ਚਾਰ ਸ਼ਬਦਾਂ ਦੀ ਮੂੰਹਜ਼ੋਰ ਸਿਆਸਤ ਨਾਲ ਚੱਲਦੀ ਮਰਦਾਂ ਦੀ ਸਰਦਾਰੀ

ਦਲਜੀਤ ਅਮੀ
ਫੋਨ: 91-97811-21873
ਨਾਅਰੇ ਸਿਆਸਤ ਦਾ ਖ਼ਾਸਾ ਫੜ੍ਹਦੇ ਹਨ। ਨਾਅਰੇ ਘੜਨ ਉਤੇ ਸਿਆਸੀ ਪਾਰਟੀਆਂ ਚੋਖੀ ਮਗਜ਼ ਖਪਾਈ ਕਰਦੀਆਂ ਹਨ। ਸਿਆਸੀ ਮਨਸੂਬਿਆਂ ਅਤੇ ਮਜਬੂਰੀਆਂ ਦੀ ਨੁਮਾਇਸ਼ ਨਾਅਰਿਆਂ ਵਿਚ ਹੁੰਦੀ ਹੈ। ਕਈ ਵਾਰ ਮੌਕੇ ਦੇ ਵੇਗ ਵਿਚ ਸਿਆਸੀ ਪਾਰਟੀਆਂ ਆਪਣੀ ਸਿਆਸਤ ਦਾ ਕਜ ਨਾਅਰਿਆਂ ਰਾਹੀਂ ਉਭਾਰ ਦਿੰਦੀਆਂ ਹਨ, ਕਈ ਵਾਰ ਨਾਅਰੇ ਕਜ ਢਕ ਲੈਂਦੇ ਹਨ।

ਆਪਮੁਹਾਰੇ ਲੱਗੇ ਨਾਅਰੇ ਸਿਆਸਤ ਦੇ ਟੀਰ ਨੂੰ ਉਭਾਰ ਦਿੰਦੇ ਹਨ। ਕਸੂਤੀਆਂ ਫਸੀਆਂ ਸਿਆਸੀ ਪਾਰਟੀਆਂ ਆਪਣੇ ਨਾਅਰੇ ਬਦਲਦੀਆਂ ਹਨ। ਬਦਲਦੀ ਸਿਆਸਤ ਅਤੇ ਬਦਲਦੇ ਮਾਹੌਲ ਬਾਰੇ ਕਈ ਅਧਿਐਨ ਨਾਅਰਿਆਂ ਵਿਚੋਂ ਕੀਤੇ ਜਾਂਦੇ ਹਨ। ਜੁਆਬੀ ਨਾਅਰੇ ਹੋਰ ਵੀ ਦਿਲਚਸਪ ਪੱਖ ਪੇਸ਼ ਕਰਦੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦੂਜੀਆਂ ਧਿਰਾਂ ਪਹਿਲੀ ਧਿਰ ਦੇ ਨਾਅਰੇ ਨੂੰ ਨਵੇਂ ਸ਼ਬਦਾਂ ਵਿਚ ਅਪਨਾਉਣਾ ਚਾਹੁੰਦੀਆਂ ਹਨ, ਜਾਂ ਇਸ ਨਾਲ ਸਿੱਧਾ ਟਕਰਾਉਣਾ ਚਾਹੁੰਦੀਆਂ ਹਨ ਜਾਂ ਇਸ ਤੋਂ ਕੰਨੀ ਖਿਸਕਾਉਣਾ ਚਾਹੁੰਦੀਆਂ ਹਨ। ਨਾਅਰਿਆਂ ਵਿਚ ਕਈ ਵਾਰ ਆਪਣੀ ਧਿਰ ਅਤੇ ਦੁਸ਼ਮਣ ਦੀ ਸ਼ਨਾਖਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹਰ ਨਾਅਰੇ ਦੇ ਮਾਮਲੇ ਵਿਚ ਸਮਾਂ, ਸਥਾਨ ਅਤੇ ਹਾਲਾਤ ਅਹਿਮ ਹੁੰਦੇ ਹਨ। ਕਈ ਨਾਅਰੇ ਬਦਲੇ ਹਾਲਾਤ ਵਿਚ ਆਪਣੇ ਅਰਥ ਬਦਲ ਲੈਂਦੇ ਹਨ। ਜੇ ਨਾਅਰੇ ਇੱਕ ਪਾਸੇ ਜੁਗਤ ਬਣਦੇ ਹਨ ਤਾਂ ਦੂਜੇ ਪਾਸੇ ਵਿਚਾਰ ਦਾ ਵਾਹਨ ਬਣਦੇ ਹਨ। ਸਿਆਸੀ, ਸਮਾਜਕ ਅਤੇ ਸਭਿਆਚਾਰਕ ਮੁਹਿੰਮਾਂ ਦੇ ਨਾਮ ਵੀ ਨਾਅਰਿਆਂ ਵਾਂਗ ਹੀ ਅਹਿਮ ਹੁੰਦੇ ਹਨ ਜੋ ਕੁਝ ਸ਼ਬਦਾਂ ਵਿਚ ਮੁਹਿੰਮ ਦੇ ਖ਼ਾਸੇ ਨੂੰ ਸੂਤਰਬੱਧ ਕਰਦੇ ਹਨ।
ਮੌਜੂਦਾ ਦੌਰ ਵਿਚ ਭਾਜਪਾ ਦੇ ਨਾਅਰੇ ਦਿਲਚਸਪ ਹਨ। ਨਾਅਰਿਆਂ ਅਤੇ ਮੁਹਿੰਮਾਂ ਦੇ ਨਾਮ ਰੱਖਣ ਉਤੇ ਭਾਜਪਾ ਚੋਖਾ ਸਮਾਂ ਗੁਜ਼ਾਰਦੀ ਹੈ। ਭਾਜਪਾ ਨੇ ਆਪਣੀ ਸਿਆਸਤ ਦੇ ਪੇਚੀਦਾ ਮੁੱਦਿਆਂ ਨੂੰ ਸੌਖੇ ਸ਼ਬਦਾਂ ਵਿਚ ਸੂਤਰਬੱਧ ਕੀਤਾ ਹੈ। ਇਸ ਕੰਮ ਉਤੇ ਚੋਖੀ ਮੁਸ਼ੱਕਤ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਇਸ ਨਾਲ ਜੁੜੀਆਂ ਜਥੇਬੰਦੀਆਂ ਕਰਦੀਆਂ ਹਨ। ਇਨ੍ਹਾਂ ਜਥੇਬੰਦੀਆਂ ਦੇ ਹਿੱਸੇ ਉਹ ਮੁਹਿੰਮਾਂ ਆਉਂਦੀਆਂ ਹਨ ਜੋ ਜੁਗਤ ਪੱਖੋਂ ਭਾਜਪਾ ਦੇ ਮੰਚ ਤੋਂ ਬਣਦੀ ਪ੍ਰਵਾਨਗੀ ਹਾਸਲ ਨਹੀਂ ਕਰ ਸਕੀਆਂ। ਭਾਜਪਾ ਦੇ ਸਿਆਸੀ ਘੇਰੇ ਨੂੰ ਮੋਕਲਾ ਕਰਨਾ ਜਾਂ ਇਸ ਦੀ ਸਿਆਸਤ ਨੂੰ ਤਿੱਖਾ ਕਰਨ ਦਾ ਕੰਮ ਇਹ ਜਥੇਬੰਦੀਆਂ ਕਰਦੀਆਂ ਹਨ। ਸੰਘ ਦੀ ਸਿਆਸਤ, ਹਿੰਦੂ ਪਛਾਣ ਅਤੇ ਹਿੰਦੂ ਮਸਲਿਆਂ ਦੁਆਲੇ ਘੁੰਮਦੀ ਹੈ। ਇਸੇ ਚੌਖਟੇ ਵਿਚੋਂ ਇਹ ਮੁਲਕ ਦਾ ਤਸੱਵਰ ਘੜਦੀ ਹੈ। ਇਸੇ ਚੌਖਟੇ ਵਿਚ ਇਹ ਆਪਣੇ-ਪਰਾਏ ਦੀ ਪਛਾਣ ਕਰਦੀ ਹੈ। ਮੁਸਲਮਾਨ ਆਬਾਦੀ ਨੂੰ ਖ਼ਤਰਾ ਕਰਾਰ ਦੇਣਾ ਇਸ ਸਿਆਸਤ ਦੀ ਅਹਿਮ ਤੰਦ ਰਿਹਾ ਹੈ। ਮੁਸਲਮਾਨਾਂ ਨੂੰ ਥੋੜ੍ਹਾ ਮੋਕਲੇ ਘੇਰੇ ਵਿਚ ਸਾਮੀ ਧਰਮਾਂ ਦਾ ਨੁਮਾਇੰਦਾ ਮੰਨਿਆ ਜਾ ਸਕਦਾ ਹੈ।
ਦੂਜੇ ਧਰਮਾਂ ਦੇ ਮੁੰਡਿਆਂ ਨਾਲ ਹਿੰਦੂ ਕੁੜੀਆਂ ਦੇ ਵਿਆਹ ਨੂੰ ਸੰਘ ਦੀ ਸਿਆਸਤ ਲਗਾਤਾਰ ਮਸਲਾ ਬਣਾਉਂਦੀ ਰਹੀ ਹੈ। ਇਸ ਮਾਮਲੇ ਵਿਚ ਹਿੰਦੂ ਮੁੰਡਿਆਂ ਦੇ ਦੂਜੇ ਧਰਮਾਂ ਦੀਆਂ ਕੁੜੀਆਂ ਬਾਰੇ ਸੰਘ ਪਹਿਲਾਂ ਕੰਨੀ ਖਿਸਕਾਉਂਦਾ ਰਿਹਾ ਹੈ ਪਰ ਹੁਣ ਇਸ ਬਾਰੇ ਪੱਕੇ ਪੈਰੀਂ ਬੋਲਣ ਲੱਗਾ ਹੈ। ਪਹਿਲਾਂ ਖਿਸਕਾਈ ਕੰਨੀ ਦੀ ਹੁਣ ਦਿੱਤੇ ਆਵਾਜ਼ੇ ਨਾਲ ਇੱਕਸੁਰਤਾ ਹੈ। ਬੰਗਾਲ ਵਿਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਨੇ ਆਪਣੀ ਇੱਕ ਮੁਹਿੰਮ ਦਾ ਨਾਮ ਰੱਖਿਆ ਹੋਇਆ ਹੈ, ਬਹੂ ਲਾਓ ਬੇਟੀ ਬਚਾਓ। ਇਨ੍ਹਾਂ ਚਾਰ ਸ਼ਬਦਾਂ ਵਿਚ ਬੰਨ੍ਹੀ ਸਿਆਸਤ ਸੰਘ ਪਰਿਵਾਰ ਤੋਂ ਸਮੇਂ ਅਤੇ ਸਥਾਨ ਵਿਚ ਕਿਤੇ ਵੱਡੀ ਹੈ। ਇਸ ਦਾ ਇਤਿਹਾਸ ਸੰਘ ਪਰਿਵਾਰ ਤੋਂ ਪੁਰਾਣਾ ਅਤੇ ਇਸ ਦਾ ਘੇਰਾ ਸੰਘ ਦੇ ਪਨ੍ਹੇ ਤੋਂ ਕਿਤੇ ਵਸੀਹ ਹੈ। ਇਨ੍ਹਾਂ ਚਾਰ ਸ਼ਬਦਾਂ ਨੇ ਇੱਕ ਪੇਚੀਦਾ ਰੁਝਾਨ ਦੀਆਂ ਰਮਜ਼ਾਂ ਨੂੰ ਬਾ-ਕਮਾਲ ਫੜਿਆ ਹੈ। ਇਨ੍ਹਾਂ ਚਾਰ ਸ਼ਬਦਾਂ ਰਾਹੀਂ ਸੰਘ ਪਰਿਵਾਰ ਦੀ ਸਮੁੱਚੀ ਸਿਆਸਤ ਦਾ ਪੁਖਤਾ ਅੰਦਾਜ਼ਾ ਹੋ ਜਾਂਦਾ ਹੈ ਅਤੇ ਇਸ ਦੇ ਸਮਾਜਕ ਅਤੇ ਸਭਿਆਚਾਰਕ ਪੱਖਾਂ ਦੀਆਂ ਤੰਦਾਂ ਖੁੱਲ੍ਹ ਜਾਂਦੀਆਂ ਹਨ।
ਇਸ ਨਾਅਰੇ ਵਿਚ ਸੰਘ ਦੀ ਸਿਆਸਤ ਦੀਆਂ ਆਪਣੇ-ਪਰਾਏ, ਪਿਆਰ-ਨਫਰਤ, ਊਚ-ਨੀਚ, ਮਾਲਕ-ਦਾਸ ਅਤੇ ਹਾਕਮ-ਮਹਿਕੂਮ ਵਾਲੀਆਂ ਰਮਜ਼ਾਂ ਸਮਾਈਆਂ ਹੋਈਆਂ ਹਨ। ਜੇ ਇਸ ਨਾਅਰੇ ਨੂੰ ਭਾਰਤ ਦੇ ਹਵਾਲੇ ਨਾਲ ਸੰਘ ਸਿਆਸਤ ਦੇ ਹਵਾਲੇ ਤੋਂ ਬਾਹਰ ਰੱਖ ਕੇ ਵੇਖਿਆ ਜਾਵੇ ਤਾਂ ਇਸ ਵਿਚੋਂ ਵੰਨ-ਸੁਵੰਨੀ ਮਰਦ ਮੁਖੀ ਬੁਨਿਆਦਪ੍ਰਸਤ ਸਿਆਸਤ ਦੀ ਤਹਿਰੀਕ ਅਤੇ ਮਨਸੂਬੇ ਪੜ੍ਹੇ ਜਾ ਸਕਦੇ ਹਨ। ਬਹੂ ਲਿਆਉਣ ਦਾ ਮਤਲਬ ਦੂਜੇ ਦੀ ਧੀ ਆਪਣੇ ਘਰ ਲਿਆਉਣ ਨਾਲ ਹੈ ਜੋ ਬੱਚੇ ਪੈਦਾ ਕਰਨ ਤੋਂ ਲੈ ਕੇ ਘਰੇਲੂ ਕੰਮ-ਕਾਜ ਦੇ ਨਾਲ-ਨਾਲ ਸ਼ਰਮ, ਧਰਮ ਅਤੇ ਸਭਿਆਚਾਰ ਦੇ ਘੇਰੇ ਵਿਚ ਰਹਿ ਕੇ ਦੋਇਮ ਦਰਜੇ ਦੀ ਜ਼ਿੰਦਗੀ ਕਬੂਲ ਕਰੇਗੀ। ਬੇਟੀ ਬਚਾਉਣ ਤੋਂ ਮਤਲਬ ਹੈ ਕਿ ਉਸ ਦੀ ਹੋਣੀ ਦਾ ਫ਼ੈਸਲਾ ਪਿਉ, ਪੁੱਤ ਜਾਂ ਭਾਈ-ਭਤੀਜਿਆਂ ਦੀ ਸਰਪ੍ਰਸਤੀ ਹੇਠ ਕੁਨਬੇ (ਜਾਂ ਧਰਮ) ਦੇ ਮਰਦਾਂ ਨੇ ਕਰਨਾ ਹੈ। ‘ਹਿੰਦੂ ਸਮਹਤੀ’ ਨਾਮ ਦੀ ਜਥੇਬੰਦੀ ਦੇ ਮੁਖੀ ਦਾ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਵਿਚ ਬਿਆਨ ਛਪਿਆ ਹੈ ਕਿ ਉਹ “ਲਵ ਜਹਾਦ ਵਰਗੀ ਮਰਜ਼ ਨਾਲ ਲੜ ਰਹੇ ਹਨæææਮੁਸਲਮਾਨ ਮੁੰਡੇ ਹਿੰਦੂ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਵਿਆਹ ਕਰਦੇ ਹਨæææਸਾਡੇ ਉਪਰਾਲਿਆਂ ਰਾਹੀਂ ਲਵ ਜਹਾਦ ਦੀ ਸ਼ਿਕਾਰ ਹਿੰਦੂ ਬੀਬੀਆਂ ਨੂੰ ਨਿਜਾਤ ਮਿਲੀ ਹੈ ਅਤੇ ਮੁਸਲਮਾਨ ਕੁੜੀਆਂ ਹਿੰਦੂਆਂ ਦੇ ਘਰਾਂ ਵਿਚ ਵਸੀਆਂ ਹਨ।” ਇਸ ਮੁਹਿੰਮ ਸਦਕਾ ਮੁਸਲਮਾਨ ਕੁੜੀਆਂ ਨੇ ਹਿੰਦੂ ਮੁੰਡਿਆਂ ਨਾਲ ਵਿਆਹ ਕਰਵਾ ਕੇ ਧਰਮ ਅਤੇ ਨਾਮ ਬਦਲੇ ਹਨ। ਇਨ੍ਹਾਂ ਕੁੜੀਆਂ ਦੇ ਸਹੁਰੇ ਪਰਿਵਾਰਾਂ ਨੂੰ ‘ਸਲਾਹ’ ਦਿੱਤੀ ਗਈ ਹੈ ਕਿ ਉਹ ‘ਆਪਣੀ ਸੁਰੱਖਿਆ’ ਲਈ ਭਾਜਪਾ ਵਿਚ ਸ਼ਾਮਿਲ ਹੋ ਜਾਣ। ‘ਹਿੰਦੂ ਸਮਹਤੀ’ ਦੇ ਨਾਲ ‘ਬਹੂ ਲਾਓ ਬੇਟੀ ਬਚਾਓ’ ਮੁਹਿੰਮ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਜਾਗਰਨ ਮੰਚ ਅਤੇ ਭਾਰਤ ਸੇਵਾਸ਼੍ਰਮ ਸੰਘ ਵਰਗੀਆਂ ਜਥੇਬੰਦੀਆਂ ਸ਼ਾਮਿਲ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਆਪਣੀ ਗੋਲਡਨ ਜੁਬਲੀ ਮਨਾ ਰਹੀ ਹੈ। ਜਸ਼ਨ ਕਮੇਟੀ ਦੇ ਮੁਖੀ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਚਿਨਯਾ ਵਿਸਵਾਸ ਇਸ ਮੁਹਿੰਮ ਬਾਰੇ ਕਹਿ ਰਹੇ ਹਨ, “ਜੇ ਕੋਈ ਹਿੰਦੂ ਮੁੰਡਾ ਕਿਸੇ ਮੁਸਲਮਾਨ ਕੁੜੀ ਨੂੰ ਹਿੰਦੂ ਬਣਾਉਂਦਾ ਹੈ ਤਾਂ ਇਹ ਪੁੰਨ ਦਾ ਕੰਮ ਹੈ। ਅਸੀਂ ਹਿੰਦੂ ਕੁੜੀਆਂ ਦੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਵਾਲਾ ਰੁਝਾਨ ਤੋੜਨਾ ਚਾਹੁੰਦੇ ਹਾਂ।”
ਭਾਜਪਾ ਦੀ ਕੇਂਦਰ ਸਰਕਾਰ ਇਸ ਮੁਹਿੰਮ ਬਾਰੇ ਜੋ ਵੀ ਸੋਚੇ ਜਾਂ ਬਿਆਨ ਦੇਵੇ, ਪਰ ਇਸ ਮੁਹਿੰਮ ਨਾਲ ਸੰਘ ਸਿਆਸਤ ਦੀ ਗੁੱਝੀ ਰਮਜ਼ ਬੇਪਰਦ ਹੋ ਗਈ ਹੈ। ਮਰਦ ਪ੍ਰਧਾਨ ਸਮਾਜ ਦੀ ਮਰਦਾਵੀਂ ਹੈਂਕੜ ਦੀ ਬੁਨਿਆਦੀ ਚੂਲ ਔਰਤ ਨੂੰ ਦੂਜੇ ਦਰਜੇ ਦਾ ਮਨੁੱਖ ਮੰਨਣ ਅਤੇ ਉਸ ਉਤੇ ਗਲਬਾ ਕਾਇਮ ਰੱਖਣ ਲਈ ਵਰਤੇ ਜਾਣ ਵਾਲੇ ਹਰ ਹਰਬੇ ਨਾਲ ਜੁੜੀ ਹੋਈ ਹੈ। ਔਰਤ ਨੂੰ ਦੂਜੇ ਦਰਜਾ ਦਾ ਮਨੁੱਖ ਮੰਨਣ ਵਾਲੀ ਸੋਚ ਵਿਚ ਇਹ ਸ਼ਾਮਿਲ ਹੈ ਕਿ ਉਹ ਸਮਾਨ ਜਾਂ ਵੇਚੀ-ਵੱਟੀ ਜਾਣ ਵਾਲੀ ਸ਼ੈਅ ਹੈ ਜੋ ਮਰਦ ਦੇ ਮੁਕਾਬਲੇ ਕਮ-ਅਕਲ ਹੈ। ਇਸ ਸੋਚ ਤਹਿਤ ਸਾਰੇ ਫੈਸਲੇ ਮਰਦ ਨੇ ਕਰਨੇ ਹਨ ਅਤੇ ਔਰਤ ਉਤੇ ਲਾਗੂ ਕਰਨੇ ਹਨ। ‘ਬਹੂ ਲਾਓ ਬੇਟੀ ਬਚਾਓ’ ਦੇ ਨਾਅਰੇ ਵਿਚ ਇਹ ਸਾਫ ਹੈ ਕਿ ਬਹੂ ਦੀ ਚੋਣ ਕਰਨ ਅਤੇ ਬੇਟੀ ਦੀ ਹੋਣੀ ਤੈਅ ਕਰਨ ਦਾ ਫੈਸਲਾ ਮਰਦਾਂ ਦੇ ਹੱਥ ਹੈ। ਉਸ ਨੂੰ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਦੀ ਚੋਣ ਕਰਨ ਜਾਂ ਨਾ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ। ਉਂਜ, ਬਹੂ ਜਾਂ ਬੇਟੀ ਬਣਨ ਲਈ ਮਰਦਾਂ ਦੀ ਖੁਸ਼ੀ ਲਈ ਕੀਤੇ ਹਰ ਫੈਸਲੇ ਨੂੰ ਉਸ ਦੀ ਮਰਜ਼ੀ ਵਜੋਂ ਵਡਿਆਇਆ ਜਾ ਸਕਦਾ ਹੈ। ‘ਬਹੂ ਨੂੰ ਵਸਣ’ ਲਈ ਅਤੇ ‘ਬੇਟੀ ਨੂੰ ਬਚਣ’ ਲਈ ਮਰਦਾਂ ਦੀ ਰਜਾ ਵਿਚ ਰਾਜ਼ੀ ਰਹਿਣਾ ਪੈਣਾ ਹੈ। ਇਨ੍ਹਾਂ ਧਾਰਨਾਵਾਂ ਰਾਹੀਂ ਮਰਦ ਨੂੰ ਪਰਿਵਾਰ ਦਾ ਪਾਲਣਹਾਰ ਅਤੇ ਲਾਣੇਦਾਰ ਮੰਨ ਲਿਆ ਗਿਆ ਹੈ।
ਜਦੋਂ ਸਮਾਜ ਵਿਚ ਮਰਦ ਨੂੰ ਪ੍ਰਧਾਨ ਮੰਨ ਲਿਆ ਗਿਆ ਹੈ ਤਾਂ ਉਸ ਦੀ ਸ਼ਨਾਖਤ ਹੋਣੀ ਜ਼ਰੂਰੀ ਹੋ ਜਾਂਦੀ ਹੈ। ਜੇ ਬਹੂ ਮੁਸਲਮਾਨਾਂ ਦੀ ਕੁੜੀ ਨੂੰ ਬਣਾਉਣਾ ਹੈ ਅਤੇ ਹੋਣੀ ਹਿੰਦੂਆਂ ਦੀ ਧੀ ਦੀ ਤੈਅ ਕਰਨੀ ਹੈ ਤਾਂ ਮਰਦ ਹੋਣ ਦਾ ਮਤਲਬ ਸਿਰਫ ਹਿੰਦੂ ਹੈ ਜੋ ਇਸੇ ਕਾਰਜ ਰਾਹੀਂ ਧਰਮ ਕਮਾ ਸਕਦਾ ਹੈ। ਉਹ ਆਪਣੀ ਕੁੜੀ ਨੂੰ ਆਪਣੀ ਤੈਅ ਕੀਤੀ ਬਰਾਦਰੀ ਤੱਕ ਮਹਿਦੂਦ ਕਰੇਗਾ ਅਤੇ ਪਰਾਈ ਕੁੜੀ ਨੂੰ ਇਸੇ ਬਰਾਦਰੀ ਦਾ ਹਿੱਸਾ ਬਣਾਉਣ ਲਈ ਯੋਗ ਕਰੇਗਾ। ਦੋਵਾਂ ਹਾਲਾਤ ਵਿਚ ਕੁੜੀਆਂ ਤੋਂ ਸੀਲ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਸੀਲ ਜ਼ਨਾਨੀ ਨੂੰ ਸਾਊ-ਸੁਸ਼ੀਲ ਕਹਿ ਕੇ ਵਡਿਆਉਣਾ ਸਭਿਅਤਾ ਦੀ ਰੀਤ ਹੈ ਜੋ ਮਰਦਾਂ ਨੇ ਤੈਅ ਕੀਤੀ ਹੈ। ਇਸ ਰੀਤ ਦੀ ਅਲੰਬਰਦਾਰੀ ਸਿਰਫ ਮਰਦ ਹੋਣ ਨਾਲ ਨਹੀਂ, ਸਗੋਂ ਇਸ ਸੋਚ ਦਾ ਧਾਰਨੀ ਹੋਣ ਨਾਲ ਤੈਅ ਹੁੰਦੀ ਹੈ। ਇਸ ਸੋਚ ਦੀ ਵਕਾਲਤ ਔਰਤ ਵੀ ਕਰ ਸਕਦੀ ਹੈ। ਸਮਾਜ ਦੇ ਹਿੱਸੇ ਵਜੋਂ ਉਹ ਮਰਦਾਂ ਦੇ ਗਲਬੇ ਦੀ ਰੱਖਪਾਲ, ਰੱਖਵਾਲ, ਦਰਬਾਨ ਤੋਂ ਲੈ ਕੇ ਅਲੰਬਰਦਾਰ ਤੱਕ ਹੋ ਸਕਦੀ ਹੈ। ਉਹ ‘ਪਰਾਈ’ ਔਰਤ ਉਤੇ ‘ਆਪਣੇ’ ਮਰਦਾਂ ਦੇ ਗਲਬੇ ਦੀ ਅਗਵਾਨ ਵੀ ਹੋ ਸਕਦੀ ਹੈ ਅਤੇ ‘ਆਪਣੀਆਂ’ ਕੁੜੀਆਂ ਨੂੰ ਸੀਲ ਕਰਨ ਦਾ ਹਮਲਾਵਰ ਸੁਰ ਵੀ ਹੋ ਸਕਦੀ ਹੈ। ਮਰਦ ਦੀ ਪ੍ਰਧਾਨਗੀ ਕਾਇਮ ਰੱਖਣ ਲਈ ਔਰਤ ਨੂੰ ਕਿਸੇ ਵੀ ਹੱਦ ਤੱਕ ਜਾਣ ਦੀ ਖੁੱਲ੍ਹ ਹੈ। ਇਸੇ ‘ਖੁੱਲ੍ਹ’ ਨਾਲ ਮਰਦਾਂ ਦੀ ਸਮਾਜਕ ਹਕੂਮਤ ਮਜ਼ਬੂਤ ਹੁੰਦੀ ਹੈ ਅਤੇ ਔਰਤ ਦਾ ‘ਹੁਕਮਰਾਨ’ ਹੋਣ ਦਾ ਝੱਸ ਵੀ ਪੂਰਾ ਹੋ ਜਾਂਦਾ ਹੈ।
ਸਮਾਜਕ ਤੋਂ ਬਾਅਦ ਸਿਆਸੀ ਹਕੂਮਤ ਉਤੇ ਮਰਦਾਵਾਂ ਗਲਬਾ ਕਾਇਮ ਰੱਖਣ ਲਈ ਇਨ੍ਹਾਂ ਧਾਰਨਾਵਾਂ ਨੂੰ ਦੇਸ਼ ਭਗਤੀ ਅਤੇ ਦੇਸ਼ ਧਰੋਹ ਨਾਲ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਰਾਜ ਅਤੇ ਧਰਮ ਦੀਆਂ ਕਦਰਾਂ-ਕੀਮਤਾਂ ਇੱਕ ਕਰ ਦਿੱਤੀਆਂ ਜਾਂਦੀਆਂ ਹਨ। ਔਰਤ ਉਤੇ ਗਲਬੇ ਰਾਹੀਂ ਸਿਆਸੀ ਹਕੂਮਤ ਮਜ਼ਬੂਤ ਕਰਨ ਦਾ ਮਤਲਬ ਪਰਾਈ ਧਿਰ ਦੀ ਗੁਲਾਮੀ ਜਾਂ ਹਾਰ ਨੂੰ ਪੱਕੇ ਪੈਰੀਂ ਕਰਨਾ ਹੁੰਦਾ ਹੈ। ਸਾਮਰਾਜੀ ਮੁਹਿੰਮਾਂ ਤਹਿਤ ਧਾੜਵੀ ਔਰਤ ਨੂੰ ਲੁੱਟ ਦੀ ਅਹਿਮ ਵਸਤ ਸਮਝਦੇ ਆਏ ਹਨ। ਇਤਿਹਾਸ ਗਵਾਹ ਹੈ ਕਿ ਹਮਲੇ ਹੇਠ ਆਈ ਧਿਰ ਔਰਤ ਨੂੰ ਸਭ ਤੋਂ ਕੀਮਤੀ ਸ਼ੈਅ ਸਮਝ ਕੇ ਦੁਸ਼ਮਣ ਦੇ ਹੱਥ ਆਉਣ ਤੋਂ ਬਚਾਉਣ ਲਈ ਆਪ ਕਤਲ ਕਰਦੀ ਰਹੀ ਹੈ। ਮਾਮਲਾ ਸਾਫ ਹੈ ਕਿ ਧਿਰ ਮਰਦ ਆਪਣੇ-ਆਪ ਨੂੰ ਮੰਨਦੇ ਸਨ ਅਤੇ ਦੋਵੇਂ ਧਿਰਾਂ ਔਰਤ ਨੂੰ ਕੀਮਤੀ ਵਸਤ ਵਜੋਂ ਪ੍ਰਵਾਨ ਕਰਦੀਆਂ ਸਨ। ਸਮਝੌਤਿਆਂ ਵੇਲੇ ਗਾਲਿਬ ਧਿਰ ਨੂੰ ਤੋਹਫ਼ੇ ਵਜੋਂ ਕੁੜੀਆਂ ਦੇ ਰਿਸ਼ਤੇ ਦਿੱਤੇ ਜਾਂਦੇ ਸਨ। ਵੱਖ-ਵੱਖ ਸ਼ਾਹੀ ਘਰਾਣਿਆਂ ਦੀਆਂ ਕੁੜੀਆਂ ਨੂੰ ਮਹਿਲਾਂ ਵਿਚ ਜਿੱਤ ਦੀ ਨਿਸ਼ਾਨੀ ਵਜੋਂ ‘ਰਾਣੀਆਂ’ ਬਣਾ ਕੇ ਰੱਖਣ ਦੀਆਂ ਕਿੰਨੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸਿਆਸੀ ਮੁਹਾਵਰੇ ਵਿਚ ਇਤਿਹਾਸ ਦੇ ਹਵਾਲੇ ਨਾਲ ‘ਔਰਤਾਂ ਦੀ ਹੁਰਮਤੀ ਕਰਨ’ ਵਾਲੀ ਸੱਭਿਅਤਾ ਤੋਂ ਬਦਲੇ ਅਤੇ ‘ਸ਼ਰੀਕ ਦੀਆਂ ਔਰਤਾਂ ਨੂੰ ਦੁਸ਼ਮਣ ਤੋਂ ਬਚਾਉਣ’ ਦੇ ਮਿਹਣੇ ਮਾਰੇ ਜਾਂਦੇ ਹਨ। ਸਿਆਸਤਦਾਨ ਅਤੇ ਧਰਮ ਪ੍ਰਚਾਰਕ ਇਹ ਦਲੀਲਾਂ ਆਮ ਦਿੰਦੇ ਹਨ ਕਿ ‘ਕਿਹੜੇ ਮਜ਼ਹਬ ਦਾ ਧਾੜਵੀ ਕਿਹੜੇ ਧਰਮ ਦੀਆਂ ਕੁੜੀਆਂ ਨੂੰ ਗੋਲੀਆਂ ਬਣਾ ਕੇ ਲੈ ਗਿਆ’ ਅਤੇ ‘ਕਿਹੜੇ ਧਰਮ ਦੇ ਮਰਦਾਂ ਨੇ ਕਿਹੜੇ ਧਰਮ ਦੀਆਂ ਕੁੜੀਆਂ ਨੂੰ ਕਿਹੜੇ ਧਰਮ ਦੇ ਧਾੜਵੀਆਂ’ ਤੋਂ ਬਚਾਇਆ ਸੀ। ਆਧੁਨਿਕ ਦੌਰ ਦੇ ਬੁਨਿਆਦਪ੍ਰਸਤ ਨਸਲੀ ਸਰਬਉਚਤਾ ਦੇ ਨਾਮ ਉਤੇ ਖਾਸ ਕਿਸਮ ਦੀ ਨਸਲ ਪੈਦਾ ਕਰਨ ਦਾ ਅਖਤਿਆਰ ਰਾਖ਼ਵਾਂ ਕਰਨ ਦੀ ਵਕਾਲਤ ਕਰਦੇ ਰਹੇ ਹਨ ਜਿਨ੍ਹਾਂ ਦੀ ਉਘੜਵੀਂ ਮਿਸਾਲ ਹਿਟਲਰ ਹੈ। ਇਸ ਤਰ੍ਹਾਂ ਮਾਮਲਾ ਮਹਿਜ ‘ਪਰਾਈ’ ਔਰਤ ਉਤੇ ਕਬਜ਼ੇ ਦਾ ਨਹੀਂ ਸਗੋਂ ‘ਆਪਣੀ’ ਉਤੇ ‘ਕਾਠੀ ਪਾਉਣ’ ਦਾ ਵੀ ਹੈ। ਮੌਜੂਦਾ ਦੌਰ ਦੇ ਸਿਆਸੀ ਸਲੀਕੇ ਵਿਚ ‘ਬਹੂ ਵਸਾਓ ਬੇਟੀ ਬਚਾਓ’ ਦਾ ਨਾਅਰਾ ਸਿਆਸੀ ਧਾੜਵੀਆਂ ਦੇ ਪੁਰਾਣੇ ਰੁਝਾਨ ਨੂੰ ਅੱਗੇ ਤੋਰਦਾ ਹੈ।
ਇਸ ਨਾਅਰੇ ਤੋਂ ਸਾਫ ਹੈ ਕਿ ਹਿੰਦੂ ਔਰਤ ਤਾਂ ਹਿੰਦੂਆਂ ਦੀ ਜਾਇਦਾਦ ਹੈ ਅਤੇ ਮੁਸਲਮਾਨ ਔਰਤ ਉਤੇ ਹਿੰਦੂਆਂ ਦਾ ਕਬਜ਼ਾ ‘ਪੁੰਨ’ ਅਤੇ ‘ਦੇਸ਼ ਭਗਤੀ’ ਦਾ ਲਖਾਇਕ ਹੈ। ਮਤਲਬ ਇਹ ਮੁਲਕ ਹਿੰਦੂ ਮਰਦਾਂ ਦੀ ਰਈਅਤ ਹੈ। ਧਰਮ, ਦੇਸ਼ ਭਗਤੀ ਅਤੇ ਗਲਬੇ ਦੇ ਨਾਮ ਉਤੇ ਇਹ ਰੁਝਾਨ ਸਿਰਫ ਸੰਘ ਪਰਿਵਾਰ ਦੀ ਸਿਆਸਤ ਦਾ ਹਿੱਸਾ ਨਹੀਂ, ਸਗੋਂ ਸੰਘ ਪਰਿਵਾਰ ਇਸ ਵਡੇਰੇ ਰੁਝਾਨ ਦਾ ਹਿੱਸਾ ਹੈ। ਇਸ ਰੁਝਾਨ ਤਹਿਤ ਯੋਗ, ਸੰਤਾਨ ਅਤੇ ਕਿਰਦਾਰ ਤੈਅ ਕਰਨਾ ਮਰਦਾਂ ਦੇ ਹਿੱਸੇ ਆਇਆ ਹੈ ਜੋ ਇਸ ਕਾਰਜ ਰਾਹੀਂ ਧਰਮ ਪਾਲਦੇ ਹੋਏ ਮੁਲਕ ਜਾਂ ਕੌਮ ਨੂੰ ਅੱਗੇ ਵਧਾਉਂਦੇ ਹਨ। ਇਸ ਰੁਝਾਨ ਤਹਿਤ ਧਰਮ ਦੇ ਨਾਮ ਉਤੇ ਲਲਕਾਰੇ ਮਾਰੇ ਜਾਂਦੇ ਹਨ ਪਰ ਜਦੋਂ ਇੱਕੋ ਧਰਮ ਦੇ ਦੋ ਪੈਰੋਕਾਰ ਆਪਸ ਵਿਚ ਲੜਦੇ ਹਨ ਤਾਂ ਮੁਹਾਵਰਾ ਇਹੋ ਕਾਇਮ ਰਹਿੰਦਾ ਹੈ। ਉਸ ਵੇਲੇ ਹਵਾਲਾ ਖ਼ਿੱਤੇ, ਸ਼ਰੀਕੇ, ਇੱਜ਼ਤ ਜਾਂ ਖਾਨਦਾਨ ਦਾ ਦਿੱਤਾ ਜਾ ਸਕਦਾ ਹੈ।
‘ਬਹੂ ਵਸਾਓ ਬੇਟੀ ਬਚਾਓ’ ਦਾ ਬੋਲਾ ਮਰਦ ਦੇ ਮੁਕਾਬਲੇ ਔਰਤ ਨੂੰ ਕਮ-ਅਕਲ ਕਹਿਣ ਦੀ ਰਵਾਇਤੀ ਸੋਚ ਦਾ ਸਮਕਾਲੀ ਮੁਹਾਵਰਾ ਹੈ। ਗਾਂ ਅਤੇ ਬੇਟੀ ਨੂੰ ਇੱਕੋ ਜਿਹਾ ਮੰਨਣ ਦੀਆਂ ਬਹੁਤ ਮਿਸਾਲਾਂ ਇਤਿਹਾਸ ਵਿਚ ਦਰਜ ਹਨ। ਹੁਣ ਇਹ ਗੱਲ ਜ਼ਰਾ ਰਮਜ਼ ਨਾਲ ਕਹਿਣੀ ਪੈਂਦੀ ਹੈ। ਭਾਜਪਾ ਦੀ ਹਰਿਆਣਾ ਸਰਕਾਰ ਨੇ ਗੋਕੇ ਮਾਸ ਉਤੇ ਪਾਬੰਦੀ ਲਗਾਉਣ ਲਈ ਨਵਾਂ ਕਾਨੂੰਨ (ਗੌ ਸੰਰੱਕਸ਼ਨ ਏਵਮ ਗੌ ਸੰਵਰਧਨ ਬਿੱਲ-2015) ਬਣਾਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰਿਆਣਾ ਵਿਚ ਹੀ ‘ਬੇਟੀ ਬਚਾਓ, ਬੇਟੀ ਪੜਾਓ’ ਨਾਮ ਦੀ ਯੋਜਨਾ ਸ਼ੁਰੂ ਕੀਤੀ ਹੈ। ‘ਬੇਟੀ ਬਚਾਓ, ਬੇਟੀ ਪੜਾਓ’, ‘ਗੌ ਸੰਰਕਸ਼ਨ ਏਵਮ ਗੌ ਸੰਵਰਧਨ’ ਅਤੇ ‘ਬਹੂ ਵਸਾਓ ਬੇਟੀ ਬਚਾਓ’ ਦੇ ਬੋਲੇ ਲੈਅ ਪੱਖੋਂ ਇੱਕ-ਦੂਜੇ ਨਾਲ ਸਹਿਜ ਸੁਭਾਅ ਮਿਲ ਜਾਂਦੇ ਹਨ। ਇਨ੍ਹਾਂ ਦੀਆਂ ਸੋਚ ਪੱਖੋਂ ਜੜ੍ਹਾਂ ਇੱਕੋ ਥਾਂ ਹਨ। ‘ਬਹੂ ਵਸਾਓ ਬੇਟੀ ਬਚਾਓ’ ਵਿਚ ਤਰਜੀਹ ਬਦਲ ਜਾਂਦੀ ਹੈ। ਸਰਕਾਰੀ ਯੋਜਨਾਵਾਂ ਵਿਚ ‘ਰੱਖਿਆ’ ਨੂੰ ਤਰਜੀਹ ਮਿਲੀ ਹੈ ਅਤੇ ਜਥੇਬੰਦਕ ਸੋਚ ਵਿਚ ‘ਹਮਲੇ’ ਨੂੰ ਪਹਿਲ ਦਿੱਤੀ ਗਈ ਹੈ। ਸਰਕਾਰੀ ਯੋਜਨਾ ਵਿਚ ‘ਬੇਟੀ ਨੂੰ ਪੜ੍ਹਾਉਣ’ ਦੀ ਪਹਿਲ ਹੈ ਅਤੇ ਜਥੇਬੰਦਕ ਢਾਂਚੇ ਵਿਚ ‘ਬਹੂ ਵਸਾਉਣ’ ਨੂੰ ਤਰਜੀਹ ਮਿਲੀ ਹੈ। ਪੜ੍ਹਾਈ ਅਤੇ ਰੱਖਿਆ ਦਾ ਖਾਸਾ ‘ਬਲਵਾਨ ਹਿੰਦੂ ਮਰਦ’ ਦੀ ਰਜਾ ਨੇ ਤੈਅ ਕਰਨਾ ਹੈ। ਇਹ ‘ਘਰ ਵਾਪਸੀ’ ਜਾਂ ‘ਤਿਆਰ ਰਹਿਣ’ ਦਾ ਲਲਕਾਰਾ ਜਾਪਦਾ ਹੈ। ਇਹ ਹਰ ਸਮਾਜਕ ਅਦਾਰੇ ਦੀ ਮਜ਼ਬੂਤੀ ਨੂੰ ਦੂਜੀ ਧਿਰ ਦੇ ਹਮਲੇ ਨਾਲ ਜੋੜ ਕੇ ਪਾਲਾਬੰਦੀ ਕਰਨ ਦੀ ਰਵਾਇਤੀ ਜੁਗਤ ਦਾ ਸਮਕਾਲੀ ਮੁਹਾਵਰਾ ਹੈ। ਇਸ ਮੁਹਾਵਰੇ ਤਹਿਤ ‘ਆਪਣੇ ਪਰਾਏ’ ਦੀ ਪਾਲਾਬੰਦੀ ਇੱਕੋ ਰਹੀ ਹੈ ਅਤੇ ਸਮੇਂ ਸਥਾਨ ਦੇ ਫਰਕ ਨਾਲ ਅਲੰਬਰਦਾਰ ਧਿਰ ਬਦਲ ਜਾਂਦੀ ਹੈ। ਹੁਣ ਗ਼ਜ਼ਨਵੀਆਂ ਅਤੇ ਅਬਦਾਲੀਆਂ ਨੂੰ ਭੰਡਣ ਵਾਲੀ ਸੰਘ ਦੀ ਸਿਆਸਤ ਉਨ੍ਹਾਂ ਦੇ ‘ਸੱਚਾ ਪੈਰੋਕਾਰ’ ਹੋਣ ਦਾ ਐਲਾਨ ਕਰ ਰਹੀ ਹੈ। ਸਰਕਾਰ ‘ਰੱਖਿਆ’ ਦੀ ਤਰਜੀਹ ਤੈਅ ਕਰ ਰਹੀ ਹੈ ਅਤੇ ਸੰਘ ਦੀਆਂ ਜਥੇਬੰਦੀਆਂ ‘ਲਾਵਾਂ-ਫੇਰਿਆਂ’ ਤੇ ‘ਘਰ ਵਾਪਸੀ’ ਦੇ ਹਥਿਆਰਾਂ ਨਾਲ ਮਰਦਾਂ ਦੀ ਸਰਦਾਰੀ ਦਾ ਹੋਕਾ ਦੇ ਰਹੀਆਂ ਹਨ। ਸਾਡੇ ਮੁਲਕ ਵਿਚ ਇਸ ਮਰਦ ਦਾ ਧਰਮ ‘ਹਿੰਦੂ’ ਹੈ।