ਮਜ਼ਹਬ, ਮੁਲਕ ਤੇ ਮਨੁੱਖ

ਪਾਕਿਸਤਾਨ ਇਨ੍ਹੀਂ ਦਿਨੀਂ ਮਜ਼ਹਬੀ ਕੱਟੜਤਾ ਦਾ ਡਾਢਾ ਸੇਕ ਸਹਿ ਰਿਹਾ ਹੈ। ਸਰਕਾਰ ਦੀ ਇੱਛਾ ਦੇ ਬਾਵਜੂਦ ਮਜ਼ਹਬੀ ਕੱਟੜਤਾ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀਆਂ ਜਥੇਬੰਦੀਆਂ ਨੂੰ ਨਕੇਲ ਪਾਉਣ ਵਿਚ ਬੜੀ ਮੁਸ਼ਕਿਲ ਪੇਸ਼ ਆ ਰਹੀ ਹੈ। ਇਹ ਜਥੇਬੰਦੀਆਂ ਅੱਜ ਪਾਕਿਸਤਾਨੀ ਸਮਾਜ ਦੇ ਹਰ ਖੇਤਰ ਉਤੇ ਅਸਰ-ਅੰਦਾਜ਼ ਹੋ ਰਹੀਆਂ ਹਨ।

ਮਜ਼ਹਬ ਦੇ ਨਾਂ ਉਤੇ ਲਗਾਤਾਰ ਸਿੱਧੀ ਸਿਆਸਤ ਕੀਤੀ ਜਾ ਰਹੀ ਹੈ ਅਤੇ ਬਹੁਤ ਵੱਡੇ ਪੱਧਰ ਉਤੇ ਨੌਜਵਾਨਾਂ ਨੂੰ ਜਹਾਦ ਦੇ ਨਾਂ ਨਾਲ ਜੋੜ ਕੇ ਲਾਮਬੰਦ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਕਾਲਮਨਵੀਸ ਡਾਕਟਰ ਤਾਹਿਰ ਮਹਿਮੂਦ ਨੇ ਇਸ ਲਾਮਬੰਦੀ ਦੀਆਂ ਜੜ੍ਹਾਂ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਇਹ ‘ਫਿਰਕਾਪ੍ਰਸਤੀ’ ਕਿਸ ਤਰ੍ਹਾਂ ਮਨੁੱਖਾ ਜੀਵਨ ਦੇ ਰਾਹ ਦਾ ਰੋੜਾ ਬਣ ਰਹੀ ਹੈ ਅਤੇ ਵੱਖ-ਵੱਖ ਮਜ਼ਹਬਾਂ ਹੀ ਨਹੀਂ, ਇਕੋ ਮਜ਼ਹਬ ਨਾਲ ਸਬੰਧਤ ਵੱਖ-ਵੱਖ ਫਿਰਕਿਆਂ ਵਿਚਕਾਰ ਨਫਰਤ ਦਾ ਜ਼ਰੀਆ ਬਣ ਰਹੀ ਹੈ। -ਸੰਪਾਦਕ

ਤਾਹਿਰ ਮਹਿਮੂਦ
ਮਜ਼ਹਬ (ਧਰਮ) ਇਨਸਾਨੀ ਰੂਹ ਦੀ ਕੁਦਰਤੀ ਜ਼ਰੂਰਤ ਹੈ। ਮਜ਼ਹਬੀ ਤਾਲੀਮ-ਓ-ਤਰਬੀਅਤ ਇਨਸਾਨੀਅਤ ਦੀ ਭਲਾਈ ਨੇਕੀ-ਓ-ਬਦੀ ਦੀ ਪਛਾਣ ਤੇ ਹੱਕ ਦੀ ਖਾਤਰ ਮਰ ਮਿਟਣ ਲਈ ਬੰਦੇ ਦੀ ਸਿੱਖਿਆ ਕਰਦੀ ਹੈ। ਇਨਸਾਨੀ ਕਿਰਦਾਰ ਸੰਵਾਰਨ ਵਿਚ ਧਾਰਮਿਕ ਤਾਲੀਮ ਬੁਨਿਆਦੀ ਕਿਰਦਾਰ ਅਦਾ ਕਰਦੀ ਹੈ। ਪਾਕਿਸਤਾਨ 97 ਫੀਸਦੀ ਮੁਸਲਿਮ ਆਬਾਦੀ ਵਾਲਾ ਮੁਲਕ ਹੈ ਪਰ ਇਸ ਮੁਲਕ ਦੇ ਲੀਡਰਾਂ ਨੇ ਇਸਲਾਮ ਦੀ ਤਾਲੀਮ ਦੀ ਜ਼ਿੰਮੇਵਾਰੀ ਕਦੇ ਆਪਣੇ ਸਿਰ ਨਹੀਂ ਲਈ। ਇਸਲਾਮੀ ਤਾਲੀਮ ਨੂੰ ਇਸਲਾਮ ਦਾ ਪ੍ਰਚਾਰ ਕਰਨ ਦੇ ਦਾਅਵੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਮੁਲਕ ਅੰਦਰ ਬੱਚਿਆਂ ਨੂੰ ਇਸਲਾਮੀ ਤਾਲੀਮ ਦੇਣ ਲਈ ਮਦਰੱਸਿਆਂ ਦਾ ਜਾਲ ਵਿਛਾ ਦਿੱਤਾ। ਬਹੁ-ਗਿਣਤੀ ਗਰੀਬ ਪਰਿਵਾਰ ਜੋ ਆਪਣੇ ਬੱਚਿਆਂ ਨੂੰ ਆਮ ਤਾਲੀਮੀ ਅਦਾਰਿਆਂ ਵਿਚ ਨਹੀਂ ਸਨ ਪੜ੍ਹਾ ਸਕਦੇ, ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਦਰੱਸਿਆਂ ਦੇ ਕਰਤਿਆਂ-ਧਰਤਿਆਂ ਦੇ ਹਵਾਲੇ ਕਰ ਦਿੱਤਾ ਜੋ ਬੱਚਿਆਂ ਨੂੰ ਖਾਣ-ਪੀਣ ਦੇ ਨਾਲ-ਨਾਲ ਰਿਹਾਇਸ਼ ਦੀ ਸਹੂਲਤ ਵੀ ਦਿੰਦੇ ਸਨ।
ਮਦਰੱਸਿਆਂ ਅੰਦਰ ਬੱਚਿਆਂ ਨੂੰ ਇਸ ਢੰਗ ਨਾਲ ਇਸਲਾਮੀ ਫ਼ਿਰਕਿਆਂ ਦੀ ਤਾਲੀਮ ਦਿੱਤੀ ਗਈ ਕਿ ਇਸ ਤਾਲੀਮ ਨੇ ਬੱਚਿਆਂ ਦੇ ਜ਼ਿਹਨ ਨੂੰ ਪੱਥਰ ਬਣਾ ਦਿੱਤਾ। ਜੋ ਲਕੀਰਾਂ ਇਸਲਾਮੀ ਇਲਮ-ਓ-ਅਦਬ ਦੇ ਨਾਂ ਹੇਠ ਇਨ੍ਹਾਂ ਦੇ ਪੱਥਰ ਬਣਾਏ, ਜ਼ਿਹਨ Ḕਤੇ ਖਿੱਚ ਦਿੱਤੀਆਂ ਗਈਆਂ, ਉਸ ਤੋਂ ਇਲਾਵਾ ਕੋਈ ਹੋਰ ਲਕੀਰ ਖਿੱਚਣ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਗਈ। ਅੱਜ ਜੋ ਵੀ ਮੁਲਕ ਅੰਦਰ ਲਸ਼ਕਰ ਜਥੇਬੰਦੀਆਂ ਤੇ ਜਹਾਦ ਦੇ ਨਾਂ ਹੇਠ ਤਨਜ਼ੀਮਾਂ ਬਣੀਆਂ ਹੋਈਆਂ ਹਨ, ਉਹ ਇਨ੍ਹਾਂ ਮਦਰੱਸਿਆਂ ਦੇ ਹੀ ਲਾਏ ਹੋਏ ਬੂਟੇ ਹਨ ਜਿਨ੍ਹਾਂ ਨੂੰ ਫਲ-ਫੁੱਲ ਦੀ ਥਾਂ Ḕਗੋਲਾ-ਬਾਰੂਦḔ ਲਗਦਾ ਹੈ। ਇਸੇ ਹੀ ਗੋਲਾ-ਬਾਰੂਦ ਨੇ ਪੂਰੀ ਪਾਕਿਸਤਾਨੀ ਕੌਮ ਨੂੰ ਲਹੂ-ਲੁਹਾਣ ਕੀਤਾ ਹੋਇਆ ਹੈ। ਪਾਕਿਸਤਾਨ ਅੰਦਰ ਮਦਰੱਸਿਆਂ ਦੀ ਤਾਦਾਦ ਦੋ ਹਜ਼ਾਰ ਤੋਂ ਵੱਧ ਹੈ। ਇਨ੍ਹਾਂ ਮਦਰੱਸਿਆਂ ਵਿਚ 10 ਲੱਖ ਤੋਂ ਵੱਧ ਬੱਚੇ ਪੜ੍ਹ ਰਹੇ ਹਨ।
ਇਸਲਾਮ ਵਿਚ ਚਾਰ ਫ਼ਿਰਕੇ ਬਣੇ ਹੋਏ ਹਨ। ਇਨ੍ਹਾਂ ਫ਼ਿਰਕਿਆਂ ਨੂੰ ਇਸਲਾਮੀ ਅਰਥਾਂ ਵਿਚ ਮਸਲਕ ਕਿਹਾ ਜਾਂਦਾ ਹੈ। ਹਰ ਫ਼ਿਰਕੇ ਵਿਚ ਪੜ੍ਹਾਏ ਜਾਣ ਵਾਲੇ ਕਾਨੂੰਨ ਨੂੰ ਫਿਰਕਾ ਕਹਿੰਦੇ ਹਨ। ਇਹ 4 ਫ਼ਿਰਕੇ ਹਨ: ਬਰੇਲਵੀ, ਹਨਫ਼ੀ, ਦਿਓਬੰਦੀ ਤੇ ਸ਼ੀਆ। ਇਨ੍ਹਾਂ ਸਾਰੇ ਫਿਰਕਿਆਂ ਦੇ ਵੱਖੋ-ਵੱਖ ਇਸਲਾਮੀ ਕਾਨੂੰਨ ਹਨ।
ਇਨ੍ਹਾਂ ਮਦਰੱਸਿਆਂ ਵਿਚੋਂ ਤਾਲੀਮ ਮੁਕੰਮਲ ਕਰ ਕੇ ਨਿਕਲਣ ਵਾਲੇ ਤਾਲਿਬ ਇਲਮ ਮੁਸਲਮਾਨ ਤਾਂ ਹਨ, ਪਰ ਇਨ੍ਹਾਂ ਦਾ ਇਸਲਾਮ ਬਾਰੇ ਆਪਣਾ-ਆਪਣਾ ਕਾਨੂੰਨ ਤੇ ਅਲੱਗ ਹੀ ਫ਼ਲਸਫ਼ਾ ਹੈ। ਪਾਕਿਸਤਾਨ ਅੰਦਰ ਬਣਨ ਵਾਲੇ ਸਾਰੇ ਮਦਰੱਸੇ ਮਸਲਕ (ਫ਼ਿਰਕੇ) ਦੀ ਬੁਨਿਆਦ Ḕਤੇ ਬਣੇ ਹੋਏ ਹਨ।
ਦੁਨੀਆਂ ਭਰ ਵਿਚ ਜਦ ਇਨ੍ਹਾਂ ਮਦਰੱਸਿਆਂ ਦੇ ਪੜ੍ਹੇ ਹੋਏ ਤਾਲਿਬ (ਵਿਦਿਆਰਥੀ) ਇਸਲਾਮ ਦੇ ਪ੍ਰਚਾਰ ਲਈ ਜਾਂਦੇ ਹਨ ਤਾਂ ਉਹ ਇਸਲਾਮ ਦਾ ਪ੍ਰਚਾਰ ਉਨ੍ਹਾਂ ਲੀਹਾਂ Ḕਤੇ ਨਹੀਂ ਕਰਦੇ ਜੋ ਮੁਹੰਮਦ ਸਾਹਿਬ ਦੇ ਸਮੇਂ ਖੁਦ ਹਜ਼ੂਰ (ਮੁਹੰਮਦ ਸਾਹਿਬ) ਤੇ ਆਪ ਜੀ ਦੇ ਮੁਸਲਿਮ ਸਾਥੀ (ਸੁਹਾਬਾ ਕਰਾਮ) ਕਰਦੇ ਸਨ, ਬਲਕਿ ਇਨ੍ਹਾਂ ਮਦਰੱਸਿਆਂ ਦੇ ਪੜ੍ਹੇ ਵਿਦਿਆਰਥੀ ਇਸਲਾਮ ਦਾ ਪ੍ਰਚਾਰ ਚਾਰ ਫਿਰਕਿਆਂ ਵਿਚੋਂ ਕਿਸੇ ਇਕ ਦੀ ਬੁਨਿਆਦ Ḕਤੇ ਕਰਦੇ ਹਨ। ਉਸ ਫ਼ਿਰਕੇ ਦੇ ਇਸਲਾਮੀ ਇਲਮ ਨੂੰ ਹੀ ਉਨ੍ਹਾਂ ਆਪਣੇ ਮਦਰੱਸੇ ਵਿਚ ਪੜ੍ਹਿਆ ਹੁੰਦਾ ਹੈ।
ਸੰਸਾਰ ਭਰ ਵਿਚ ਕਾਇਮ ਮੁਸਲਿਮ ਮੁਲਕ ਕੇਵਲ ਇਸਲਾਮ ਦੇ ਨਾਂ ਹੇਠ ਕਾਇਮ ਨਹੀਂ, ਬਲਕਿ ਇਸਲਾਮ ਵਿਚ ਬਣਨ ਵਾਲੇ ਚਾਰ ਫ਼ਿਰਕਿਆਂ ਵਿਚੋਂ ਕਿਸੇ ਇਕ ਫ਼ਿਰਕੇ ਦੀ ਬੁਨਿਆਦ Ḕਤੇ ਬਣੇ ਹੋਏ ਹਨ; ਜਿਵੇਂ ਸਾਊਦੀ ਅਰਬ ਦਿਓ ਬੰਦੀ ਅਤੇ ਇਰਾਨ ਸ਼ੀਆ ਫ਼ਿਰਕਿਆਂ ਦੀ ਬੁਨਿਆਦ Ḕਤੇ ਕਾਇਮ ਹਨ। ਇੰਜ ਹੀ ਦੁਨੀਆਂ ਦੇ ਬਹੁ-ਗਿਣਤੀ ਮੁਸਲਮਾਨ ਮੁਲਕ ਇਸਲਾਮੀ ਫ਼ਿਰਕਿਆਂ ਦੀ ਬੁਨਿਆਦ Ḕਤੇ ਵੰਡੇ ਹੋਏ ਹਨ। ਇਹੋ ਕਾਰਨ ਹੈ ਕਿ ਕਿਸੇ ਵੀ ਇਸਲਾਮੀ ਮੁਲਕ ਦਾ ਬਹੁ-ਗਿਣਤੀ ਫ਼ਿਰਕਾ ਘੱਟ-ਗਿਣਤੀ ਫ਼ਿਰਕੇ ਦੇ ਮੁਸਲਮਾਨਾਂ Ḕਤੇ ਜ਼ੁਲਮ ਤੇ ਜ਼ਿਆਦਤੀਆਂ ਕਰਦਾ ਰਹਿੰਦਾ ਹੈ; ਜਿਵੇਂ ਪਾਕਿਸਤਾਨ ਅੰਦਰ ਘੱਟ-ਗਿਣਤੀ ਸ਼ੀਆ ਫ਼ਿਰਕਾ ਦੇ ਮੁਸਲਿਮ ਭਾਈਚਾਰੇ ਦੀ ਕਤਲ-ਓ-ਗਾਰਤ ਆਏ ਦਿਨ ਹੁੰਦੀ ਰਹਿੰਦੀ ਹੈ। ਸੰਸਾਰ ਦਾ ਕੋਈ ਵੀ ਇਸਲਾਮੀ ਮੁਲਕ ਇਸਲਾਮ ਦੇ ਜਿਸ ਫ਼ਿਰਕੇ ਦਾ ਪੈਰੋਕਾਰ ਹੈ, ਉਹ ਆਪਣੇ ਮੁਲਕ ਅੰਦਰ ਚੱਲ ਰਹੇ ਫ਼ਿਰਕੇ ਦੀ ਬੁਨਿਆਦ Ḕਤੇ ਕਾਇਮ ਪਾਕਿਸਤਾਨ ਅੰਦਰ ਕਾਇਮ ਮਦਰੱਸੇ ਦੀ ਮਾਲੀ ਮਦਦ ਕਰਦਾ ਹੈ। ਹਰ ਮਦਰੱਸਾ ਜਿਸ ਮੁਸਲਿਮ ਫ਼ਿਰਕੇ ਦੀ ਤਾਲੀਮ ਦਿੰਦਾ ਹੈ, ਉਸ ਮਦਰੱਸੇ ਅੰਦਰ ਪੜ੍ਹਾਉਣ ਵਾਲੇ ਮੌਲਾਣੇ ਦਾਅਵੇਦਾਰ ਹੁੰਦੇ ਹਨ ਕਿ ਉਨ੍ਹਾਂ ਫ਼ਿਰਕੇ Ḕਤੇ ਚੱਲਣ ਵਾਲੇ ਹੀ ਮੁਸਲਮਾਨ ਹਨ, ਦੂਜੇ ਫ਼ਿਰਕਿਆਂ ਵਾਲੇ ਗੁੰਮਰਾਹ ਮੁਸਲਮਾਨ ਹਨ।
ਮਦਰੱਸਾ ਬਣਾਉਣ ਤੇ ਚਲਾਉਣ ਵਾਲਿਆਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਮ ਮੁਸਲਮਾਨ ਆਪਣੇ ਬੱਚਿਆਂ ਨੂੰ ਕੇਵਲ ਉਨ੍ਹਾਂ ਦੇ ਮਦਰੱਸੇ ਵਿਚ ਪੜ੍ਹਨ ਲਈ ਭੇਜਣ। ਇਸ ਲਈ ਲਾਲਚ-ਜ਼ਬਰ ਬਲਕਿ ਹਰ ਹੀਲਾ ਵਰਤਿਆ ਜਾਂਦਾ ਹੈ। ਦਰਅਸਲ ਹਰ ਫ਼ਿਰਕੇ ਦੇ ਮਦਰੱਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਪੀੜ੍ਹੀ ਕੇਵਲ ਉਸ ਵਿਚ ਪੜ੍ਹਾਇਆ ਜਾਣ ਵਾਲਾ ਕਾਨੂੰਨ ਹੀ ਪੜ੍ਹੇ ਤੇ ਇਹਦਾ ਪੱਕਾ ਪੈਰੋਕਾਰ ਬਣ ਜਾਏ। ਹਰ ਫ਼ਿਰਕੇ ਨਾਲ ਸਬੰਧਤ ਮਦਰੱਸੇ ਵਿਚ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਨੂੰ ਬਾਅਦ ਵਿਚ ਪੜ੍ਹਾਇਆ ਜਾਂਦਾ ਹੈ, ਪਹਿਲਾਂ ਫ਼ਿਰਕੇ ਦਾ ਕਾਨੂੰਨ ਪੜ੍ਹਾਇਆ ਜਾਂਦਾ ਹੈ। ਕੁਰਾਨ ਦੀ ਤਾਲੀਮ ਨੂੰ ਮੁੱਖ ਰੱਖਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾਂਦੀ।
ਬਰੇਲਵੀ, ਹਨਫ਼ੀ, ਦਿਓਬੰਦੀ ਅਤੇ ਸ਼ੀਆ ਫ਼ਿਰਕਿਆਂ ਦੇ ਮਦਰੱਸਿਆਂ ਵਿਚ ਪੜ੍ਹਨ ਵਾਲਾ ਵਿਦਿਆਰਥੀ ਮੁਸਲਮਾਨ ਬਾਅਦ ਵਿਚ ਹੈ, ਪਹਿਲਾਂ ਉਹ ਬਰੇਲਵੀ, ਹਨਫ਼ੀ, ਦਿਓਬੰਦੀ ਜਾਂ ਸ਼ੀਆ ਹੈ। ਜੋ ਵੀ ਮੁਸਲਮਾਨ ਆਪਣੇ ਫ਼ਿਰਕੇ ਦੇ ਵਿਰੁਧ ਉਠ ਖੜ੍ਹਾ ਹੁੰਦਾ ਹੈ, ਉਸ ਨੂੰ ਫ਼ਿਰਕੇ ਵਿਚੋਂ ਕੱਢ ਦਿੱਤਾ ਜਾਂਦਾ ਹੈ। ਇਸੇ Ḕਫ਼ਿਰਕਾ ਪ੍ਰਸਤੀḔ ਕਾਰਨ ਪਾਕਿਸਤਾਨ ਦੇ ਮੁਸਲਮਾਨ ਇਕ ਮਾਲਾ ਵਿਚ ਪ੍ਰੋਏ ਨਹੀਂ ਜਾ ਸਕੇ। ਇਸੇ ਕਾਰਨ ਹੀ ਮੁਸਲਿਮ ਸਮਾਜ ਵਿਚ ਕੱਟੜਪੰਥੀ ਤੇ ਦਹਿਸ਼ਤਗਰਦੀ ਨੇ ਜਨਮ ਲਿਆ ਹੈ ਜਿਸ ਨੂੰ ਜਹਾਦ ਦੇ ਨਾਂ ਹੇਠ ਕੇਵਲ ਗੁਆਂਢੀ ਮੁਲਕਾਂ ਵਿਚ ਹੀ ਨਹੀ,ਂ ਬਲਕਿ ਪੂਰੀ ਦੁਨੀਆਂ ਵਿਚ ਫੈਲਾਇਆ ਗਿਆ ਹੈ ਤੇ ਅੱਜ ਪਾਕਿਸਤਾਨ ਇਨ੍ਹਾਂ ਜਹਾਦੀ ਦਹਿਸ਼ਤਗਰਦਾਂ ਦੇ ਹੱਥੋਂ ਲਹੂ-ਲੁਹਾਣ ਹੈ। ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ; ਬੰਦਾ ਜੋ ਬੀਜਦਾ ਹੈ, ਉਹੋ ਹੀ ਵੱਢਦਾ ਹੈ।
ਮੁਲਕ ਅੰਦਰ ਇਸਲਾਮੀ ਤਾਲੀਮ ਦੇ ਨਾਂ Ḕਤੇ ਬਣੇ ਇਹ ਮਦਰੱਸੇ ਹਕੂਮਤ ਦੇ ਕਾਬੂ ਵਿਚ ਵੀ ਨਹੀਂ ਰਹੇ। ਇਹ ਇੰਨੀ ਤਾਕਤ ਫੜ ਚੁੱਕੇ ਹਨ ਕਿ ਹਕੂਮਤ ਦੀ ਹਿੰਮਤ ਨਹੀਂ ਪੈ ਰਹੀ ਕਿ ਇਨ੍ਹਾਂ ਮਦਰੱਸਿਆਂ ਦੀ ਰਜਿਸਟ੍ਰੇਸ਼ਨ ਕਰ ਸਕੇ। ਫ਼ੌਜੀ ਜਰਨੈਲ ਪਰਵੇਜ਼ ਮੁਸ਼ੱਰਫ ਦੀ ਹਕੂਮਤ ਸਮੇਂ ਕੇਵਲ 800 ਮਦਰੱਸਿਆਂ ਨੂੰ ਰਜਿਸਟਰਡ ਕੀਤਾ ਗਿਆ ਸੀ, ਪਰ ਬਾਅਦ ਵਿਚ ਇਹ ਕੰਮ ਅਧੂਰੇ ਦਾ ਅਧੂਰਾ ਹੀ ਰਹਿ ਗਿਆ।
ਮੁਲਕ ਅੰਦਰ ਕਾਇਮ ਮਦਰੱਸਿਆਂ ਨੂੰ ਬਾਹਰ ਦੇ ਮੁਲਕਾਂ, ਖਾਸ ਤੌਰ Ḕਤੇ ਸਾਊਦੀ ਅਰਬ, ਇਰਾਨ, ਕਤਰ ਆਦਿ ਵਲੋਂ ਕਰੋੜਾਂ ਨਹੀਂ, ਬਲਕਿ ਅਰਬਾਂ ਰੁਪਏ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਜੋ ਮੁਲਕ ਜਿਨ੍ਹਾਂ ਮਦਰੱਸਿਆਂ ਨੂੰ ਮਾਲੀ ਮਦਦ ਦਿੰਦੇ ਹਨ, ਉਨ੍ਹਾਂ ਮਦਰੱਸਿਆਂ ਵਿਚ ਫਿਰ ਉਨ੍ਹਾਂ ਮੁਲਕਾਂ ਦੀ ਹੀ ਮਨਮਰਜ਼ੀ ਚਲਦੀ ਹੈ। ਹਾਲੇ ਤੱਕ ਨਾ ਤਾਂ ਇਨ੍ਹਾਂ ਮਦਰੱਸਿਆਂ ਦੀ ਰਜਿਸਟ੍ਰੇਸ਼ਨ ਹੋ ਸਕੀ ਹੈ ਤੇ ਨਾ ਹੀ ਇਨ੍ਹਾਂ ਮਦਰੱਸਿਆਂ ਨੂੰ ਕਿਸੇ ਇਕ ਕਾਇਦੇ-ਕਾਨੂੰਨ ਦਾ ਪਾਬੰਦ ਬਣਾਇਆ ਜਾ ਸਕਿਆ ਹੈ। ਨਾ ਹੀ ਇਨ੍ਹਾਂ ਮਦਰੱਸਿਆਂ ਦੇ ਕਰਤਾ-ਧਰਤਾ ਇਹ ਦੱਸਣ ਲਈ ਤਿਆਰ ਹਨ ਕਿ ਉਨ੍ਹਾਂ ਦੇ ਮਦਰੱਸਿਆਂ ਨੂੰ ਕਿਨ੍ਹਾਂ ਮੁਲਕਾਂ ਵਲੋਂ ਕਿੰਨੀ ਮਾਲੀ ਮਦਦ ਦਿੱਤੀ ਜਾ ਰਹੀ ਹੈ। ਮੁਲਕ ਅੰਦਰੋਂ ਇਨ੍ਹਾਂ ਨੂੰ ਕਿਹੜੇ-ਕਿਹੜੇ ਤਿਜਾਰਤੀ ਅਦਾਰੇ ਜਾਂ ਅਮੀਰ ਲੋਕ ਮਾਲੀ ਮਦਦ ਦੇ ਰਹੇ ਹਨ? ਇਹ ਮਦਰੱਸੇ ਆਪਣੀ ਆਮਦਨ Ḕਤੇ ਖਰਚ ਦੇ ਹਿਸਾਬ-ਕਿਤਾਬ ਦਾ ਕੋਈ ਆਡਿਟ ਕਰਵਾਉਣ ਲਈ ਤਿਆਰ ਨਹੀਂ ਹਨ। ਕਿਹੜੇ-ਕਿਹੜੇ ਮਦਰੱਸੇ ਦਹਿਸ਼ਤਗਰਦਾਂ ਨੂੰ ਸ਼ਰਨ ਦਿੰਦੇ ਹਨ, ਇਹ ਜਾਂਚ ਕਰਵਾਉਣ ਲਈ ਵੀ ਕੋਈ ਮਦਰੱਸਾ ਤਿਆਰ ਨਹੀਂ ਹੈ।
ਇਨ੍ਹਾਂ ਮਦਰੱਸਿਆਂ ਵਿਚ ਸਾਇੰਸ ਦੇ ਮਜ਼ਮੂਨ, ਫਿਜ਼ਿਕਸ, ਕੈਮਿਸਟਰੀ, ਕੰਪਿਊਟਰ, ਮੈਥ ਬਾਰੇ ਤਾਲੀਮ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਬਲਕਿ ਗੱਲ ਇਥੋਂ ਤੱਕ ਪਹੁੰਚ ਗਈ ਹੈ ਕਿ ਹਕੂਮਤ ਦੇ ਸੁਰੱਖਿਆ ਅਦਾਰਿਆਂ ਨੂੰ ਇਨ੍ਹਾਂ ਮਦਰੱਸਿਆਂ ਵਿਚ ਵੜਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ। ਸਰਕਾਰ ਇੰਨੀ ਤਾਕਤ ਰੱਖਣ ਦੇ ਬਾਵਜੂਦ ਇਨ੍ਹਾਂ ਮਦਰੱਸਿਆਂ ਦੇ ਅੰਦਰੂਨੀ ਮਾਮਲਿਆਂ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਹਿੰਮਤ ਕਰਨ ਲਈ ਤਿਆਰ ਨਹੀਂ।
ਮਦਰੱਸਿਆਂ ਦੇ ਪ੍ਰਿੰਸੀਪਲ ਨੂੰ ḔਮੁਹਤਮੱਮḔ ਕਿਹਾ ਜਾਂਦਾ ਹੈ। ਇਹ ਮੁਹਤਮੱਮ ਇੰਨੇ ਦਲੇਰ ਤੇ ਬੇਖੌਫ਼ ਹੋ ਗਏ ਹਨ ਕਿ ਡਿਪਟੀ ਕਮਿਸ਼ਨਰ, ਕਮਿਸ਼ਨਰ, ਡੀæਆਈæਜੀæ ਆਦਿ ਇਨ੍ਹਾਂ ਸਾਹਮਣੇ ਕੋਈ ਰੁਤਬਾ ਨਹੀਂ ਰੱਖਦੇ। ਇਨ੍ਹਾਂ ਅਫ਼ਸਰਾਂ ਵਿਚ ਜੁਰਅਤ ਹੀ ਨਹੀਂ ਹੈ ਕਿ ਕਿਸੇ ਵੀ ਮਦਰੱਸੇ ਦੇ ਇੰਚਾਰਜ ਨੂੰ ਕੋਈ ਗੱਲ ਮੰਨਵਾ ਸਕਣ ਜਾਂ ਕਿਸੇ ਵੀ ਢੰਗ-ਤਰੀਕੇ ਨਾਲ ਇਨ੍ਹਾਂ Ḕਤੇ ਰੋਅਬ ਜਾਂ ਦਾਬਾ ਪਾ ਸਕਣ। ਜੇ ਕੋਈ ਅਫ਼ਸਰ ਇੰਜ ਕਰੇਗਾ ਤਾਂ ਫਿਰ ਇਸ ਅਫ਼ਸਰ ਤੇ ਇਸ ਦੇ ਘਰ ਵਾਲਿਆਂ ਨੂੰ ਰੱਬ ਹੀ ਬਚਾ ਸਕਦਾ ਹੈ!
ਮਦਰੱਸਿਆਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਜ਼ਿਹਨ ਕੇਵਲ ਮਜ਼ਹਬੀ ਜਨੂੰਨ ਵਿਚ ਹੀ ਢਲੇ ਨਹੀਂ ਹੁੰਦੇ, ਬਲਕਿ ਜ਼ਿਹਨ ਇੰਝ ਹੋ ਜਾਂਦੇ ਹਨ ਜਿਵੇਂ ਪੱਥਰ ਦੇ ਜ਼ਮਾਨੇ ਨਾਲ ਜੁੜੇ ਹੋਣ। ਔਰਤਾਂ ਦੇ ਸਿਰਾਂ Ḕਤੇ ਟੋਪੀ ਵਾਲੇ ਬੁਰਕੇ, ਇਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਵਿਚ ਬੰਦ ਰੱਖਣਾ, ਲੜਕੀਆਂ ਨੂੰ ਇਲਮ ਦੀ ਰੌਸ਼ਨੀ ਤੋਂ ਦੂਰ ਰੱਖਣਾ, ਆਪਣੇ-ਆਪ ਨੂੰ ਮੋਮਨ ਤੇ ਦੂਜੀਆਂ ਕੌਮਾਂ ਨੂੰ ਕਾਫਰ ਸਮਝਣਾ, ਕਾਫ਼ਰਾਂ ਖਿਲਾਫ਼ ਜਹਾਦ ਕਰਨਾ। ਇਨ੍ਹਾਂ ਦੀ ਸੋਚ ਹੁੰਦੀ ਹੈ ਕਿ ਮੁਸਲਿਮ ਸਵਰਗੀ ਹਨ ਤੇ ਦੂਜੀਆਂ ਕੌਮਾਂ ਨਰਕੀ ਹਨ।
ਇਹ ਹੈ ਇਨ੍ਹਾਂ ਦੇ ਹਾਸਲ ਕੀਤੇ ਇਲਮ ਦੀ ਹੱਦਬੰਦੀ। ਬੁੱਲ੍ਹੇ ਸ਼ਾਹ ਨੇ ਅਜਿਹੇ ਹੀ ਆਲਮਾਂ ਬਾਰੇ ਕਿਹਾ ਹੈ: ਇਲਮੋਂ ਬਸ ਕਰੀਂ ਓ ਯਾਰ।æææਰੱਬ ਰਾਖਾ।