ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਇਥੇ ਕਿਹਾ ਹੈ ਕਿ ਸਿੱਖ ਇਕ ਵੱਖਰੀ ਕੌਮ ਹਨ ਤੇ ਇਸ ਬਾਰੇ ਉਨ੍ਹਾਂ ਨੂੰ ਕਿਸੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਚ ‘ਬਹੁ ਗਿਣਤੀ ਭਾਰਤੀ ਸਟੇਟ ਵਿਚ ਸਿੱਖ ਘੱਟ ਗਿਣਤੀ ਦਾ ਸਥਾਨ’ ਵਿਸ਼ੇ ਉਤੇ ਕਰਵਾਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੈਮੀਨਾਰ ਮੌਕੇ ਬੋਲਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਤੇ ਹਸਤੀ ਹੋਣ ਦੇ ਨਾਲ-ਨਾਲ ਵੱਖਰਾ ਧਰਮ, ਧਾਰਮਿਕ ਗ੍ਰੰਥ, ਖਿੱਤਾ, ਬੋਲੀ ਤੇ ਸਭਿਆਚਾਰ ਹੈ, ਇਸ ਲਈ ਇਹ ਵਿਲੱਖਣ ਤੇ ਵਿਸ਼ੇਸ਼ ਲੱਛਣਾਂ ਵਾਲੀ ਇਕ ਵੱਖਰੀ ਕੌਮ ਹੈ।
ਅਕਾਲੀ ਆਗੂ ਨੇ ਕਿਹਾ ਕਿ ਹਿੰਦੋਸਤਾਨ ਦੀ ਆਜ਼ਾਦੀ ਤੇ ਰੱਖਿਆ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ, ਇਸ ਲਈ ਇਸ ਮੁਲਕ ਉਤੇ ਸਭ ਤੋਂ ਪਹਿਲਾ ਹੱਕ ਸਿੱਖਾਂ ਦਾ ਹੀ ਹੈ। ਮੁਲਕ ਵਿਚ ਘੱਟ ਗਿਣਤੀ ਹੋਣ ਦੀ ਵਜ੍ਹਾ ਕਰਕੇ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕਾਰਨ ਹੀ ਉਨ੍ਹਾਂ ਦੇ ਮਨਾਂ ਵਿਚ ਪੈਦਾ ਹੋਏ ਬੇਗਾਨਗੀ ਦੇ ਅਹਿਸਾਸ ਨੂੰ ਦੂਰ ਕਰਨ ਦੀ ਲੋੜ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਭਾਵ ਭਿੰਨੀ ਸ਼ਰਧਾਜਲੀ ਭੇਟ ਕਰਦਿਆਂ ਖੇਤੀ ਮੰਤਰੀ ਨੇ ਕਿਹਾ ਕਿ ਪੰਥਕ ਦਰਦ ਰੱਖਣ ਵਾਲੇ ਸਾਡੇ ਸਮਿਆਂ ਦੇ ਉਹ ਇਕੋ ਇਕ ਈਮਾਨਦਾਰ ਆਗੂ ਸਨ।
ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਤੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਵਿਚ ਸਿੱਖ ਭਾਈਚਾਰਾ ਆਪਣਾ ਰਾਜਸੀ ਨਿਸ਼ਾਨਾ ਹੀ ਤੈਅ ਨਹੀਂ ਕਰ ਸਕਿਆ। ਸਿੱਖਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਦੂਜੇ ਸ਼ਹਿਰੀਆਂ ਦੀ ਤਰ੍ਹਾਂ ਮੁਲਕ ਦੇ ਵੋਟਰ ਹੋਣ ਵਿਚ ਮਾਣ ਮਹਿਸੂਸ ਕਰਨਾ ਹੈ ਜਾਂ ਸ਼ਰਮਿੰਦਾ ਹੋਣਾ ਹੈ। ਸ੍ਰੀ ਬੈਂਸ ਨੇ ਕਿਹਾ ਕਿ ਸਿੱਖਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਵੱਖਰੀ ਸਟੇਟ ਚਾਹੀਦੀ ਹੈ, ਤੇ ਜੇਕਰ ਚਾਹੀਦੀ ਹੈ ਤਾਂ ਕੀ ਇਹ ਹਾਸਲ ਕਰਨੀ ਸੰਭਵ ਹੈ? ਉਨ੍ਹਾਂ ਕਿਹਾ ਕਿ ਸਿੱਖ ਮਾਮਲਿਆਂ ਬਾਰੇ ਗੱਲਾਂ ਕਰਨ ਵਾਲੇ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਇਹ ਵੀ ਦੱਸਣ ਕਿ ਸਿੱਖ ਉਮੰਗਾਂ ਕੀ ਹਨ ਤੇ ਇਕ ਭਾਈਚਾਰੇ ਦੇ ਤੌਰ ਉਤੇ ਉਨ੍ਹਾਂ ਨੂੰ ਇਸ ਮੁਲਕ ਵਿਚ ਕੀ ਹਾਸਲ ਨਹੀਂ ਹੈ। ਸ੍ਰੀ ਬੈਂਸ ਨੇ ਕਿਹਾ ਕਿ ਵੱਖਰੀ ਰਾਜਸੀ ਪਛਾਣ ਦਾ ਰਾਹ ਨਿਸ਼ਚੇ ਹੀ ਖਾਲਿਸਤਾਨ ਵੱਲ ਜਾਂਦਾ ਹੈ ਅਤੇ ਇਹ ਸੋਚ ਲੈਣਾ ਚਾਹੀਦਾ ਹੈ ਕਿ ਕੀ ਇਹ ਸਿੱਖ ਭਾਈਚਾਰੇ ਦੇ ਹਿੱਤ ਵਿਚ ਹੈ?
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਸੈਮੀਨਾਰ ਵਿਚ ਆਪਣਾ ਥੀਮ ਪੇਪਰ ਪੇਸ਼ ਕਰਦਿਆਂ ਕਿਹਾ ਕਿ ਦੁਨੀਆਂ ਦੀ ਹਰ ਨੇਸ਼ਨ ਸਟੇਟ ਵਾਂਗ ਹੀ ਭਾਰਤੀ ਨੇਸ਼ਨ ਸਟੇਟ ਵਿਚ ਵੀ ਸਿੱਖਾਂ ਸਮੇਤ ਕਿਸੇ ਵੀ ਘੱਟ-ਗਿਣਤੀ ਦੀ ਕੋਈ ਰਾਜਸੀ ਹੋਂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਭਾਰਤੀ ਵਿਚ ਮੌਜੂਦਾ ਸਰੂਪ ਤੇ ਢਾਂਚਾ ਮੌਜੂਦ ਹੈ ਉਸ ਸਮੇਂ ਤੱਕ ਘੱਟ-ਗਿਣਤੀਆਂ ਦਾ ਇਸ ਦੇ ਜੂਲ੍ਹੇ ਵਿਚੋਂ ਨਿਕਲ ਸਕਣਾ ਅਸੰਭਵ ਜਾਪਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਸਿੱਖ ਲੀਡਰਸ਼ਿਪ ਮੁਲਕ ਦੇ ਬਟਵਾਰੇ ਸਮੇਂ ਇਹ ਸਮਝਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਕਿ ਪੱਛਮੀ ਤਰਜ਼ ਦੇ ਸਿਰਾਂ ਦੀ ਗਿਣਤੀ ਦੇ ਆਧਾਰਤ ਲੋਕਰਾਜੀ ਢਾਂਚੇ ਉਤੇ ਉਸਰਨ ਵਾਲੇ ਮੁਲਕ ਵਿਚ ਉਨ੍ਹਾਂ ਦੀ ਹੋਣੀ ਕੀ ਹੋਵੇਗੀ। ਉੱਘੇ ਚਿੰਤਕ ਡਾæ ਕੇਹਰ ਸਿੰਘ ਨੇ ਨਿੱਜੀ ਸਿੱਖ ਪਛਾਣ ਅਤੇ ਭਾਈਚਾਰਕ ਪਛਾਣ ਤੇ ਕੌਮੀ ਮਾਮਲਿਆਂ ਬਾਰੇ ਆਪਣੇ ਵਿਚਾਰ ਰੱਖੇ। ਸਿੱਖ ਵਿਦਵਾਨ ਡਾæ ਬਲਕਾਰ ਸਿੰਘ ਨੇ ਕਿਹਾ ਕਿ ਸਿੱਖੀ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵੱਲ ਪਿੱਠ ਕਰਕੇ ਤੁਰ ਰਹੇ ਸਿਆਸਤਦਾਨਾਂ ਵਲੋਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੈਦਾ ਕੀਤੇ ਮਨ ਚਾਹੇ ਹਾਲਾਤ ਦਾ ਖਮਿਆਜ਼ਾ ਪੂਰਾ ਸਿੱਖ ਭਾਈਚਾਰਾ ਭੁਗਤ ਰਿਹਾ ਹੈ।
ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਨੇ ਵਿਦਵਾਨਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਮਦ ਸਾਡੇ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸ੍ਰੋਤ ਰਹੀ ਹੈ। ਸਮਾਗਮ ਦੇ ਸ਼ੁਰੂ ਵਿਚ ਸੁਸਾਇਟੀ ਦੇ ਸਕੱਤਰ ਕਰਨਲ (ਸੇਵਾ ਮੁਕਤ) ਜਸਮੇਰ ਸਿੰਘ ਬਾਲਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੁਸਾਇਟੀ ਦੀਆਂ ਸਰਗਰਮੀਆਂ ਸਬੰਧੀ ਚਾਨਣਾ ਪਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਇਸ ਮੌਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ ਨਾਲ ਮਹੱਤਵਪੂਰਨ ਰਾਜਸੀ ਘਟਨਾਵਾਂ ਦਾ ਪਿਛੋਕੜ ਵੀ ਦਸਿਆ। ਸੁਸਾਇਟੀ ਵਲੋਂ ਹਰ ਵਰ੍ਹੇ ਦਿੱਤੇ ਜਾਣ ਵਾਲੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਰੇਲ ਲਿੱਪੀ ਵਿਚ ਪ੍ਰਕਾਸ਼ਤ ਕਰਾਉਣ ਵਾਲੇ ਉੱਘੇ ਰਾਗੀ ਭਾਈ ਗੁਰਮੇਜ ਸਿੰਘ ਤੇ ਉੱਘੇ ਸਾਹਿਤਕਾਰ ਡਾæ ਮਹੀਪ ਸਿੰਘ ਨੂੰ ਪ੍ਰਦਾਨ ਕੀਤੇ ਗਏ।