ਭੋਂ ਪ੍ਰਾਪਤੀ ਬਿੱਲ ਖਿਲਾਫ ਸੰਘਰਸ਼ ਦੀ ਪੰਜਾਬ ਤੋਂ ਸ਼ੁਰੂਆਤ

ਜਲੰਧਰ: ਕੇਂਦਰ ਸਰਕਾਰ ਵਲੋਂ ਭੋਂ ਪ੍ਰਾਪਤੀ ਲਈ ਪਾਸ ਕੀਤੇ ਜਾ ਰਹੇ ਨਵੇਂ ਬਿੱਲ ਖਿਲਾਫ਼ ਪੰਜਾਬ ਭਰ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢ ਦਿੱਤਾ ਹੈ। ਪੰਜਾਬ ਦੀਆਂ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਸਮੇਤ ਵਿਰੋਧੀ ਧਿਰਾਂ ਨੇ ਦਿੱਲੀ ਡੇਰੇ ਲਾਏ ਹੋਏ ਹਨ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਨਿਰਾਸ਼ ਪੰਜਾਬ ਦੇ ਕਿਸਾਨਾਂ ਨੇ ਹੁਣ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਪੱਲਾ ਫੜਨ ਦਾ ਫ਼ੈਸਲਾ ਲਿਆ ਹੈ। ਅੰਨਾ ਹਜ਼ਾਰੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ 24 ਮਾਰਚ ਨੂੰ ਖੰਨਾ ਵਿਚ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਲ ਹੋ ਕੇ ‘ਕੌਮੀ ਕਿਸਾਨ ਅੰਦੋਲਨ’ ਦੀ ਸ਼ੁਰੂਆਤ ਕਰਨਗੇ। ਅੰਨਾ ਹਜ਼ਾਰੇ ਪੰਜਾਬ ਵਿਚ ਆਪਣਾ ਦੌਰਾ 21 ਮਾਰਚ ਨੂੰ ਦੁਪਹਿਰ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਨਾਲ ਸ਼ੁਰੂ ਕਰ ਰਹੇ ਹਨ। 22 ਮਾਰਚ ਨੂੰ ਉਹ ਜਲੰਧਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ ਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨਗੇ, 24 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਖੰਨਾ ਵਿਖੇ ਕਰਵਾਈ ਜਾ ਰਹੀ ਸੂਬਾ ਪੱਧਰੀ ਕਿਸਾਨ ਕਾਨਫਰੰਸ ਨੂੰ ਸੰਬੋਧਨ ਕਰਨਗੇ। ਦਿੱਲੀ ਵਿਚ ਵਿਸ਼ਾਲ ਧਰਨਾ ਦੇਣ ਦੀ ਯੋਜਨਾ ਤਹਿਤ ਪਤਾ ਲੱਗਾ ਹੈ ਕਿ ਸ੍ਰੀ ਅੰਨਾ ਹਜ਼ਾਰੇ 25 ਮਾਰਚ ਨੂੰ ਉਤਰ ਪ੍ਰਦੇਸ਼, 26 ਮਾਰਚ ਨੂੰ ਦਿੱਲੀ ਤੇ 27 ਮਾਰਚ ਨੂੰ ਰਾਜਸਥਾਨ ਦੇ ਕਿਸਾਨਾਂ ਦੇ ਇਕੱਠਾਂ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਹੀ ਦਿੱਲੀ ਘੇਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਇਸ ਸੰਘਰਸ਼ ਵਿਚ ਕੁੱਦਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਡਕਾਦਾ) ਵੀ ਦਿੱਲੀ ਵਿਚ ਧਰਨਾ ਸ਼ੁਰੂ ਕਰ ਰਹੀ ਹੈ।
ਭੋਂ ਪ੍ਰਾਪਤੀ ਬਿੱਲ ਵਿਰੁਧ ਉਠਣ ਵਾਲੇ ਸੰਘਰਸ਼ ਨੂੰ ਪੰਜਾਬ ਵਿਚੋਂ ਵਧੇਰੇ ਬਲ ਮਿਲਣ ਦੀ ਸੰਭਾਵਨਾ ਕਾਰਨ ਹੀ ਅੰਨਾ ਹਜ਼ਾਰੇ ਆਪਣੀ ਯਾਤਰਾ ਛੱਡ ਕੇ ਇਥੇ ਆ ਰਹੇ ਹਨ। ਕੇਂਦਰ ਸਰਕਾਰ ਵਲੋਂ ਭੋਂ ਪ੍ਰਾਪਤੀ ਬਾਰੇ ਸੋਧ ਕੇ ਲਿਆਏ ਜਾ ਰਹੇ ਬਿੱਲ ਨੂੰ ਅਰਥਸ਼ਾਸਤਰੀ ਤੇ ਕਿਸਾਨ ਆਗੂ ਪੰਜਾਬ ਦਾ ਉਜਾੜਾ ਕਰਨ ਵਾਲਾ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿੱਲ ਵਿਚ ਇਕ ਅਹਿਮ ਮਦ ਇਹ ਹੈ ਕਿ ਰੇਲਵੇ ਤੇ ਸੜਕੀ ਹਾਈਵੇਜ਼ ਦੇ ਨਾਲ ਦੋਵੇਂ ਪਾਸੀ ਇਕ-ਇਕ ਕਿਲੋਮੀਟਰ ਕਿਸਾਨਾਂ ਦੀ ਜ਼ਮੀਨ ਸਰਕਾਰ ਹਾਸਲ ਕਰ ਸਕੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇਥੇ ਅਜੇ ਵੀ 55 ਫੀਸਦੀ ਤੋਂ ਵੱਧ ਵਸੋਂ ਖੇਤੀ ਉਪਰ ਹੀ ਨਿਰਭਰ ਹੈ। ਹਾਈਵੇਜ਼ ਦੁਆਲੇ ਜ਼ਮੀਨ ਹਾਸਲ ਕਰਨ ਨਾਲ ਕਿਸਾਨਾਂ ਦਾ ਵੱਡੀ ਪੱਧਰ ‘ਤੇ ਉਜਾੜਾ ਹੋਵੇਗਾ। ਅੰਮ੍ਰਿਤਸਰ ਤੋਂ ਸ਼ੰਭੂ ਬਾਰਡਰ ਤੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਜੋੜੇ ਜਾਣ ਵਾਲੇ ਕੋਰੀਡਾਰ ਦੁਆਲੇ ਹੀ 12-13 ਸੌ ਕਿਲੋਮੀਟਰ ਜ਼ਮੀਨ ਉਜਾੜੇ ਹੇਠ ਆ ਸਕਦੀ ਹੈ। ਇਸੇ ਤਰ੍ਹਾਂ ਰਾਜ ਅੰਦਰ ਹੋਰ ਕਈ ਮੁੱਖ ਸੜਕਾਂ ਹਨ।
_______________________________________________
ਬਾਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ: ਸਰਨਾ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਭੂਮੀ ਗ੍ਰਹਿਣ ਬਿੱਲ ਨੂੰ ਕਿਸਾਨ ਵਿਰੋਧੀ ਕਹਿੰਦੇ ਹੋਏ ਦੋਸ਼ ਲਾਇਆ ਕਿ ਇਸ ਬਿੱਲ ਦੀ ਹਮਾਇਤ ਕਰਕੇ ਕਿਸਾਨ-ਹਿਤੈਸ਼ੀ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ ‘ਤੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਦੀ ਸ਼ੁਰੂਆਤ ਗੁਜਰਾਤ ਦੇ ਕੱਛ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰਨ ਤੋਂ ਕੀਤੀ ਸੀ, ਜਦੋਂਕਿ ਉਥੇ ਅਦਾਲਤ ਨੇ ਫ਼ੈਸਲਾ ਵੀ ਕਿਸਾਨਾਂ ਦੇ ਹੱਕ ਵਿਚ ਦਿੱਤਾ ਸੀ। ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਵਾਕਆਊਟ ਕਰਕੇ ਮੌਜਦਾ ਭੂਮੀ ਗ੍ਰਹਿਣ ਬਿੱਲ ਨੂੰ ਕਿਸਾਨੀ ਵਿਰੋਧੀ ਕਰਾਰ ਦਿੱਤਾ ਹੈ ਪਰ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਸੱਤਾ ਦਾ ਸੁੱਖ ਭੋਗਣ ਵਾਲੇ ਅਕਾਲੀ ਦਲ (ਬਾਦਲ) ਨੇ ਹਰਸਿਮਰਤ ਕੌਰ ਬਾਦਲ ਦਾ ਮੰਤਰੀ ਅਹੁਦਾ ਬਚਾਉਣ ਲਈ ਇਸ ਬਿੱਲ ਦੀ ਹਮਾਇਤ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।