ਬੰਦ ਹੋਈ ਜਾਂਦੀ ਐ ਬਾਬਿਆਂ ਦੀ ਬੋਲਤੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਨਹੀਂ ਜੀ ਨਹੀਂæææਇਥੇ ਉਨ੍ਹਾਂ ਬਾਬਿਆਂ ਦਾ ਕੋਈ ਕਿੱਸਾ ਜਾਂ ‘ਕੱਚਾ ਚਿੱਠਾ’ ਨਹੀਂ ਖੋਲ੍ਹਿਆ ਜਾ ਰਿਹਾ ਜਿਹੜੇ ਆਪਣੇ ਸ਼ਰਧਾਲੂ ਪੁਰਸ਼ਾਂ ਜਾਂ ‘ਪੁਰਸ਼ਣੀਆਂ’ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ ਕਰਨ ਦੇ ਬਾਵਜੂਦ ਉਨ੍ਹਾਂ ਲਈ ‘ਮਹਾਪੁਰਸ਼’ ਹੀ ਬਣੇ ਰਹਿੰਦੇ ਨੇ। ਜਿਸ ਦੇਸ਼ ਵਿਚ ਭਾਰੀ ਤਾਦਾਦ ਵਿਚ ਅਕਲ ਦੇ ਅੰਨ੍ਹੇ ਅਤੇ ਲਕੀਰ ਦੇ ਫਕੀਰ ਵਸਦੇ ਹੋਣ, ਉਥੇ ਭਲਾ ਬਾਬਿਆਂ ਦੀ ਬੋਲਤੀ ਬੰਦ ਹੋ ਜਾਣ ਬਾਰੇ ਸੋਚਿਆ ਵੀ ਕਿਵੇਂ ਜਾ ਸਕਦਾ ਹੈ?

ਅਜਿਹੀ ਅੰਧ-ਵਿਸ਼ਵਾਸੀ ਜਨਤਾ ਦੀ ਬਦੌਲਤ, ਉਲਟਾ ਬਾਬੇ ਹੀ ਬੋਲਤੀ ਬੰਦ ਕਰਾ ਦੇਣ ਦੇ ਸਮਰੱਥ ਹੁੰਦੇ ਹਨ। ਵੱਡੇ ਤੋਂ ਵੱਡੇ ਨਾਢੂ ਖਾਂ, ਇਥੋਂ ਤੱਕ ਕਿ ਉਹ ਤਾਂ ਸਰਕਾਰ ਨੂੰ ਵੀ ਦਿਨੇ ਤਾਰੇ ਵਿਖਾ ਦੇਣ ਦੀ ਤਾਕਤ ਰੱਖਦੇ ਹਨ। ਸੋ, ਇਸ ਲਿਖਤ ਵਿਚ ਤਾਂ ਉਨ੍ਹਾਂ ਬਾਬਿਆਂ ਦੀ ਤਰਸਯੋਗ ਹਾਲਤ ਦੀਆਂ ਕੁਝ ਝਾਕੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਬਾਰੇ ਮਰਹੂਮ ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਆ ਨੇ ਆਪਣੀ ਇਕ ਲਿਖਤ ਵਿਚ ਇਉਂ ਜ਼ਿਕਰ ਕੀਤਾ ਹੋਇਆ ਹੈ:
ਘਰ ਨੂੰਹ ਨੇ ਸਾਂਭ ਲਿਆ,
ਤੁਰ ਗਈ ਧੀ ਝਾੜ ਕੇ ਪੱਲੇ।
ਪੋਤੇ ਨੇ ਜਨਮ ਲਿਆ,
ਬਾਬਾ ਕਬਰਾਂ ਦੇ ਵੱਲ ਚੱਲੇ।
ਜੀ ਹਾਂ! ਉਨ੍ਹਾਂ ਬਾਬਿਆਂ ਦੀ ਗੱਲ ਹੋਣ ਲੱਗੀ ਹੈ ਜੋ ‘ਮੂਲ ਨਾਲੋਂ ਵਿਆਜ ਪਿਆਰਾ’ ਕਹਿ-ਕਹਿ ਕੇ, ਪੁੱਤਾਂ ਨਾਲੋਂ ਵੀ ਵੱਧ ਆਪਣੇ ਪੋਤਰਿਆਂ ਨੂੰ ਪਿਆਰ-ਦੁਲਾਰ ਕਰਦੇ ਹਨ ਪਰ ਜਿਉਂ-ਜਿਉਂ ਪੋਤਰਿਆਂ ਨੂੰ ‘ਹਵਾ ਲਗਦੀ’ ਜਾਂਦੀ ਹੈ, ਉਹ ਫਿਰ ਬਾਬਿਆਂ-ਦਾਦਿਆਂ ਨੂੰ ‘ਬੀਤੇ ਜ਼ਮਾਨੇ ਦੇ’ ਸਮਝਣ ਲੱਗ ਪੈਂਦੇ ਨੇ। ਚੰਗੇ ਗੁਣਾਂ ਵਾਲੇ ਪਰਿਵਾਰਾਂ ਵਿਚ ਭਾਵੇਂ ਬਾਬੇ ਨੂੰ ‘ਰਾਸ਼ਟਰਪਤੀ’ ਵਾਂਗ ਘਰ ਦਾ ਮੁਖੀਆ ਸਵੀਕਾਰਿਆ ਜਾਂਦਾ ਹੈ ਪਰ ਅਕਸਰ ਉਸ ਦੇ ਹਾਂ-ਨਾਂਹ ਪੱਖੀ ਹੁੰਗਾਰਿਆਂ ਨੂੰ ਅਣਗੌਲਿਆ ਹੀ ਕਰ ਦਿੱਤਾ ਜਾਂਦਾ ਹੈ। ਨਵੀਆਂ ਪੜ੍ਹਾਈਆਂ ਅਤੇ ਕਿੱਤਾ-ਮੁਖੀ ਕੋਰਸਾਂ ਨਾਲ ਵਾਬਸਤਾ ਹੋਏ ਪੋਤਿਆਂ ਲਈ, ਬਾਬਿਆਂ ਦਾ ਇਹ ਸਵਾਲ ‘ਪੁੱਤ ਕੈਥੀ ਜਮਾਤ ਵਿਚ ਪੜ੍ਹਦਾਂ?’ ਹਾਸੋ-ਹੀਣਾ ਹੀ ਹੋ ਜਾਂਦਾ ਹੈ। ਦੋਂਹ ਪੀੜ੍ਹੀਆਂ ਦਾ ਫਾਸਲਾ, ਬਾਬਿਆਂ-ਪੋਤਿਆਂ ਦੇ ਰਿਸ਼ਤੇ ਵਿਚ ਦੂਰੀਆਂ ਹੋਰ ਵਧਾਉਂਦਾ ਰਹਿੰਦਾ ਹੈ।
ਬੱਚਿਆਂ ਵਲੋਂ ਕੋਈ-ਕੋਈ ਅਨੋਖੀ ਗੱਲ ਪਿਤਾ ਜਾਂ ਬਾਬੇ ਕੋਲੋਂ ਪੁੱਛ ਲੈਣ ਦੇ ਸਮੇਂ ਹੁਣ ਬਹੁਤ ਦੂਰ ਚਲੇ ਗਏ। ਜਦੋਂ ਤੋਂ ਹਰ ਨਿਆਣੇ-ਸਿਆਣੇ ਦੀ ਜੇਬ ਵਿਚ ‘ਗੂਗਲ ਬਾਬਾ’ ਆਣ ਪਿਆ ਹੈ, ਉਦੋਂ ਦੀ ਵਿਚਾਰੇ ਬਾਬਿਆਂ-ਦਾਦਿਆਂ ਦੀ ਰਹਿੰਦੀ-ਖੂੰਹਦੀ ਇੱਜ਼ਤ ਵੀ ਜਾਂਦੀ ਲੱਗੀ ਹੈ; ਕਿਉਂਕਿ ਨਵੀਨਤਮ ਜਾਣਕਾਰੀਆਂ ਨਾਲ ਲੈਸ ਗੂਗਲ ਬਾਬਾ, ਡੰਗੋਰੀ ਹੱਥ ਵਿਚ ਫੜੀ ਖਊਂ-ਖਊਂ ਕਰਦੇ ਬਾਬੇ ਨਾਲੋਂ ਹਜ਼ਾਰਾਂ ਲੱਖਾਂ ਗੁਣਾਂ ਵੱਧ ਤੇਜ਼-ਤਰਾਰ ਹੈ। ਮੰਜੇ ‘ਤੇ ਬੈਠਾ ਦਾਦਾ-ਬਾਬਾ ਤਾਂ ਚੰਗੀਆਂ ਨਸੀਹਤਾਂ ਹੀ ਦਿੰਦਾ ਰਹਿੰਦਾ ਹੈ, ਪਰ ਗੂਗਲ ਬਾਬਾ ਜੀ ਜਵਾਨੀ ਨੂੰ ‘ਚੰਗੀਆਂ ਲੱਗਣ’ ਵਾਲੀਆਂ ਚੀਜ਼ਾਂ ਵੀ ਖੁਸ਼ੀ-ਖੁਸ਼ੀ ਪਰੋਸਦਾ ਹੈ। ਅਜਿਹੀ ‘ਫੁਰਤੀਲੀ ਸਹੂਲਤ’ ਦੇ ਹੁੰਦਿਆਂ-ਸੁੰਦਿਆਂ ਭਲਾ ਕਿਹੜਾ ਪੋਤਰਾ ਬਾਬੇ ਦੀ ‘ਤਜਰਬਿਆਂ ਭਰੀ ਚੰਗੇਰ’ ਫਰੋਲਣੀ ਪਸੰਦ ਕਰੇਗਾ?
ਦਿਨੋ-ਦਿਨ ਤਿੱਖੀ ਚਾਲੇ ਹੱਥੋਂ ਨਿਕਲਦੇ ਜਾ ਰਹੇ ਜ਼ਮਾਨੇ ਵਿਚ ਆਪਣੀ ‘ਸਰਦਾਰੀ’ ਬਰਕਰਾਰ ਰੱਖਣ ਜਾਂ ਆਪਣੀ ‘ਲੋੜ’ ਦਰਸਾਉਣ ਲਈ ਬਜ਼ੁਰਗਾਂ ਵਲੋਂ ਘੜੀ ਹੋਈ ਸਾਖੀ ਸੁਣ ਕੇ ਅੱਗੇ ਚਲਦੇ ਹਾਂ। ਕਹਿੰਦੇæææਕਿਸੇ ਪਿੰਡ ਦਾ ਕੰਜੂਸ ਜਿਹਾ ਬਜ਼ੁਰਗ ਮੈਲੇ-ਕੁਚੈਲੇ ਕੱਪੜੇ ਪਾਈ ਰੱਖਦਾ ਸੀ। ਉਸ ਦੇ ਪੋਤਰੇ ਦਾ ਵਿਆਹ ਆ ਗਿਆ। ਬਾਬੇ ਨੂੰ ਬਰਾਤੇ ਨਾਲ ਨਾ ਲਿਜਾਣ ਲਈ, ਪੋਤਰੇ ਨੇ ਬਹਾਨਾ ਘੜ ਲਿਆ ਕਿ ਬਰਾਤ ਵਿਚ ਸਾਰੇ ਸੋਹਣੇ ਸੁਨੱਖੇ ਗੱਭਰੂ ਹੀ ਜਾਣਗੇ। ਬੁੱਢਾ-ਠੇਰਾ ਕੋਈ ਨਾਲ ਨਹੀਂ ਜਾਏਗਾ।
ਬਾਬੇ ਨੇ ਵੀ ਜ਼ਮਾਨਾ ਖਾਧਾ ਹੋਇਆ ਸੀ। ਉਸ ਨੂੰ ਅੰਦਰੋਂ-ਅੰਦਰ ਇਹ ਚਿੰਤਾ ਵੀ ਵੱਢ-ਵੱਢ ਖਾਣ ਲੱਗੀ ਕਿ ਖੁਦਾ ਨਾ ਖਾਸਤਾ, ਕੁੜਮਾਂ ਦੇ ਪਿੰਡ ਕਿਸੇ ਗੱਲੋਂ ਸਿਆਣੇ ਦੀ ਕੋਈ ਲੋੜ ਪੈ ਗਈ, ਤਾਂ ਇਹ ਮੁੰਡੀਰ ਕੀ ਕਰੇਗੀ?æææਨਾਲੇ ਵਿਆਹ-ਸ਼ਾਦੀਆਂ ਵਿਚ ਕਈ ਗੁੰਝਲਦਾਰ ਮਸਲੇ ਚਾਣਚੱਕ ਆ ਬਣਦੇ ਨੇ ਜਿਨ੍ਹਾਂ ਦਾ ਹੱਲ ਤਜਰਬੇਕਾਰ ਬਜ਼ੁਰਗਾਂ ਦੇ ਵੱਸ ਦੀ ਹੀ ਗੱਲ ਹੁੰਦੀ ਹੈ। ਸੋ, ਬਾਬੇ ਨੇ ਕਹਿ-ਸੁਣ ਕੇ ਇਹ ਸਕੀਮ ਪ੍ਰਵਾਨ ਕਰਵਾ ਲਈ ਕਿ ਉਸ ਨੂੰ ਸੰਦੂਕ ਵਿਚ ਬੰਦ ਕਰ ਕੇ, ਬਰਾਤ ਨਾਲ ਲਿਜਾਇਆ ਜਾਵੇ। ਇਸ ਤਰ੍ਹਾਂ ਹੀ ਹੋਇਆ। ਗਿਣਤੀ ਦੇ ਕੁੱਲ ਸੌ ਛੈਲ-ਛਬੀਲੇ ਬਣਦੇ-ਫੱਬਦੇ ਬੰਦਿਆਂ ਦੀ ਬਰਾਤ ਵਿਚ ਇਕੋ-ਇਕ ਬਜ਼ੁਰਗ ਬਾਬਾ, ਉਹ ਵੀ ਸੰਦੂਕ ਵਿਚ ਲਕੋਇਆ ਹੋਇਆ।
ਕੁੜੀ ਵਾਲਿਆਂ ਦੇ ਪਿੰਡ ਬਰਾਤ ਢੁੱਕੀ ਤਾਂ ਅੱਗਿਉਂ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਸੌ ਬਰਾਤੀਆਂ ਦੇ ਖਾਣ ਲਈ ਅਸੀਂ ਸੌ ਹੀ ਬੱਕਰਾ ਲਿਆਂਦਾ ਹੈ। ਸੌ ਬੱਕਰੇ ਦਾ ਮੀਟ ਮੁਕਾਓ, ਫਿਰ ਕੁੜੀ ਤੁਹਾਡੇ ਨਾਲ ਤੋਰਾਂਗੇ। ਇਹ ਅਨੋਖਾ ਸਵਾਲ ਸੁਣ ਕੇ ਟੌਹਰਾਂ ਕੱਢੀ ਫਿਰਦੇ ਗਭਰੇਟਾਂ ਦੀ ਤਾਂ ਖਾਨਿਓਂ ਗਈ! ਲੱਗ ਪਏ ਇਕ-ਦੂਜੇ ਦੇ ਮੂੰਹਾਂ ਵੱਲ ਬਿਟਰ-ਬਿਟਰ ਝਾਕਣ!æææਸੌ ਬੱਕਰਿਆਂ ਦਾ ਐਨਾ ਮੀਟ, ਸੌ ਬੰਦਾ ਕਿਵੇਂ ਮੁਕਾ ਸਕੇਗਾ?æææਸੋਚ-ਸੋਚ ਕੇ ਜਦ ਮੁੰਡਿਆਂ ਦੀ ਭੂਤਨੀ ਭੁੱਲ ਗਈ ਤਾਂ ਇਕ ਜਣੇ ਨੂੰ ਫੁਰਨਾ ਫੁਰਿਆ। ਉਸ ਨੇ ਪਰਦਾ ਜਿਹਾ ਕਰ ਕੇ ਸੰਦੂਕ ਦੀ ਤਾਕੀ ਕੋਲ ਖਲੋ ਕੇ ਬਾਬੇ ਨੂੰ ਮਸਲੇ ਦਾ ਹੱਲ ਪੁੱਛਿਆ। ਅੰਦਰੋਂ ਮੱਧਮ ਜਿਹੀ ਆਵਾਜ਼ ਆਈ, “ਉਏ ਸੌ ਬੱਕਰਾ ਖਾਣ ਦੀ ਹਾਮੀ ਭਰ ਦਿਓ, ਪਰ ਉਨ੍ਹਾਂ ਨੂੰ ਕਹੋ ਕਿ ਪਹਿਲਾਂ ਇਕ ਬੱਕਰਾ ਵੱਢ ਕੇ ਉਹਦਾ ਮੀਟ ਖਵਾਓ। ਇੰਜ ਹੀ ਦੂਜਾ ਬੱਕਰਾ ਵੱਢੋ, ਫਿਰ ਤੀਜਾ ਤੇ ਫਿਰ ਚੌਥਾæææ।”
ਗੱਲ ਤਾਂ ਇਹ ਬਿਲਕੁਲ ਦਰੁਸਤ ਹੈ ਕਿ ਬਾਬਿਆਂ ਨੇ ਜ਼ਿੰਦਗੀ ਦੇ ਸਾਰੇ ਉਤਰਾ-ਚੜ੍ਹਾਅ ਦੇਖੇ ਹੁੰਦੇ ਨੇ, ਉਨ੍ਹਾਂ ਨੂੰ ਖਾਨਦਾਨੀ ਮੋਹ ਵੀ ਹੁੰਦਾ ਹੈ। ਉਨ੍ਹਾਂ ਦੀ ਇਹ ਚਾਹਤ ਹਮੇਸ਼ਾ ਬਣੀ ਰਹਿੰਦੀ ਹੈ ਕਿ ਕੋਈ ਉਨ੍ਹਾਂ ਪਾਸੋਂ ਨੇਕ ਸਲਾਹਾਂ ਲੈ ਕੇ, ਆਪਣਾ ਅੱਗਾ ਸਵਾਰ ਲਵੇ। ਇਸੇ ਲਾਲਸਾ ਅਧੀਨ ਉਹ ਅਕਸਰ ਬਿਨ ਮੰਗੀਆਂ ਸਲਾਹਾਂ ਦੇਣ ਦੇ ਦੋਸ਼ੀ ਵੀ ਬਣ ਜਾਂਦੇ ਨੇ। ਇਸ ਸਭ ਕਾਸੇ ਦੇ ਚਲਦਿਆਂ, ਉਮਰਾਂ ਦੇ ਲੰਮੇ ਪਾੜੇ ਕਾਰਨ ਬਾਬੇ ਆਪਣੇ ਪੋਤਰਿਆਂ ਨੂੰ ਬਾਬੇ ਆਦਮ ਦੇ ਜ਼ਮਾਨੇ ਦੇ ਜੀਵ ਹੀ ਲਗਦੇ ਹਨ।
ਕਹਾਵਤ ਹੈ, Ḕਭੇਡਾਂ ਤਾਂ ਮਸਤੀਆਂ ਹੀ ਸੀ, ਲੇਲੇ ਵੀ ਮਸਤ ਗਏ!Ḕ ਬਚਪਨੇ ਤੋਂ ਜਵਾਨੀ ਦੀਆਂ ਦਹਿਲੀਜ਼ਾਂ ਵੱਲ ਸਰਕਦੇ ਪੋਤਰਿਆਂ ਨੇ ਤਾਂ ਬਾਬਿਆਂ-ਦਾਦਿਆਂ ਨੂੰ ਝੇਡਾਂ ਕਰਨੀਆਂ ਹੀ ਹੋਈਆਂ, ਪਰ ਤੋਤਲੀ ਜ਼ੁਬਾਨ ਬੋਲਦੇ ਨਿੱਕੇ-ਨਿੱਕੇ ਪੋਤਰੇ ਵੀ ਦਾਅ ਲਗਦੇ ਆਪਣੇ ਬਾਬਿਆਂ ਦੀ ਬੋਲਤੀ ਬੰਦ ਕਰਦੇ ਰਹਿੰਦੇ ਹਨ।
ਸਾਡੇ ਇਕ ਜਾਣੂ ਸੱਜਣ ਨੇ ਰਿਟਾਇਰਡ ਗਜ਼ਟਿਡ ਅਫਸਰ। ਉਨ੍ਹਾਂ ਸਾਰੀ ਨੌਕਰੀ ਹੁਕਮ ਚਲਾਉਂਦਿਆਂ ਹੀ ਪੂਰੀ ਕੀਤੀ। ਉਨ੍ਹਾਂ ਦਾ ਸੁਭਾਅ ਹੀ ਕੁਝ ਐਸਾ ਹੈ ਕਿ ਟੱਬਰ ਵਿਚ ਵੀ ਉਨ੍ਹਾਂ ਮੋਹਰੇ ਕੋਈ ਚੂੰ-ਚਰਾਂ ਨਹੀਂ ਕਰ ਸਕਦਾ। ਸੇਵਾ ਮੁਕਤੀ ਤੋਂ ਬਾਅਦ ਹੁਣ ਉਹ ਚਾਅਵਾਂ ਤੇ ਰੀਝਾਂ ਨਾਲ ਪੋਤਰੇ-ਪੋਤਰੀਆਂ ਦੀ ਸੇਵਾ ਵਿਚ ਡਟੇ ਹੋਏ ਹਨ। ਪੁੱਤਰ-ਨੂੰਹਾਂ ਨੌਕਰੀਆਂ ਕਰਦੇ ਹੋਣ ਕਰ ਕੇ ਬਾਬੇ ਤੇ ਬੱਚਿਆਂ ਦਾ ਲਾਡ-ਲਡਿੱਕਾ ਸਾਰਾ ਦਿਨ ਚਲਦਾ ਰਹਿੰਦਾ ਹੈ। ਇਕ ਦਿਨ ਪੰਜ-ਛੇ ਕੁ ਸਾਲ ਦੇ ਪੋਤਰੇ ਨੇ ਖਿਡੌਣਾ ਬੱਸ ਫਰਸ਼ ‘ਤੇ ਸੁੱਟ ਕੇ ਤੋੜ ਲਈ। ਤੋੜਦੇ ਸਾਰ ਬਾਬਾ ਜੀ ਦੇ ਖਹਿੜੇ ਪੈ ਗਿਆ ਕਿ ਇਸ ਨੂੰ ਹੁਣੇ ਜੋੜੇ। ਬਾਬੇ ਨੇ ਬੱਸ ਦੇ ਨਿੱਕੇ-ਨਿੱਕੇ ਪਹੀਏ ਚੁੱਕ ਕੇ ਮੁੜ ਫਿੱਟ ਕਰਨੇ ਸ਼ੁਰੂ ਕਰ ਦਿੱਤੇ। ਉਹ ਕਿੰਨਾ ਚਿਰ ਘੌਂਚਲਦੇ ਰਹੇ, ਪਰ ਪਹੀਏ ਫਸਣ ਹੀ ਨਾ। ਉਨ੍ਹਾਂ ਨੇ ਅਦਲ-ਬਦਲ ਕੇ ਪਹੀਏ ਫਿੱਟ ਕਰਨੇ ਚਾਹੇ ਪਰ ਅਸਫਲ। ਸੁਪਰਵਾਈਜ਼ਰਾਂ ਵਾਂਗ ਸਿਰ ‘ਤੇ ਨਜ਼ਰਾਂ ਗੱਡੀ ਖੜ੍ਹੇ ਪੋਤਰੇ ਨੂੰ ਇਕਦਮ ਕੋਈ ਫੁਰਨਾ ਫੁਰਿਆ। ਬਾਬੇ ਹੱਥੋਂ ਝੁਟਕੀ ਮਾਰ ਕੇ ਪਹੀਏ ਖੋਹਦਿਆਂ ਉਹ ਝਿੜਕਾਂ ਮਾਰਨ ਵਾਂਗ ਬੋਲਿਆ, “ਓ ਬੁੱਧੂ ਬਾਬੇ, ਆਹ ਦੇਖ ਜ਼ਰਾæææ!”
ਸੇਵਾ ਮੁਕਤ ਅਫਸਰ ਬਾਬੇ ਨੂੰ ਭੋਰਾ ਭਰ ਪੋਤਰਾ, ਪਹੀਆਂ ਉਤੇ ‘ਐਲ’ ਭਾਵ ਲੈਫ਼ਟ (ਖੱਬਾ) ਅਤੇ ਦੂਜੇ ਉਤੇ ‘ਆਰ’ ਭਾਵ ਰਾਈਟ (ਸੱਜਾ) ਲਿਖਿਆ ਹੋਇਆ ਦਿਖਾ ਕੇ ਕਹਿੰਦਾ, “ਤੁਹਾਨੂੰ ‘ਲੈਫ਼ਟ-ਰਾਈਟ’ ਲਿਖਿਆ ਦਿਖਾਈ ਨਹੀਂ ਦਿੰਦਾ?”

ਭਰ ਸਿਆਲ ਦੀ ਰੁੱਤੇ ਧੁੰਦਾਂ ਬਹੁਤ ਪੈ ਰਹੀਆਂ ਸਨ। ਸਵਖਤੇ ਛੇ ਕੁ ਵਜੇ ਦਾ ਸੈਰ ਨੂੰ ਨਿਕਲਿਆ ਮੈਂ ਵਾਪਸ ਘਰੇ ਮੁੜਿਆ। ਵਿਹੜੇ ਵੜਦੇ ਨੂੰ ਮੈਨੂੰ ਅੰਦਰੋਂ ਆਵਾਜ਼ਾਂ ਸੁਣ ਕੇ ਪਤਾ ਲੱਗ ਗਿਆ ਕਿ ਸਾਡਾ ਸਾਢੇ ਕੁ ਪੰਜ ਸਾਲ ਦਾ ਪੋਤਰਾ ਉਠਿਆ ਹੋਇਆ ਹੈ। ਉਚੀ ਦੇਣੀ ਆਵਾਜ਼ ਮਾਰ ਕੇ ਮੈਂ ਰੋਜ਼ਾਨਾ ਵਾਂਗ ਆਪਣੇ ਪੋਤਰੇ ਨੂੰ ਲਾਡ ਨਾਲ ਬਾਹਰ ਸੱਦਿਆ ਕਿ ਆ ਜਾ ਨੂਰ ਪੁੱਤ, ਪਾਰੀ ਕਰੀਏ। ਜਾਲੀ ਵਾਲੇ ਦਰਵਾਜ਼ੇ ਪਿਛੇ ਉਹ ਅੰਦਰੋਂ ਹੀ ਬੋਲਿਆ, “ਮੈਂ ਨ੍ਹੀਂ ਪਾਰੀ-ਪੂਰੀ ਕਰਨੀ ‘ਧਾਡੇ ਨਾਲ਼æææਗਿੱਲੀ ਦਾੜ੍ਹੀ ਕਰ ਕੇ ਆ ਜਾਂਦੇ ਆ ਰੋਜ਼æææ!”
ਇਕ ਹੋਰ ਦਿਨ ਤਾਂ ਉਹਨੇ ਮੇਰੀ ਸੱਚੀਮੁੱਚੀ ਬੋਲਤੀ ਬੰਦ ਕਰ ਦਿੱਤੀ! ਸਾਈਕਲ ਦੇ ਮੋਹਰਲੇ ਡੰਡੇ ‘ਤੇ ਫਿੱਟ ਕਰਵਾਈ ਨਿੱਕੀ ਕਾਠੀ ਉਤੇ ਉਹਨੂੰ ਬਿਠਾ ਕੇ, ਮੈਂ ਖੇਤੋਂ ਗੰਨੇ ਲੈਣ ਚਲਾ ਗਿਆ। ਕੈਰੀਅਰ ਪਿੱਛੇ ਗੰਨੇ ਬੰਨ੍ਹ ਕੇ ਅਸੀਂ ਘਰ ਨੂੰ ਵਾਪਸ ਆ ਰਹੇ ਸਾਂ। ਇਕ ਤਾਂ ਚਿਰਾਂ ਬਾਅਦ ਸਾਈਕਲ ਚਲਾਇਆ ਹੋਣ ਕਰ ਕੇ ਅਤੇ ਦੂਜਾ ਸਾਡੇ ਘਰ ਨੂੰ ਤਿੱਖੀ ਘਾਟੀ ਚੜ੍ਹਦੀ ਹੋਣ ਕਾਰਨ ਮੈਨੂੰ ਸਾਹ ਚੜ੍ਹ ਗਿਆ। ਘੰਟੀ ਦੀ ‘ਟਰਨ ਟਰਨ’ ਕਰਨੋਂ ਹਟ ਕੇ, ਉਹ ਮੈਨੂੰ ਕਹਿੰਦਾ, “ਬਾਬਾ ਜੀ, ਤੁਸੀਂ ਥੱਕ’ਗੇ?”
ਪਤਾ ਨਹੀਂ ਕਿਉਂ, ਮੈਂ ਫੋਕੀ ਟੌਹਰ ਜਿਹੀ ਦਿਖਾਉਂਦਿਆਂ ਨਕਲੀ ਜੋਸ਼ ਵਿਚ ਕਹਿ ਬੈਠਾ, “ਨਹੀਂ ਨੂਰ ਮੈਂ ਨ੍ਹੀਂ ਥੱਕਿਆ।” ਟੇਢੀ ਜਿਹੀ ਗਰਦਨ ਕਰ ਕੇ ਮੇਰੇ ਚਿਹਰੇ ਵੱਲ ਦੇਖਦਿਆਂ ਉਹ ਮਖੌਲੀਆ ਅੰਦਾਜ਼ ਵਿਚ ਕਹਿੰਦਾ, “ਜੇ ਥੱਕੇ ਨ੍ਹੀਂ ਤਾਂ ‘ਫਾæææ ਫਾਅæææ ਫ਼ਾਅæææ ਹਾਅ’ ਕਾਹਨੂੰ ਕਰੀ ਜਾਨੇ ਆਂ ਫ਼ੇ?”