੂੰ ਵੋਟ ਪਾਉਣ ਦੀ ਇੱਛਾ ਪ੍ਰਗਟਾਈ ਹੈ। ਦੇਸ਼ ਵਿਚ ਆਮ ਚੋਣਾਂ ਪੰਜ ਸਾਲ ਬਾਅਦ ਆਉਂਦੀ 7 ਮਈ ਨੂੰ ਹੋ ਸਕਦੀਆਂ ਹਨ। ਇਥੋਂ ਦੀਆਂ ਦੋ ਸਭ ਤੋਂ ਵੱਡੀਆਂ ਸਿਆਸੀ ਪਾਰਟੀਆਂ ਕੰਜ਼ਰਵੇਟਿਵ ਪਾਰਟੀ ਤੇ ਲੇਬਰ ਪਾਰਟੀ ਹਨ। ਮੌਜੂਦਾ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਹਨ।
ਬੀਤੇ ਦਿਨੀਂ ਵੈਸਟਮਿਨਸਟਰ ਵਿਖੇ ਜਾਰੀ ਹੋਈ Ḕ2015 ਬ੍ਰਿਟਿਸ਼ ਸਿੱਖ ਰਿਪੋਰਟḔ ਮੁਤਾਬਕ ਇਥੇ ਵੱਸਦੇ 40 ਫ਼ੀਸਦੀ ਸਿੱਖ ਫ਼ਿਲਹਾਲ ਇਹ ਫ਼ੈਸਲਾ ਨਹੀਂ ਕਰ ਸਕੇ ਕਿ ਆਉਣ ਵਾਲੀਆਂ ਆਮ ਚੋਣਾਂ ਵਿਚ ਉਹ ਕਿਸ ਪਾਰਟੀ ਨੂੰ ਵੋਟ ਦੇਣਗੇ। ਸਿੱਖਾਂ ਦੀ ਰਾਏ ਜਾਣਨ ਲਈ ਹੋਏ ਆਨ ਲਾਈਨ ਸਰਵੇਖਣ ਵਿਚ 10,000 ਤੋਂ ਵੱਧ ਸਿੱਖਾਂ ਨੇ ਹਿੱਸਾ ਲਿਆ।
ਹਿੱਸਾ ਲੈਣ ਵਾਲੇ ਜ਼ਿਆਦਾਤਰ ਸਿੱਖਾਂ ਦੀ ਉਮਰ 20 ਤੋਂ 40 ਵਿਚਕਾਰ ਹੈ। ਸਰਵੇਖਣ ਦਾ ਜਵਾਬ ਦੇਣ ਵਾਲੇ ਸਿੱਖਾਂ ਵਿਚੋਂ 31 ਫ਼ੀਸਦੀ ਨੇ ਲੇਬਰ ਪਾਰਟੀ ਨੂੰ ਵੋਟ ਦੇਣ ਦੀ ਇੱਛਾ ਪ੍ਰਗਟ ਕੀਤੀ ਜਦਕਿ 16 ਫ਼ੀਸਦੀ ਕੰਜ਼ਰਵੇਟਿਵ, 4 ਫ਼ੀਸਦੀ ਨੇ ਗਰੀਨ, 3 ਫ਼ੀਸਦੀ ਨੇ ਯੂæਕੇæਆਈæਪੀæ ਤੇ ਇਕ ਫ਼ੀਸਦੀ ਨੇ ਲਿਬਰਲ ਡੈਮੋਕਰੈਟਿਕ ਪਾਰਟੀ ਨੂੰ ਚੁਣਨ ਦਾ ਇਰਾਦਾ ਦਰਸਾਇਆ। ਬਹੁਤੇ ਸਿੱਖਾਂ ਨੇ ਦੱਸਿਆ ਹੀ ਨਹੀਂ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਉਣਗੇ। ਇਸ ਰਿਪੋਰਟ ਦੇ ਕਰਤਾ-ਧਰਤਾ ਜਸਵੀਰ ਸਿੰਘ ਨੇ ਨਤੀਜਿਆਂ ਨੂੰ ਪਹਿਲਾਂ ਨਾਲੋਂ ਅਲੱਗ ਦਸਦਿਆਂ ਕਿਹਾ ਕਿ 16 ਫ਼ੀਸਦੀ ਸਿੱਖਾਂ ਦਾ ਕੰਜ਼ਰਵੇਟਿਵ ਵੱਲ ਝੁਕਾਅ ਸੱਚਮੁਚ ਹੈਰਾਨੀਜਨਕ ਹੈ ਕਿਉਂਕਿ ਅਕਸਰ ਇਹੀ ਸੋਚਿਆ ਜਾਂਦਾ ਸੀ ਕਿ ਘੱਟ-ਗਿਣਤੀਆਂ ਦੀ ਮਨਪਸੰਦ ਪਾਰਟੀ ਲੇਬਰ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਦਰਸਾਉਂਦੇ ਹਨ ਕਿ ਸਿੱਖ ਲੀਹ ਤੋਂ ਹਟ ਕੇ ਆਪਣੇ ਬਲਬੂਤੇ ਸਿਆਸੀ ਪਾਰਟੀਆਂ ਨਾਲ ਜੁੜ ਰਹੇ ਹਨ ਤੇ ਅਪਣੇ ਵੋਟ ਇਰਾਦੇ ਬਦਲ ਰਹੇ ਹਨ। ਸਰਵੇਖਣ ਵਿਚ ਹਿੱਸਾ ਲੈਣ ਵਾਲੇ ਡਰਬੀ ਦੇ ਸਿੱਖ ਓਂਕਾਰ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣਗੇ ਕਿਉਂਕਿ ਇਸ ਪਾਰਟੀ ਦੀ ਅਗਵਾਈ ਮਜ਼ਬੂਤ ਹੱਥਾਂ ਵਿਚ ਹੈ ਪਰ ਇਥੋਂ ਦੇ ਰਹਿਣ ਵਾਲੇ ਕੀਰਤ ਆਹਲੂਵਾਲੀਆਂ ਨੇ ਕਿਹਾ ਕਿ ਉਹ ਲੇਬਰ ਪਾਰਟੀ ਦੇ ਹੱਕ ਵਿਚ ਹੀ ਭੁਗਤਣਗੇ। ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਪ੍ਰੀਤੀ ਪਟੇਲ ਨੇ ਇਨ੍ਹਾਂ ਨਤੀਜਿਆਂ ਦਾ ਸਵਾਗਤ ਕੀਤਾ ਹੈ।
ਮਾਹਰਾਂ ਮੁਤਾਬਕ ਇਸ ਸਰਵੇਖਣ ਨੂੰ ਸਿਰਫ ਇਕ ਨਮੂਨਾ ਨਹੀਂ ਮੰਨਣਾ ਚਾਹੀਦਾ ਕਿਉਂਕਿ ਇਹ ਸਰਵੇਖਣ ਬਦਲ ਰਹੇ ਸਿੱਖ ਮਨਾਂ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। 1984 ਵੇਲੇ ਹਰਿਮੰਦਰ ਸਾਹਿਬ ਉਤੇ ਹੋਏ ਹਮਲੇ ਵਿਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ 31 ਫ਼ੀਸਦੀ ਸਿੱਖਾਂ ਨੇ ਮੰਗ ਕੀਤੀ ਕਿ ਇਸ ਘਟਨਾਕ੍ਰਮ ਦੀ ਮੁੜ-ਜਾਂਚ ਹੋਣੀ ਚਾਹੀਦੀ ਹੈ। 74 ਫ਼ੀਸਦੀ ਸਿੱਖਾਂ ਨੇ ਇਹ ਵੀ ਮੰਗ ਕੀਤੀ ਕਿ ਮੀਟ ਦੇ ਪੈਕਟਾਂ ਉਪਰ ਇਹ ਲਿਖਿਆ ਹੋਣਾ ਜ਼ਰੂਰੀ ਹੈ ਕਿ ਉਹ ਹਲਾਲ ਹੈ ਜਾਂ ਕੋਸ਼ੇਰ।