ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦੇ ਨਾਂ ਖੁੱਲ੍ਹਾ ਖ਼ਤ

ਆਮ ਆਦਮੀ ਪਾਰਟੀ (ਆਪ) ਵਿਚ ਪਿਛਲੇ ਕੁਝ ਹਫਤਿਆਂ ਤੋਂ ਘਮਾਸਾਣ ਛਿੜਿਆ ਹੋਇਆ ਹੈ। ਦੋ ਵੱਖ-ਵੱਖ ਕੈਂਪ ਇਕ-ਦੂਜੇ ਦੇ ਆਮਣੋ-ਸਾਹਮਣੇ ਆਣ ਖਲੋਏ ਹਨ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੰਗਲੌਰ ਵਿਚ 10 ਦਿਨਾਂ ਦੇ ਇਲਾਜ ਤੋਂ ਬਾਅਦ ਦਿੱਲੀ ਪਰਤ ਆਏ ਹਨ, ਪਰ ਇਨ੍ਹਾਂ ਦਸ ਦਿਨਾਂ ਦੌਰਾਨ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਲੰਘ ਚੁੱਕਿਆ ਹੈ।

ਦੋ ਸੀਨੀਅਰ ਆਗੂਆਂ- ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ, ਦੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵਿਚੋਂ ਛੁੱਟੀ ਹੋ ਚੁੱਕੀ ਹੈ। ਪਾਰਟੀ ਅੰਦਰ ਇੰਨੇ ਅਹਿਮ ਫੈਸਲਿਆਂ ਬਾਰੇ ਅਰਵਿੰਦ ਕੇਜਰੀਵਾਲ ਅਜੇ ਤੱਕ ਖਾਮੋਸ਼ ਹਨ ਅਤੇ ਉਨ੍ਹਾਂ ਖਾਮੋਸ਼ ਰਹਿ ਕੇ ਇਕ ਤਰ੍ਹਾਂ ਨਾਲ ਇਨ੍ਹਾਂ ਫੈਸਲਿਆਂ ਬਾਰੇ ਹਾਮੀ ਹੀ ਭਰੀ ਹੈ। ਇਸ ਪ੍ਰਸੰਗ ਵਿਚ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਵਲੋਂ ਪਾਰਟੀ ਦੇ ਵਾਲੰਟੀਅਰਾਂ ਨੂੰ ਲਿਖੇ ਇਸ ਖੁੱਲ੍ਹੇ ਖਤ ਦੀ ਅਹਿਮੀਅਤ ਵਧ ਜਾਂਦੀ ਹੈ। ਇਹ ਖਤ ਉਨ੍ਹਾਂ ਪਾਰਟੀ ਦੇ ਚਾਰ ਸਾਥੀਆਂ ਵਲੋਂ ਕੀਤੀ ਇਲਜ਼ਾਮ-ਤਰਾਸ਼ੀ ਤੋਂ ਬਾਅਦ ਲਿਖਿਆ ਹੈ। ਇਸ ਵਿਚ ਉਠਾਏ ਮੁੱਦੇ ਵਿਚਾਰਨ ਵਾਲੇ ਹਨ, ਕਿਉਂਕਿ ‘ਆਪ’ ਦਾ ਜਨਮ ਗੰਧਲੀ ਸਿਆਸਤ ਦਾ ਬਦਲ ਪੈਦਾ ਕਰਨ ਦੇ ਇਰਾਦੇ ਨਾਲ ਹੋਇਆ ਸੀ। ਹੁਣ ਸਵਾਲ ਇਹ ਬਣ ਰਿਹਾ ਹੈ ਕਿ ਪਾਰਟੀ ਨੇ ਦੇਸ ਦੀਆਂ ਹੋਰ ਪਾਰਟੀਆਂ ਵਾਂਗ ਹੀ ਵਿਚਰਨਾ ਹੈ ਜਾਂ ਵੱਖਰੀਆਂ ਪੈੜਾਂ ਪਾਉਣ ਲਈ ਪੈਰ-ਪੈਰ ‘ਤੇ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਹੈ। ਪਾਰਟੀ ਅੰਦਰ ਚੱਲ ਰਹੇ ਇਸ ਘਮਾਸਾਣ ਨੂੰ ਸਮਝਣ ਲਈ ਅਸੀਂ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਦਾ ਇਹ ਖੁੱਲ੍ਹਾ ਖਤ ਛਾਪ ਰਹੇ ਹਾਂ ਜਿਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਯੋਗੇਂਦਰ ਯਾਦਵ/ਪ੍ਰਸ਼ਾਂਤ ਭੂਸ਼ਨ
ਅਨੁਵਾਦ: ਬੂਟਾ ਸਿੰਘ

ਸਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੀਆਂ ਘਟਨਾਵਾਂ ਨਾਲ ਦੇਸ ਅਤੇ ਦੁਨੀਆਂ ਭਰ ਦੇ ਸਾਰੇ ਕਾਰਕੁਨਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ। ਦਿੱਲੀ ਚੋਣਾਂ ਦੀ ਇਤਿਹਾਸਕ ਜਿੱਤ ਨਾਲ ਪੈਦਾ ਹੋਇਆ ਉਤਸ਼ਾਹ ਮੱਠਾ ਪੈ ਰਿਹਾ ਹੈ। ਤੁਹਾਡੇ ਵਾਂਗ ਹੀ ਹਰ ਵਾਲੰਟੀਅਰ ਦੇ ਮਨ ਵਿਚ ਇਹ ਸਵਾਲ ਉਠ ਰਿਹਾ ਹੈ ਕਿ ਬੇਮਿਸਾਲ ਲਹਿਰ ਨੂੰ ਸਮੇਟਣ ਅਤੇ ਅੱਗੇ ਵਧਾਉਣ ਦੀ ਇਸ ਘੜੀ ਇਹ ਖੜੋਤ ਕਿਉਂ? ਕਾਰਕੁਨ ਚਾਹੁੰਦੇ ਹਨ ਕਿ ਸਿਖ਼ਰਲੀ ਲੀਡਰਸ਼ਿਪ ਵਿਚ ਕੋਈ ਟੁੱਟ-ਭੱਜ ਨਾ ਹੋਵੇ। ਜਦੋਂ ਟੀæਵੀæ ਅਤੇ ਅਖ਼ਬਾਰਾਂ ਉਪਰ ਪਾਰਟੀ ਦੇ ਚੋਟੀ ਦੇ ਆਗੂਆਂ ਵਿਚਕਾਰ ਮਤਭੇਦ ਦੀਆਂ ਖ਼ਬਰਾਂ ਆਉਂਦੀਆਂ ਹਨ, ਇਲਜ਼ਾਮ-ਤਰਾਸ਼ੀ ਹੁੰਦੀ ਹੈ, ਤਾਂ ਆਮ ਵਾਲੰਟੀਅਰ ਲਾਚਾਰ ਅਤੇ ਅਪਮਾਨਿਤ ਮਹਿਸੂਸ ਕਰਦਾ ਹੈ। ਇਸ ਹਾਲਤ ਵਿਚ ਅਸੀਂ ਵੀ ਡੂੰਘੀ ਪੀੜਾ ਵਿਚ ਹਾਂ।
ਪਾਰਟੀ ਹਿਤ ਅਤੇ ਤੁਹਾਡੀਆਂ ਸਾਰੇ ਕਾਰਕੁਨਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਸੀਂ ਦੋਹਾਂ ਨੇ ਪਿਛਲੇ ਦਸ ਦਿਨਾਂ ਵਿਚ ਆਪਣੇ ਵਲੋਂ ਇਸ ਇਲਜ਼ਾਮਤਰਾਸ਼ੀ ਵਿਚ ਕੁਝ ਨਹੀਂ ਜੋੜਿਆ। ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਦਿੱਤੇ, ਪਰ ਆਪਣੇ ਵਲੋਂ ਸਵਾਲ ਨਹੀਂ ਪੁੱਛੇ। ਅਸੀਂ ਕਾਰਕੁਨਾਂ ਅਤੇ ਹਮਾਇਤੀਆਂ ਨੂੰ ਵਾਰ-ਵਾਰ ਪਾਰਟੀ ਵਿਚ ਭਰੋਸਾ ਬਣਾਈ ਰੱਖਣ ਦੀ ਅਪੀਲ ਕੀਤੀ। ਨਿਜੀ ਤੌਰ ‘ਤੇ ਸਾਡੀ ਸਾਰਿਆਂ ਦੀ ਸੀਮਾ ਹੁੰਦੀ ਹੈ, ਪਰ ਜਥੇਬੰਦੀ ਵਿਚ ਅਸੀਂ ਇਕ ਦੂਜੇ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਾਂ। ਇਸ ਲਈ ਜਥੇਬੰਦੀ ਵੱਡੀ ਹੈ ਅਤੇ ਸਾਡੇ ਵਿਚੋਂ ਕਿਸੇ ਵੀ ਬੰਦੇ ਨਾਲੋਂ ਜ਼ਿਆਦਾ ਅਹਿਮ ਹੈ। ਇਸੇ ਸੋਚ ਨਾਲ ਅਸੀਂ ਅੱਜ ਤਕ ਪਾਰਟੀ ਵਿਚ ਕੰਮ ਕੀਤਾ ਹੈ ਅਤੇ ਅਗਾਂਹ ਵੀ ਕਰਦੇ ਰਹਾਂਗੇ।
ਪਰ ਚਾਰ ਸਾਥੀਆਂ- ਮਨੀਸ਼ ਸਿਸੋਦੀਆ, ਸੰਜੇ ਸਿੰਘ, ਗੋਪਾਲ ਰਾਏ ਅਤੇ ਪੰਕਜ ਗੁਪਤਾ ਦੇ ਜਨਤਕ ਬਿਆਨ ਪਿਛੋਂ ਅਸੀਂ ਇਹ ਖ਼ਾਮੋਸ਼ੀ ਤੋੜਨ ਲਈ ਮਜਬੂਰ ਹਾਂ। ਕੌਮੀ ਕਾਰਜਕਾਰਨੀ ਵਿਚ ਬਹੁਮਤ ਦੀ ਰਾਇ ਦੀ ਤਰਜਮਾਨੀ ਕਰਨ ਵਾਲੇ ਇਸ ਬਿਆਨ ਨੂੰ ਪਾਰਟੀ ਦੇ ਮੀਡੀਆ ਸੈੱਲ ਵਲੋਂ ਰਿਲੀਜ਼ ਕੀਤਾ ਗਿਆ ਅਤੇ ਪਾਰਟੀ ਦੇ ਅਧਿਕਾਰਤ ਫੇਸਬੁਕ ਪੇਜ, ਟਵਿੱਟਰ ਅਤੇ ਵੈੱਬਸਾਈਟ ਉਪਰ ਪਾਇਆ ਗਿਆ। ਅਜਿਹੇ ਹਾਲਾਤ ‘ਚ ਜੇ ਅਸੀਂ ਖ਼ਾਮੋਸ਼ ਰਹਿੰਦੇ ਹਾਂ ਤਾਂ ਇਸ ਦਾ ਭਾਵ ਇਹੀ ਲਿਆ ਜਾਵੇਗਾ ਕਿ ਲਾਏ ਦੋਸ਼ਾਂ ਵਿਚ ਕੁਝ ਨਾ ਕੁਝ ਸੱਚਾਈ ਹੈ। ਇਸ ਲਈ ਅਸੀਂ ਤੁਹਾਡੇ ਸਾਹਮਣੇ ਪੂਰਾ ਸੱਚ ਪੇਸ਼ ਕਰਨਾ ਚਾਹੁੰਦੇ ਹਾਂ।
ਅੱਗੇ ਵਧਣ ਤੋਂ ਪਹਿਲਾਂ ਇਕ ਗੱਲ ਸਾਫ਼ ਕਰ ਦੇਈਏ। ਉਪਰੋਕਤ ਬਿਆਨ ਵਿਚ ਸਾਡੇ ਦੋਹਾਂ ਦੇ ਨਾਲ (ਐਡਵੋਕੇਟ) ਸ਼ਾਂਤੀ ਭੂਸ਼ਨ ਨੂੰ ਵੀ ਜੋੜ ਕੇ ਕੁਝ ਇਲਜ਼ਾਮ ਲਗਾਏ ਗਏ ਹਨ। ਜਿਵੇਂ ਸਭ ਨੂੰ ਪਤਾ ਹੈ, ਦਿੱਲੀ ਚੋਣਾਂ ਤੋਂ ਪਹਿਲਾਂ ਸ਼ਾਂਤੀ ਭੂਸ਼ਨ ਨੇ ਕਈ ਅਜਿਹੇ ਬਿਆਨ ਦਿੱਤੇ ਜਿਨ੍ਹਾਂ ਨਾਲ ਪਾਰਟੀ ਦੇ ਅਕਸ ਅਤੇ ਪਾਰਟੀ ਦੀ ਚੋਣ-ਤਿਆਰੀ ਦਾ ਹਰਜਾ ਹੋ ਸਕਦਾ ਸੀ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਨਾਲ ਪਾਰਟੀ ਦੇ ਕਾਰਕੁਨਾਂ ਵਿਚ ਨਿਰਾਸ਼ਾ ਅਤੇ ਬੇਚੈਨੀ ਪੈਦਾ ਹੋਈ। ਅਜਿਹੇ ਮੌਕਿਆਂ ਉਪਰ ਅਸੀਂ ਦੋਹਾਂ ਨੇ ਸ਼ਾਂਤੀ ਭੂਸ਼ਨ ਦੇ ਬਿਆਨਾਂ ਨਾਲ ਜਨਤਕ ਤੌਰ ‘ਤੇ ਅਸਹਿਮਤੀ ਜ਼ਾਹਰ ਕੀਤੀ ਸੀ, ਕਿਉਂਕਿ ਇਨ੍ਹਾਂ ਮੁੱਦਿਆਂ ਉਪਰ ਸਾਡੇ ਦੋਹਾਂ ਦੀ ਰਾਇ ਸ਼ਾਂਤੀ ਭੂਸ਼ਨ ਨਾਲ ਨਹੀਂ ਮਿਲਦੀ; ਇਸ ਲਈ ਬਿਹਤਰ ਹੋਵੇਗਾ ਕਿ ਉਨ੍ਹਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਉਨ੍ਹਾਂ ਤੋਂ ਹੀ ਪੁੱਛੇ ਜਾਣ।
ਇਸ ਨਾਲ ਜੁੜੀ ਇਕ ਹੋਰ ਮਿੱਥ ਦਾ ਖੰਡਨ ਕਰਨਾ ਜ਼ਰੂਰੀ ਹੈ। ਪਿਛਲੇ ਦੋ ਹਫ਼ਤਿਆਂ ਵਿਚ ਵਾਰ-ਵਾਰ ਇਹ ਪ੍ਰਚਾਰ ਕੀਤਾ ਗਿਆ ਹੈ ਕਿ ਇਹ ਸਾਰਾ ਰੱਟਾ ਕੌਮੀ ਕਨਵੀਨਰ ਦੇ ਅਹੁਦੇ ਨੂੰ ਲੈ ਕੇ ਹੈ; ਕਿ ਅਰਵਿੰਦ ਭਾਈ ਨੂੰ ਹਟਾ ਕੇ ਯੋਗੇਂਦਰ ਯਾਦਵ ਨੂੰ ਕਨਵੀਨਰ ਬਣਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਸੱਚ ਇਹ ਹੈ ਕਿ ਅਸੀਂ ਦੋਹਾਂ ਨੇ ਅੱਜ ਤਕ ਕਿਸੇ ਵੀ ਰਸਮੀ ਜਾਂ ਗ਼ੈਰ-ਰਸਮੀ ਮੀਟਿੰਗ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ। ਜਦੋਂ 26 ਜਨਵਰੀ ਦੀ ਮੀਟਿੰਗ ਵਿਚ ਅਰਵਿੰਦ ਭਾਈ ਦੇ ਅਸਤੀਫ਼ੇ ਦਾ ਮਤਾ ਆਇਆ, ਤਾਂ ਅਸੀਂ ਦੋਹਾਂ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰਨ ਲਈ ਵੋਟ ਦਿੱਤਾ; ਤੇ ਕੁਝ ਵੀ ਹੋਵੇ, ਕੌਮੀ ਕਨਵੀਨਰ ਦਾ ਅਹੁਦਾ ਨਾ ਤਾਂ ਮੁੱਦਾ ਸੀ, ਨਾ ਅੱਜ ਹੈ।
ਇਹ ਸੱਚ ਜਾਣਨ ਤੋਂ ਬਾਅਦ ਸਾਰੇ ਵਾਲੰਟੀਅਰ ਪੁੱਛਦੇ ਹਨ- ‘ਜੇ ਕੌਮੀ ਕਨਵੀਨਰ ਦੇ ਅਹੁਦੇ ਬਾਰੇ ਰੱਟਾ ਨਹੀਂ ਹੈ ਤਾਂ ਆਖ਼ਿਰ ਰੱਟਾ ਕਿਸ ਗੱਲ ਦਾ ਹੈ? ਅਸੀਂ ਜਿੰਨਾ ਸੰਭਵ ਸੀ, ਇਸ ਸਵਾਲ ਬਾਰੇ ਖ਼ਾਮੋਸ਼ੀ ਧਾਰੀ ਰੱਖੀ, ਤਾਂ ਕਿ ਅੰਦਰਲੀ ਗੱਲ ਬਾਹਰ ਨਾ ਜਾਵੇ, ਪਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਤਕ ਤੁਹਾਨੂੰ ਇਹ ਪਤਾ ਨਹੀਂ ਲੱਗੇਗਾ, ਉਦੋਂ ਤਕ ਤੁਹਾਡੇ ਮਨ ਵਿਚ ਵੀ ਸ਼ੱਕ ਅਤੇ ਬੇਯਕੀਨੀ ਪੈਦਾ ਹੋ ਸਕਦੀ ਹੈ। ਇਸ ਲਈ ਅਸੀਂ ਹੇਠਾਂ ਉਨ੍ਹਾਂ ਮੁੱਖ ਗੱਲਾਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੂੰ ਲੈ ਕੇ ਪਿਛਲੇ ਦਸ ਮਹੀਨਿਆਂ ਵਿਚ ਅਰਵਿੰਦ ਭਾਈ ਅਤੇ ਹੋਰ ਕੁਝ ਸਾਥੀਆਂ ਨਾਲ ਸਾਡੇ ਮਤਭੇਦ ਪੈਦਾ ਹੋਏ। ਹੁਣ ਤੁਸੀਂ ਹੀ ਦੱਸਿਓ, ਸਾਨੂੰ ਇਹ ਮੁੱਦੇ ਉਠਾਉਣੇ ਚਾਹੀਦੇ ਸਨ ਜਾਂ ਨਹੀਂ?
1æ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੇ ਸਾਰ ਹੀ ਅਰਵਿੰਦ ਭਾਈ ਨੇ ਪ੍ਰਸਤਾਵ ਰੱਖਿਆ ਕਿ ਹੁਣ ਆਪਾਂ ਦੁਬਾਰਾ ਕਾਂਗਰਸ ਤੋਂ ਹਮਾਇਤ ਲੈ ਕੇ ਦਿੱਲੀ ਵਿਚ ਮੁੜ ਸਰਕਾਰ ਬਣਾਈਏ। ਸਮਝਾਉਣ ਦੇ ਤਮਾਮ ਯਤਨਾਂ ਦੇ ਬਾਵਜੂਦ ਉਹ ਅਤੇ ਕੁਝ ਹੋਰ ਸਾਥੀ ਇਸ ਉਪਰ ਅੜੇ ਰਹੇ। ਦਿੱਲੀ ਦੇ ਜ਼ਿਆਦਾਤਰ ਵਿਧਾਇਕਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ, ਪਰ ਦਿੱਲੀ ਅਤੇ ਪੂਰੇ ਮੁਲਕ ਦੇ ਜਿਨ੍ਹਾਂ ਕਾਰਕੁਨਾਂ ਅਤੇ ਆਗੂਆਂ ਨੂੰ ਇਹ ਪਤਾ ਲੱਗਿਆ, ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਇਸ ਦਾ ਵਿਰੋਧ ਕੀਤਾ ਅਤੇ ਪਾਰਟੀ ਛੱਡਣ ਦੀ ਧਮਕੀ ਤਕ ਦਿੱਤੀ। ਪਾਰਟੀ ਨੇ ਹਾਈ ਕੋਰਟ ਵਿਚ ਵਿਧਾਨ ਸਭਾ ਭੰਗ ਕਰਨ ਦੀ ਮੰਗ ਰੱਖੀ ਹੋਈ ਸੀ। ਉਂਝ ਵੀ ਕਾਂਗਰਸ ਲੋਕ ਸਭਾ ਚੋਣਾਂ ਵਿਚ ਲੋਕਾਂ ਵਲੋਂ ਰੱਦ ਕੀਤੀ ਜਾ ਚੁੱਕੀ ਸੀ। ਅਜਿਹੀ ਹਾਲਤ ਵਿਚ ਕਾਂਗਰਸ ਨਾਲ ਗੱਠਜੋੜ, ਪਾਰਟੀ ਦੀ ਸਾਖ ਨੂੰ ਖ਼ਤਮ ਕਰ ਸਕਦਾ ਸੀ। ਅਸੀਂ ਪਾਰਟੀ ਦੇ ਅੰਦਰ ਇਹ ਆਵਾਜ਼ ਉਠਾਈ, ਅਪੀਲ ਵੀ ਕੀਤੀ ਕਿ ਅਜਿਹਾ ਕੋਈ ਵੀ ਫ਼ੈਸਲਾ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀæਏæਸੀæ) ਅਤੇ ਕੌਮੀ ਕਾਰਜਕਾਰਨੀ ਦੀ ਰਾਇ ਮੁਤਾਬਿਕ ਲਿਆ ਜਾਵੇ, ਪਰ ਲੈਫਟੀਨੈਂਟ ਗਵਰਨਰ ਨੂੰ ਖ਼ਤ ਲਿਖਿਆ ਗਿਆ ਅਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਹੋਈ। ਇਹ ਕੋਸ਼ਿਸ਼ ਵਿਧਾਨ ਸਭਾ ਦੇ ਭੰਗ ਹੋਣ ਤੋਂ ਪਹਿਲਾਂ ਨਵੰਬਰ ਮਹੀਨੇ ਤਕ ਚਲਦੀ ਰਹੀ। (ਇਥੇ ਅਤੇ ਇਸ ਖ਼ਤ ਵਿਚ ਕਈ ਹੋਰ ਥਾਈਂ ਅਸੀਂ ਪਾਰਟੀ ਹਿੱਤ ਵਿਚ ਕੁਝ ਗੁਪਤ ਗੱਲਾਂ ਜਨਤਕ ਨਹੀਂ ਕਰ ਰਹੇ) ਅਸੀਂ ਦੋਹਾਂ ਨੇ ਜਥੇਬੰਦੀ ਦੇ ਅੰਦਰ ਹਰ ਮੰਚ ਉਪਰ ਇਸ ਦਾ ਵਿਰੋਧ ਕੀਤਾ ਅਤੇ ਫਿਰ ਇਸ ਸਵਾਲ ਉਪਰ ਬਾਕੀ ਸਾਰਿਆਂ ਨਾਲ ਡੂੰਘੇ ਮਤਭੇਦ ਦੀ ਨੀਂਹ ਰੱਖੀ ਗਈ। ਇਹ ਫ਼ੈਸਲਾ ਅਸੀਂ ਤੁਹਾਡੇ ਉਪਰ ਛੱਡਦੇ ਹਾਂ ਕਿ ਇਹ ਵਿਰੋਧ ਕਰਨਾ ਜਾਇਜ਼ ਸੀ ਜਾਂ ਨਹੀਂ। ਜੇ ਉਸ ਵਕਤ ਪਾਰਟੀ, ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾ ਲੈਂਦੀ, ਤਾਂ ਕੀ ਅਸੀਂ ਦਿੱਲੀ ਦੇ ਲੋਕਾਂ ਦਾ ਭਰੋਸਾ ਦੁਬਾਰਾ ਜਿੱਤ ਸਕਦੇ?
2æ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੇ ਸਾਰ ਹੀ ਸਰਵਸ੍ਰੀ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਆਸ਼ੂਤੋਸ਼ ਨੇ ਅਜੀਬ ਮੰਗ ਰੱਖਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪੀæਏæਸੀæ ਦੇ ਸਾਰੇ ਮੈਂਬਰ ਆਪਣੇ ਅਸਤੀਫ਼ੇ ਅਰਵਿੰਦ ਭਾਈ ਦੇ ਸਪੁਰਦ ਕਰ ਦੇਣ ਤਾਂ ਕਿ ਉਹ ਆਪਣੀ ਸਹੂਲਤ ਅਨੁਸਾਰ ਨਵੀਂ ਪੀæਏæਸੀæ ਬਣਾ ਸਕਣ। ਕੌਮੀ ਕਾਰਜਕਾਰਨੀ ਨੂੰ ਭੰਗ ਕਰਨ ਦੀ ਮੰਗ ਉੱਠੀ। ਅਸੀਂ ਦੋਹਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਦਾ ਕਰੜਾ ਵਿਰੋਧ ਕੀਤਾ। (ਯੋਗੇਂਦਰ ਵਲੋਂ ਪੀæਏæਸੀæ ਤੋਂ ਅਸਤੀਫ਼ੇ ਦੀ ਪੇਸ਼ਕਸ਼ ਦਾ ਸਬੰਧ ਇਸੇ ਨਾਲ ਸੀ) ਜੇ ਅਸੀਂ ਅਜਿਹੀਆਂ ਗ਼ੈਰ-ਸੰਵਿਧਾਨਕ ਚਾਲਾਂ ਦਾ ਵਿਰੋਧ ਨਾ ਕਰਦੇ ਤਾਂ ਸਾਡੀ ਪਾਰਟੀ ਅਤੇ ਕਾਂਗਰਸ ਜਾਂ ਬਸਪਾ ਵਰਗੀ ਪਾਰਟੀ ਵਿਚ ਕੀ ਫ਼ਰਕ ਰਹਿ ਜਾਂਦਾ?
3æ ਮਹਾਰਾਸ਼ਟਰ, ਝਾਰਖੰਡ ਅਤੇ ਜੰਮੂ ਕਸ਼ਮੀਰ ਵਿਚ ਪਾਰਟੀ ਦੇ ਚੋਣਾਂ ਲੜਨ ਦੇ ਸਵਾਲ ਉਪਰ ਪਾਰਟੀ ਦੀ ਜੂਨ ਮਹੀਨੇ ਹੋਈ ਕੌਮੀ ਕਾਰਜਕਾਰਨੀ ਵਿਚ ਪਾਰਟੀ ਕਾਰਕੁਨਾਂ ਦੀ ਰਾਇ ਜਾਣਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਕਾਰਕੁਨਾਂ ਦੀ ਰਾਇ ਜਾਣਨ ਤੋਂ ਬਾਅਦ ਸਾਡੀ ਅਤੇ ਕੌਮੀ ਕਾਰਜਕਾਰਨੀ ਦੇ ਬਹੁਮਤ ਦੀ ਰਾਇ ਸੀ ਕਿ ਸੂਬਿਆਂ ਵਿਚ ਚੋਣਾਂ ਲੜਨ ਦਾ ਫ਼ੈਸਲਾ ਸੂਬਾ ਇਕਾਈਆਂ ਦੀ ਸਮਝ ਉਪਰ ਛੱਡ ਦਿੱਤਾ ਜਾਵੇ; ਇਹ ਅਰਵਿੰਦ ਭਾਈ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇ ਕਿਤੇ ਵੀ ਪਾਰਟੀ ਨੇ ਚੋਣਾਂ ਲੜੀਆਂ, ਤਾਂ ਉਹ ਪ੍ਰਚਾਰ ਕਰਨ ਨਹੀਂ ਜਾਣਗੇ। ਉਨ੍ਹਾਂ ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰਦਿਆਂ ਕੌਮੀ ਕਾਰਜਕਾਰਨੀ ਨੂੰ ਫ਼ੈਸਲਾ ਬਦਲਣਾ ਪਿਆ ਅਤੇ ਸੂਬਿਆਂ ਵਿਚ ਚੋਣਾਂ ਨਾ ਲੜਨ ਦਾ ਫ਼ੈਸਲਾ ਹੋਇਆ। ਅੱਜ ਇਹ ਫ਼ੈਸਲਾ ਸਹੀ ਲਗਦਾ ਹੈ, ਉਸ ਨਾਲ ਪਾਰਟੀ ਨੂੰ ਫ਼ਾਇਦਾ ਹੋਇਆ ਹੈ, ਪਰ ਸਵਾਲ ਇਹ ਹੈ ਕਿ ਭਵਿੱਖ ਵਿਚ ਅਜਿਹਾ ਕੋਈ ਵੀ ਫ਼ੈਸਲਾ ਕਿਵੇਂ ਲਿਆ ਜਾਵੇ? ਕੀ ਸਵੈਰਾਜ ਦੇ ਸਿਧਾਂਤ ਵਿਚ ਨਿਹਚਾ ਰੱਖਣ ਵਾਲੀ ਸਾਡੀ ਪਾਰਟੀ ਵਿਚ ਸੂਬਿਆਂ ਦੀ ਖ਼ੁਦਮੁਖਤਿਆਰੀ ਦਾ ਸਵਾਲ ਉਠਾਉਣਾ ਗ਼ਲਤ ਹੈ?
4æ ਜੁਲਾਈ ਵਿਚ ਜਦੋਂ ਕਾਂਗਰਸ ਦੇ ਕੁਝ ਮੁਸਲਿਮ ਵਿਧਾਇਕਾਂ ਦੇ ਭਾਜਪਾ ਵਿਚ ਜਾਣ ਦੀ ਅਫ਼ਵਾਹ ਉੱਡੀ ਤਾਂ ਦਿੱਲੀ ਵਿਚ ਮੁਸਲਿਮ ਇਲਾਕਿਆਂ ਵਿਚ ਇਕ ਬਿਨਾਂ ਨਾਂ ਤੋਂ ਫਿਰਕੂ ਅਤੇ ਭੜਕਾਊ ਪੋਸਟਰ ਲੱਗਿਆ। ਪੁਲਿਸ ਨੇ ਇਜ਼ਲਾਮ ਲਾਇਆ ਕਿ ਇਹ ਪੋਸਟਰ ਪਾਰਟੀ ਨੇ ਲਗਵਾਇਆ ਸੀ। ਦਿਲੀਪ ਪਾਂਡੇ ਅਤੇ ਦੋ ਹੋਰ ਵਾਲੰਟੀਅਰਾਂ ਨੂੰ ਕਸੂਰਵਾਰ ਕਰਾਰ ਦੇ ਕੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਵੀ ਕੀਤਾ ਗਿਆ। ਇਸ ਪੋਸਟਰ ਦੀ ਜ਼ਿੰਮੇਵਾਰੀ ਪਾਰਟੀ ਕਾਰਕੁਨ ਅਮਾਨਉਲਾ ਨੇ ਲਈ ਅਤੇ ਅਰਵਿੰਦ ਭਾਈ ਨੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ (ਬਾਅਦ ਵਿਚ ਉਸ ਨੂੰ ਓਖਲਾ ਦਾ ਮੁਖੀ ਅਤੇ ਫਿਰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ)। ਯੋਗੇਂਦਰ ਨੇ ਜਨਤਕ ਬਿਆਨ ਦਿੱਤਾ ਕਿ ਅਜਿਹੇ ਪੋਸਟਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦੇ ਖ਼ਿਲਾਫ਼ ਹਨ। ਨਾਲ ਹੀ ਯਕੀਨ ਦਿਵਾਇਆ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਸਾਥੀਆਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਇਕ ਪਾਸੇ ਤਾਂ ਪਾਰਟੀ ਨੇ ਕਿਹਾ ਕਿ ਇਨ੍ਹਾਂ ਪੋਸਟਰਾਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ, ਦੂਜੇ ਪਾਸੇ ਯੋਗੇਂਦਰ ਦੇ ਇਸ ਬਿਆਨ ਨੂੰ ਪਾਰਟੀ ਵਿਰੋਧੀ ਦੱਸ ਕੇ ਉਸ ਖ਼ਿਲਾਫ਼ ਕਾਰਕੁਨਾਂ ਵਿਚ ਜ਼ਹਿਰ ਘੋਲੀ ਗਈ। ਤੁਸੀਂ ਹੀ ਦੱਸੋ, ਅਜਿਹੇ ਮੁੱਦੇ ਉਪਰ ਸਾਨੂੰ ਖ਼ਾਮੋਸ਼ ਰਹਿਣਾ ਚਾਹੀਦਾ ਸੀ?
5æ ‘ਅਵਾਮ’ ਨਾਂ ਦੀ ਜਥੇਬੰਦੀ ਬਣਾਉਣ ਦੇ ਇਲਜ਼ਾਮ ਵਿਚ ਜਦੋਂ ਪਾਰਟੀ ਦੇ ਕਾਰਕੁਨ ਕਰਨ ਸਿੰਘ ਨੂੰ ਦਿੱਲੀ ਇਕਾਈ ਨੇ ਕੱਢ ਦਿੱਤਾ, ਤਾਂ ਕਰਨ ਸਿੰਘ ਨੇ ਇਸ ਫ਼ੈਸਲੇ ਵਿਰੁੱਧ ਕੌਮੀ ਅਨੁਸ਼ਾਸਨ ਕਮੇਟੀ ਅੱਗੇ ਅਪੀਲ ਕੀਤੀ ਜਿਸ ਦੇ ਪ੍ਰਧਾਨ ਪ੍ਰਸ਼ਾਂਤ ਭੂਸ਼ਨ ਹਨ। ਕਰਨ ਸਿੰਘ ਵਿਰੁੱਧ ਪਾਰਟੀ ਵਿਰੋਧੀ ਕਾਰਵਾਈਆਂ ਦਾ ਇਕ ਸਬੂਤ ਇਹ ਸੀ ਕਿ ਉਸ ਨੇ ਪਾਰਟੀ ਵਾਲੰਟੀਅਰਾਂ ਨੂੰ ਐਸ਼ਐਮæਐਸ਼ ਭੇਜ ਕੇ ਭਾਜਪਾ ਨਾਲ ਜੁੜਨ ਦਾ ਸੱਦਾ ਦਿੱਤਾ ਸੀ। ਕਰਨ ਸਿੰਘ ਦੀ ਦਲੀਲ ਸੀ ਕਿ ਇਹ ਐਸ਼ਐਮæਐਸ਼ ਫਰਜ਼ੀ ਹੈ ਜਿਸ ਨੂੰ ਪਾਰਟੀ ਅਹੁਦੇਦਾਰਾਂ ਨੇ ਉਸ ਨੂੰ ਬਦਨਾਮ ਕਰਨ ਲਈ ਭਿਜਵਾਇਆ ਸੀ। ਅਨੁਸ਼ਾਸਨ ਕਮੇਟੀ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿਚ ਪ੍ਰਸ਼ਾਂਤ ਭੂਸ਼ਨ ਨੇ ਇਸ ਮਾਮਲੇ ਦੀ ਡੂੰਘੀ ਛਾਣ-ਬੀਣ ਕਰਨ ‘ਤੇ ਜ਼ੋਰ ਦਿੱਤਾ, ਪਰ ਪਾਰਟੀ ਦੇ ਅਹੁਦੇਦਾਰ ਟਾਲ-ਮਟੋਲ ਕਰਦੇ ਰਹੇ। ਆਖ਼ਿਰ ਕਰਨ ਸਿੰਘ ਦੇ ਕਹਿਣ ‘ਤੇ ਪੁਲਿਸ ਨੇ ਜਾਂਚ ਕੀਤੀ ਅਤੇ ਐਸ਼ਐਮæਐਸ਼ ਵਾਕਈ ਫਰਜ਼ੀ ਨਿਕਲਿਆ। ਪਤਾ ਲੱਗਿਆ ਕਿ ਇਹ ਐਸ਼ਐਮæਐਸ਼ ਦੀਪਕ ਚੌਧਰੀ ਨਾਂ ਦੇ ਵਾਲੰਟੀਅਰ ਨੇ ਭਿਜਵਾਇਆ ਸੀ। ਨਿਰਪੱਖ ਜਾਂਚ ਕਰਵਾਉਣ ਦੀ ਵਜ੍ਹਾ ਨਾਲ ਉਲਟਾ ਪ੍ਰਸ਼ਾਂਤ ਭੂਸ਼ਨ ਉਪਰ ‘ਅਵਾਮ’ ਦੀ ਤਰਫ਼ਦਾਰੀ ਦਾ ਇਲਜ਼ਾਮ ਲਾਇਆ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਅਦ ਵਿਚ ‘ਅਵਾਮ’, ਪਾਰਟੀ ਵਿਰੋਧੀ ਕਈ ਕਾਰਵਾਈਆਂ ਵਿਚ ਸ਼ਾਮਲ ਰਹੀ, ਪਰ ਤੁਸੀਂ ਹੀ ਦੱਸੋ, ਜੇ ਕੋਈ ਕਾਰਕੁਨ ਅਨੁਸ਼ਾਸਨ ਕਮੇਟੀ ਨੂੰ ਅਪੀਲ ਕਰੇ, ਉਸ ਦੀ ਨਿਰਪੱਖ ਸੁਣਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ?
6æ ਜਦੋਂ ਦਿੱਲੀ ਚੋਣਾਂ ਵਿਚ ਉਮੀਦਵਾਰਾਂ ਤੈਅ ਕੀਤੇ ਜਾਣ ਲੱਗੇ ਤਾਂ ਸਾਡੇ ਦੋਹਾਂ ਕੋਲ ਪਾਰਟੀ ਕਾਰਕੁਨ ਕੁਝ ਉਮੀਦਵਾਰਾਂ ਦੀਆਂ ਗੰਭੀਰ ਸ਼ਿਕਾਇਤਾਂ ਲੈ ਕੇ ਆਉਣ ਲੱਗੇ। ਸ਼ਿਕਾਇਤ ਇਹ ਸੀ ਕਿ ਚੋਣਾਂ ਜਿੱਤਣ ਦੇ ਦਬਾਅ ਹੇਠ ਅਜਿਹੇ ਲੋਕਾਂ ਨੂੰ ਟਿਕਟ ਦਿੱਤੀ ਜਾ ਰਹੀ ਸੀ ਜਿਨ੍ਹਾਂ ਵਿਰੁੱਧ ਸੰਗੀਨ ਇਲਜ਼ਾਮ ਸਨ, ਜਿਨ੍ਹਾਂ ਦਾ ਕਿਰਦਾਰ ਬਾਕੀ ਪਾਰਟੀਆਂ ਦੇ ਆਗੂਆਂ ਤੋਂ ਵੱਖਰਾ ਨਹੀਂ ਸੀ। ਸ਼ਿਕਾਇਤ ਇਹ ਵੀ ਸੀ ਕਿ ਪੁਰਾਣੇ ਵਾਲੰਟੀਅਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਸੀ ਅਤੇ ਟਿਕਟ ਦੇ ਬਾਰੇ ਮੁਕਾਮੀ ਕਾਰਕੁਨਾਂ ਦੀ ਬੈਠਕ ਵਿਚ ਧਾਂਦਲੀ ਹੋ ਰਹੀ ਸੀ। ਇਸੇ ਦੇ ਮੱਦੇਨਜ਼ਰ ਅਸੀਂ ਦੋਹਾਂ ਨੇ ਜ਼ੋਰ ਦਿੱਤਾ ਕਿ ਸਾਰੇ ਉਮੀਦਵਾਰਾਂ ਦੇ ਬਾਰੇ ਪੂਰੀ ਜਾਣਕਾਰੀ ਪਹਿਲਾਂ ਪੀæਏæਸੀæ ਅਤੇ ਫਿਰ ਲੋਕਾਂ ਨੂੰ ਦਿੱਤੀ ਜਾਵੇ। ਅਜਿਹੇ ਉਮੀਦਵਾਰਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਅੰਤਿਮ ਫ਼ੈਸਲਾ ਪੀæਏæਸੀæ ਵਿਚ ਉਸ ਨੇਮ ਅਨੁਸਾਰ ਚਰਚਾ ਕਰਨ ਤੋਂ ਪਿੱਛੋਂ ਕਰਨਾ ਚਾਹੀਦਾ ਹੈ, ਜਿਵੇਂ ਅਸੀਂ ਸੰਵਿਧਾਨ ਵਿਚ ਲਿਖਿਆ ਹੈ। ਕੀ ਅਜਿਹਾ ਕਹਿਣਾ ਸਾਡਾ ਫਰਜ਼ ਨਹੀਂ ਸੀ? ਇਸ ਸੂਰਤ ਵਿਚ ਸਾਡੀ ਗੁਜ਼ਾਰਿਸ਼ ਦਾ ਸਨਮਾਨ ਕਰਨ ਦੀ ਬਜਾਏ ਚੋਣਾਂ ਵਿਚ ਅੜਿੱਕਾ ਡਾਹੁਣ ਦਾ ਇਲਜ਼ਾਮ ਲਾਇਆ ਗਿਆ। ਆਖ਼ਿਰ ਸਾਡੇ ਲਗਾਤਾਰ ਜ਼ੋਰ ਦੇਣ ਦੀ ਵਜ੍ਹਾ ਨਾਲ ਉਮੀਦਵਾਰਾਂ ਬਾਰੇ ਸ਼ਿਕਾਇਤਾਂ ਦੀ ਜਾਂਚ ਲਈ ਕਮੇਟੀ ਬਣੀ। ਫਿਰ ਬਾਰਾਂ ਉਮੀਦਵਾਰਾਂ ਦੀ ਲੋਕਪਾਲ ਦੁਆਰਾ ਜਾਂਚ ਕੀਤੀ ਗਈ, ਦੋ ਦੇ ਟਿਕਟ ਰੱਦ ਹੋਏ, ਚਾਰ ਬੇਕਸੂਰ ਸਾਬਤ ਹੋਏ ਅਤੇ ਬਾਕੀ ਛੇ ਨੂੰ ਸ਼ਰਤਾਂ ਸਹਿਤ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਗਿਆ ਦਿੱਤੀ ਗਈ। ਤੁਸੀਂ ਹੀ ਦੱਸੋ, ਕੀ ਤੁਸੀਂ ਇਸ ਨੂੰ ਪਾਰਟੀ ਦੀ ਮਰਿਯਾਦਾ ਅਤੇ ਸ਼ਾਨ ਬਣਾਈ ਰੱਖਣ ਦਾ ਯਤਨ ਕਹੋਗੇ, ਜਾਂ ਪਾਰਟੀ ਵਿਰੋਧੀ ਕਾਰਵਾਈ?
ਇਨ੍ਹਾਂ ਛੇ ਵੱਡੇ ਮੁੱਦਿਆਂ ਅਤੇ ਅਨੇਕਾਂ ਨਿੱਕੇ-ਨਿੱਕੇ ਸਵਾਲਾਂ ਉਪਰ ਅਸੀਂ ਦੋਹਾਂ ਨੇ ਪਾਰਦਰਸ਼ਤਾ, ਜਮਹੂਰੀਅਤ ਅਤੇ ਸਵੈਰਾਜ ਦੇ ਉਨ੍ਹਾਂ ਸਿਧਾਂਤਾਂ ਨੂੰ ਵਾਰ-ਵਾਰ ਉਠਾਇਆ ਜਿਨ੍ਹਾਂ ਨੂੰ ਲੈ ਕੇ ਸਾਡੀ ਪਾਰਟੀ ਬਣੀ ਸੀ। ਅਸੀਂ ਇਹ ਸਵਾਲ ਪਾਰਟੀ ਦੇ ਅੰਦਰ ਅਤੇ ਢੁੱਕਵੇਂ ਮੰਚ ਉਪਰ ਉਠਾਏ। ਇਸ ਨਾਲ ਕਿਤੇ ਪਾਰਟੀ ਨੂੰ ਨੁਕਸਾਨ ਨਾ ਹੋ ਜਾਵੇ, ਇਸ ਲਈ ਅਸੀਂ ਦਿੱਲੀ ਚੋਣਾਂ ਨੇਪਰੇ ਚੜ੍ਹਨ ਤਕ ਇੰਤਜ਼ਾਰ ਕੀਤਾ ਅਤੇ 26 ਫਰਵਰੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਨੋਟ ਦੇ ਜ਼ਰੀਏ ਕੁਝ ਸੁਝਾਅ ਰੱਖੇ। ਸਾਡੇ ਮੁੱਖ ਸੁਝਾਅ ਇਹ ਸਨ:
1æ ਪਾਰਟੀ ਵਿਚ ਨੈਤਿਕ ਮੁੱਲਾਂ ਦੀ ਰਾਖੀ ਲਈ ਕਮੇਟੀ ਬਣੇ ਜੋ ਦੋ ਕਰੋੜ ਰੁਪਏ ਵਾਲੇ ਚੈੱਕ ਅਤੇ ਸਾਡੇ ਉਮੀਦਵਾਰ ਵਲੋਂ ਸ਼ਰਾਬ ਵੰਡਣ ਦੇ ਇਲਜ਼ਾਮ ਵਰਗੇ ਮਾਮਲਿਆਂ ਦੀ ਜਾਂਚ ਕਰੇ ਤਾਂ ਕਿ ਅਜਿਹੇ ਇਲਜ਼ਾਮਾਂ ਉਪਰ ਸਾਡੀ ਪਾਰਟੀ ਦਾ ਜਵਾਬ ਵੀ ਬਾਕੀ ਪਾਰਟੀਆਂ ਵਾਂਗ ਗੋਲਮੋਲ ਨਜ਼ਰ ਨਾ ਆਵੇ।
2æ ਸੂਬਿਆਂ ਦੇ ਸਿਆਸੀ ਫ਼ੈਸਲੇ ਵਿਕੇਂਦਰੀਕ੍ਰਿਤ ਹੋਣ ਅਤੇ ਘੱਟੋ-ਘੱਟ ਸਥਾਨਕ ਅਦਾਰਿਆਂ ਦੀਆਂ ਚੋਣਾਂ ਦੇ ਫ਼ੈਸਲੇ ਖ਼ੁਦ ਸੂਬਾ ਇਕਾਈਆਂ ਲੈਣ। ਹਰ ਚੀਜ਼ ਦਿੱਲੀ ਤੋਂ ਤੈਅ ਨਾ ਹੋਵੇ।
3æ ਪਾਰਟੀ ਦੇ ਜਥੇਬੰਦਕ ਢਾਂਚੇ ਅਤੇ ਅੰਦਰੂਨੀ ਜਮਹੂਰੀਅਤ ਦਾ ਸਤਿਕਾਰ ਕੀਤਾ ਜਾਵੇ ਅਤੇ ਪੀæਏæਸੀæ ਤੇ ਕੌਮੀ ਕਾਰਜਕਾਰਨੀ ਦੀਆਂ ਮੀਟਿੰਗਾਂ ਬਾਕਾਇਦਾ ਅਤੇ ਨੇਮ ਅਨੁਸਾਰ ਹੋਣ।
4æ ਪਾਰਟੀ ਦੇ ਫ਼ੈਸਲਿਆਂ ਵਿਚ ਵਾਲੰਟੀਅਰਾਂ ਦੀ ਆਵਾਜ਼ ਸੁਣਨ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਦੀ ਲੋੜੀਂਦੀ ਵਿਵਸਥਾ ਕੀਤੀ ਜਾਵੇ।
ਅਸੀਂ ਇਹ ਜਥੇਬੰਦਕ ਮੁੱਦੇ ਚੁੱਕੇ ਅਤੇ ਇਸ ਦੇ ਬਦਲੇ ਸਾਡੇ ਪੱਲੇ ਮਨਘੜਤ ਇਲਜ਼ਾਮ ਪਏ। ਅਸੀਂ ਪਾਰਟੀ ਦੀ ਏਕਤਾ ਅਤੇ ਉਸ ਦੀ ਰੂਹ, ਦੋਹਾਂ ਨੂੰ ਬਚਾਉਣ ਦਾ ਹਰ ਸੰਭਵ ਯਤਨ ਕੀਤਾ ਅਤੇ ਸਾਡੇ ਉਪਰ ਹੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਾਇਆ ਗਿਆ। ਇਲਜ਼ਾਮ ਇਹ ਕਿ ਅਸੀਂ ਦੋਵੇਂ ਪਾਰਟੀ ਨੂੰ ਹਰਾਉਣ ਲਈ ਸਾਜ਼ਿਸ਼ ਰਚ ਰਹੇ ਸੀ, ਕਿ ਅਸੀਂ ਪਾਰਟੀ ਦੇ ਖ਼ਿਲਾਫ਼ ਕੂੜ-ਪ੍ਰਚਾਰ ਕਰ ਰਹੇ ਸੀ, ਕਿ ਅਸੀਂ ਕਨਵੀਨਰ ਦਾ ਅਹੁਦਾ ਹਥਿਆਉਣ ਦੀ ਸਾਜ਼ਿਸ਼ ਕਰ ਰਹੇ ਸੀ। ਇਲਜ਼ਾਮ ਇੰਨੇ ਹਾਸੋਹੀਣੇ ਤੇ ਬਚਗਾਨਾ ਹਨ ਕਿ ਇਨ੍ਹਾਂ ਦਾ ਜਵਾਬ ਦੇਣ ਨੂੰ ਵੀ ਜੀ ਨਹੀਂ ਕਰਦਾ। ਇਹ ਵੀ ਲਗਦਾ ਹੈ ਕਿ ਕਿਤੇ ਇਨ੍ਹਾਂ ਦਾ ਜਵਾਬ ਦੇਣ ਨਾਲ ਇਨ੍ਹਾਂ ਨੂੰ ਵਾਜਬੀਅਤ/ਅਹਿਮੀਅਤ ਹੀ ਨਾ ਮਿਲ ਜਾਵੇ। ਫਿਰ ਵੀ, ਕਿਉਂਕਿ ਇਨ੍ਹਾਂ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ, ਇਸ ਲਈ ਕੁਝ ਤੱਥਾਂ ਦੀ ਸਫ਼ਾਈ ਦੇਣਾ ਲਾਹੇਵੰਦ ਰਹੇਗਾ ਤਾਂ ਕਿ ਤੁਹਾਡੇ ਮਨ ਵਿਚ ਸ਼ੱਕ ਦੀ ਗੁੰਜਾਇਸ਼ ਨਾ ਰਹੇ। (ਖ਼ਤ ਲੰਮਾ ਨਾ ਹੋ ਜਾਵੇ ਇਸ ਲਈ ਅਸੀਂ ਇਥੇ ਸਬੂਤ ਨਹੀਂ ਦੇ ਰਹੇ, ਕੁਝ ਦਸਤਾਵੇਜ਼ ਯੋਗੇਂਦਰ ਦੀ ਫੇਸਬੁਕ ਹਟਟਪ://ੱੱੱ।ਾਅਚeਬੋਕ।ਚੋਮ/Aਅਪੋਗeਨਦਰਅ ਉਪਰ ਮੌਜੂਦ ਹਨ)।
ਇਕ ਇਲਜ਼ਾਮ ਇਹ ਸੀ ਕਿ ਪ੍ਰਸ਼ਾਂਤ ਭੂਸ਼ਨ ਨੇ ਦਿੱਲੀ ਚੋਣਾਂ ਵਿਚ ਪਾਰਟੀ ਨੂੰ ਹਰਾਉਣ ਦੀ ਵਾਹ ਲਾਈ। ਦਿੱਲੀ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਬਾਰੇ ਜੋ ਸਚਾਈ ਉਪਰ ਬਿਆਨ ਕੀਤੀ ਜਾ ਚੁੱਕੀ ਹੈ, ਉਸ ਨੂੰ ਲੈ ਕੇ ਪ੍ਰਸ਼ਾਂਤ ਭੂਸ਼ਨ ਬਹੁਤ ਪ੍ਰੇਸ਼ਾਨ ਸੀ। ਪ੍ਰਸ਼ਾਂਤ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਪਾਰਟੀ ਆਪਣੇ ਅਸੂਲਾਂ ਨਾਲ ਸਮਝੌਤਾ ਕਰ ਕੇ ਚੋਣਾਂ ਜਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਗ਼ਲਤ ਰਸਤੇ ਉਪਰ ਚੱਲ ਕੇ ਚੋਣਾਂ ਜਿੱਤਣਾ ਆਖ਼ਿਰ ਪਾਰਟੀ ਨੂੰ ਬਰਬਾਦ ਅਤੇ ਖ਼ਤਮ ਕਰ ਦੇਵੇਗਾ। ਇਸ ਤੋਂ ਬਿਹਤਰ ਹੋਵੇਗਾ ਕਿ ਪਾਰਟੀ ਆਪਣੇ ਸਿਧਾਂਤਾਂ ਉਪਰ ਡਟੀ ਰਹੇ, ਚਾਹੇ ਉਸ ਨੂੰ ਘੱਟ-ਗਿਣਤੀ ‘ਚ ਰਹਿਣਾ ਪਵੇ। ਉਸ ਨੂੰ ਇਹ ਵੀ ਡਰ ਸੀ ਕਿ ਜੇ ਪਾਰਟੀ ਨੂੰ ਬਹੁਮਤ ਨਾਲ ਦੋ-ਤਿੰਨ ਸੀਟਾਂ ਵੱਧ-ਘੱਟ ਆ ਗਈਆਂ ਤਾਂ ਉਹ ਜੋੜ-ਤੋੜ ਦੀ ਖੇਡ ਦਾ ਸ਼ਿਕਾਰ ਹੋ ਸਕਦੀ ਹੈ, ਪਾਰਟੀ ਦੇ ਹੀ ਕੁਝ ਸ਼ੱਕੀ ਉਮੀਦਵਾਰ ਪਾਰਟੀ ਨੂੰ ਬਲੈਕਮੇਲ ਕਰਨ ਦਾ ਯਤਨ ਕਰ ਸਕਦੇ ਹਨ। ਅਜਿਹੀਆਂ ਭਾਵਨਾਵਾਂ ਜ਼ਾਹਿਰ ਕਰਨਾ ਅਤੇ ਪਾਰਟੀ ਨੂੰ ਹਰਾਉਣ ਦੀ ਦੁਆ ਜਾਂ ਕੋਸ਼ਿਸ਼ ਕਰਨਾ, ਇਹ ਉਕਾ ਹੀ ਦੋ ਵੱਖ-ਵੱਖ ਚੀਜ਼ਾਂ ਹਨ। ਯੋਗੇਂਦਰ ਨੇ ਪਾਰਟੀ ਨੂੰ ਕਿਵੇਂ ਨੁਕਸਾਨ ਪਹੁੰਚਾਇਆ, ਇਸ ਦਾ ਕੋਈ ਖ਼ੁਲਾਸਾ ਇਲਜ਼ਾਮ ਵਿਚ ਨਹੀਂ ਕੀਤਾ ਗਿਆ ਹੈ। ਜਿਵੇਂ ਹਰ ਕੋਈ ਜਾਣਦਾ ਹੈ, ਇਨ੍ਹਾਂ ਚੋਣਾਂ ਵਿਚ ਯੋਗੇਂਦਰ ਨੇ 80 ਤੋਂ ਲੈ ਕੇ 100 ਤੱਕ ਜਨਤਕ ਇਕੱਠ ਜਥੇਬੰਦ ਕੀਤੇ। ਨਿੱਤ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਰਹੇ, ਚੋਣ ਸਰਵੇਖਣ ਕੀਤੇ ਤੇ ਭਵਿੱਖਬਾਣੀਆਂ ਕੀਤੀਆਂ ਅਤੇ ਕਾਰਕੁਨਾਂ ਨੂੰ ਫ਼ੋਨ ਤੇ ਗੂਗਲ ਕਾਲ ਕਰਦੇ ਰਹੇ।
ਇਕ ਹੋਰ ਇਲਜ਼ਾਮ ਇਹ ਹੈ ਕਿ ਪ੍ਰਸ਼ਾਤ ਭੂਸ਼ਨ ਨੇ ਪਾਰਟੀ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕਰਨ ਦੀ ਧਮਕੀ ਦਿੱਤੀ। ਸੱਚ ਇਹ ਹੈ ਕਿ ਉਮੀਦਵਾਰਾਂ ਦੀ ਚੋਣ ਤੋਂ ਪ੍ਰੇਸ਼ਾਨ ਹੋਏ ਪ੍ਰਸ਼ਾਂਤ ਨੇ ਕਿਹਾ ਸੀ ਕਿ ਜੇ ਪਾਰਟੀ ਉਮੀਦਵਾਰਾਂ ਦੇ ਕਿਰਦਾਰ ਦੀ ਜਾਂਚ ਦਾ ਤਸੱਲੀਬਖ਼ਸ਼ ਪ੍ਰਬੰਧ ਨਹੀਂ ਕਰਦੀ, ਤਾਂ ਉਸ ਨੂੰ ਮਜਬੂਰਨ ਇਸ ਮਾਮਲੇ ਨੂੰ ਜਨਤਕ ਕਰਨਾ ਪਵੇਗਾ। ਉਦੋਂ ਯੋਗੇਂਦਰ ਯਾਦਵ ਸਮੇਤ ਪਾਰਟੀ ਦੇ ਪੰਦਰਾਂ ਸਾਥੀਆਂ ਨੇ ਪ੍ਰਸ਼ਾਂਤ ਦੇ ਘਰ ਤਿੰਨ ਦਿਨ ਮੀਟਿੰਗ ਕੀਤੀ। ਫ਼ੈਸਲਾ ਹੋਇਆ ਕਿ ਸ਼ੱਕੀ ਉਮੀਦਵਾਰਾਂ ਦੀ ਲੋਕਪਾਲ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਲੋਕਪਾਲ ਦਾ ਫ਼ੈਸਲਾ ਅੰਤਿਮ ਹੋਵੇਗਾ। ਇਹੀ ਹੋਇਆ ਅਤੇ ਲੋਕਪਾਲ ਦਾ ਫ਼ੈਸਲਾ ਆਉਣ ‘ਤੇ ਅਸੀਂ ਦੋਹਾਂ ਨੇ ਉਸ ਨੂੰ ਪੂਰੀ ਤਰ੍ਹਾਂ ਮੰਨਿਆ। ਪਾਰਟੀ ਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਕਿ ਮੁਲਕ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੇ ਆਜ਼ਾਦ ਪ੍ਰਬੰਧ ਬਣਾ ਕੇ ਆਪਣੇ ਉਮੀਦਵਾਰਾਂ ਦੀ ਛਾਣ-ਬੀਣ ਕੀਤੀ।
ਇਕ ਹੋਰ ਇਲਜ਼ਾਮ ਹੈ ਕਿ ਯੋਗੇਂਦਰ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਇਕ ਨਾਸ਼ਤਾ ਮਿਲਣੀ ਵਿਚ ‘ਦਿ ਹਿੰਦੂ’ ਅਖ਼ਬਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਹਰਿਆਣਾ ਚੋਣਾਂ ਦਾ ਫ਼ੈਸਲਾ ਕਰਦੇ ਵਕਤ ਕੌਮੀ ਕਾਰਜਕਾਰਨੀ ਦੇ ਫ਼ੈਸਲੇ ਦਾ ਸਨਮਾਨ ਨਹੀਂ ਕੀਤਾ ਗਿਆ। ਇਹ ਇਲਜ਼ਾਮ ਇਕ ਔਰਤ ਪੱਤਰਕਾਰ ਨੇ ਟੈਲੀਫ਼ੋਨ ਗੱਲਬਾਤ ਵਿਚ ਲਗਾਇਆ ਜਿਸ ਨੂੰ ਗੁਪਤ ਰੂਪ ਵਿਚ ਰਿਕਾਰਡ ਵੀ ਕੀਤਾ ਗਿਆ, ਪਰ ਇਸ ਕਥਨ ਦੇ ਜਨਤਕ ਹੋਣ ਤੋਂ ਬਾਅਦ ਉਸੇ ਮੀਟਿੰਗ ਵਿਚ ਮੌਜੂਦ ਇਕ ਹੋਰ ਮਸ਼ਹੂਰ ਪੱਤਰਕਾਰ ਐਸ਼ਪੀæਸਿੰਘ ਨੇ ਲੇਖ ਲਿਖ ਕੇ ਖ਼ੁਲਾਸਾ ਕੀਤਾ ਕਿ ਉਸ ਮੀਟਿੰਗ ਵਿਚ ਯੋਗੇਂਦਰ ਨੇ ਅਜਿਹੀ ਕੋਈ ਗੱਲ ਨਹੀਂ ਕਹੀ। ਉਸ ਨੇ ਸਵਾਲ ਕੀਤਾ ਕਿ ਜੇ ਅਜਿਹੀ ਕੋਈ ਵੀ ਗੱਲ ਦੱਸੀ ਹੁੰਦੀ ਤਾਂ ਬਾਕੀ ਦੇ ਤਿੰਨ ਪੱਤਰਕਾਰ ਜੋ ਉਸ ਨਾਸ਼ਤਾ ਮਿਲਣੀ ਵਿਚ ਮੌਜੂਦ ਸਨ, ਉਨ੍ਹਾਂ ਨੇ ਇਹ ਖ਼ਬਰ ਕਿਉਂ ਨਹੀਂ ਛਾਪੀ? ਉਸ ਦੇ ਲੇਖ ਦਾ ਲਿੰਕ ਹਟਟਪ://ੱੱੱ। ਚਅਰਅਵਅਨਮਅਗਅਡਨਿe।ਨਿ/ਵਅਨਟਅਗe/ਨਿਦਅਿਨ-eਣਪਰeਸਸ-ੋਗeਨਦਰਅ-ੇਅਦਅਵ।ਨਿਦਅਿਨ-ਜੁਰਨਅਲਸਿਮ ਹੈ। ਇਲਜ਼ਾਮ ਇਹ ਵੀ ਹੈ ਕਿ ਦਿੱਲੀ ਚੋਣਾਂ ਦੌਰਾਨ ਕੁਝ ਹੋਰ ਸੰਪਾਦਕਾਂ ਨੂੰ ਯੋਗੇਂਦਰ ਨੇ ਪਾਰਟੀ ਵਿਰੋਧੀ ਗੱਲਾਂ ਦੱਸੀਆਂ। ਜੇ ਇਹ ਗੱਲ ਹੈ ਤਾਂ ਉਨ੍ਹਾਂ ਸੰਪਾਦਕਾਂ ਦੇ ਨਾਂ ਨਸ਼ਰ ਕਿਉਂ ਨਹੀਂ ਕੀਤੇ ਗਏ?
ਇਕ ਹੋਰ ਇਲਜ਼ਾਮ ਇਹ ਵੀ ਹੈ ਕਿ ਪ੍ਰਸ਼ਾਤ ਅਤੇ ਯੋਗੇਂਦਰ ਨੇ ‘ਅਵਾਮ’ ਦੀ ਹਮਾਇਤ ਕੀਤੀ। ਉਪਰ ਦੱਸਿਆ ਜਾ ਚੁੱਕਾ ਹੈ ਕਿ ਪ੍ਰਸ਼ਾਂਤ ਨੇ ਕੌਮੀ ਜ਼ਾਬਤਾ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ ਵਿਚ ‘ਅਵਾਮ’ ਦੇ ਕਰਨ ਸਿੰਘ ਦੇ ਮਾਮਲੇ ਵਿਚ ਨਿਰਪੱਖ ਜਾਂਚ ਦੀ ਗੁਜ਼ਾਰਿਸ਼ ਕੀਤੀ। ਇਕ ਜੱਜ ਦੇ ਕੰਮ ਨੂੰ ਅਨੁਸ਼ਾਸਨਹੀਣਤਾ ਕਿਵੇਂ ਕਿਹਾ ਜਾ ਸਕਦਾ ਹੈ? ਯੋਗੇਂਦਰ ਖ਼ਿਲਾਫ਼ ਇਸ ਬਾਰੇ ਕੋਈ ਪ੍ਰਮਾਣਿਤ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਲਟਾ ‘ਅਵਾਮ’ ਦੇ ਬੰਦਿਆਂ ਨੇ ਯੋਗੇਂਦਰ ਉਪਰ ਈ-ਮੇਲ ਲਿਖ ਕੇ ਇਲਜ਼ਾਮ ਲਾਏ ਜਿਸ ਦਾ ਜਵਾਬ ਯੋਗੇਂਦਰ ਨੇ ਜਨਤਕ ਤੌਰ ‘ਤੇ ਦਿੱਤਾ ਸੀ। ਜਦੋਂ ‘ਅਵਾਮ’ ਨੇ ਚੋਣਾਂ ਤੋਂ ਹਫ਼ਤਾ ਪਹਿਲਾਂ ਪਾਰਟੀ ਉਪਰ ਫਰਜ਼ੀ ਇਲਜ਼ਾਮ ਲਾਏ ਤਾਂ ਇਨ੍ਹਾਂ ਦਾ ਖੰਡਨ ਕਰਨ ਵਿਚ ਸਭ ਤੋਂ ਅਹਿਮ ਭੂਮਿਕਾ ਯੋਗੇਂਦਰ ਨੇ ਨਿਭਾਈ।
ਫਿਰ ਵੀ ਕਿਉਂਕਿ ਇਹ ਇਲਜ਼ਾਮ ਲਾਏ ਗਏ ਹਨ, ਤਾਂ ਇਨ੍ਹਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ ਕੌਮੀ ਕਾਰਜਕਾਰਨੀ ਦੇ ਮੈਂਬਰਾਂ ਖ਼ਿਲਾਫ਼ ਕਿਸੇ ਵੀ ਇਲਜ਼ਾਮ ਦੀ ਜਾਂਚ ਕੌਮੀ ਲੋਕਪਾਲ ਕਰ ਸਕਦਾ ਹੈ। ਖ਼ੁਦ ਲੋਕਪਾਲ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਅਜਿਹੀ ਕੋਈ ਵੀ ਜਾਂਚ ਕਰਨ ਲਈ ਤਿਆਰ ਹੈ। ਅਸੀਂ ਦੋਵੇਂ ਲੋਕਪਾਲ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਚਾਰਾਂ ਸਾਥੀਆਂ ਵਲੋਂ ਲਗਾਏ ਇਲਜ਼ਾਮਾਂ ਦੀ ਜਾਂਚ ਕਰੇ। ਜੇ ਲੋਕਪਾਲ ਸਾਨੂੰ ਕਸੂਰਵਾਰ ਕਰਾਰ ਦਿੰਦੇ ਹਨ ਤਾਂ ਉਸ ਵਲੋਂ ਤੈਅ ਕੀਤੀ ਸਜ਼ਾ ਅਸੀਂ ਕਬੂਲ ਕਰਾਂਗੇ, ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਪਾਰਟੀ ਸੰਵਿਧਾਨ ਤਹਿਤ ਜਾਂਚ ਕਰਾਉਣ ਦੀ ਬਜਾਏ ਇਹ ਇਲਜ਼ਾਮ ਮੀਡੀਆ ਵਿਚ ਕਿਉਂ ਲਗਾਏ ਜਾ ਰਹੇ ਹਨ?
ਸਾਥੀਓ! ਇਹ ਘੜੀ ਪਾਰਟੀ ਲਈ ਸੰਕਟ ਵੀ ਹੈ ਅਤੇ ਮੌਕਾ ਵੀ। ਇੰਨੀ ਵੱਡੀ ਜਿੱਤ ਤੋਂ ਬਾਅਦ ਇਹ ਮੌਕਾ ਹੈ ਖੁੱਲ੍ਹੇ ਮਨ ਨਾਲ ਕੁਝ ਇਤਿਹਾਸਕ ਕੰਮ ਕਰਨ ਦਾ। ਇਹ ਨਿੱਕੇ-ਨਿੱਕੇ ਵਿਵਾਦਾਂ ਅਤੇ ਤੂੰ-ਤੂੰ ਮੈਂ-ਮੈਂ ਵਿਚ ਉਲਝਣ ਦਾ ਵਕਤ ਨਹੀਂ ਹੈ। ਪਿਛਲੇ ਕੁਝ ਦਿਨਾਂ ਦੇ ਵਿਵਾਦ ਨਾਲ ਕੁਝ ਸਵਾਰਥਾਂ ਨੂੰ ਫ਼ਾਇਦਾ ਹੋਇਆ ਹੈ ਅਤੇ ਪਾਰਟੀ ਨੂੰ ਨੁਕਸਾਨ। ਉਸ ਵਿਚੋਂ ਨਿਕਲਣ ਦਾ ਇਹੀ ਸਹੀ ਤਰੀਕਾ ਹੈ ਕਿ ਸਾਰੇ ਤੱਥ ਸਾਰੇ ਕਾਰਕੁਨਾਂ ਸਾਹਮਣੇ ਰੱਖ ਦਿੱਤੇ ਜਾਣ। ਇਹ ਪਾਰਟੀ ਕਾਰਕੁਨਾਂ ਦੇ ਲਹੂ-ਪਸੀਨੇ ਦੀ ਮਿਹਨਤ ਨਾਲ ਬਣੀ ਹੈ। ਆਖ਼ਿਰ ਤੁਸੀਂ ਵਾਲੰਟੀਅਰ ਹੀ ਇਹ ਤੈਅ ਕਰੋਗੇ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਆਪਾਂ ਸਾਰੇ ਸਿਆਸਤ ਵਿਚ ਸਚਾਈ ਅਤੇ ਇਮਾਨਦਾਰੀ ਦਾ ਖ਼ਵਾਬ ਲੈ ਕੇ ਚੱਲੇ ਸੀ। ਤੁਸੀਂ ਹੀ ਫ਼ੈਸਲਾ ਕਰੋ ਕਿ ਕੀ ਅਸੀਂ ਸਚਾਈ, ਸਦਾਚਾਰ ਅਤੇ ਸਵੈਰਾਜ ਦੇ ਆਦਰਸ਼ਾਂ ਨਾਲ ਕੋਈ ਸਮਝੌਤਾ ਕੀਤਾ? ਤੁਹਾਡੇ ਫ਼ੈਸਲਾ ਸਿਰ-ਮੱਥੇ ਕਬੂਲ ਹੋਵੇਗਾ।
ਤੁਹਾਡੇ ਸਾਰਿਆਂ ਤਕ ਪੁੱਜਦਾ ਕਰਨ ਲਈ ਅਸੀਂ ਇਹ ਖ਼ਤ ਮੀਡੀਆ ਨੂੰ ਦੇ ਰਹੇ ਹਾਂ। ਸਾਨੂੰ ਉਮੀਦ ਹੈ ਕਿ ਪਾਰਟੀ ਵਿਚਲੀ ਘੱਟ-ਗਿਣਤੀ ਦਾ ਸਤਿਕਾਰ ਕਰਦੇ ਹੋਏ ਇਸ ਖ਼ਤ ਨੂੰ ਵੀ ਉਸੇ ਤਰ੍ਹਾਂ ਪ੍ਰਸਾਰਤ ਕੀਤਾ ਜਾਵੇਗਾ ਜਿਵੇਂ ਚਾਰ ਸਾਥੀਆਂ ਦੇ ਬਿਆਨ ਨੂੰ ਪ੍ਰਸਾਰਤ ਕੀਤਾ ਗਿਆ, ਪਰ ਅਸੀਂ ਮੀਡੀਆ ਵਿਚ ਚੱਲ ਰਹੇ ਇਸ ਵਿਵਾਦ ਨੂੰ ਹੋਰ ਅੱਗੇ ਵਧਾਉਣਾ ਨਹੀਂ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਪਾਰਟੀ ਦਾ ਅਕਸ ਵਿਗੜੇ। ਇਸ ਲਈ ਇਹ ਖ਼ਤ ਜਾਰੀ ਕਰਨ ਤੋਂ ਬਾਅਦ ਅਸੀਂ ਫ਼ਿਲਹਾਲ ਖ਼ਾਮੋਸ਼ ਰਹਿਣਾ ਚਾਹਾਂਗੇ। ਅਸੀਂ ਅਪੀਲ ਕਰਦੇ ਹਾਂ ਕਿ ਪਾਰਟੀ ਦੇ ਸਾਰੇ ਸਾਥੀ ਵੀ ਅਗਲੇ ਕੁਝ ਦਿਨ ਇਸ ਮਾਮਲੇ ‘ਚ ਖ਼ਾਮੋਸ਼ ਹੀ ਰਹਿਣ ਤਾਂ ਕਿ ਜ਼ਖ਼ਮ ਭਰ ਜਾਣ ਦਾ ਮੌਕਾ ਮਿਲੇ, ਕੁਝ ਹਾਂਪੱਖੀ ਸੋਚਣ ਲਈ ਸਮਾਂ ਮਿਲੇ।
ਦੋਸਤੋ, ਅਰਵਿੰਦ ਭਾਈ ਸਿਹਤਯਾਬੀ ਲਈ ਬੰਗਲੂਰੂ ਵਿਚ ਹਨ। ਸਾਰਿਆਂ ਵਾਂਗ ਸਾਨੂੰ ਵੀ ਉਨ੍ਹਾਂ ਦੀ ਸਿਹਤ ਦਾ ਫ਼ਿਕਰ ਹੈ। ਅੱਜ ਅਰਵਿੰਦ ਭਾਈ ਸਿਰਫ਼ ਪਾਰਟੀ ਦੇ ਨਿਰਵਿਵਾਦ ਆਗੂ ਹੀ ਨਹੀਂ, ਮੁਲਕ ਵਿਚ ਸਾਫ਼-ਸੁਥਰੀ ਸਿਆਸਤ ਦੇ ਪ੍ਰਤੀਕ ਵੀ ਹਨ। ਪਾਰਟੀ ਦੇ ਸਾਰੇ ਕਾਰਕੁਨ ਚਾਹੁੰਦੇ ਹਨ ਕਿ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਦਿੱਲੀ ਅਤੇ ਮੁਲਕ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕਣ। ਸਾਨੂੰ ਭਰੋਸਾ ਹੈ ਕਿ ਵਾਪਸ ਆ ਕੇ ਅਰਵਿੰਦ ਭਾਈ ਪਾਰਟੀ ਵਿਚ ਪੈਦਾ ਹੋਏ ਇਸ ਜਮੂਦ ਦਾ ਕੋਈ ਹੱਲ ਜ਼ਰੂਰ ਕੱਢਣਗੇ ਜਿਸ ਨਾਲ ਪਾਰਟੀ ਦੀ ਏਕਤਾ ਅਤੇ ਰੂਹ, ਦੋਵੇਂ ਬਚੀਆਂ ਰਹਿਣ। ਅਸੀਂ ਦੋਵੇਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਸਿਧਾਂਤਾਂ ਨਾਲ ਸਮਝੌਤਾ ਕੀਤੇ ਬਗ਼ੈਰ ਪਾਰਟੀ ਨੂੰ ਬਚਾਉਣ ਦੇ ਕਿਸੇ ਵੀ ਯਤਨ ਵਿਚ ਹਰ ਸੰਭਵ ਸਹਿਯੋਗ ਦਿਆਂਗੇ। ਅਸੀਂ ਹੁਣ ਤਕ ਆਪਣੇ ਵਲੋਂ ਸਾਲਸੀ ਦੇ ਹਰ ਯਤਨ ਦਾ ਸਵਾਗਤ ਕੀਤਾ ਹੈ ਅਤੇ ਕਰਦੇ ਰਹਾਂਗੇ। ਕੁਝ ਵੀ ਹੋਵੇ, ਅਸੀਂ ਹਉਮੈ ਨੂੰ ਸੰਕਟ ਦੇ ਹੱਲ ਵਿਚ ਅੜਿੱਕਾ ਨਹੀਂ ਬਣਨ ਦਿਆਂਗੇ। ਸਾਡੇ ਦੋਹਾਂ ਕੋਲ ਕੋਈ ਅਹੁਦਾ ਰਹਿੰਦਾ ਹੈ ਜਾਂ ਨਹੀਂ, ਇਹ ਮੁੱਦਾ ਹੀ ਨਹੀਂ ਹੈ। ਬਸ ਪਾਰਟੀ ਆਪਣੇ ਸਿਧਾਂਤਾਂ ਅਤੇ ਲੱਖਾਂ ਕਾਰਕੁਨਾਂ ਨਾਲ ਜੁੜੀ ਰਹੇ, ਇਹੀ ਇਕੋ ਇਕ ਸਰੋਕਾਰ ਹੈ। ਅਸੀਂ ਦੋਵੇਂ ਪਾਰਟੀ ਜ਼ਾਬਤੇ ਵਿਚ ਰਹਿ ਕੇ ਪਾਰਟੀ ਲਈ ਕੰਮ ਕਰਦੇ ਰਹਾਂਗੇ।
-ਤੁਹਾਡੇ
ਪ੍ਰਸ਼ਾਂਤ ਭੂਸ਼ਨ ਅਤੇ
ਯੋਗੇਂਦਰ ਯਾਦਵ