ਚੰਡੀਗੜ੍ਹ: ਪੰਜਾਬ ਵਿਚ ਉਚੇਰੀ ਸਿੱਖਿਆ ਬਿਲਕੁਲ ਹੇਠਲੇ ਪੱਧਰ ਉਤੇ ਆ ਪਹੁੰਚੀ ਹੈ। ਇਸ ਵੇਲੇ ਵਿਭਾਗ ਵਿਚ 8134 ਹੈਡ ਟੀਚਰਾਂ ਦੀਆਂ ਅਸਾਮੀਆਂ, 1500 ਸੈਂਟਰ ਹੈਡ ਟੀਚਰਾਂ ਤੇ 228 ਬਲਾਕ ਸਿੱਖਿਆ ਅਫਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ਵਿਚੋਂ 25 ਫੀਸਦੀ ਦੇ ਹਿਸਾਬ ਨਾਲ 2033 ਹੈਡ ਟੀਚਰਾਂ, 375 ਸੈਂਟਰ ਹੈਡ ਟੀਚਰ ਤੇ 57 ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਸਿੱਧੀ ਭਰਤੀ ਲਈ ਖਾਲੀ ਹਨ।
ਸੂਬੇ ਦੇ ਤਿੰਨ ਗੌਰਮਿੰਟ ਕਾਲਜ ਬਗ਼ੈਰ ਅਧਿਆਪਕਾਂ ਤੋਂ ਚੱਲ ਰਹੇ ਹਨ ਤੇ ਅੱਧੀ ਦਰਜਨ ਕਾਲਜਾਂ ਵਿਚ ਇਕ-ਇਕ ਅਧਿਆਪਕ ਲਾਇਆ ਗਿਆ ਹੈ।
ਪ੍ਰਿੰਸੀਪਲਾਂ ਦੀਆਂ 48 ਆਸਾਮੀਆਂ ਵਿਚੋਂ 20 ਖ਼ਾਲੀ ਹਨ। ਚਾਰ ਪ੍ਰਿੰਸੀਪਲਾਂ ਨੂੰ ਤਿੰਨ-ਤਿੰਨ ਕਾਲਜਾਂ ਦਾ ਚਾਰਜ ਦਿੱਤਾ ਹੋਇਆ ਹੈ। ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਨੇ ਡੀæਪੀæਆਈæ ਨੂੰ ਪੱਤਰ ਲਿਖ ਕੇ ਇੰਨਾ ਭਾਰ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਗੌਰਮਿੰਟ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਵੀæਕੇæ ਗੋਇਲ ਕੋਲ ਗੌਰਮਿੰਟ ਕਾਲਜ ਜਲਾਲਾਬਾਦ, ਗੌਰਮਿੰਟ ਕਾਲਜ ਸਰਦਾਰਗੜ੍ਹ, ਗੌਰਮਿੰਟ ਕਾਲਜ ਫ਼ਾਜ਼ਿਲਕਾ ਤੇ ਸਟੇਟ ਲਾਇਬਰੇਰੀ ਬਠਿੰਡਾ ਦਾ ਵਾਧੂ ਚਾਰਜ ਹੈ। ਗੌਰਮਿੰਟ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਏæਕੇæ ਵਰਮਾ ਸਰਕਾਰੀ ਸਿੱਖਿਆ ਕਾਲਜ ਤੋਂ ਇਲਾਵਾ ਗੌਰਮਿੰਟ ਕਾਲਜ ਫ਼ਾਜ਼ਿਲਕਾ ਤੇ ਸਰਕਾਰੀ ਕਾਲਜ ਸਰਦੂਲਗੜ੍ਹ ਦਾ ਕੰਮ ਵੀ ਸੰਭਾਲ ਰਹੇ ਹਨ। ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਜਗਰਾਉਂ ਦੀ ਪ੍ਰਿੰਸੀਪਲ ਮਨਜਿੰਦਰ ਕੌਰ ਗਰੇਵਾਲ ਗੌਰਮਿੰਟ ਕਾਲਜ ਜ਼ੀਰਾ ਤੇ ਗੌਰਮਿੰਟ ਕਾਲਜ ਢੁਡੀਕੇ ਦਾ ਵਾਧੂ ਕੰਮ ਦੇਖ ਰਹੀ ਹੈ। ਦੋ-ਦੋ ਕਾਲਜਾਂ ਦਾ ਕੰਮ ਚਲਾਉਣ ਵਾਲੇ ਪ੍ਰਿੰਸਪਲਾਂ ਦੀ ਗਿਣਤੀ ਵੱਖਰੀ ਹੈ।
ਜਾਣਕਾਰੀ ਮੁਤਾਬਕ ਪ੍ਰਿੰਸੀਪਲਾਂ ਦੀਆਂ 75 ਫੀਸਦੀ ਆਸਾਮੀਆਂ ਪਦ ਉਨਤੀ ਰਾਹੀਂ ਤੇ 25 ਪ੍ਰਤੀਸ਼ਤ ਸਿੱਧੀ ਭਰਤੀ ਰਾਹੀ ਭਰੀਆਂ ਜਾਂਦੀਆਂ ਹਨ। ਪਿਛਲੇ ਡੇਢ ਦਹਾਕੇ ਤੋਂ ਸਿੱਧੀ ਭਰਤੀ ਨਹੀਂ ਕੀਤੀ ਗਈ। ਤਰੱਕੀ ਦੀਆਂ ਪੋਸਟਾਂ ਭਰਨ ਵਾਸਤੇ 23 ਸਤੰਬਰ ਨੂੰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਇਸ ਵਿਚ ਸੀਨੀਅਰ ਲੈਕਚਰਾਰਾਂ ਨੂੰ ਪਦ ਉਨਤ ਕਰਕੇ ਪ੍ਰਿੰਸੀਪਲ ਬਣਾ ਦਿੱਤਾ ਗਿਆ ਸੀ। ਛੇ ਮਹੀਨੇ ਪਹਿਲਾਂ ਡੀæਪੀæਸੀæ ਦੀ ਮੀਟਿੰਗ ਹੋਣ ਦੇ ਬਾਵਜੂਦ ਪ੍ਰਿੰਸੀਪਲ ਵਜੋਂ ਤਰੱਕੀ ਨਹੀਂ ਦਿੱਤੀ ਗਈ ਹੈ। ਪਦ ਉਨਤੀ ਲਈ ਪਿਛਲੇ ਪੰਜ ਸਾਲਾਂ ਦੀਆਂ ਗੁਪਤ ਰਿਪੋਰਟਾਂ ਵਿਚੋਂ ਬਾਰਾਂ ਅੰਕ ਲੈਣੇ ਜ਼ਰੂਰੀ ਕੀਤਾ ਗਿਆ ਹੈ ਤੇ ਜਿਹੜੇ ਸੀਨੀਅਰ ਲੈਕਚਰਾਰਾਂ ਨੂੰ ਪਦ ਉਨਤ ਕੀਤਾ ਗਿਆ ਹੈ ਉਹ ਬਾਰਾਂ ਅੰਕ ਲੈਣ ਦੀ ਸ਼ਰਤ ਪੂਰੀ ਕਰਦੇ ਹਨ। ਸਰਕਾਰੀ ਕਾਲਜਾਂ ਵਿਚ ਅਧਿਆਪਕਾਂ ਦੀਆਂ 1073 ਮਨਜ਼ੂਰਸ਼ੁਦਾ ਆਸਾਮੀਆਂ ਹਨ ਤੇ ਇਨ੍ਹਾਂ ਵਿਚੋਂ 1050 ਖਾਲੀ ਪਈਆਂ ਹਨ। ਅੱਧੀ ਦਰਜਨ ਕਾਲਜ ਅਜਿਹੇ ਹਨ ਜਿਥੇ ਇਕ ਵੀ ਰੈਗੂਲਰ ਅਧਿਆਪਕ ਨਹੀਂ ਹੈ ਤੇ ਗੈਸਟ ਫੈਕਲਟੀ ਨਾਲ ਕੰਮ ਰੇੜਿਆ ਜਾ ਰਿਹਾ ਹੈ। ਇਕ-ਇਕ ਜਾਂ ਦੋ-ਦੋ ਅਧਿਆਪਕਾਂ ਦੀ ਗਿਣਤੀ ਵਾਲੇ ਕਾਲਜਾਂ ਦੀ ਗਿਣਤੀ ਵੀ ਦਸ ਦੇ ਕਰੀਬ ਹੈ। ਜਿਹੜੇ ਅਧਿਆਪਕ ਰੱਖੇ ਵੀ ਗਏ ਹਨ ਉਨ੍ਹਾਂ ਨੂੰ ਟੁੱਟਵੀਂ ਤਨਖਾਹ ਮਿਲ ਰਹੀ ਹੈ।
ਉਚ ਸਿੱਖਿਆ ਵਿਭਾਗ ਦੇ ਰਿਕਾਰਡ ਅਨੁਸਾਰ ਗੌਰਮਿੰਟ ਕਾਲਜ ਕਾਲਾ ਅਫਗਾਨਾ, ਗੌਰਮਿੰਟ ਕਾਲਜ ਨਿਆਲ ਪਾਤੜਾਂ ਤੇ ਗੌਰਮਿੰਟ ਕਾਲਜ ਜ਼ੀਰਾ ਵਿਚ ਇਕ ਵੀ ਰੈਗੂਲਰ ਅਧਿਆਪਕ ਨਹੀਂ ਹੈ ਤੇ ਆਰਜ਼ੀ ਸਟਾਫ ਨਾਲ ਕੰਮ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਗੌਰਮਿੰਟ ਕਾਲਜਾਂ ਵਿਚ ਇਕ-ਇਕ ਰੈਗੂਲਰ ਅਧਿਆਪਕ ਹੈ ਉਨ੍ਹਾਂ ਵਿਚ ਸਰਕਾਰੀ ਕਾਲਜ ਜੰਡਿਆਲਾ, ਸਰਕਾਰੀ ਕਾਲਜ ਰੋਡੇ, ਸਰਕਾਰੀ ਕਾਲਜ ਸਿੱਧਸਰ ਤੇ ਸਰਕਾਰੀ ਕਾਲਜ ਢੁਡੀਕੇ ਦਾ ਨਾਂ ਦੱਸਿਆ ਗਿਆ ਹੈ। ਗੌਰਮਿੰਟ ਕਾਲਜ ਫ਼ਾਜ਼ਿਲਕਾ ਤੇ ਗੌਰਮਿੰਟ ਕਾਲਜ ਅਮਰਗੜ੍ਹ ਵਿਚ ਦੋ-ਦੋ ਅਧਿਆਪਕ ਲਾਏ ਗਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਵਲੋਂ ਵਿਭਾਗੀ ਤਰੱਕੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਨ ਵਿਚ ਢਿਲਮੱਠ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਇਕ ਉਚ ਅਧਿਕਾਰੀ ਦੀ ਪਤਨੀ ਦੀ ਸੀਨੀਅਰਤਾ ਉਪਰ ਚੁੱਕਣ ਲਈ ਅਜੇ ਢੁਕਵਾਂ ਰਾਹ ਨਹੀਂ ਲੱਭ ਰਿਹਾ ਹੈ।
__________________________________
ਬਠਿੰਡਾ ਵਿਚ ਯੂਨੀਵਰਸਿਟੀਆਂ ਦੀ ਭਰਮਾਰ
ਬਠਿੰਡਾ: ਬਠਿੰਡਾ ਜ਼ਿਲ੍ਹੇ ਵਿਚ ਹੁਣ ਅਕਾਲ ਯੂਨੀਵਰਸਿਟੀ ਬਣੇਗੀ ਜੋ ਜ਼ਿਲ੍ਹੇ ਵਿਚ ਬਣਨ ਵਾਲੀ ਪੰਜਵੀਂ ਯੂਨੀਵਰਸਿਟੀ ਹੋਵੇਗੀ। ਇਕੱਲਾ ਤਲਵੰਡੀ ਸਾਬੋ ਹੀ ਅਜਿਹਾ ਕਸਬਾ ਹੈ ਜਿਥੇ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਬਣ ਗਈਆਂ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਪਹਿਲਾਂ ਹੀ ਮੌਜੂਦ ਹੈ ਜਦੋਂ ਕਿ ਪੰਜਾਬ ਕੈਬਨਿਟ ਨੇ ਤਲਵੰਡੀ ਸਾਬੋ ਵਿਚ ਇਕ ਹੋਰ ਅਕਾਲ ਯੂਨੀਵਰਸਿਟੀ ਬਣਾਏ ਜਾਣ ਦੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਲ੍ਹਾ ਬਠਿੰਡਾ ਵਿਚ ਪ੍ਰਾਈਵੇਟ ਸੈਕਟਰ ਦੀਆਂ ਤਿੰਨ ਤੇ ਦੋ ਸਰਕਾਰੀ ਖੇਤਰ ਦੀਆਂ ਯੂਨੀਵਰਸਿਟੀਆਂ ਹਨ। ਕੇਂਦਰ ਸਰਕਾਰ ਨੇ ਸਭ ਤੋਂ ਪਹਿਲਾਂ 27 ਫਰਵਰੀ 2009 ਨੂੰ ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਦੀ ਸਥਾਪਨਾ ਕੀਤੀ ਸੀ। ਇਹ ‘ਵਰਸਿਟੀ ਹੁਣ ਬਠਿੰਡਾ ਦੀ ਇਕ ਧਾਗਾ ਮਿੱਲ ਵਿਚ ਚੱਲ ਰਹੀ ਹੈ। ਜ਼ਿਲ੍ਹੇ ਵਿਚ ਦੂਜੀ ਆਦੇਸ਼ ਯੂਨੀਵਰਸਿਟੀ ਭੁੱਚੋ ਵਿਖੇ ਸਥਾਪਤ ਕੀਤੀ ਗਈ ਹੈ ਤੇ ਉਸ ਮਗਰੋਂ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਬਠਿੰਡਾ ਵਿਚ ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ।