ਅੰਮ੍ਰਿਤਾ ਪ੍ਰੀਤਮ-4
ਗੁਰਬਚਨ ਸਿੰਘ ਭੁੱਲਰ
ਫੋਨ: 1191-1142502364
ਕੰਦਲਾ ਅਤੇ ਨਵਰਾਜ ਦੀ ‘ਨਾਗਮਣੀ ਸ਼ਾਮ’ ਤੋਂ ਦੂਰੀ ਉਦੋਂ ਸਾਨੂੰ ਕੁਦਰਤੀ ਲਗਦੀ। ਗੈਰ-ਪੰਜਾਬੀ ਮਾਹੌਲ ਵਾਲੇ ਦਿੱਲੀ ਦੇ ਉਤਲੇ ਤਬਕੇ ਦੇ ਬੱਚਿਆਂ ਦੇ ਸਕੂਲ ਵਿਚ ਪੜ੍ਹ ਕੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿਚ ਅਤੇ ਅਣਜਾਣੇ-ਓਪਰੇ ਭਾਂਤ-ਸੁਭਾਂਤੇ ਲੇਖਕਾਂ ਵਿਚ ਕੀ ਦਿਲਚਸਪੀ ਹੋ ਸਕਦੀ ਸੀ। ਪਰ ਹੁਣ ਇਹ ਕਹਿਣਾ ਠੀਕ ਹੋਵੇਗਾ ਕਿ ਗੱਲ ਏਨੀ ਹੀ ਨਹੀਂ ਸੀ।
ਮਾਤਾ-ਪਿਤਾ ਦੇ ਨਿਖੇੜੇ ਅਤੇ ਪਿਤਾ ਦਾ ਸਥਾਨ ਇਕ ਓਪਰੇ ਬੰਦੇ ਵਲੋਂ ਮੱਲ ਲਏ ਜਾਣ ਨੇ ਉਨ੍ਹਾਂ ਦੇ ਮਨ ਵਿਚ ਦੁਬਿਧਾ, ਰੋਸ, ਗਿਲਾਨੀ ਤੇ ਵਿਰੋਧ ਦੀ ਕੰਡਿਆਲੀ ਝਾੜੀ ਬੀਜ ਦਿੱਤੀ ਜੋ ਹੌਲੀ-ਹੌਲੀ ਵਧ ਕੇ ਸੂਲਾਂ-ਭਰਿਆ ਬਿਰਛ ਬਣ ਖਲੋਤੀ।
ਕੰਦਲਾ ਦਾ ਲਗਾਤਾਰ ਵਧਦਾ ਵਖਰੇਵਾਂ ਅੰਤ ਨੂੰ ਬੱਚਿਆਂ ਕੋਲ ਪਰਦੇਸ ਵਸ ਕੇ ਇਕ ਤਰ੍ਹਾਂ ਨਾਲ ਮੁਕੰਮਲ ਤੋੜ-ਵਿਛੋੜਾ ਬਣ ਗਿਆ। ਸ਼ੈਲੀ ਘਰ ਵਿਚ ਵੀ ਬੇਘਰਾ-ਬੇਗਾਨਾ ਸੀ। ਅੰਮ੍ਰਿਤਾ ਉਦੋਂ ਵੀ ਘਰ-ਪਰਿਵਾਰ ਦੀ ਮਰਯਾਦਾ ਦੀ ਲਕੀਰ ਲੰਘਦੇ ਹੋਣ ਦੀਆਂ ਉਹਦੀਆਂ ਸ਼ਿਕਾਇਤਾਂ ਆਪਣਿਆਂ ਕੋਲ ਕਰਨ ਲੱਗ ਪਈ ਸੀ। ਉਹ ਉਸੇ ਘਰ ਵਿਚ ਰਹਿੰਦੇ ਜਵਾਨ ਬੇਟੇ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਜਾਂਦੀ ਪਰ ਸ਼ਾਇਦ ਅਸੁਖਾਵੇਂ ਜਵਾਬ ਦੇ ਡਰੋਂ ਉਹਨੂੰ ਕੋਈ ਸਵਾਲ ਕਰਨੋਂ ਜਾਂ ਗੱਲ ਕਹਿਣੋਂ ਝਿਜਕਦੀ। ਇਕ ਸ਼ਾਮ ਅਗੇਤੇ ਗਏ ਗੁਰਦੇਵ ਨੇ ਤੇ ਮੈਂ ਉਹਨੂੰ ਉਦਾਸ ਦੇਖ ਕੇ ਖੈਰ-ਸੁੱਖ ਪੁੱਛੀ ਤਾਂ ਉਹ ਬੋਲੀ, “ਕਈ ਵਾਰ ਮੈਂ ਸ਼ੈਲੀ ਨੂੰ ਲੈ ਕੇ ਪਰੇਸ਼ਾਨ ਹੋ ਜਾਂਦੀ ਹਾਂ।” ਲੱਗਾ, ਉਹ ਕੁਝ ਹੋਰ ਵੀ ਕਹਿਣਾ ਚਾਹੁੰਦੀ ਹੈ ਪਰ ਦੁਚਿੱਤੀ ਵਿਚ ਹੈ। ਆਖ਼ਰ ਬੋਲੀ, “ਭਾਵੇਂ ਜਾ ਕੇ ਦੇਖ ਲਵੋ, ਹੁਣ ਵੀ ਆਪਣਾ ਬੂਹਾ ਬੰਦ ਕਰ ਕੇ ਇਕ ਕੁੜੀ ਨਾਲ ਬੈਠਾ ਹੈ।” ਤਾਂ ਵੀ ਉਹਦਾ ਸਭ ਕੁਝ ਪੁੱਤਰ ਲਈ ਹੀ ਰਿਹਾ। ਇਹਦੇ ਉਲਟ ਅੰਮ੍ਰਿਤਾ ਨਾਲ ਸ਼ੈਲੀ ਦੇ ਰਿਸ਼ਤੇ ਨੂੰ ਮੋਹ ਦੇ ਖਾਨੇ ਵਿਚ ਰੱਖਣਾ ਸ਼ਾਇਦ ਸੰਭਵ ਨਾ ਹੋਵੇ। ਮੋਹ ਦੇ ਰਿਸ਼ਤੇ ਦੀ ਇਹ ਇਕਪਾਸੜਤਾ ਬਹੁਤ ਪਹਿਲਾਂ, ਉਦੋਂ ਹੀ ਬਣ ਤੇ ਪੱਕ ਚੁੱਕੀ ਸੀ ਜਦੋਂ ਬਹੁਤ ਛੋਟੀ ਉਮਰ ਵਿਚ ਸ਼ੈਲੀ ਨੇ ਮਾਂ ਨੂੰ ਬਹੁਤ ਵੱਡਾ ਸਵਾਲ ਪੁੱਛ ਲਿਆ ਸੀ, ਮੰਮੀ, ਕੀ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ?
ਇਮਰੋਜ਼ ਬਣਿਆ ਇੰਦਰਜੀਤ ਸ਼ਾਮ ਵਿਚ ਸ਼ਾਮਲ ਹੋ ਕੇ ਵੀ ਨਾ-ਸ਼ਾਮਲ ਰਹਿੰਦਾ ਤੇ ਨਾ-ਸ਼ਾਮਲ ਰਹਿੰਦਿਆਂ ਵੀ ਸ਼ਾਮਲ ਹੁੰਦਾ। ਉਹਨੂੰ ਦੇਖਿਆ ਤਾਂ ਮੈਂ ਇਥੇ ਆ ਕੇ ਹੀ, ਅੰਮ੍ਰਿਤਾ ਨਾਲ ਉਸ ਦੇ ਮੇਲ ਦੀਆਂ ਗੱਲਾਂ ਹੋਰ ਲੇਖਕਾਂ-ਪਾਠਕਾਂ ਵਾਂਗ ਬਹੁਤ ਪਹਿਲਾਂ ਤੋਂ ਸੁਣੀਆਂ ਹੋਈਆਂ ਸਨ। ਖਾਸ ਕਰਕੇ ਜਦੋਂ ਉਹ ਦੋਵੇਂ ਬੰਬਈ ਚਲੇ ਗਏ ਸਨ, ਵਿਰੋਧੀ ਤੇ ਈਰਖਾਲੂ ਪੰਜਾਬੀ ਅਖ਼ਬਾਰਾਂ ਨੇ ਉਨ੍ਹਾਂ ਦੇ ਬੇਨਾਮ ਰਿਸ਼ਤੇ ਦੀ ਜਾਣਕਾਰੀ ਘਰ-ਘਰ ਪੁਜਦੀ ਕਰ ਦਿੱਤੀ ਸੀ ਪਰ ਉਹਦੀ ਕਲਾ ਦਾ ਮੈਂ ਉਸ ਬਾਰੇ ਸੁਣਨ ਤੇ ਉਸ ਨੂੰ ਦੇਖਣ-ਮਿਲਣ ਤੋਂ ਬਹੁਤ ਪਹਿਲਾਂ ਦਾ ਪ੍ਰਸੰਸਕ ਸੀ। ਮੈਂ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਰਸਾਲਿਆਂ ਦੇ ਨਾਲ-ਨਾਲ ਉਰਦੂ ਦੇ ਦੋ ਮਸ਼ਹੂਰ ਰਸਾਲਿਆਂ ਦਾ ਪੱਕਾ ਪਾਠਕ ਸੀ। ਇਕ ਸੀ ਨਿਰੋਲ ਸਾਹਿਤਕ, ਸਗੋਂ ਕਹਾਣੀ-ਮੁਖੀ, ‘ਬੀਸਵੀਂ ਸਦੀ’ ਜੋ ਦਿੱਲੀ ਦੇ ਦਰਿਆਗੰਜ ਤੋਂ ਨਿਕਲਦਾ ਸੀ ਅਤੇ ਦੂਜਾ ਸੀ ਸਾਹਿਤਕ ਤੇ ਫ਼ਿਲਮੀ ‘ਸ਼ਮ੍ਹਾ’ ਜੋ ਦਿੱਲੀ ਦੀ ਹੀ ਆਸਿਫ਼ ਅਲੀ ਰੋਡ ਤੋਂ ਛਪਦਾ ਸੀ। ‘ਸ਼ਮ੍ਹਾ’ ਦੀ ਸਜਾਵਟ ਇੰਦਰਜੀਤ ਨਾਂ ਦਾ ਆਰਟਿਸਟ ਕਰਦਾ ਸੀ। ਸਜਾਵਟ ‘ਬੀਸਵੀਂ ਸਦੀ’ ਦੀ ਵੀ ਕਿਸੇ ਨੇ ਕੀਤੀ ਹੋਈ ਹੁੰਦੀ, ਪਰ ‘ਸ਼ਮ੍ਹਾ’ ਦੇ ਇੰਦਰਜੀਤ ਦੇ ਮੁਕਾਬਲੇ ਉਹ ਕੁਝ ਵੀ ਨਹੀਂ ਸੀ ਹੁੰਦੀ। ਉਹਦੀ ਕਲਮ ਦੀ ਨੋਕ ਇਕ ਲਕੀਰ ਖਿਚਦੀ ਅਤੇ ਖ਼ੂਬਸੂਰਤ ਚਿਹਰਾ ਸਾਕਾਰ ਹੋ ਜਾਂਦਾ।
ਉਹ ਕਲਾਕਾਰ ਹੁੰਦਿਆਂ ਵੀ ‘ਨਾਗਮਣੀ ਸ਼ਾਮ’ ਦਾ ਅੰਗ ਨਹੀਂ ਸੀ ਬਣਦਾ, ਕੰਨੀ ਉਤੇ ਰਹਿੰਦਾ। ਸਮਾਂ ਪਾ ਕੇ ਕਿਨਾਰੇ-ਕਿਨਾਰੇ ਫਿਰਦੇ ਇਮਰੋਜ਼ ਨੂੰ ਦੇਖ ਕੇ ਮੇਰੇ ਮਨ ਵਿਚ ਇਕ ਅਜੀਬ ਅਹਿਸਾਸ ਉਭਰਿਆ। ਮੈਂ ਮਹਿਸੂਸ ਕੀਤਾ, ਉਹ ਹੁਣ ਤੱਕ ਕਲਾ ਦੀ ਵੀ ਕੰਨੀ ਉਤੇ ਚਲਿਆ ਗਿਆ ਹੈ। ਤਦ ਤੱਕ ਮੈਂ ਸੰਸਾਰ ਦੇ ਸਾਹਿਤ, ਚਿਤਰਕਲਾ, ਗਾਇਕੀ, ਸੰਗੀਤ, ਨ੍ਰਿਤਕਲਾ ਆਦਿ ਖੇਤਰਾਂ ਦੇ ਪ੍ਰਤਿਭਾਸ਼ਾਲੀਆਂ ਦੇ ਅਜਿਹੇ ਕਈ ਕਿੱਸੇ ਜਾਣ ਚੁਕਾ ਸਾਂ ਜਿਨ੍ਹਾਂ ਅਨੁਸਾਰ ਦੋ ਪ੍ਰੇਮੀ ਕਿਸੇ ਸਮਾਜਕ ਪ੍ਰਵਾਨਗੀ ਦੀ ਲੋੜ ਸਮਝੇ ਬਿਨਾਂ ਜੀਵਨ-ਸਾਥੀ ਬਣ ਗਏ ਸਨ। ਉਨ੍ਹਾਂ ਦੀ ਸਾਂਝੀ ਵਡਿਆਈ ਇਸ ਗੱਲ ਵਿਚ ਸੀ ਕਿ ਪੂਰੀ ਦੁਨੀਆਂ ਵਿਚੋਂ ਲੱਭ ਕੇ ਚੁਣੇ ਇਸ ਸਾਥ ਨੇ ਦੋਵਾਂ ਦੀ ਕਲਾ ਨੂੰ ਖ਼ੂਬ ਹੁਲਾਰਾ, ਸੱਜਰਾ ਉਤਸ਼ਾਹ ਅਤੇ ਨਵਾਂ ਵੇਗ ਬਖ਼ਸ਼ਿਆ ਸੀ। ਇਥੇ ਮੈਨੂੰ ਗੱਲ ਉਲਟੀ ਦਿਸਦੀ। ‘ਸ਼ਮ੍ਹਾ’ ਵਾਲਾ ਕਲਾ-ਸਰੂਪ ਇੰਦਰਜੀਤ ਕਿਤਾਬਾਂ ਦੇ, ਖਾਸ ਕਰਕੇ ਅੰਮ੍ਰਿਤਾ ਦੀਆਂ ਕਿਤਾਬਾਂ ਦੇ ਕਵਰ ਬਣਾਉਣ ਵਾਲਾ ਇਮਰੋਜ਼ ਬਣ ਕੇ ਰਹਿ ਗਿਆ ਸੀ। ਉਨ੍ਹੀਂ ਦਿਨੀਂ ਉਹ ਰੰਗ-ਬਰੰਗੇ ਗਲੇਜ਼ਡ ਪੇਪਰ ਲੈਂਦਾ ਤੇ ਉਨ੍ਹਾਂ ਦੀਆਂ ਹੱਥ ਨਾਲ ਅਘੜ-ਦੁਘੜੀਆਂ ਪਾੜੀਆਂ ਹੋਈਆਂ ਕਾਤਰਾਂ ਚੇਪ ਕੇ ਕਵਰ ਬਣਾ ਦਿੰਦਾ। ਮੇਰੀ ‘ਓਪਰਾ ਮਰਦ’ ਅਤੇ ਗੁਰਦੇਵ ਦੀ ‘ਇਕ ਟੋਟਾ ਔਰਤ’ ਦੇ ਕਵਰ ਉਹਨੇ ਇਉਂ ਹੀ ਬਣਾਏ ਸਨ।
ਅਸੀਂ ਹੈਰਾਨ ਹੁੰਦੇ, ਜਿਥੇ ਮਨਚਾਹਿਆ ਜੀਵਨ ਪਾ ਕੇ ਅੰਮ੍ਰਿਤਾ ਦੀ ਕਲਮ ਲੰਮੀਏਂ ਪੁਲਾਂਘੀਂ ਅੱਗੇ ਵਧ ਗਈ ਸੀ, ਉਹੋ ਜੀਵਨ ਪਾ ਕੇ ਇਮਰੋਜ਼ ਦੀ ਕਲਾ ਦਰਸ਼ਕਾਂ ਤੋਂ ਓਝਲ ਹੋ ਗਈ ਸੀ। ਅਜਿਹਾ ਮੌਕਾ ਇਕ ਵਾਰ ਵੀ ਨਹੀਂ ਸੀ ਆਇਆ ਜਦੋਂ ਅੰਮ੍ਰਿਤਾ ਨੇ ਕਿਹਾ ਹੋਵੇ, “ਇਮਰੋਜ਼ ਨੇ ਨਵਾਂ ਚਿਤਰ ਬਣਾਇਆ ਹੈ, ਲਓ ਤੁਹਾਨੂੰ ਦਿਖਾਵਾਂ!”
ਗੱਲਾਂ ਚਲਦੀਆਂ ਵਿਚ ਇਕ ਦਿਨ ਇਮਰੋਜ਼ ਕਹਿੰਦਾ, “ਕਵੀਆਂ ਵਜੋਂ ਮੋਹਨ ਸਿੰਘ ਤੇ ਮਾਜਾ ਵਿਚ ਪਤਾ ਹੈ ਕੀ ਫ਼ਰਕ ਹੈ? ਮਾਜਾ ਲਗਾਤਾਰ ਗਰੋਅ ਕਰ ਰਹੀ ਹੈ, ਮੋਹਨ ਸਿੰਘ ਦੀ ਗਰੋਥ ਰੁਕ ਗਈ।” ਉਹ ਅੰਮ੍ਰਿਤਾ ਨੂੰ ਮਾਜਾ ਆਖਦਾ ਸੀ। ਮੋਹਨ ਸਿੰਘ ਬਾਰੇ ਉਨ੍ਹਾਂ ਦੋਵਾਂ ਦੇ ਮਨ ਵਿਚ ਕਿਤੇ ਧੁਰ ਅੰਦਰ ਇਹ ਅਹਿਸਾਸ ਸੀ ਕਿ ਉਹ ਅੰਮ੍ਰਿਤਾ ਨਾਲੋਂ ਵੱਡਾ ਕਵੀ ਹੈ, ਇਸ ਕਰਕੇ ਉਹ ਅਜਿਹੀਆਂ ਟਿੱਪਣੀਆਂ ਨਾਲ ਤਸੱਲੀ ਮਹਿਸੂਸ ਕਰਦੇ, ਪਰ ਸੱਚ ਇਹ ਹੈ ਕਿ ਮੋਹਨ ਸਿੰਘ ਨੂੰ ਛੁਟਿਆਉਣਾ ਉਨ੍ਹਾਂ ਦੀ ਮਜਬੂਰੀ ਹੋਣ ਕਾਰਨ ਉਸ ਬਾਰੇ ਨਿਰਣਾ ਤਾਂ ਗ਼ਲਤ ਸੀ ਹੀ, ਅੰਮ੍ਰਿਤਾ ਬਾਰੇ ਇਹ ਮੰਨਣਾ ਪਵੇਗਾ ਕਿ ਸਾਹਿਤ ਅਕਾਦਮੀ ਇਨਾਮ ਮਿਲਣ ਮਗਰੋਂ ਉਸ ਦੀ ਕਵਿਤਾ ਵਿਚ ਪਰਤੱਖ ਮੋੜ ਆਇਆ ਅਤੇ ਉਹ ਰੂਪ ਤੇ ਸਾਰ, ਦੋਵਾਂ ਪੱਖਾਂ ਤੋਂ ਆਪਣੀ ਇਨਾਮ ਤੋਂ ਪਹਿਲਾਂ ਦੀ ਕਵਿਤਾ ਨਾਲੋਂ ਸਪੱਸ਼ਟ ਵਿੱਥ ਪਾ ਗਈ।
ਇਮਰੋਜ਼ ਦੀ ਕਦੀ ਕੋਈ ਨੁਮਾਇਸ਼ ਨਾ ਲੱਗੀ ਤੇ ਕਦੀ ਕਿਸੇ ਕਲਾ-ਪੱਤਰ ਵਿਚ ਚਰਚਾ ਨਾ ਹੋਈ। ਹੌਲੀ-ਹੌਲੀ ਲੋਕ ਉਹਦਾ ਨਾਂ ਵਿਸਰ ਗਏ। ਸਾਡੇ ਸੋਵੀਅਤ ਸੂਚਨਾ ਵਿਭਾਗ ਦੇ ਆਰਟ-ਸੈਕਸ਼ਨ ਵਿਚ ਗਿਆਨ ਨਾਂ ਦਾ ਇਕ ਆਰਟਿਸਟ ਹੁੰਦਾ ਸੀ। ਇਕ ਦਿਨ ਮੈਨੂੰ ਪੁੱਛਣ ਲੱਗਾ, “ਆਪਕਾ ਏਕ ਬਹੁਤ ਅੱਛਾ ਪੰਜਾਬੀ ਆਰਟਿਸਟ ਹੋਤਾ ਥਾ, ਇੰਦਰਜੀਤ, ਕਿਆ ਵੁਹ ਗੁਜ਼ਰ ਗਿਆ? ਵੁਹ ਤੋ ਅਭੀ ਜਵਾਨ ਥਾ!” ਮੈਂ ਕਿਹਾ, “ਸ਼ੁਭ ਸ਼ੁਭ ਬੋਲ ਯਾਰ! ਚੰਗਾ-ਭਲਾ ਹੈ ਸੁੱਖ ਨਾਲ।” ਉਹ ਹੈਰਾਨ ਹੋਇਆ, “ਮਗਰ ਉਸ ਕਾ ਜ਼ਿਕਰ ਤੋ ਕਹੀਂ ਨਹੀਂ ਹੋਤਾ?” ਮੈਂ ਜਵਾਬ ਦਿੱਤਾ, “ਭਾਈ ਹੁਣ ਉਹ ਅੰਮ੍ਰਿਤਾ ਦਾ ਇਮਰੋਜ਼ ਬਣ ਗਿਆ।” ਉਹ ਬੋਲਿਆ, “ਇਸ ਨਾਮ ਸੇ ਭੀ ਕਭੀ ਕੁਛ ਸੁਨਾ ਯਾ ਦੇਖਾ ਨਹੀਂ।” ਮੈਂ ਕੀ ਕਹਿੰਦਾ? ਹੱਸ ਕੇ ਕਿਹਾ, “ਮੈਂ ਤੈਨੂੰ ਅੰਮ੍ਰਿਤਾ ਦੇ ਘਰ ਦਾ ਪਤਾ ਦੇ ਦਿੰਦਾ ਹਾਂ। ਜਾ ਕੇ ਇਮਰੋਜ਼ ਨਾਂ ਦੇ ਇੰਦਰਜੀਤ ਨੂੰ ਮਿਲ-ਦੇਖ ਵੀ ਆ ਤੇ ਉਸ ਤੋਂ ਜੋ ਪੁੱਛ-ਪੜਤਾਲ ਕਰਨੀ ਹੈ, ਉਹ ਵੀ ਕਰ ਆ!”
ਇਕ ਵਾਰ ਤਾਂ ਮੈਨੂੰ ਇਉਂ ਲੱਗਿਆ ਜਿਵੇਂ ਕਵਰ ਬਣਾਉਣ ਪਿੱਛੇ ਵੀ ਇਮਰੋਜ਼ ਦੀ ਕਲਾਕਾਰੀ ਰੁਚੀ ਘੱਟ ਅਤੇ ਮਾਇਕ ਲੋੜ ਵੱਧ ਕੰਮ ਕਰਦੀ ਹੋਵੇ। ਭਾਪਾ ਜੀ ਨੇ ਮੈਨੂੰ ਉਹਦਾ ਬਣਾਇਆ ‘ਓਪਰਾ ਮਰਦ’ ਦਾ ਕਵਰ ਦਿਖਾਇਆ ਤਾਂ ‘ਓਪਰਾ ਮਰਦ’ ਦੀ ਥਾਂ ‘ਓਪਰਾ ਆਦਮੀ’ ਲਿਖਿਆ ਪਿਆ ਸੀ। ਮੈਨੂੰ ਹੈਰਾਨੀ ਹੋਈ, ਉਹਨੂੰ ਮਰਦ ਤੇ ਆਦਮੀ ਦੇ ਫ਼ਰਕ ਦਾ ਵੀ ਪਤਾ ਨਹੀਂ ਸੀ! ਭਾਪਾ ਜੀ ਨੂੰ ਦੱਸਿਆ ਤਾਂ ਉਹ ਮੇਰੇ ਨਾਲ ਇਸ ਗੱਲੋਂ ਤਾਂ ਸਹਿਮਤ ਹੋਏ ਕਿ ਮਰਦ ਦੀ ਥਾਂ ਆਦਮੀ ਨਹੀਂ ਚੱਲ ਸਕਦਾ ਪਰ ਕਹਿੰਦੇ, “ਯਾਰ ਕੋਈ ਤਬਦੀਲੀ ਕਰਵਾਇਆਂ ਉਹ ਬੜੀ ਬੁੜਬੁੜ ਕਰਦਾ ਹੈ।” ਮੈਂ ਕਿਹਾ, “ਭਾਪਾ ਜੀ, ਇਹ ਤਬਦੀਲੀ ਥੋੜ੍ਹੋ ਹੈ, ਇਹ ਤਾਂ ਉਹਦੀ ਗ਼ਲਤੀ ਦੀ ਦਰੁਸਤੀ ਹੈ।” ਫੇਰ ਵੀ ਉਨ੍ਹਾਂ ਨੂੰ ਚੁੱਪ ਜਿਹੇ ਦੇਖ ਕੇ ਮੈਨੂੰ ਇਕ ਰਾਹ ਸੁੱਝ ਪਿਆ। ਮੈਂ ਦੱਸਿਆ, “ਉਹਦੇ ਲਿਖੇ ‘ਓਪਰਾ ਆਦਮੀ’ ਵਿਚ ਮਰਦ ਦੇ ਤਿੰਨੇ ਅੱਖਰ ਮ, ਰ, ਦ ਹੈ ਨੇ। ਮੈਂ ਆਪਣੇ ਦਫ਼ਤਰ ਦੇ ਆਰਟਿਸਟ ਤੋਂ ਹੂ-ਬਹੂ ਟਰੇਸ ਕਰਵਾ ਕੇ ਮਰਦ ਲਿਖਵਾ ਲਵਾਂਗਾ।” ਜੁਗਤ ਭਾਪਾ ਜੀ ਨੂੰ ਵੀ ਜਚ ਗਈ। ਇਉਂ ਇਮਰੋਜ਼ ਦੇ ਆਦਮੀ ਨੂੰ ਮੈਂ ਮਰਦ ਬਣਾਉਣ ਵਿਚ ਸਫਲ ਹੋ ਗਿਆ।