ਆਪਣੇ ਹੀ ਸਟਿੰਗ ਜਾਲ ਵਿਚ ਉਲਝੀ ਆਮ ਆਦਮੀ ਪਾਰਟੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ‘ਸਟਿੰਗ ਆਪ੍ਰੇਸ਼ਨ’ ਦੀ ਖੇਡ ਵਿਚ ਆਪ ਹੀ ਉਲਝ ਗਈ ਹੈ। ‘ਆਪ’ ਦੀ ਸੀਨੀਅਰ ਲੀਡਰਸ਼ਿੱਪ ਜਿਥੇ ਧੜਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ, ਉਥੇ ਇਕ ਤੋਂ ਬਾਅਦ ਇਕ ਸਟਿੰਗ ਸਾਹਮਣੇ ਆਉਣ ਕਾਰਨ ਪਾਰਟੀ ਮੁਸ਼ਕਿਲਾਂ ਵਿਚ ਘਿਰੀ ਗਈ ਹੈ।

‘ਆਪ’ ਦੇ ਸਾਬਕਾ ਵਿਧਾਇਕ ਰਾਜੇਸ਼ ਗਰਗ ਵਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਵਿਚ ਦੁਬਾਰਾ ਸਰਕਾਰ ਬਣਾਉਣ ਲਈ ਅਰਵਿੰਦ ਕੇਜਰੀਵਾਲ ਵਲੋਂ ਕਾਂਗਰਸ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਬਾਰੇ ਜਾਰੀ ਟੇਪ ਤੋਂ ਪਿੱਛੋਂ ‘ਆਪ’ ਬਾਰੇ ਅਜਿਹੇ ਖੁਲਾਸਿਆਂ ਦੀ ਝੜੀ ਲੱਗ ਗਈ ਹੈ। ਤਾਜ਼ਾ ਖੁਲਾਸਾ ਕਾਂਗਰਸ ਦੇ ਸਾਬਕਾ ਵਿਧਾਇਕ ਮੁਹੰਮਦ ਆਸਿਫ਼ ਵਲੋਂ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਭੰਗ ਹੋਣ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ‘ਆਪ’ ਨੇਤਾ ਸੰਜੈ ਸਿੰਘ ਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਾਂਗਰਸ ਦੇ ਪੰਜ ਹੋਰਨਾਂ ਵਿਧਾਇਕਾਂ ਨੂੰ ਨਾਲ ਲਿਆਉਣ ਉਤੇ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਟੀæ ਵੀæ ਚੈਨਲਾਂ ‘ਤੇ ਦਿੱਤੇ ਬਿਆਨਾਂ ਵਿਚ ਆਸਿਫ਼ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਬਾਰੇ ਪੁਖ਼ਤਾ ਸਬੂਤ ਹਨ। ਦੂਜੇ ਪਾਸੇ ‘ਆਪ’ ਨੇਤਾ ਸੰਜੈ ਸਿੰਘ ਨੇ ਇਸ ਗੱਲ ਨੂੰ ਤਾਂ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਉਕਤ ਕਾਂਗਰਸੀ ਨੇਤਾ ਨਾਲ ਮੁਲਾਕਾਤ ਹੋਈ ਸੀ ਪਰ ਪੈਸੇ ਜਾਂ ਅਹੁਦੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਇਹ ਦੋਸ਼ ਸਾਬਿਤ ਹੁੰਦੇ ਹਨ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ।
ਇਸ ਤੋਂ ਪਹਿਲਾਂ ‘ਆਪ’ ਦੇ ਘੱਟ ਗਿਣਤੀ ਬਾਰੇ ਸੈੱਲ ਦੇ ਜਨਰਲ ਸਕੱਤਰ ਨੇ ਵੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਆਡੀਓ ਟੇਪ ਜਾਰੀ ਕੀਤਾ ਸੀ ਜਿਸ ਵਿਚ ਕੇਜਰੀਵਾਲ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮੁਸਲਮਾਨ ਉਮੀਦਵਾਰਾਂ ਨੂੰ ਜ਼ਿਆਦਾ ਟਿਕਟ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਦਿੱਲੀ ਦੀ ਜਨਤਾ ਨੂੰ ਪਤਾ ਹੈ ਕਿ ਮੋਦੀ ਲਹਿਰ ਨੂੰ ਕੋਈ ਰੋਕ ਸਕਦਾ ਹੈ ਤਾਂ ਆਮ ਆਦਮੀ ਪਾਰਟੀ ਹੀ ਰੋਕ ਸਕਦੀ ਹੈ। ਘੱਟ-ਗਿਣਤੀ ਸੈੱਲ ਦੇ ਜਨਰਲ ਸਕੱਤਰ ਸ਼ਾਹਿਦ ਆਜ਼ਾਦ ਨੇ ਇਹ ਟੇਪ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਨੂੰ ਆਬਾਦੀ ਦੇ ਹਿਸਾਬ ਨਾਲ ਨਹੀਂ ਸਗੋਂ ਨਰੇਂਦਰ ਮੋਦੀ ਦੀ ਦਹਿਸ਼ਤ ਵਿਖਾ ਕੇ ਹਾਸਲ ਕਰਨਾ ਚਾਹੁੰਦੇ ਸਨ। ਆਜ਼ਾਦ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਇਸਲਾਮਿਕ ਸੈਂਟਰ ਵਿਚ ਭਾਸ਼ਣ ਦਿੰਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਭਾਰਤ ਵਰਗੇ ਦੇਸ਼ ਨੂੰ ਫਿਰਕੂਵਾਦ ਤੋਂ ਮੁਕਤ ਕਰਨ ਲਈ ਇਸ ਦੀ ਝਲਕ ਵਿਧਾਨ ਸਭਾ ਤੇ ਲੋਕ ਸਭਾ ਵਿਚ ਵੀ ਦਿੱਸਣੀ ਚਾਹੀਦੀ ਹੈ। ਉਸੇ ਭਾਸ਼ਣ ਵਿਚ ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਚੋਣਾਂ ਵਿਚ 18 ਮੁਸਲਮਾਨ ਉਮੀਦਵਾਰ ਖੜ੍ਹੇ ਕਰੇਗੀ ਪਰ ਚੋਣਾਂ ਦੇ ਸਮੇਂ ਟਿਕਟਾਂ ਦੀ ਵੰਡ ਵੇਲੇ ਇਸ ਤਰਕ ਤੋਂ ਪਿੱਛੇ ਹਟਦਿਆਂ ਕਿਹਾ ਕਿ ਮੁਸਲਮਾਨ ‘ਆਪ’ ਤੋਂ ਇਹ ਨਹੀਂ ਚਾਹੁੰਦੇ ਕਿ ਉਹ ਉਨ੍ਹਾਂ ਦੇ ਉਮੀਦਵਾਰ ਖੜ੍ਹੇ ਕਰਨ ਸਗੋਂ ਉਹ ਮੋਦੀ ਲਹਿਰ ਨੂੰ ਖਤਮ ਕਰਨਾ ਚਾਹੁੰਦੇ ਹਨ।
ਟੇਪ ਮੁਤਾਬਕ ਕੇਜਰੀਵਾਲ ਨੇ ਕਿਹਾ ਕਿ ਅੱਜ ਦੇਸ਼ ਵਿਚ ਕੋਈ ਵੀ ਮੋਦੀ ਰੱਥ ਨੂੰ ਰੋਕਣ ਦੇ ਕਾਬਲ ਨਹੀਂ ਹੈ। ਉਨ੍ਹਾਂ ਦੂਜੀਆਂ ਪਾਰਟੀਆਂ ਵਿਸ਼ੇਸ਼ ਤੌਰ ‘ਤੇ ਕਾਂਗਰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਖਤਮ ਹੋ ਗਈ ਹੈ। ਮੁਸਲਮਾਨ ਇਸ ਉਮੀਦ ਵਿਚ ਉਨ੍ਹਾਂ ਵੱਲ ਵੇਖ ਰਹੇ ਹਨ ਕਿ ਜੇਕਰ ਕੋਈ ਮੋਦੀ ਰੱਥ ਨੂੰ ਰੋਕ ਸਕਦਾ ਹੈ ਤਾਂ ਆਮ ਅਦਾਮੀ ਪਾਰਟੀ ਹੈ। ਸਰਵੇਖਣਾਂ ਦੇ ਆਧਾਰ ‘ਤੇ ਪਾਰਟੀ ਦੀਆਂ ਤਰਜੀਹਾਂ ਮਿਥਣ ਲਈ ਮਸ਼ਹੂਰ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ 2000, 3000 ਜਾਂ 5000 ਲੋਕਾਂ ਦਾ ਜਾਂ ਮੁਸਲਮਾਨਾਂ ਦਾ ਸਰਵੇਖਣ ਕਰਵਾ ਲਉ ਪਤਾ ਲੱਗ ਜਾਏਗਾ ਕਿ ਮੁਸਲਮਾਨਾਂ ਦੀ ਤਰਜੀਹ ਕੀ ਹੈ। ਸ਼ਾਹਿਦ ਆਜ਼ਾਦ ਜੋ ਪੇਸ਼ੇ ਤੋਂ ਵਕੀਲ ਹਨ, ਨੇ ਸਟਿੰਗ ਜਾਰੀ ਕਰਨ ਦੇ ਸਮੇਂ ਨੂੰ ਲੈ ਕੇ ਪੁੱਛੇ ਸਵਾਲਾਂ ਬਾਰੇ ਕਿਹਾ ਕਿ ਉਹ ਪਾਰਟੀ ਦੇ ਖਿਲਾਫ਼ ਨਹੀਂ ਹਨ, ਪਰ ਕੁਝ ਲੋਕਾਂ ਦੀਆਂ ਨੀਤੀਆਂ ਦੇ ਆਧਾਰ ‘ਤੇ ਪਾਰਟੀ ਨਹੀਂ ਚੱਲ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਜਿਥੇ ਪਾਰਟੀ ਦੇ ਕਈ ਅੰਦਰਲੇ ਮਸਲੇ ਬਾਹਰ ਆਏ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ ਇਸ ਪੱਖ ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪਾਰਟੀ ‘ਤੇ ਚੋਣ ਜਿੱਤਣ ਲਈ ਸਿਧਾਂਤਾਂ ਦੀ ਬਲੀ ਚੜ੍ਹਾਉਣ, ਮਨਮਰਜ਼ੀ ਨਾਲ ਟਿਕਟਾਂ ਦੀ ਵੰਡ ਤੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ।
_____________________________________________________
ਭੂਸ਼ਣ ਤੇ ਯਾਦਵ ਨੂੰ ਪਾਰਟੀ ਵਿਚੋਂ ਕੱਢਣ ਲਈ ਦਸਤਖ਼ਤੀ ਮੁਹਿੰਮ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਵਿਚ ਜਾਰੀ ਘਮਾਸਾਣ ਦੌਰਾਨ ਪਾਰਟੀ ਦੇ ਕਰਾਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਨੇ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਨੂੰ ਪਾਰਟੀ ਵਿਚੋਂ ਕੱਢਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੋਰ ਵਿਧਾਇਕ ਵੀ ਉਸ ਦੀ ਇਸ ਪਹਿਲ ਦੇ ਸਮਰਥਕ ਹਨ ਤੇ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਇਹ ਆਗੂ ਪਾਰਟੀ ਨੂੰ ਨਕਸਾਨ ਪਹੁੰਚਾ ਰਹੇ ਹਨ।
__________________________________________________
ਕੇਜਰੀਵਾਲ ਦਾ ਸਟਿੰਗ ਕਰਨ ਵਾਲਾ ਸਾਬਕਾ ਵਿਧਾਇਕ ਗਰਗ ਮੁਅੱਤਲ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਪਾਰਟੀ ਵਿਰੋਧੀ ਸਰਗਰਮੀਆਂ ਕਰਨ ਵਾਲੇ ਸਾਬਕਾ ਵਿਧਾਇਕ ਰਾਜੇਸ਼ ਗਰਗ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਉਸ ਨੇ ਮੁੱਖ ਮੰਤਰੀ ਤੇ ਪਾਰਟੀ ਨੇਤਾ ਕੇਜਰੀਵਾਲ ‘ਤੇ ਬੀਤੇ ਸਾਲ ਸਰਕਾਰ ਬਣਾਉਣ ਲਈ ਕਾਂਗਰਸ ਦੇ ਛੇ ਵਿਧਾਇਕਾਂ ਨੂੰ ਤੋੜਨ ਦਾ ਯਤਨ ਕਰਨ ਦਾ ਦੋਸ਼ ਲਾਇਆ ਹੈ। ਸੂਤਰਾਂ ਅਨੁਸਾਰ ਉਸ ਦੇ ਵਾਰ-ਵਾਰ ਪਾਰਟੀ ਵਿਰੋਧੀ ਕੰਮ ਕਰਨ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਸ ਨੇ ਆਪਣੀ ਤੇ ਕੇਜਰੀਵਾਲ ਦੀ ਫ਼ੋਨ ‘ਤੇ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਸੀ ਜੋ ਹੁਣ ਸਾਹਮਣੇ ਆਉਣ ‘ਤੇ ਮੀਡੀਆ ਵਿਚ ਸੁਰਖੀਆਂ ਬਣੀ ਹੋਈ ਹੈ।
___________________________
‘ਆਪ’ ਵਿਚ ਕਲੇਸ਼ ਦੇ ਬਾਵਜੂਦ ਚੰਦੇ ‘ਤੇ ਨਹੀਂ ਪਿਆ ਅਸਰ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਵਿਚ ਮਚੇ ਘਮਸਾਣ ਦੇ ਬਾਵਜੂਦ ਪਾਰਟੀ ਨੂੰ ਮਿਲਣ ਵਾਲੇ ਚੰਦੇ ‘ਤੇ ਅਸਰ ਨਹੀਂ ਪਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਧਮਾਕੇਦਾਰ ਜਿੱਤ ਤੋਂ ਬਾਅਦ ਇਕ ਮਹੀਨੇ ਵਿਚ ਪਾਰਟੀ ਨੂੰ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਚੰਦਾ ਮਿਲਿਆ ਹੈ। ਇਸ ਦੇ ਉਲਟ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਤਕਰੀਬਨ 80 ਲੱਖ ਰੁਪਏ ਦਾ ਚੰਦਾ ਮਿਲਿਆ ਸੀ। ‘ਆਪਟ੍ਰ੍ਰੇਂਡਸḔ ਵੈਬਸਾਈਟ ਅਨੁਸਾਰ ਅੱਠ ਫ਼ਰਵਰੀ-ਸੱਤ ਮਾਰਚ ਵਿਚ ਮਿਲੇ ਕੁੱਲ ਚੰਦੇ ਦਾ ਜੋੜ ਲੋਕ ਸਭਾ ਚੋਣਾਂ ਤੋਂ 17 ਮਈ-16 ਜੂਨ 2014 ਵਿਚ ਮਿਲੇ ਚੰਦੇ ਤੋਂ ਜ਼ਿਆਦਾ ਹੈ। ਚੋਣਾਂ ਦੌਰਾਨ ਚੰਦਾ ਉਗਰਾਹੀ ਵਿਚ ਹਿੱਸਾ ਲੈ ਚੁਕੇ ਪਾਰਟੀ ਦੇ ਇਕ ਸੀਨੀਅਰ ਅਹੁਦਾ ਅਧਿਕਾਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਲੋਕਾਂ ਦਾ ਸਾਡੀ ਪਾਰਟੀ ਤੋਂ ਭਰੋਸਾ ਖ਼ਤਮ ਹੋ ਗਿਆ ਸੀ ਪਰ ਵਿਧਾਨ ਸਭਾ ਚੋਣਾਂ ਵਿਚ ਜ਼ਬਰਦਸਤ ਜਿੱਤ ਤੋਂ ਬਾਅਦ ਭਰੋਸਾ ਵਧਿਆ ਹੈ ਤੇ ਲੋਕ ਪੂਰੇ ਦਿਲ ਤੋਂ ਸਾਡਾ ਸਮਰਥਨ ਕਰ ਰਹੇ ਹਨ।