ਧੂਰੀ ਜ਼ਿਮਨੀ ਚੋਣ ਲਈ ਸਿਆਸੀ ਸਰਗਰਮੀਆਂ ਨੇ ਫੜਿਆ ਜ਼ੋਰ

ਧੂਰੀ: ਧੂਰੀ ਵਿਧਾਨ ਸਭਾ ਹਲਕੇ ਵਿਚ 11 ਅਪਰੈਲ ਨੂੰ ਜ਼ਿਮਨੀ ਚੋਣਾਂ ਦੇ ਐਲਾਨ ਪਿੱਛੋਂ ਹਲਕੇ ਵਿਚ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਇਹ ਸੀਟ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਵਲੋਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ। ਚੋਣਾਂ ਲਈ ਤਰੀਕ ਤੈਅ ਹੋਣ ਪਿੱਛੋਂ ਵੱਖ-ਵੱਖ ਸਿਆਸੀ ਪਾਰਟੀਆਂ ਉਮੀਦਵਾਰ ਲੱਭਣ ਵਿਚ ਜੁਟ ਗਈਆਂ ਹਨ।

ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ (ਬ) ਤੇ ਸਾਂਝੇ ਮੋਰਚੇ ਦੇ ਸੰਭਾਵੀ ਉਮੀਦਵਾਰਾਂ ਨੇ ਆਪੋ-ਆਪਣੀ ਪਾਰਟੀ ਹਾਈਕਮਾਨ ਕੋਲ ਟਿਕਟਾਂ ਲਈ ਦਾਅਵੇਦਾਰੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਅਕਾਲੀ ਦਲ (ਅ) ਨੇ ਤਾਂ ਤੀਜੀ ਵਾਰ ਐਸ਼ਜੀæਪੀæਸੀæ ਮੈਂਬਰ ਬਣੇ ਜਥੇਦਾਰ ਸੁਰਜੀਤ ਸਿੰਘ ਕਾਲ਼ਾਬੂਲ਼ਾ ਨੂੰ ਉਮੀਦਵਾਰ ਐਲਾਨ ਵੀ ਦਿੱਤਾ ਹੈ।
ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਵਿਧਾਨ ਸਭਾ ਹਲਕੇ ਵਿਚੋਂ ਹੋਈ ਹਾਰ ਨੇ ਦੋਹਾਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਵਿਚ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਭਗਵੰਤ ਮਾਨ ਜੇਤੂ ਰਹੇ ਸਨ, ਜਿਨ੍ਹਾਂ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਵੀ ਭਾਰੀ ਲੀਡ ਮਿਲੀ ਸੀ। ਇਸ ਕਾਰਨ ਹੁਣ ਇਹ ਦੋਵੇਂ ਵੱਡੀਆਂ ਪਾਰਟੀਆਂ ਆਪਣੇ ਗੁਆਚੇ ਵੱਕਾਰ ਨੂੰ ਬਚਾਉਣ ਲਈ ਪੂਰਾ ਤਾਣ ਲਾਉਣਗੀਆਂ। ਦੱਸਿਆ ਜਾਂਦਾ ਹੈ ਕਿ ਦੋਵੇਂ ਵੱਡੀਆਂ ਪਾਰਟੀਆਂ ਉਮੀਦਵਾਰ ਲੱਭਣ ਲਈ ਗੁਪਤ ਸਰਵੇ ਵੀ ਕਰਵਾ ਰਹੀਆਂ ਹਨ। ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਵਿਚ ਸਾਬਕਾ ਵਿਧਾਇਕ ਧਨਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਮਾਈ ਰੂਪ ਕੌਰ ਬਾਗੜੀਆਂ ਤੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਤੇ ਮਾਲਵਾ ਗ੍ਰਾਮੀਣ ਬੈਂਕ ਦੇ ਡਾਇਰੈਕਟਰ ਬਲਵਿੰਦਰ ਸਿੰਘ ਬਿੱਲੂ ਦੇ ਨਾਂ ਮੋਹਰੀ ਦੱਸੇ ਜਾਂਦੇ ਹਨ। ਸਾਬਕਾ ਐਮਪੀ ਵਿਜੈਇੰਦਰ ਸਿੰਗਲਾ ਦੀ ਪਤਨੀ ਦੀਪਾ ਸਿੰਗਲਾ ਤੇ ਦਲਵੀਰ ਸਿੰਘ ਦਾ ਨਾਂ ਵੀ ਚਰਚਾ ਵਿਚ ਹੈ। ਅਕਾਲੀ ਦਲ (ਬ) ਦੇ ਉਮੀਦਵਾਰਾਂ ਵਿਚ 2012 ਵਿਚ ਦਲ ਵਲੋਂ ਚੋਣ ਲੜਨ ਵਾਲੇ ਹਲਕਾ ਇੰਚਾਰਜ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਨਜ਼ਦੀਕੀ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ਤੇ ਜਤਿੰਦਰ ਸਿੰਘ ਸੋਨੀ ਮੰਡੇਰ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਵਪਾਰੀ ਤੇ ਰਾਈਸੀਲਾ ਫੂਡ ਦੇ ਡਾਇਰੈਕਟਰ ਏæਆਰæ ਸ਼ਰਮਾ ਦੇ ਨਾਂਵਾਂ ਦੀ ਚਰਚਾ ਹੈ। ਸਾਂਝਾ ਮੋਰਚਾ ਵੀ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੂੰ ਚੋਣ ਲੜਾਉਣ ਦਾ ਇੱਛੁਕ ਦੱਸਿਆ ਜਾਂਦਾ ਹੈ।
‘ਆਪ’ ਵਰਕਰਾਂ ਵਲੋਂ ਵੀ ਪਾਰਟੀ ਹਾਈਕਮਾਨ ਤੋਂ ਚੋਣ ਲੜਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਫਰੀਡਮ ਫਾਈਟਰ ਜਥੇਬੰਦੀ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਛੇਤੀ ਹੀ ਉਮੀਦਵਾਰ ਐਲਾਨਣ ਦੀ ਗੱਲ ਕਹੀ ਹੈ। ਇਸ ਹਲਕੇ ਵਿਚ ਇਸ ਵੇਲੇ ਇਕ ਲੱਖ 48 ਹਜ਼ਾਰ 279 ਵੋਟਰ ਹਨ, ਜਿਨ੍ਹਾਂ ਵਿਚੋਂ 78581 ਮਰਦ ਤੇ 69689 ਔਰਤਾਂ ਹਨ। ਪਿਛਲੀ ਵਾਰ ਅਕਾਲੀ ਦਲ ਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਦੇ ਅਰਵਿੰਦ ਖੰਨਾ ਤੇ ਅਕਾਲੀ ਦਲ (ਲ) ਦੇ ਗਗਨਜੀਤ ਸਿੰਘ ਬਰਨਾਲਾ ਨੇ ਚੋਣ ਲੜੀ ਸੀ ਤੇ ਸ੍ਰੀ ਖੰਨਾ ਜੇਤੂ ਰਹੇ ਸਨ। ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਸੀæਪੀæਆਈæ ਨੁਮਾਇੰਗੀ ਕਰ ਚੁੱਕੀਆਂ ਹਨ। ਹਾਕਮ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਸਮੇਂ ਵਿਧਾਇਕਾਂ ਦੀ ਗਿਣਤੀ 58 ਹੈ ਤੇ ਸਪਸ਼ਟ ਬਹੁਮਤ ਲਈ 59 ਵਿਧਾਇਕਾਂ ਦੀ ਜ਼ਰੂਰਤ ਹੈ। ਹਾਕਮ ਸ਼੍ਰੋਮਣੀ ਅਕਾਲੀ ਦਲ ਨੂੰ ਸੀਟ ਮਿਲਣ ਦੀ ਸੂਰਤ ਵਿਚ ਉਸ ਨੂੰ ਭਾਜਪਾ ਦੇ ਸਹਿਯੋਗ ਦੀ ਜ਼ਰੂਰਤ ਨਹੀਂ ਰਹੇਗੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿਚ ਭਾਰਤੀ ਜਨਤਾ ਪਾਰਟੀ ਹੀ ਵੱਡੀ ਰੁਕਾਵਟ ਹੈ। ਹਲਕੇ ਵਿਚ ਕਾਂਗਰਸ ਪਾਰਟੀ ਦਾ ਵੀ ਮਜ਼ਬੂਤ ਆਧਾਰ ਮੰਨਿਆ ਜਾਂਦਾ ਹੈ। ਪਹਿਲਾਂ ਤੋਂ ਹੀ ਧੂਰੀ ਮੰਡੀ ਨੂੰ ਕਾਂਗਰਸ ਮੰਡੀ ਆਖਿਆ ਜਾਂਦਾ ਰਿਹਾ ਹੈ। ਦਿੱਲੀ ਚੋਣਾਂ ਜਿੱਤਣ ਕਾਰਨ ‘ਆਪ’ ਦਾ ਆਧਾਰ ਵੀ ਮਜ਼ਬੂਤ ਹੋਇਆ ਹੈ।
_______________________________
ਧੂਰੀ ਚੋਣ ਲੜਨ ਬਾਰੇ ‘ਆਪ’ ਦੁਚਿੱਤੀ ਵਿਚ
ਜਲੰਧਰ: ਕੇਂਦਰੀ ਲੀਡਰਸ਼ਿਪ ਦੇ ਆਪਸੀ ਕਲੇਸ਼ ਵਿਚ ਉਲਝਣ ਕਾਰਨ ਪੰਜਾਬ ਵਿਚ ਆਮ ਆਦਮੀ ਪਾਰਟੀ ਧੂਰੀ ਹਲਕੇ ਦੀ ਉਪ ਚੋਣ ਲੜਨ ਬਾਰੇ ਦੁਚਿੱਤੀ ਵਿਚ। ‘ਆਪ’ ਦੇ ਵਰਕਰ ਇਸ ਖਿੱਤੇ ਵਿਚ ਪਾਰਟੀ ਦੇ ਚੰਗੇ ਆਧਾਰ ਦਾ ਫਾਇਦਾ ਚੁੱਕਣ ਲਈ ਕਾਹਲੇ ਹਨ ਪਰ ਹਾਈਕਮਾਨ ਵਲੋਂ ਕੋਈ ਹੁੰਗਾਰਾ ਨਾਲ ਮਿਲਣ ਕਾਰਨ ਕੋਈ ਵੀ ਇਸ ਬਾਰੇ ਕੁਝ ਕਹਿਣ ਤੋਂ ਪਾਸਾ ਵੱਟ ਰਿਹਾ ਹੈ। ਵਰਣਨਯੋਗ ਹੈ ਕਿ ਸੰਗਰੂਰ ਵਿਧਾਨ ਸਭਾ ਹਲਕੇ ਵਿਚ ਪੈਂਦੇ ਧੂਰੀ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ 33 ਹਜ਼ਾਰ ਦੇ ਵੱਡੇ ਫਰਕ ਨਾਲ ਬੜਤ ਮਿਲੀ ਸੀ।