ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਦਰਸ਼ਨ ਵਿਚ ਹਉਮੈ ਨੂੰ ਵੱਡਾ ਰੋਗ ਮੰਨਿਆ ਗਿਆ ਹੈ ਜਿਸ ਤੋਂ ਮਨ ਵਿਚ ਵਿਕਾਰ ਪੈਦਾ ਹੁੰਦੇ ਹਨ। ਜਪੁਜੀ ਵਿਚ ਗੁਰੂ ਨਾਨਕ ਸਾਹਿਬ ਨੇ ਹਉਮੈ ਨੂੰ Ḕਕੂੜੈ ਪਾਲਿḔ ਕਿਹਾ ਹੈ ਜੋ ਮਨੁੱਖ ਅਤੇ ਅਕਾਲ ਪੁਰਖ ਵਿਚ ਵਿੱਥ ਪੈਦਾ ਕਰਦੀ ਹੈ। ਗੁਰੂ ਅਮਰਦਾਸ ਇਸ ਹਉਮੈ ਨੂੰ ਦੁੱਖਾਂ ਦਾ ਕਾਰਨ ਮੰਨਦੇ ਹਨ ਕਿਉਂਕਿ ਹਉਮੈ ਦੇ ਅਧੀਨ ਹੋ ਕੇ ਹੀ ਮਨੁੱਖ ਪਾਪ ਕਮਾਉਂਦਾ ਹੈ ਜਿਸ ਕਾਰਨ ਉਸ ਨੂੰ ਦੁੱਖ ਸਹਿਣੇ ਪੈਂਦੇ ਹਨ।
ਗੁਰੂ ਅਮਰਦਾਸ ਕਹਿੰਦੇ ਹਨ ਕਿ ਅਜਿਹੇ ਮਨੁੱਖਾਂ ਦਾ ਜਿਉਣਾ ਲਾਹਨਤ ਭਰਿਆ ਹੈ ਜਿਹੜੇ ਅਕਾਲ ਪੁਰਖ ਦੇ ਨਾਮ ਦਾ ਅਨੰਦ ਬਿਲਕੁਲ ਤਿਆਗ ਦਿੰਦੇ ਹਨ, ਹਉਮੈ ਦੇ ਵੱਸ ਵਿਚ ਹੋ ਕੇ ਬੁਰੇ ਕਰਮ ਕਰਦੇ ਹਨ ਅਤੇ ਦੁੱਖ ਸਹੇੜਦੇ ਹਨ। ਅਜਿਹੇ ਮੂਰਖ ਮਨੁੱਖ ਆਪਣੇ ਮਨ ਦੀ ਮੱਤ ਦੇ ਪਿੱਛੇ ਲੱਗ ਕੇ ਮਾਇਆ-ਮੋਹ ਵਿਚ ਫਸੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੂਝ-ਬੂਝ ਨਹੀਂ ਹੁੰਦੀ, ਅਗਿਆਨ ਵਿਚ ਸਭ ਕਰਮ ਕਰਦੇ ਹਨ। ਅਜਿਹੇ ਮਨੁੱਖਾਂ ਨੂੰ ਨਾ ਇਸ ਲੋਕ ਵਿਚ ਕੋਈ ਸੁਖ ਮਿਲਦਾ ਹੈ ਅਤੇ ਨਾ ਹੀ ਪਰਲੋਕ ਵਿਚ ਸੁਖ ਮਿਲਦਾ ਹੈ ਅਤੇ ਮਰਨ ਵੇਲੇ ਅਜਿਹੇ ਲੋਕ ਪਛਤਾਵੇ ਵਿਚ ਹੀ ਦੁਨੀਆਂ ਤੋਂ ਰੁਖਸਤ ਹੁੰਦੇ ਹਨ। ਜੇ ਕਿਸੇ ‘ਤੇ ਗੁਰੂ ਦੀ ਮਿਹਰ ਹੁੰਦੀ ਹੈ ਤਾਂ ਉਹ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ ਜਿਸ ਨਾਲ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਮੱਥੇ ‘ਤੇ ਉਸ ਦੇ ਚੰਗੇ ਕਰਮਾਂ ਕਰਕੇ ਧੁਰੋਂ ਲਿਖਿਆ ਹੁੰਦਾ ਹੈ, ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਕੇ ਲੱਗਦਾ ਹੈ,
ਧ੍ਰਿਗੁ ਤਿਨ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ॥
ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ ਬੂਝ ਨ ਕਾਈ ਪਾਇ॥
ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ॥
ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ॥
ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ॥੧॥ (ਪੰਨਾ ੫੧੧)
ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਮਨੁੱਖ ਦੀ ਤੁਲਨਾ ਉਲਟੇ ਕੰਵਲ-ਫੁੱਲ ਨਾਲ ਕੀਤੀ ਹੈ, ਇਸ ਵਿਚ ਨਾਮ ਸਿਮਰਨ ਅਤੇ ਭਗਤੀ- ਦੋਵੇਂ ਨਹੀਂ ਹਨ ਅਰਥਾਤ ਮੂਧਾ ਜਾਂ ਉਲਟਾ ਹੋਣ ਕਰਕੇ ਉਹ ਭਗਤੀ ਅਤੇ ਨਾਮ-ਸਿਮਰਨ ਦੋਵਾਂ ਤੋਂ ਖਾਲੀ ਹੈ। ਉਹ ਸ਼ਕਤੀ ਭਾਵ ਮਾਇਆ ਦੇ ਅਸਰ ਹੇਠ ਸਾਰੇ ਕਰਮ ਕਰਦਾ ਹੈ, ਕਾਰ-ਵਿਹਾਰ ਕਰਦਾ ਹੈ ਅਤੇ ਮਾਇਆ ਹੀ ਉਸ ਦੇ ਜੀਵਨ ਦਾ ਅਸਲ ਨਿਸ਼ਾਨਾ ਜਾਂ ਮਕਸਦ ਹੈ। ਅਜਿਹਾ ਆਪ-ਹੁਦਰਾ ਮਨੁੱਖ ਅੰਦਰੋਂ ਭਿੱਜਦਾ ਨਹੀਂ ਅਤੇ ਮੂੰਹ ਤੋਂ ਫਿੱਕੇ ਬੋਲ ਹੀ ਬੋਲਦਾ ਹੈ। ਅਜਿਹੇ ਮਨੁੱਖ ਧਰਮ ਨਾਲ ਨਹੀਂ ਜੁੜਦੇ ਕਿਉਂਕਿ ਉਨ੍ਹਾਂ ਦੇ ਅੰਦਰ ਝੂਠ ਅਰਥਾਤ ਮਾਇਆ ਅਤੇ ਖੁਦਗਰਜ਼ੀ ਹੈ। ਗੁਰੂ ਅਮਰਦਾਸ ਅੱਗੇ ਦੱਸਦੇ ਹਨ ਕਿ ਇਹ ਕਰਤਾ ਪੁਰਖ ਦਾ ਰਚਿਆ ਹੋਇਆ ਖੇਲ ਹੈ ਕਿ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਮਨੁੱਖ ਤਾਂ ਝੂਠ ਬੋਲ ਬੋਲ ਸੰਸਾਰ-ਸਾਗਰ ਵਿਚ ਡੁੱਬ ਜਾਂਦੇ ਹਨ ਅਤੇ ਗੁਰੂ ਵੱਲ ਮੂੰਹ ਕਰਕੇ ਤੁਰਨ ਵਾਲੇ ਮਨੁੱਖ ਇਸ ਭਵ-ਸਾਗਰ ਤੋਂ ਪਾਰ ਲੰਘ ਜਾਂਦੇ ਹਨ,
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ॥
ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ॥
ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ॥
ਓਇ ਧਰਮਿ ਰਲਾਏ ਨਾ ਰਲਨ੍ਹਿ ਓਨਾ ਅੰਦਰਿ ਕੂੜੁ ਸੁਆਉ॥
ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ॥੨॥ (ਪੰਨਾ ੫੧੧)
ਅੱਗੇ ਪਉੜੀ ਵਿਚ ਇਸ ਤੱਥ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਮਨੁੱਖ ਇਸ ਗੱਲ ਨੂੰ ਨਹੀਂ ਸਮਝਦੇ ਕਿ ਗੁਰੂ ਦੀ ਕਿਰਪਾ ਰਾਹੀਂ ਕਰਤਾ ਪੁਰਖ ਦਾ ਨਾਮ ਸਿਮਰਨ ਕਰ ਸਕੀਦਾ ਹੈ, ਉਨ੍ਹਾਂ ਨੂੰ ਜਨਮ-ਮਰਨ ਦਾ ਲੰਬਾ ਚੱਕਰ ਪਿਆ ਰਹਿੰਦਾ ਹੈ ਅਤੇ ਉਹ ਦੁਨੀਆਂ ‘ਤੇ ਜਨਮ ਲੈਂਦੇ ਅਤੇ ਮਰਦੇ ਰਹਿੰਦੇ ਹਨ। ਜਿਹੜਾ ਮਨੁੱਖ ਸਾਰੀ ਉਮਰ ਗੁਰੂ ਦੇ ਆਖੇ ਨਹੀਂ ਲੱਗਦਾ, ਗੁਰੂ ਦੀ ਸਿੱਖਿਆ ‘ਤੇ ਨਹੀਂ ਚੱਲਦਾ, ਉਸ ਨੂੰ ਅੰਤ ਸਮੇਂ ਪਛਤਾਉਣਾ ਪੈਂਦਾ ਹੈ। ਜਦੋਂ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਦੋਂ ਮਨੁੱਖ ਦਾ ਗੁਰੂ ਨਾਲ ਮੇਲ ਹੁੰਦਾ ਹੈ ਅਤੇ ਗੁਰੂ ਦੀ ਸਿੱਖਿਆ ‘ਤੇ ਚਲਿਆਂ ਅੰਦਰੋਂ ਹਉਮੈ ਦੂਰ ਹੁੰਦੀ ਹੈ। ਮਨੁੱਖ ਦੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਭੁੱਖ ਉਤਰ ਜਾਂਦੀ ਹੈ ਅਤੇ ਮਨ ਵਿਚ ਸੁਖ-ਅਨੰਦ ਦਾ ਵਾਸਾ ਹੁੰਦਾ ਹੈ। ਇਸ ਤਰ੍ਹਾਂ ਆਪਣੀ ਸੁਰਤਿ ਨੂੰ ਅਕਾਲ ਪੁਰਖ ਵਿਚ ਜੋੜ ਕੇ ਹਿਰਦੇ ਅੰਦਰ ਉਸ ਦੇ ਨਾਮ ਨੂੰ ਸਿਮਰਿਆ ਜਾ ਸਕਦਾ ਹੈ,
ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ॥
ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ॥
ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ॥
ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ॥
ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ॥੮॥ (ਪੰਨਾ ੫੧੧)
ਗੁਰੂ ਦੀ ਸਿੱਖਿਆ ‘ਤੇ ਚੱਲਣ ਦੀਆਂ ਬਹੁਤ ਬਰਕਤਾਂ ਹਨ, ਇਸ ਤੱਥ ਦਾ ਬਿਆਨ ਗੁਰੂ ਅਮਰਦਾਸ ਅਗਲੇ ਸਲੋਕ ਵਿਚ ਕਰਦੇ ਹਨ। ਜਿਹੜੇ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਉਨ੍ਹਾਂ ਦਾ ਸਾਰੇ ਸਤਿਕਾਰ ਕਰਦੇ ਹਨ। ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੀ ਸਿੱਖਿਆ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਲਈ ਸਾਰੇ ਉਪਾਵਾਂ ਤੋਂ ਵੱਡਾ ਉਪਾਅ ਇਹ ਹੈ ਕਿ ਪਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਵੇ, ਨਾਮ ਦਾ ਸਿਮਰਨ ਕਰਨ ਨਾਲ ਹਿਰਦੇ ਨੂੰ ਸੁਖ ਮਿਲਦਾ ਹੈ ਅਤੇ ਮਨ ਵਿਚ ਸ਼ਾਂਤੀ ਦਾ ਨਿਵਾਸ ਹੁੰਦਾ ਹੈ, ਹਿਰਦਾ ਸ਼ਾਂਤ ਹੋ ਜਾਂਦਾ ਹੈ ਅਰਥਾਤ ਮਨੁੱਖ ਸਹਿਜ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਰੂ ਦੀ ਆਗਿਆ ਅਨੁਸਾਰ ਨਾਮ ਜਪਣ ਵਾਲੇ ਮਨੁੱਖ ਦੀ ਖੁਰਾਕ ਅਤੇ ਪੁਸ਼ਾਕ ਨਾਮ-ਰੂਪੀ ਅੰਮ੍ਰਿਤ ਹੋ ਜਾਂਦਾ ਹੈ ਅਰਥਾਤ ਨਾਮ-ਅੰਮ੍ਰਿਤ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੇ ਗੁਰੂ-ਵਰੋਸਾਏ ਮਨੁੱਖ ਲਈ ਨਾਮ ਆਦਰ ਸਤਿਕਾਰ ਬਣ ਜਾਂਦਾ ਹੈ,
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ॥
ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ॥
ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ॥
ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ॥੧॥ (ਪੰਨਾ ੫੧੧)
ਅਗਲੇ ਸਲੋਕ ਵਿਚ ਵੀ ਗੁਰੂ ਦੀ ਸਿੱਖਿਆ ਦਾ ਮਹੱਤਵ ਦੱਸਿਆ ਗਿਆ ਹੈ ਅਤੇ ਮਨ ਨੂੰ ਸੰਬੋਧਨ ਕੀਤਾ ਗਿਆ ਹੈ ਕਿ ਹੇ ਮਨ! ਸਤਿਗੁਰੂ ਦੀ ਸਿੱਖਿਆ ਸੁਣ ਅਤੇ ਉਸ ‘ਤੇ ਅਮਲ ਕਰ ਕਿਉਂਕਿ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਹੀ ਉਸ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ ਨੂੰ ਪਾ ਸਕੀਦਾ ਹੈ, ਗੁਰੂ ਦੀ ਸਿੱਖਿਆ ਤੋਂ ਹੀ ਉਸ ਨੂੰ ਪਾਉਣ ਦਾ ਰਸਤਾ ਪਤਾ ਲੱਗਦਾ ਹੈ। ਉਹ ਅਕਾਲ ਪੁਰਖ ਜੋ ਮਨੁੱਖ ਨੂੰ ਸਾਰੇ ਸੁੱਖਾਂ ਦੀ ਦਾਤ ਬਖਸ਼ਿਸ ਕਰਦਾ ਹੈ ਜਦੋਂ ਉਸ ਦਾ ਵਾਸਾ ਮਨ ਵਿਚ ਹੁੰਦਾ ਹੈ ਤਾਂ ਮਨ ਵਿਚੋਂ ਹਉਮੈ, ਹੰਕਾਰ ਦੂਰ ਹੋ ਜਾਂਦੇ ਹਨ। ਜਦੋਂ ਉਸ ਦੀ ਮਿਹਰ ਹੁੰਦੀ ਹੈ ਅਤੇ ਉਹ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਸੁਰਤ ਹਰ ਵੇਲੇ ਉਸ ਵਿਚ ਜੁੜੀ ਰਹਿੰਦੀ ਹੈ,
ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨ॥
ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ॥
ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ॥੨॥ (ਪੰਨਾ ੫੧੧-੧੨)
ਨੌਵੀਂ ਪਉੜੀ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਉਸ ਨੂੰ ਸਤ, ਸੰਤੋਖ ਆਦਿ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਹਰ ਥਾਂ ਅਕਾਲ ਪੁਰਖ ਦੀ ਵਿਆਪਕਤਾ ਦਾ ਅਨੁਭਵ ਹੋ ਜਾਂਦਾ ਹੈ। ਉਸ ਦੇ ਅੰਦਰੋਂ ਛਲ/ਕਪਟ ਆਦਿ ਵਿਕਾਰ ਖਤਮ ਹੋ ਜਾਂਦੇ ਹਨ ਅਤੇ ਆਪਣੇ ਮਨ ਨੂੰ ਉਹ ਸਹਿਜ ਵਿਚ ਹੀ ਕਾਬੂ ਕਰ ਲੈਂਦਾ ਹੈ। ਉਸ ਦੇ ਅੰਦਰ ਪਰਮਾਤਮ-ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਗਿਆਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਅਤੇ ਉਸ ਨੂੰ ਆਤਮਕ ਅਨੰਦ ਦਾ ਰਸ ਲੱਗ ਜਾਂਦਾ ਹੈ, ਆਤਮਕ ਅਨੰਦ ਦੀ ਚੇਟਕ ਲੱਗ ਜਾਂਦੀ ਹੈ। ਉਹ ਦਿਨ ਰਾਤ ਪਰਮਾਤਮ ਗੁਣਾਂ ਦਾ ਗਾਇਨ ਕਰਦਾ ਹੈ ਅਤੇ ਇਹ ਰੱਬੀ ਗੁਣ ਉਸ ਦੇ ਅੰਦਰ ਵੀ ਪਰਗਟ ਹੋ ਜਾਂਦੇ ਹਨ। ਉਸ ਦਾ ਇਹ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ ਕਿ ਉਹ ਅਕਾਲ ਪੁਰਖ ਸਭ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਸਭ ਦਾ ਸਖਾ ਹੈ,
ਸਤੁ ਸੰਤੋਖੁ ਸਭੁ ਸਚੁ ਹੈ ਗੁਰਮਖਿ ਪਵਿਤਾ॥
ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ॥
ਤਹਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ॥
ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ॥
ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ॥੯॥ (ਪੰਨਾ ੫੧੨)
ਗੁਰਮਤਿ ਦਰਸ਼ਨ ਵਿਚ ਮਨੁੱਖ ਦੀ ਜਾਤ, ਜਨਮ ਅਤੇ ਇਸਤਰੀ-ਪੁਰਸ਼ ਹੋਣ ਦੇ ਨਾਤੇ ਵੰਡ ਨੂੰ ਨਕਾਰਿਆ ਗਿਆ ਹੈ ਕਿਉਂਕਿ ਸਾਰੇ ਮਨੁੱਖ ਉਸੇ ਇੱਕੋ ਰੱਬੀ ਜੋਤ ਤੋਂ ਪੈਦਾ ਹੋਏ ਹਨ। ਮਨੁੱਖ ਦੀਆਂ ਸਿਰਫ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ- ਗੁਰਮੁਖਿ ਅਤੇ ਮਨਮੁਖ, ਅਰਥਾਤ ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ ਅਤੇ ਆਪਣੇ ਮਨ ਦੀ ਮਤਿ ਅਨੁਸਾਰ ਚੱਲਣ ਵਾਲੇ। ਇਸ ਸਲੋਕ ਵਿਚ ਗੁਰੂ ਅਮਰਦਾਸ ਜੀ ਨੇ ਫਰਮਾਇਆ ਹੈ ਕਿ ਜਨਮ ਜਾਂ ਜਾਤਿ ਕਾਰਨ ਮਨੁੱਖ ਬ੍ਰਾਹਮਣ ਨਹੀਂ ਹੁੰਦਾ; ਬ੍ਰਾਹਮਣ ਉਹ ਹੈ ਜੋ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਜਾਣਦਾ ਹੈ। ਅਜਿਹਾ ਮਨੁੱਖ ਸਤਿਗੁਰੂ ਨੂੰ ਪੁੱਛ ਕੇ ਅਰਥਾਤ ਸਤਿਗੁਰੂ ਦੇ ਦੱਸੇ ਗਿਆਨ ਅਨੁਸਾਰ ਸੱਚ ਅਤੇ ਸੰਜਮ ਵਰਗੇ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਇਨ੍ਹਾਂ ਗੁਣਾਂ ਅਨੁਸਾਰ ਕਰਮ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰੋਂ ਹਉਮੈ ਅਤੇ ਇਸ ਤੋਂ ਪੈਦਾ ਹੋਣ ਵਾਲੇ ਰੋਗ ਖਤਮ ਹੋ ਜਾਂਦੇ ਹਨ। ਉਹ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ ਹੈ, ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਇਸ ਰਸਤੇ ‘ਤੇ ਚੱਲ ਕੇ ਆਪਣੇ ਅੰਦਰ ਰੱਬੀ ਜੋਤਿ ਦਾ ਅਨੁਭਵ ਕਰਦਾ ਹੈ ਅਤੇ ਰੱਬੀ ਜੋਤਿ ਨਾਲ ਉਸ ਦੀ ਆਤਮਾ ਇੱਕਸੁਰ ਹੋ ਜਾਂਦੀ ਹੈ। ਇਸ ਕਲਿਜੁਗ ਦੇ ਸਮੇਂ ਵਿਚ ਕੋਈ ਵਿਰਲਾ ਮਨੁੱਖ ਹੀ ਐਸਾ ਹੈ ਜਿਸ ਨੇ ਰੱਬੀ ਗਿਆਨ ਰਾਹੀਂ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਕੇ ਪਰਮਾਤਮ-ਜੋਤਿ ਵਿਚ ਮਿਲ ਗਿਆ ਹੈ, ਉਸ ਨਾਲ ਇੱਕਸੁਰ ਹੋ ਗਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੇ ਮਨੁੱਖ ਨੂੰ ਮਿਲ ਕੇ ਸਦਾ ਕਾਇਮ ਰਹਿਣ ਵਾਲੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਦਿਨ ਰਾਤ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ,
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ॥
ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ॥
ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ॥
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮਗਿਆਨੀ ਜਿ ਹਉਮੈ ਮੇਟਿ ਸਮਾਏ॥
ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ॥੧॥ (ਪੰਨਾ ੫੧੨)
ਗੁਰਮਤਿ ਦਰਸ਼ਨ ਵਿਚ ਪਰਮਾਤਮ-ਜੋਤਿ ਦਾ ਅਨੁਭਵ ਕਰਨ ਵਾਲੇ ਮਨੁੱਖ ਨੂੰ ਸਚਿਆਰ, ਬ੍ਰਹਮਗਿਆਨੀ ਅਤੇ ਗੁਰਮੁਖਿ ਕਿਹਾ ਹੈ। ਉਪਰ ਸਲੋਕ ਵਿਚ ਗੁਰੂ ਅਮਰਦਾਸ ਜੀ ਨੇ ਬ੍ਰਹਮਗਿਆਨੀ ਦੀ ਗੱਲ ਕੀਤੀ ਹੈ ਤਾਂ ਇਸ ਦੂਸਰੇ ਸਲੋਕ ਵਿਚ ਗੁਰੂ ਤੋਂ ਬੇਮੁਖ ਹੋ ਕੇ ਚੱਲਣ ਵਾਲੇ ਮਨੁੱਖ ਅਰਥਾਤ ਮਨਮੁਖ ਦੀ ਗੱਲ ਕੀਤੀ ਹੈ। ਮਨਮੁਖ ਦੀ ਵਿਆਖਿਆ ਕਰਦਿਆਂ ਦੱਸਿਆ ਗਿਆ ਹੈ ਕਿ ਅਜਿਹੇ ਮਨੁੱਖ ਦੇ ਮਨ ਅੰਦਰ ਛਲ, ਕਪਟ ਅਤੇ ਧੋਖਾ ਭਰਿਆ ਹੁੰਦਾ ਹੈ, ਉਹ ਗਿਆਨ-ਵਿਹੂਣਾ ਹੁੰਦਾ ਹੈ ਅਤੇ ਆਪਣੀ ਜ਼ੁਬਾਨ ਤੋਂ ਸਦਾ ਝੂਠ ਬੋਲਦਾ ਹੈ। ਮਨਮੁਖ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦਾ ਹੈ। ਇਸ ਤਰ੍ਹਾਂ ਦਾ ਧੋਖਾ ਕੀਤਿਆਂ ਅਕਾਲ ਪੁਰਖ ਖੁਸ਼ ਨਹੀਂ ਹੁੰਦਾ ਕਿਉਂਕਿ ਉਹ ਜਾਣੀ ਜਾਣ ਹੈ ਅਤੇ ਜੋ ਵੀ ਸਾਡੇ ਅੰਦਰ ਅਤੇ ਬਾਹਰ ਵਿਹਾਰ ਹੈ, ਉਸ ਸਾਰੇ ਨੂੰ ਸਹਿਜ ਸੁਭਾਅ ਹੀ ਦੇਖਦਾ ਅਤੇ ਸੁਣਦਾ ਹੈ। ਮਨਮੁਖ ਦਾ ਚੱਲਣ ਇਸ ਕਿਸਮ ਦਾ ਹੈ ਕਿ ਆਪ ਉਹ ਮਾਇਆ ਦੇ ਮੋਹ ਵਿਚ ਗਲਤਾਨ ਰਹਿੰਦਾ ਹੈ ਪਰ ਦੂਸਰਿਆਂ ਨੂੰ ਗਿਆਨ ਵੰਡਦਾ ਫਿਰਦਾ ਹੈ, ਉਪਦੇਸ਼ ਦਿੰਦਾ ਹੈ। ਆਪਣੀ ਅਜਿਹੀ ਕਰਤੂਤ ਕਾਰਨ ਉਹ ਸਦਾ ਦੁੱਖ ਭੋਗਦਾ ਹੈ ਅਤੇ ਜਨਮ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਅਜਿਹੇ ਮਨਮੁਖ ਦੇ ਅੰਦਰੋਂ ਭਰਮ, ਤੌਖਲਾ ਕਦੇ ਦੂਰ ਨਹੀਂ ਹੁੰਦਾ, ਇਸ ਲਈ ਉਹ ਸਮਝੋ ਸਦਾ ਗੰਦਗੀ ਵਿਚ ਪਿਆ ਸੜਦਾ ਰਹਿੰਦਾ ਹੈ। ਜਿਸ ਉਤੇ ਉਸ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਸ ਮਨੁੱਖ ਨੂੰ ਉਹ ਗੁਰੂ ਦੀ ਸਿੱਖਿਆ ਸੁਣਾਉਂਦਾ ਹੈ ਭਾਵ ਅਕਾਲ ਪੁਰਖ ਦੀ ਮਿਹਰ ਸਦਕਾ ਮਨੁੱਖ ਦਾ ਗੁਰੂ ਨਾਲ ਮੇਲ ਹੁੰਦਾ ਹੈ ਅਤੇ ਉਹ ਗੁਰੂ ਦੀ ਸਿੱਖਿਆ ਸੁਣ ਕੇ ਉਸ ‘ਤੇ ਅਮਲ ਕਰਦਾ ਹੈ। ਅਜਿਹਾ ਮਨੁੱਖ ਅਕਾਲ ਪੁਰਖ ਦੇ ਨਾਮ ਦਾ ਧਿਆਨ ਧਰਦਾ ਹੈ, ਅਕਾਲ ਪੁਰਖ ਦੇ ਨਾਮ ਨੂੰ ਗਾਉਂਦਾ ਹੈ ਅਤੇ ਇਸ ਨਾਮ ਸਦਕਾ ਹੀ ਅੰਤ ਨੂੰ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ,
ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ॥
ਕਪਟਿ ਕੀਤੈ ਹਰਿ ਪੁਰਖੁ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਇ॥
ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ॥
ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ॥
ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ॥
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ॥
ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ॥੨॥ (ਪੰਨਾ ੫੧੨)
ਗੁਰਮੁਖਿ ਸਦਾ ਹੀ ਉਸ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਦੇ ਹਨ ਅਤੇ ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ। ਗੁਰੂ ਅਮਰਦਾਸ ਅੱਗੇ ਪਉੜੀ ਵਿਚ ਦੱਸ ਰਹੇ ਹਨ ਕਿ ਅਕਾਲ ਪੁਰਖ ਮਿਹਰ ਕਰਕੇ ਜਿਨ੍ਹਾਂ ਨੂੰ ਆਪਣਾ ਹੁਕਮ ਮਨਾਉਂਦਾ ਹੈ, ਉਹ ਇਸ ਦੁਨੀਆਂ ‘ਤੇ ਪੂਰੇ ਹਨ। ਉਹ ਆਪਣੇ ਪੂਰੇ ਗੁਰੂ ਦੇ ਸ਼ਬਦ ‘ਤੇ ਵਿਚਾਰ ਕਰਕੇ ਸ਼ਬਦ ਵਿਚ ਆਪਣਾ ਚਿੱਤ ਜੋੜ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ। ਉਸ ਪਰਮਾਤਮਾ ਦੀ ਬੰਦਗੀ ਤਾਂ ਹੀ ਹੋ ਸਕਦੀ ਹੈ ਜੇ ਸੱਚੇ ਸ਼ਬਦ ਨਾਲ ਪ੍ਰੇਮ ਪਾਈਏ। ਅਕਾਲ ਪੁਰਖ ਦਾ ਮਹਿਲ, ਉਸ ਦਾ ਨਿਵਾਸ ਸਥਾਨ ਉਹ ਮਨੁੱਖ ਹੀ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰੋਂ ਹਉਮੈ ਨੂੰ ਕੱਢ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ, ਨਾਮ ਦਾ ਸਿਮਰਨ ਕਰਕੇ ਉਸ ਨਾਲ ਮਿਲ ਜਾਂਦੇ ਹਨ, ਮੇਲ ਪ੍ਰਾਪਤ ਕਰ ਲੈਂਦੇ ਹਨ,
ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ॥
ਸਾਹਿਬੁ ਸੇਵਨ੍ਹਿ ਆਪਣਾ ਪੂਰੈ ਸਬਦਿ ਵੀਚਾਰਿ॥
ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ॥
ਹਰਿ ਕਾ ਮਹਲੁ ਤਿਨ੍ਹੀ ਪਾਇਆ ਜਿਨ੍ਹ ਹਉਮੈ ਵਿਚਹੁ ਮਾਰਿ॥
ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰਧਾਰਿ॥੧੦॥ (ਪੰਨਾ ੫੧੨)