ਐਸ਼ ਅਸ਼ੋਕ ਭੌਰਾ
ਨੈਣ ਨਕਸ਼ ਸਿਰਫ਼ ਤੁਹਾਡੀ ਸੁੰਦਰਤਾ ਨਾਲ ਹੀ ਗਲਵੱਕੜੀ ਪਾਈ ਬੈਠੇ ਹੁੰਦੇ ਹਨ, ਜਦੋਂਕਿ ਕਲਾ ਨਾਲ ਆਤਮਾ ਨੇ ਗਹਿਗੱਚ ਹੋਣਾ ਹੁੰਦਾ ਹੈ। ਸੰਗੀਤ ਦੀ ਦੇਵੀ ਲਤਾ ਮੰਗੇਸ਼ਕਰ ਦੀ ਖੂਬਸੂਰਤੀ ਕਰ ਕੇ ਹਾਲੇ ਤੱਕ ਕਦੇ ਕੋਈ ਵੀ ਸਵਾਲ ਨਹੀਂ ਪੁੱਛਿਆ ਗਿਆ। ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦਾ ਕਦੇ ਇਸ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੁਹੰਮਦ ਸਦੀਕ ਦੇ ਚਿਹਰੇ ‘ਤੇ ਜਿਹੜੇ ਦਾਗ ਹਨ, ਉਹ ਇਸ ਕਰ ਕੇ ਹਨ ਕਿ ਉਹਦੇ ਨਿੱਕੇ ਹੁੰਦੇ ਦੇ ਫੁੱਲ ਮਾਤਾ ਨਿਕਲ ਆਈ ਸੀ। ਊਂ ਗੁਰਦਾਸ ਮਾਨ ਨੂੰ ਸਨੁੱਖੇ ਹੋਣ ਦਾ ਦੂਹਰਾ ਲਾਭ ‘ਪੁੰਨ ਨਾਲੇ ਫਲੀਆਂ’ ਵਾਂਗ ਢਲਦੀ ਉਮਰ ਤੱਕ ਵੀ ਮਿਲ ਰਿਹਾ ਹੈ।
ਜਿਹੜਾ ਵੀ ਪੰਜਾਬੀ ਗਾਇਕੀ ਅਤੇ ਇਹਦੇ ਅੰਦਰਲੀਆਂ ਕਦਰਾਂ-ਕੀਮਤਾਂ ਨੂੰ ਜਾਣਦਾ ਹੈ, ਉਹਨੂੰ ਪਤਾ ਹੈ ਕਿ ਏæਐਸ਼ (ਅਵਤਾਰ ਸਿੰਘ) ਕੰਗ ਗਵੱਈਆ ਹੈ, ਪਰ ਸੰਭਵ ਹੈ ਕਿ ਭੀੜ ਵਿਚ ਕੋਈ ਉਹਨੂੰ ਪਛਾਣ ਨਾ ਸਕੇ ਕਿ ‘ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿਚ ਆ’ ਗਾਉਣ ਵਾਲਾ ਕੰਗ ਇਹੀ ਹੈ। ਕਿਉਂਕਿ ਬਹੁਤਿਆਂ ਨੇ ਉਹਨੂੰ ਸੁਣਿਆ ਤਾਂ ਹੈ, ਪਰ ਵੇਖਿਆ ਨਹੀਂ। ਪੰਜਾਬ ਅੰਦਰ ਉਹ ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਵਿਚ ਸੁਣਿਆ ਤਾਂ ਸਭ ਤੋਂ ਵੱਧ ਗਿਆ ਹੈ, ਪਰ ਸਟੇਜਾਂ ਅਤੇ ਅਖਾੜਿਆਂ ਤੋਂ ਪਰ੍ਹੇ ਰਹਿਣ ਕਰ ਕੇ ਉਹਨੂੰ ਰੱਜ ਕੇ, ਤੇ ਕਈਆਂ ਨੂੰ ਇਕ ਵਾਰ ਵੀ ਦੂਰੋਂ-ਨੇੜਿਓਂ ਤੱਕਣ ਦਾ ਸ਼ਾਇਦ ਸੁਭਾਗ ਪ੍ਰਾਪਤ ਨਾ ਹੋਇਆ ਹੋਵੇ। ਅਜਿਹਾ ਇਸ ਕਰ ਕੇ ਵੀ ਵਾਪਰਦਾ ਰਿਹਾ ਹੈ ਕਿ ਭੂਗੋਲਿਕ ਦੂਰੀ ਰਹੀ ਹੈ। ਉਹ ਵਸਦਾ ਇੰਗਲੈਂਡ ਰਿਹਾ ਹੈ, ਪਰ ਉਹਦੇ ਗੀਤਾਂ ਤੇ ਕਲਾ ਦਾ ਰੈਣ ਬਸੇਰਾ ਕਰੀਬ ਹਰ ਪੰਜਾਬੀ ਦੇ ਧੁਰ ਅੰਦਰ ਬਣਿਆ ਰਿਹਾ ਹੈ। ਕਾਮਰੇਡਾਂ ਤੋਂ ਕੱਟੜਪੰਥੀਆਂ ਤੱਕ ‘ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ’, ‘ਮੋਢੇ ਉਤੇ ਰੱਖ ਕੈਮਰਾ, ਫੋਟੋ ਖਿੱਚਣੀ ਗੁਆਂਢਣੇ ਤੇਰੀ’ ਜਾਂ ‘ਲੰਬੜਾਂ ਦੀ ਨੂੰਹ ਨੱਚਦੀ’ ਨਾਲ ਉਹ ਉਨ੍ਹਾਂ ਦੀਆਂ ਬੈਠਕਾਂ ਵਿਚ ਹਾਜ਼ਰ ਰਿਹਾ ਹੈ। ਨਿਰਪੱਖ ਹੋ ਕੇ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਜੇ ਕਿਸੇ ਪੰਜਾਬੀ ਗਾਇਕ ਦੀ ਕਦੇ ਵੀ ਤੇ ਕਿਸੇ ਪਾਸਿਓਂ ਵੀ ਆਲੋਚਨਾ ਨਹੀਂ ਹੋਈ, ਤਾਂ ਉਹ ਏæਐਸ਼ ਕੰਗ ਹੈ ਅਤੇ ‘ਗਿੱਧਿਆਂ ਦੀ ਰਾਣੀਏਂ’ ਤੋਂ ‘ਖਾਓ-ਪੀਓ ਐਸ਼ ਕਰੋ’ ਤੱਕ ਜੀਹਨੂੰ ਜੀਅ ਭਰ ਕੇ ਸੁਣਿਆ ਹੈ, ਪਿਆਰ ਮਿਲਿਆ ਹੈ ਤਾਂ ਉਹ ਵੀ ਇਹੋ ਗਵੱਈਆ ਹੈ। ਜਿਹੜੇ ਇਹ ਉਲਾਂਭਾ ਦਿੰਦੇ ਰਹੇ ਨੇ ਕਿ ‘ਉਹ ਪੰਜਾਬੀ ਗਾਇਕੀ ਵਿਚ ਹੈ ਕੀ ਐ’, ਉਹ ਕੰਗ ਨੂੰ ਸੁਣ ਕੇ ਝੱਟ ਕਹਿ ਦਿੰਦੇ ਨੇ-‘ਪੁੱਠੀ ਦੇਖੀ ਰੀਤ ਮੈਂ ਇਸ ਭੈੜੇ ਸੰਸਾਰ ਦੀ, ਇਹ ਮੋਇਆਂ ਨੂੰ ਪੂਜਦੀ’ ਹੈ।
ਮੈਨੂੰ ਇਕ ਪੇਂਡੂ ਬਜ਼ੁਰਗ ਦੀ ਗੱਲ ਕਦੇ ਵੀ ਨਹੀਂ ਭੁੱਲੇਗੀ। ਉਹਨੇ ਕਿਤੇ ਕੰਗ ਦੇ ਗੀਤ ‘ਖਾਓ-ਪੀਓ ਐਸ਼ ਕਰੋ’ ਦੀ ਵੀਡੀਓ ਦੇਖੀ ਹੋਣੀ ਹੈ। ਕਹਿਣ ਲੱਗਾ-“ਜੁਆਨਾ! ਗਾਣਾ ਬਹੁਤ ਆਲ੍ਹਾ ਗਾਇਆ ਕੰਗ ਨੇ। ਪੱਗ ਵੀ ਤੁਰਲੇ ਆਲੀ ਸੋਹਣੀ ਲਗਦੀ ਐæææਨੱਚਦਾ ਵੀ ਸੋਹਣਾ, ਪਰ ਕੱਦ ਪੱਖੋਂ ਮਾਰ ਖਾ ਗਿਆ।” ਮੈਂ ਹੱਸ ਪਿਆ ਕਿ ਬਾਬਾ ਗੀਤ ਵਿਚਲੇ ਮਾਡਲ ਦੀ ਗੱਲ ਕਰ ਰਿਹਾ ਹੈ। ਉਹਨੂੰ ਮੈਂ ਦੱਸਿਆ, “ਕੰਗ ਛੇ ਫੁੱਟ ਐ। ਜਿਹੜਾ ਤੂੰ ਗੀਤ ਵਿਚ ਵੇਖਿਐ, ਉਹ ਨਹੀਂ ਕੰਗ।” ਅਸਲ ਵਿਚ ਕੰਪਨੀ ਨੇ ਉਹਨੂੰ ਗੀਤ ਵਿਚ ਲਏ ਬਿਨਾਂ ਹੀ ਗੀਤ ਦਾ ਫਿਲਮਾਂਕਣ ਕਰ ਲਿਆ ਸੀ। ਊਂ ਵੀ ਇਹ ਘਟਨਾ ਤਾਂ ਵਾਪਰ ਗਈ ਸੀ ਕਿ ਉਹ ਮਸਤ ਤੇ ਫੱਕਰ ਸੁਭਾਅ ਵਾਲਾ ਹੈ।
ਸਾਲ 1978 ਵਿਚ ਐਚæਐਮæਵੀæ ਕੰਪਨੀ ਨੇ ਉਹਦੇ ਗੀਤਾਂ ਦਾ ਪੂਰਾ ਐਲ਼ਪੀæ ਰਿਕਾਰਡ ‘ਗਿਧਿਆਂ ਦੀ ਰਾਣੀਏਂ’ ਰਿਲੀਜ਼ ਕੀਤਾ ਸੀ ਤੇ ਹੁਣ ਜਦੋਂ ਪੰਜਾਬੀ ਗਾਇਕੀ ਵਿਚ ਬੜੇ ਮੋੜ-ਘੋੜ ਆ ਚੁੱਕੇ ਹਨ, ਤਜਰਬੇ ਹੋ ਰਹੇ ਹਨ ਤਾਂ ਵੀ ਇਸ ਗੀਤ ਨੂੰ ਸੁਣ ਕੇ ਵੇਖੋ, ਰੂਹ ਤਾਜ਼ੀ ਹੋ ਜਾਵੇਗੀ। ਨਹੀਂ ਲਗਦਾ ਕਿ ਇਹ ਗੀਤ 38 ਸਾਲ ਪਹਿਲਾਂ ਆਏ ਸਨ। ਠੀਕ ਹੈ, ਗੁਰਦਾਸ ਮਾਨ ਨੇ ਵਪਾਰਕ ਨਜ਼ਰੀਏ ਨਾਲ ਦੁਨੀਆਂ ਵਿਚ ਵੱਡੇ ਸ਼ੋਅ ਕੀਤੇ ਹੋਣਗੇ, ਪਰ ਗੀਤ ਸੁਣਨ ਤੇ ਵੱਜਣ ਦੇ ਮਾਮਲੇ ਵਿਚ ਉਹ ਆਪਣੀਆਂ ਮਾਡਰਨ ਬੋਲੀਆਂ ਤੱਕ ਸਭ ਤੋਂ ਅੱਗੇ ਹੈ ਅਤੇ ਇਸ ਲੰਮੇ ਵਕਫੇ ਵਿਚ ਉਹਦਾ ਗ੍ਰਾਫ਼ ਕਿਤੇ ਵੀ ਘਟਦਾ-ਵਧਦਾ ਨਜ਼ਰ ਨਹੀਂ ਆਉਂਦਾ।
ਜਦੋਂ ਮੈਂ ਫਗਵਾੜੇ ਇੰਜੀਨੀਅਰਿੰਗ ਕਰਨ ਲੱਗਾ ਤਾਂ ਨੇੜਲੇ ਪਿੰਡ ਮੇਹਲੀ ਵਿਚ ਕੁਲਦੀਪ ਮਾਣਕ, ਗੁਰਚਰਨ ਪੋਹਲੀ ਤੇ ਏæਐਸ਼ ਕੰਗ ਨੇ ਇਕੱਠਿਆਂ ਆਉਣਾ ਸੀ। ਗੱਲ 1979 ਦੀ ਹੈ। ਉਸ ਦਿਨ ਫਗਵਾੜੇ ਦੀਆਂ ਕਾਲਜ ਪੱਧਰ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਇਸ ਤ੍ਰਿਵੈਣੀ ਨੂੰ ਵੇਖਣ ਲਈ ਖਾਲੀ ਹੋ ਗਈਆਂ ਸਨ। ਅਸੀਂ ਵੀ ਤਿੰਨਾਂ ਨੂੰ ਕਾਲਜੋਂ ਭੱਜ ਕੇ ਵੇਖਿਆ।
ਮਾਣਕ ਦੀ ਪੂਰੀ ਚੜ੍ਹਾਈ ਸੀ ਉਨ੍ਹੀਂ ਦਿਨੀਂ। ਪੋਹਲੀ ਫਿਲਮਾਂ ਕਰ ਕੇ ਚਰਚਿਤ ਸੀ। ਕੰਗ ਨੂੰ ਵੇਖ ਕੇ ਲਗਦਾ ਤਾਂ ਸੀ ਜਿਵੇਂ ਲਾਲਿਆਂ ਦਾ ਮੁੰਡਾ ਵਲੈਤੋਂ ਹੋ ਕੇ ਆਇਆ ਹੋਵੇ, ਪਰ ਸੱਚ ਮੰਨਿਓਂ, ਉਦੋਂ ਬਜ਼ੁਰਗਾਂ ਤੇ ਬੀਬੀਆਂ ਅੰਦਰ ਸਭ ਤੋਂ ਵੱਡੀ ਚਾਹਤ ਉਸ ਨੂੰ ਵੇਖਣ ਦੀ ਹੀ ਸੀ। ਉਹਨੇ ਜਦੋਂ ‘ਗਿੱਧਿਆਂ ਦੀ ਰਾਣੀਏਂ’ ਗਾਇਆ ਤਾਂ ਤਾਲੀਆਂ ਦਾ ਜਿਵੇਂ ਸਾਉਣ ਵਿਚ ਕਿਤੇ ਨਿਆਣੇ-ਕੁੱਟ ਮੀਂਹ ਪੈਣ ਲੱਗ ਪਿਆ ਹੋਵੇ। ਮੈਂ ਉਦੋਂ ਖੈਰ ਕੰਗ ਤਾਂ ਨੇੜਿਓਂ ਵੇਖ ਲਿਆ ਸੀ, ਪਰ ਦੋ ਘਟਨਾਵਾਂ ਇਕੋ ਵੇਲੇ ਵਾਪਰ ਜਾਣ ਕਰ ਕੇ ਚੇਤਾ ਕਦੇ ਨਹੀਂ ਭੁੱਲਿਆ। ਪਹਿਲੀ ਗੱਲ ਤਾਂ ਇਹ ਹੋਈ ਕਿ ਜਦੋਂ ਭੀੜ ਵਿਚ ਤਿੰਨਾਂ ਨੂੰ ਨੇੜੇ ਤੋਂ ਵੇਖਣ ਲਈ ਅੱਗੇ ਵਧਿਆ, ਤਾਂ ਤਾੜ ਦੇਣੀਂ ਇਕ ਪੁਲਿਸ ਵਾਲੇ ਨੇ ਕੰਨ ‘ਤੇ ਲੱਫੜ ਜੜ ਦਿੱਤਾ। ਮੈ ਉਦੋਂ ਮਸਾਂ ਹੀ ਪੰਤਾਲੀ ਕਿਲੋ ਦਾ ਹੋਵਾਂਗਾ ਤੇ ਉਹ ਸਿਪਾਹੀ ਕੁਇੰਟਲ ਭਾਰਾ। ਪੈਰਾਂ ਤੱਕ ਹਿੱਲ ਹੀ ਨਹੀਂ ਗਿਆ, ਸਗੋਂ ਨੀਲਾ ਹੋਇਆ ਕੰਨ ਵੇਖ ਕੇ ਮਾਂ ਪੁੱਛਦੀ ਰਹੀ- ‘ਨਾਲੇ ਕਹਿੰਦੇ ਸਕੂਲਾਂ ਵਿਚ ਈ ਮਾਸਟਰ ਕੁੱਟਦੇ ਹੁੰਦੇ ਆ, ਕਾਲਜਾਂ ਵਿਚ ਕੋਈ ਮਾਰਦਾ ਨਹੀਂ’। ਮੈਂ ਮਾਂ ਨੂੰ ਕੀ ਦੱਸਦਾ ਕਿ ਮਾਣਕ ਦੀਆਂ ਤਾਂ ਕੰਨਾਂ ‘ਤੇ ਹੱਥ ਰੱਖ ਕੇ ਹੇਕਾਂ ਲਗਦੀਆਂ ਵੇਖੀਆਂ ਸਨ, ਪਰ ‘ਗਿੱਧਿਆਂ ਦੀ ਰਾਣੀ’ ਚਪੇੜਾਂ ਖਾ ਕੇ ਸੁਣ ਸਕਿਆ ਸਾਂ। ਸਾਲ 2000 ਵਿਚ ਕੰਗ ਦੇ ਘਰੇ ਬਰਮਿੰਘਮ ਲਾਗੇ ਵਾਲਸਲ ਵਿਚ ਜਦੋਂ ਮੈਂ ਉਹਨੂੰ ਇਹ ਘਟਨਾ ਦੱਸੀ ਤਾਂ ਉਹ ਵੀ ਖਿੜ-ਖਿੜਾ ਕੇ ਹੱਸ ਪਿਆ ਸੀ। ਉਸ ਦਿਨ ਥੱਪੜ ਲੱਗਣ ਨਾਲ ਕਮੀਜ਼ ਦੀ ਜੇਬ ਵਿਚੋਂ ਭੁੜਕ ਕੇ ਕਾਲਜ ਦਾ ਆਈਡੈਂਟਿਟੀ ਕਾਰਡ ਵੀ ਹੇਠਾਂ ਜਾ ਪਿਆ ਸੀ। ਉਹ ਦਾ ਤਾਂ ਚਲੋ ਬਹੁਤਾ ਦੁੱਖ ਨਹੀਂ ਸੀ, ਪਰ ਫੀਸ ਦੇ 14 ਰੁਪਏ ਵੀ ਗੁਆ ਲਏ ਸਨ, ਉਦੋਂ ਜਦੋਂ ਫਿਲਮ ਦੇਖਣ ਲਈ ਟਿਕਟ ਵੀ ਅੱਸੀ ਪੈਸੇ ਦੀ ਹੁੰਦੀ ਸੀ।
ਸਾਲ 2000 ਵਿਚ ਜਦੋਂ ਮੈਂ ਫਖ਼ਰ ਜ਼ਮਾਨ ਹੁਰਾਂ ਦੀ ਲੰਡਨ ਵਿਚਲੀ ਵਿਸ਼ਵ ਕਾਨਫਰੰਸ ‘ਤੇ ਗਿਆ ਤਾਂ ਉਸ ਕਾਫ਼ਲੇ ਵਿਚ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਹਰਭਜਨ ਹਲਵਾਰਵੀ ਵੀ ਸੀ। ਵੀਜ਼ੇ ਦੀ ਸਮੱਸਿਆ ਕਰ ਕੇ ਉਦੋਂ ਮੈਂ ਕਰੀਬ ਅੱਠ ਸਾਲਾਂ ਦੇ ਵਕਫੇ ਪਿਛੋਂ ਇੰਗਲੈਂਡ ਜਾ ਰਿਹਾ ਸਾਂ। ਜਹਾਜ਼ ਵਿਚ ਬੈਠਿਆਂ ਨਾਲ ਦੀ ਸੀਟ ‘ਤੇ ਊਂਘਦੇ ਹਲਵਾਰਵੀ ਨੂੰ ਮੈਂ ਪੁੱਛਿਆ-“ਮੈਂ ਗਾਇਕ ਕੰਗ ਨੂੰ ਮਿਲਣ ਜਾਣੈ, ਤੁਸੀਂ ਚੱਲੋਗੇ ਮੇਰੇ ਨਾਲ?” ਜਾਣਨ ਵਾਲੇ ਜਾਣਦੇ ਨੇ, ਜਿਵੇਂ ਉਹਦਾ ਸੁਭਾਅ ਸੀ, ਉਹ ਮੈਨੂੰ ਕਾਮਰੇਡਾਂ ਵਾਲੀ ਬੋਲੀ ਵਿਚ ਭੁੱਬ ਮਾਰ ਕੇ ਪਿਆ-“ਪਹਿਲਾਂ ਤਾਂ ਅਮੀਨ ਮਲਿਕ ਤੇ ਫਖ਼ਰ ਜ਼ਮਾਨ ਹੁਰਾਂ ਪਤਾ ਨ੍ਹੀਂ ਕਾਹਤੋਂ ਤੈਨੂੰ ਵਿਸ਼ਵ ਕਾਨਫਰੰਸ ਵਿਚ ਸੱਦ ਲਿਐ? ਮੈਂ ਇਨ੍ਹਾਂ ਟੁੱਚੇ ਜਿਹੇ ਗਾਇਕਾਂ ਨੂੰ ਟਿੱਚ ਕਰ ਕੇ ਨਹੀਂ ਜਾਣਦਾ। ਜੇ ਇਨ੍ਹਾਂ ਬਾਰੇ ਤੇਰੀ ਖੇਹ-ਸੁਆਹ ਅਖ਼ਬਾਰ ਵਿਚ ਛਾਪ ਦਿੰਨਾਂ ਤਾਂ ਤੂੰ ਮੈਨੂੰ ਵੀ ਨਾਲ ਖਿੱਚਣ ਲੱਗ ਪਿਐਂ।” ਮੇਰਾ ਤਾਂ ਸਫ਼ਰ ਪੈ ਗਿਆ ਖੂਹ-ਖਾਤੇ। ਉਂਜ, ਹਲਵਾਰਵੀ ਦੀ ਇਕ ਗੱਲ ਸਿਫ਼ਤ ਵਾਲੀ ਸੀ ਕਿ ਉਹ ਅਗਲੇ ਪਲ ਹੀ ਠੰਢਾ ਹੋ ਜਾਂਦਾ ਸੀ। ਫਿਰ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਹਿਣ ਲੱਗਾ-“ਅਸ਼ੋਕ, ਅੱਛਾ ਤੂੰ ਕੰਗ ਦੀ ਗੱਲ ਕਰਦਾ ਸੀ, ਉਹ ਤਾਂ ਬਹੁਤ ਵਧੀਆ ਗਾਉਂਦੈ। ਬਣਾ ਲਈਂ ਪ੍ਰੋਗਰਾਮ, ਵੇਖ ਲਵਾਂਗੇ। ਚੱਲ ਮਾਰ ਘੈਂਟੀ, ਮੰਗਾ ਸ਼ਾਟ।”
ਖ਼ੈਰ! ਹਲਵਾਰਵੀ ਤਾਂ ਮੇਰੇ ਨਾਲ ਨਹੀਂ ਗਿਆ, ਪਰ ਮੈਂ ਆਪਣੇ ਇਕ ਰਿਸ਼ਤੇਦਾਰ ਨੂੰ ਨਾਲ ਲੈ ਕੇ ਉਹਦੇ ਘਰ ਵਾਲਸਲ ਗਿਆਰਾਂ ਕੁ ਵਜੇ ਪੁੱਜ ਗਿਆ। ਸਮੋਸਿਆਂ ਨਾਲ ਚਾਹ ਪੀਣ ਤੋਂ ਬਾਅਦ ਕਹਿਣ ਲੱਗਾ-“ਅਸ਼ੋਕ ਘੁੱਟ ਲਾਈਏ, ਘਰ ਦੀ ਕੱਢੀ ਵੀ ਹੈਗੀ ਆ ਤੇ ਹੋਰ ਵੀ ਸਾਰੀਆਂ ਪਈਆਂ।” ਮੈਂ ਵੀ ਉਪਰੋਂ-ਉਪਰੋਂ ਨਾਂਹ-ਨੁੱਕਰ ਕਰ ਰਿਹਾ ਸੀ। ਉਹ ਸਿਵਾਸ ਰੀਗਲ ਚੁੱਕ ਲਿਆਇਆ, ਜਾਨੀ ਵਾਕਰ ਬਲੈਕ ਤੇ ਗ੍ਰੀਨ ਵੀ, ਬੇਟਾ ਦੇਸੀ ਚੁੱਕੀ ਆਵੇ। ਦੇਸੀ ਨਾਲ ਕਿਤੇ ਉਖੜ ਨਾ ਜਾਵਾਂ, ਮੈਂ ਕਿਹਾ-“ਚਲੋ ਗ੍ਰੀਨ ਲੇਬਲ ਕਦੇ ਪੀਤੀ ਨਹੀਂ, ਇਹਦਾ ਸੁਆਦ ਦੇਖਦੇ ਹਾਂ।” ਇਕ ਪੈਗ ਲਾ ਕੇ ਮੈਂ ਕੰਗ ਨੂੰ ਪੁੱਛਿਆ-“ਬੇਟੇ ਦਾ ਕੀ ਨਾਂ ਐ?”
ਉਹ ਆਪਣੇ ਸੁਭਾਅ ਮੁਤਾਬਕ ਢਿੱਲਾ ਜਿਹਾ ਮੂੰਹ ਕਰ ਕੇ ਕਹਿਣ ਲੱਗਾ-“ਮਛੰਦਰ।” ਮੈਂ ਹੱਸ ਪਿਆ। ਉਹਨੇ ਮੈਨੂੰ ਸਵਾਲ ਕੀਤਾ-“ਅਸ਼ੋਕ ਸੱਚ ਦੱਸੀਂ, ਤੂੰ ਮਛੰਦਰ ਨਾਂ ਸੁਣ ਕੇ ਹੱਸਿਆ ਕਿਉਂ?”
“ਗੁਰੂ ਗੋਰਖ ਨਾਥ ਦੇ ਗੁਰੂ ਦਾ ਨਾਂ ਮਛੰਦਰ ਸੀ। ਪਹਿਲੀ ਵਾਰ ਪੰਜਾਬੀਆਂ ਵਿਚ ਨਾਂ ਸੁਣਿਆ ਇਹ, ਤੇ ਉਹ ਵੀ ਏæਐਸ਼ ਕੰਗ ਦੇ ਮੁੰਡੇ ਦਾ।”
ਉਦਣ ਉਹ ਮੈਨੂੰ ਆਪਣੇ ਸੁਭਾਅ ਤੋਂ ਪੂਰਾ ਹੀ ਉਲਟ ਲੱਗ ਰਿਹਾ ਸੀ। ਹੌਲੀ ਦੇਣੀ ਬੋਲਿਆ “ਜੱਟ ਤਾਂ ਸੁਹਾਗੇ ‘ਤੇ ਮਾਨ ਨ੍ਹੀਂ ਹੁੰਦਾ, ਮੈਂ ਤਾਂ ਵਲੈਤ ਵਿਚ ਆ ਗਿਆਂ। ਕਿਹੜਾ ਗੋਰਖ ਨਾਥ ਤੇ ਕਿਹੜਾ ਉਹਦਾ ਗੁਰੂ ਮਛੰਦਰ।” ਤੇ ਇਹ ਕਹਿੰਦਿਆਂ ਉਹ ਦੂਜਾ ਪੈਗ ਵੀ ਖਿੱਚ ਗਿਆ।
ਸੁਭਾਅ ਪੱਖੋਂ ਮੈਂ ਆਸਾ ਸਿੰਘ ਮਸਤਾਨਾ, ਦੀਦਾਰ ਸੰਧੂ ਅਤੇ ਏæਐਸ਼ ਕੰਗ ਨੂੰ ਇਕੋ ਜਿਹੇ ਮੰਨਦਾ ਹਾਂ। ਇਨ੍ਹਾਂ ਵਿਚੋਂ ਦੋ ਪੀਣ ਦੇ ਸ਼ੌਕੀਨ ਰਹੇ ਹਨ ਤੇ ਮਸਤਾਨਾ ਪਾਨ ਖਾਣ ਦਾ।
ਉਸ ਦਿਨ ਗਿਆ ਤਾਂ ਮੈਂ ਉਹਦੇ ਕੋਲ ਕੁਝ ਪਲਾਂ ਲਈ ਸੀ, ਪਰ ਉਹਨੇ ਮੁਹੱਬਤ ਦਾ ਹੱਥ ਇੰਨਾ ਘੁੱਟ ਕੇ ਫੜੀ ਰੱਖਿਆ ਕਿ ਦੇਰ ਰਾਤ ਉਹ ਆਪ ਮੈਨੂੰ ਵਾਪਸ ਛੱਡਣ ਨਾਲ ਆਇਆ। ਮੇਰੀ ਇਕ ਗੱਲ ਦਾ ਜਵਾਬ ਉਹਨੇ ਬੜਾ ਦਿਲਚਸਪ ਦਿੱਤਾ ਸੀ ਕਿ ਗਾਉਣ ਵਾਲੇ ਐਵੇਂ ਆਕੜਾਂ ਕਰੀ ਫਿਰਦੇ ਹਨ, ਪਹਿਲਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਦੇ ਸੁਪਨੇ ਵੇਖਦੇ ਹਨ ਤੇ ਜਦੋਂ ਇਹ ਸੱਚ ਹੋ ਜਾਵੇ, ਤਾਂ ਹੱਥ ਮਿਲਾਉਣਾ ਵੀ ਮੁਨਾਸਿਫ਼ ਨਹੀਂ ਸਮਝਦੇ। ਡੁੱਬਣਗੇ ਕੰਜਰ ਕਿਸੇ ਦਿਨ!
ਮੇਰੀ ਜ਼ਿੰਦਗੀ ਦਾ ਇਤਫ਼ਾਕ ਇਹ ਵੀ ਸੀ ਕਿ ਇਸੇ ਕਾਨਫਰੰਸ ਦੌਰਾਨ ਸੰਗੀਤਕਾਰ ਬਲਦੇਵ ਮਸਤਾਨਾ ਦੇ ਕੁਵੈਂਟਰੀ ਸਥਿਤ ਰਿਕਾਰਡਿੰਗ ਸਟੂਡੀਓ ਵਿਚ ਸਨਮਾਨ ਸਮਾਰੋਹ ਮੇਰੇ ਤੇ ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਲਈ ਰੱਖਿਆ ਗਿਆ। ਪਹਿਲੀ ਵਾਰ ਮੈਂ ਇਨਕਲਾਬੀ ਸ਼ਾਇਰ ਅਮਰਜੀਤ ਚੰਦਨ ਦੇ ਇਥੇ ਦਰਸ਼ਨ ਕੀਤੇ ਸਨ। ਕੰਗ ਦਾ ਲੰਗੋਟੀਆ ਯਾਰ ਤੇ ਉਹਦੀ ਸਮੁੱਚੀ ਗਾਇਕੀ ਦਾ ਮੁੱਖ ਗੀਤਕਾਰ ਹਰਬੰਸ ਜੰਡੂ ਉਰਫ਼ ਜੰਡੂ ਲਿੱਤਰਾਂਵਾਲਾ ਵੀ ਮਿਲਿਆ। ‘ਖਾਓ-ਪੀਓ ਐਸ਼ ਕਰੋ’ ਗੀਤ ਦਾ ਰਚਨਹਾਰਾ ਮਰਹੂਮ ਦੇਵ ਜੱਸਲ ਵੀ, ਗਾਇਕ ਸ਼ਿੰਦਾ ਸੁਰੀਲਾ ਵੀ। ਕਰੀਬ ਚਾਰ ਘੰਟੇ ਚੱਲੇ ਇਸ ਕਵੀ ਦਰਬਾਰ ਵਿਚ ਰਚਨਾਵਾਂ ਨਾਲੋਂ ਵੀ ਇਸ ਗੱਲ ਵਿਚ ਖੁਸ਼ ਸਾਂ ਕਿ ਇੰਗਲੈਂਡ ਦੇ ਸਮੁੱਚੇ ਪੰਜਾਬੀ ਸੰਗੀਤ ਖੇਤਰ ਵਿਚ ਮੇਰੇ ਕੀਤੇ ਨਿੱਕੇ-ਮੋਟੇ ਕਾਰਜ ਦਾ ਗੰਭੀਰ ਨੋਟਿਸ ਲਿਆ ਗਿਆ ਸੀ ਤੇ ਇਸੇ ਕਰ ਕੇ ਸਤਿਕਾਰ ਨਾਲ ਝੋਲੀ ਭਰ ਗਈ ਸੀ।
ਸਟੂਡੀਓ ਦੇ ਇਕ ਕਮਰੇ ਵਿਚ ਬਾਅਦ ਵਿਚ ਮੈਂ ਕੰਗ ਤੇ ਜੰਡੂ ਨਾਲ ਲੰਮਾ ਸਮਾਂ ਗੱਲਾਂ ਕੀਤੀਆਂ। ਜਿਵੇਂ ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲੇ ਨੂੰ ਅਤੇ ਮੁਹੰਮਦ ਸਦੀਕ ਤੇ ਮਾਨ ਮਰਾੜਾਂ ਵਾਲੇ ਨੂੰ ਅਲੱਗ ਕਰ ਕੇ ਨਹੀਂ ਵੇਖਿਆ ਜਾ ਸਕਦਾ, ਇਵੇਂ ਕੰਗ ਤੇ ਜੰਡੂ ਦੀ ਜੋੜੀ ਦਾ ਜ਼ਿਕਰ ਵੀ ਤਬਲੇ-ਧਾਮੇ ਵਾਂਗ ਇਕੱਠਿਆ ਹੀ ਹੁੰਦਾ ਰਹੇਗਾ; ਇਸ ਕਰ ਕੇ ਮੈਂ ਜੰਡੂ ਨੂੰ ਕਹਿ ਬੈਠਾ-
ਉਹਨੇ ਬਾਰੀ ਚੋਂ ਖਲੋ ਕੇ ਅੱਖ ਮਾਰੀ
ਕੱਢ ਕੇ ਕਲੇਜਾ ਲੈ ਗਈæææ
ਤਾਂ ਉਹ ਵੀ ਮੇਰੇ ਨਾਲ ਉਖੜ ਗਿਆ-“ਯਾਰ! ਇਸ ਗੀਤ ਵਿਚ ਬੁਰਾ ਕੀ ਐ, ਅੱਖ ਮਾਰਨਾ ਤਾਂ ਇਕ ਰਮਜ਼ ਐ।”
ਮੈਂ ਬਥੇਰਾ ਕਿਹਾ ਕਿ ਇਹ ਗੀਤ ਮੈਨੂੰ ਚੰਗਾ ਲਗਦੈ, ਸਾਰਾ ਜ਼ੁਬਾਨੀ ਯਾਦ ਐ, ਪਰ ਉਹ ਨਾਰਾਜ਼ ਜਿਹਾ ਹੋ ਕੇ ਕਹੀ ਗਿਆ-“ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇæææਜ਼ਿੰਦਗੀ ਮੁੱਕਦੀ ਜਾਂਦੀ ਐæææਸਾਰੀ ਉਮਰ ਗਵਾ ਲਈ ਤੂੰ, ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆæææਗੀਤ ਵੀ ਮੈਂ ਹੀ ਲਿਖੇ ਹਨ”, ਪਰ ਇਸ ਮੁਲਾਕਾਤ ਤੋਂ ਬਾਅਦ ਮੈਨੂੰ ਫਿਰ ਜੰਡੂ ਮਿਲਿਆ ਨਹੀਂ।
ਕੰਗ ਦਾ ਪਿੰਡ ਭਾਵੇਂ ਮੇਰੇ ਜ਼ਿਲ੍ਹੇ (ਨਵਾਂ ਸ਼ਹਿਰ) ਵਿਚ ਹੀ ਕੁਲਥਮ ਹੈ, ਮੰਢਾਲੀ ਸ਼ਰੀਫ਼ ਨੇੜੇ, ਪਰ ਉਹ ਜਦੋਂ ਵੀ ਪੰਜਾਬ ਆਉਂਦਾ ਹੈ, ਆਪਣੀ ਭੈਣ ਦੇ ਪਿੰਡ ਕਲੇਰਾਂ ਹੀ ਠਹਿਰਦਾ ਹੈ। ਕਾਨਫਰੰਸ ਤੋਂ ਅਗਲੇ ਸਾਲ ਉਹ ਆਇਆ ਤਾਂ ਮਾਣਕ ਮੈਨੂੰ ਇਹ ਕਹਿ ਕੇ ਲੈ ਗਿਆ ਕਿ ਇਕ ਵਿਆਹ ‘ਤੇ ਨਵਾਂ ਸ਼ਹਿਰ ਲਾਗੇ ਮੁਬਾਰਕਪੁਰ ਚੱਲਣਾ, ਕੰਗ ਵੀ ਆ ਰਿਹੈ।
ਉਸ ਦਿਨ ਦੀ ਖਾਸ ਗੱਲ ਇਹ ਸੀ ਕਿ ਉਹਨੂੰ ਮੈਂ ਕਿਸੇ ਵਿਆਹ ਦੀ ਸਟੇਜ ‘ਤੇ ਪਹਿਲੀ ਵਾਰ ਗਾਉਂਦਿਆਂ ਦੇਖ ਰਿਹਾ ਸਾਂ। ਉਹਨੂੰ ਗੁਰਦਾਸ ਨਾਲੋਂ ਵੀ ਅੱਗੇ ਇਸ ਕਰ ਕੇ ਕਹਾਂਗਾ ਕਿਉਂਕਿ ਬੀਬੀਆਂ ਉਹਦੇ ਹੱਥ ਤੇ ਮੱਥਾ ਚੁੰਮਣ ਆਈਆਂ। “ਆਹ ਆ ਕੰਗ਼ææਵੇਖ ਲਵੋ ਬਾਈ ਕੰਗ਼ææਗਾ ਦੇ ਬਾਈ ‘ਗਿੱਧਿਆਂ ਦੀ ਰਾਣੀ’æææ’ਲੰਬੜਾਂ ਦੀ ਨੂੰਹ’ ਵੀæææ।” ਲੱਗਿਆ, ਲੋਕ ਜਿਵੇਂ ਕਹਿ ਰਹੇ ਹੋਣ-‘ਮਾਈਕਲ ਜੈਕਸ਼ਨ ਭਲਾ ਕੀ ਚੀਜ਼ ਹੁੰਦੈ।’
ਉਹਦੇ ਗੀਤਾਂ ਨੂੰ ਭਾਵੇਂ ਕੇਸਰ ਸਿੰਘ ਨਰੂਲਾ ਨੇ ਸ਼ਿੰਗਾਰਿਆ, ਭਾਵੇਂ ਚਰਨਜੀਤ ਅਹੂਜਾ ਨੇ, ਤੇ ਭਾਵੇਂ ਸੁਖਸ਼ਿੰਦਰ ਸ਼ਿੰਦਾ ਨੇ; ਟਾਟਾ ਦੀਆਂ ਗੱਡੀਆਂ ਵਾਂਗ ਪੰਜਾਬੀਆਂ ਨੇ ਉਹਦਾ ਮੁੱਲ ਪੂਰਾ ਪਾਇਆ।
ਕਲਾ, ਗਾਇਕੀ ਦੀ ਉਹਦੇ ਕੋਲ ਹਾਲੇ ਤੱਕ ਸਿਖਰ ਹੈ ਪਰ ਜ਼ਿੰਦਗੀ ਦਾ ਪੰਧ ਬੁਢਾਪੇ ਵੱਲ ਜਾਣ ਕਰ ਕੇ ਉਹ ਹੁਣ ਸਿੱਖੀ ਸਰੂਪ ਵਿਚ ਆ ਗਿਆ ਹੈ, ਰੱਬ ਦੇ ਨੇੜੇ ਹੋਣ ਲਈ।
ਜਿਵੇਂ ਪਸ਼ੂ, ਪੰਛੀ ਤੇ ਜਾਨਵਰਾਂ ‘ਤੇ ਕੋਈ ਵੀ ਝੂਠ ਬੋਲਣ ਦਾ ਇਲਜ਼ਾਮ ਨਹੀਂ ਲਾ ਸਕਦਾ, ਇਵੇਂ ਕੰਗ ਨੂੰ ਪੰਜਾਬੀ ਗਾਇਕੀ ਵਿਚ ਕੋਈ ਉਲਾਂਭਾ ਨਹੀਂ ਦਿੱਤਾ ਜਾ ਸਕਦਾ। ਮਾਣ ਨਾਲ ਕਹਾਂਗਾ-ਤੁਹਾਡਾ ਪਿਆਰਾ ਗਾਇਕ, ਮੇਰਾ ਯਾਰ ਰਿਹੈ।