ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪੰਜਾਬ ਦੀ ਫੇਰੀ ਤੋਂ ਮੁੜ ਕੇ ਆਏ ਭੂਆ ਦੇ ਪੁੱਤ ਗੁਰਬਖਸ਼ੀਸ਼ ਸਿੰਘ ਗਰੇਵਾਲ ਨਾਲ ਮੇਲੇ ਹੋਏ। ਪੰਜਾਬ ਦੇ ਮੌਜੂਦਾ ਹਾਲਾਤ, ਭਖੀ ਸਿਆਸਤ, ਨਸ਼ਿਆਂ ਦੇ ਹੜ੍ਹ ਅਤੇ ਵਿਆਹ ‘ਤੇ ਫੋਕੀ ਟੌਹਰ ਆਦਿ ਮੁੱਦਿਆਂ ਬਾਰੇ ਫਿਰਕਮੰਦੀ ਨਾਲ ਵਿਚਾਰਾਂ ਹੋਈਆਂ। ਬਾਈ ਦੇ ਦੱਸਣ ਮੁਤਾਬਕ ਪੰਜਾਬ ਹੁਣ ਉਹ ਪੰਜਾਬ ਨਹੀਂ ਰਿਹਾ।
ਜਿਥੇ ਕਦੇ ਦਾਲ ਦੀ ਕੌਲੀ ਦੀ ਸਾਂਝ ਹੁੰਦੀ ਸੀ, ਅੱਜ ਉਹੀ ਪੰਜਾਬ ਬਿਹਾਰ ਨੂੰ ਵੀ ਪਿੱਛੇ ਛੱਡ ਗਿਆ ਹੈ। ਬਹੁਤਾ ਕਸੂਰ ਸਰਕਾਰਾਂ ਦਾ ਨਹੀਂ। ਭਾਈਚਾਰਕ ਸਾਂਝ ਦਾ ਗਲਾ ਅਸੀਂ ਆਪ ਘੁੱਟਿਆ ਹੈ। ਕਿਸੇ ਵਿਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਤੁਹਾਡੇ ਏਕੇ ਨੂੰ ਤੋੜ ਦੇਵੇ, ਪਰ ਜਦੋਂ ਕਿਸੇ ਦੀ ਕਮਜ਼ੋਰੀ ਜੱਗ-ਜ਼ਾਹਰ ਹੋ ਜਾਵੇ ਤਾਂ ਦੁਸ਼ਮਣ ਫਾਇਦਾ ਉਠਾ ਹੀ ਜਾਂਦੇ ਹਨ। ਹਰ ਮਾਂ-ਪਿਉ ਦਾ ਇਹੀ ਨਿਸ਼ਾਨਾ ਹੁੰਦਾ ਹੈ ਕਿ ਉਨ੍ਹਾਂ ਦੇ ਧੀ-ਪੁੱਤ ਪੜ੍ਹ-ਲਿਖ ਜਾਣ ਤੇ ਚੰਗੇ ਕਾਰੋਬਾਰ ਲਗ ਜਾਣ। ਕਈ ਮਾਪਿਆਂ ਦੀ ਆਸ ਨੂੰ ਤਾਂ ਬੂਰ ਪੈ ਜਾਂਦਾ ਹੈ ਅਤੇ ਕਈਆਂ ਦੇ ਚਾਵਾਂ ਦਾ ਗਲਾ ਦਾਜ ਦੀ ਮੰਗ ਘੁੱਟ ਜਾਂਦੀ ਹੈ।
ਖੇਤਾਂ ਦੇ ਕੰਮ ਹੁਣ ਹੱਥੀਂ ਕਰਨ ਵਾਲੇ ਰਹੇ ਨਹੀਂ, ਸਭ ਮਸ਼ੀਨਰੀ ਨੇ ਲੈ ਲਏ ਹਨ। ਪੜ੍ਹਿਆ-ਲਿਖਿਆ ਗੱਭਰੂ ਖੇਤੀਂ ਡੱਕਾ ਤੋੜ ਕੇ ਰਾਜ਼ੀ ਨਹੀਂ। ਮਾਪਿਆਂ ਦੇ ਤਾਅਨੇ, ਬੇਰੁਜ਼ਗਾਰੀ ਦੀ ਮਾਰ ਉਹਨੂੰ ਨਸ਼ਿਆਂ ਵੱਲ ਤੋਰ ਦਿੰਦੀ ਹੈ। ਨਸ਼ੇ ਦੀ ਘਾਟ, ਉਹਨੂੰ ਪੈਸਿਆਂ ਲਈ ਲੋਕਾਂ ਅੱਗੇ ਹੱਥ ਅੱਡਣ ਲਈ ਮਜਬੂਰ ਕਰਦੀ ਹੈ। ਜਦੋਂ ਪੈਸਾ ਮੰਗਿਆਂ ਮਿਲਦਾ ਨਹੀਂ, ਫਿਰ ਉਹ ਪੈਸਾ ਖੋਹਣ ਵਾਲਾ ਫਾਰਮੂਲਾ ਅਪਨਾ ਲੈਂਦਾ ਹੈ। ਇਹ ਕਿਸੇ ਇਕ ਨੌਜਵਾਨ ਦੀ ਕਹਾਣੀ ਨਹੀਂ, ਨੱਬੇ ਫੀਸਦੀ ਨੌਜਵਾਨਾਂ ਦਾ ਇਹੋ ਹਾਲ ਹੈ। ਧੀਆਂ ਦੇ ਚਾਅ ਆਪਣੀ ਜਗ੍ਹਾ ਆਸਾਂ ਦਾ ਦੀਵਾ ਬਾਲ ਕੇ ਬੈਠੇ ਹੁੰਦੇ ਹਨ। ਮਾਪੇ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਤੇ ਇਨ੍ਹਾਂ ਵਿਚੋਂ ਕਈ ਵਿਚਾਰੀਆਂ ਪਿੰਡੋਂ ਸ਼ਹਿਰ ਜਾ ਕੇ ਕਈ ਵਾਰ ਆਸ਼ਕਾਂ ਦੀ ਚਾਲ ਵਿਚ ਫਸ ਜਾਂਦੀਆਂ ਹਨ ਤੇ ਉਹ ਕੁਝ ਦਿਨਾਂ ਦੇ ਪਿਆਰ ਲਈ ਮਾਪਿਆਂ ਦੇ ਕਈ ਸਾਲਾਂ ਦੇ ਪਿਆਰ ਨੂੰ ਛੱਡ ਕੇ ਤੁਰ ਜਾਂਦੀਆਂ ਹਨ। ਨੌਜਵਾਨਾਂ ਨੂੰ ਪੜ੍ਹਾਈ ਨਾਲੋਂ ਆਸ਼ਕੀ ਗੇੜੇ ਵਿਚ ਸਮੇਂ ਦੀ ਬਰਬਾਦੀ ਦਾ ਕੋਈ ਫਿਕਰ ਨਹੀਂ ਹੁੰਦਾ। ਘਰੋ ਭੱਜ ਕੇ ਵਿਆਹ ਕਰਵਾਉਣਾ, ਫਿਰ ਦੋ-ਚਾਰ ਮਹੀਨੇ ਧੱਕੇ ਖਾ ਕੇ ਮੁੜ ਆਉਣਾ, ਇਹ ਅੱਜ ਦੀ ਪੀੜ੍ਹੀ ਲਈ ਆਮ ਗੱਲ ਹੋ ਗਈ ਹੈ।
ਬਾਈ ਜੀ ਦੇ ਦੱਸਣ ਮੁਤਾਬਕ ਮੁੱਲਾਂਪੁਰ, ਜਗਰਾਉਂ ਤੇ ਰਾਏਕੋਟ ਕਦੇ ਸਾਊ ਤੇ ਸਿਆਣੇ ਇਲਾਕੇ ਗਿਣੇ ਜਾਂਦੇ ਸਨ, ਪਰ ਹੁਣ ਸਭ ਤੋਂ ਵੱਧ ਲੁੱਟ-ਖੋਹ, ਮਾਰ-ਧਾੜ, ਨਸ਼ਾ ਅਤੇ ਫਿਰੌਤੀ ਲੈ ਕੇ ਕਤਲ ਕਰਨੇ ਇਸ ਇਲਾਕੇ ਦੇ ਹਿੱਸੇ ਆ ਗਏ ਹਨ। ਮੁੱਲਾਂਪੁਰ ਤੋਂ ਜਗਰਾਉਂ ਵਾਲੇ ਜੀæਟੀæ ਰੋਡ ‘ਤੇ ‘ਪੰਡੋਰੀ ਨਰਸਿੰਗ ਹੋਮ’ ਹੈ। ਡਾਕਟਰ ਬੜਾ ਭਲਾਮਾਣਸ ਹੈ। ਅੱਜ ਵੀ ਉਸ ਦੀ ਫੀਸ ਤੀਹ ਰੁਪਏ ਹੈ, ਲੋੜਵੰਦਾਂ ਦਾ ਮਸੀਹਾ। ਸ਼ਹਿਰ ਤੋਂ ਥੋੜ੍ਹਾ ਦੂਰ ਹੋਣ ਕਰ ਕੇ ਲੋਕ ਪੈਦਲ ਜਾਂ ਆਟੋ ਵਗੈਰਾ ‘ਤੇ ਚੜ੍ਹ ਕੇ ਪੁੱਜਦੇ ਹਨ। ਵਾਪਸੀ ਵੇਲੇ ਉਹ ਫਿਰ ਆਟੋ ਦੀ ਉਡੀਕ ਕਰਦੇ ਹਨ। ਉਡੀਕ ਵਿਚ ਖੜ੍ਹੀ ਜਨਾਨੀ ਨੂੰ ਕੋਈ ਆਵਾਜ਼ ਦਿੰਦਾ ਹੈ- “ਆਂਟੀ ਜੀ! ਤੁਸੀਂ ਸ਼ਹਿਰ ਵੱਲ ਜਾਣਾ ਹੈ ਤਾਂ ਆ ਜਾਓ, ਸਾਡੀ ਗੱਡੀ ਵਿਚ ਬੈਠ ਜਾਓ।” ਇਹ ਕਿਸੇ ਮੁਟਿਆਰ ਦੀ ਆਵਾਜ਼ ਹੁੰਦੀ ਹੈ। ਲੋੜਵੰਦ ਜਨਾਨੀ ਗੱਡੀ ਵਿਚ ਬੈਠ ਜਾਂਦੀ ਹੈ ਜੋ ਪਹਿਲਾਂ ਹੀ ਕੁੜੀਆਂ-ਮੁੰਡਿਆਂ ਨਾਲ ਭਰੀ ਹੁੰਦੀ ਹੈ। ਦੋ ਕਿਲੋਮੀਟਰ ਦੇ ਵਿਚ-ਵਿਚ ਜਨਾਨੀ ਨੇ ਜੋ ਸੋਨਾ ਪਾਇਆ ਹੁੰਦਾ ਹੈ, ਗਾਇਬ ਹੋ ਜਾਂਦਾ ਹੈ।æææਜੇ ਕੋਈ ਜਨਾਨੀ ਤੁਰੀ ਜਾ ਰਹੀ ਹੋਵੇ ਤਾਂ ਪਤਾ ਨਹੀਂ ਕਦੋਂ ਕੌਣ ਉਸ ਦੇ ਕੰਨਾਂ ਵਿਚੋਂ ਵਾਲੀਆਂ ਲਾਹ ਕੇ ਲੈ ਜਾਵੇ।æææਪੁਲਿਸ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ।æææਭਿਆਨਕ ਐਕਸੀਡੈਂਟ ਹੁੰਦਾ ਹੈ, ਸਫ਼ਾਰੀ ਗੱਡੀ ਦਾ ਚਾਲਕ ਤੇ ਨਾਲ ਵਾਲਾ ਮਾਰਿਆ ਜਾਂਦਾ ਹੈ, ਪੁਲਿਸ ਆਉਂਦੀ ਹੈ, ਆਪਣਾ ਮੁਢਲਾ ਫਰਜ਼ ਭੁੱਲ ਕੇ ਥਾਣੇਦਾਰ ਸਿਪਾਹੀ ਨੂੰ ਆਖਦਾ ਹੈ- ‘ਗੱਡੀ ਚੁੱਕਣ ਤੋਂ ਪਹਿਲਾਂ ਸਟੀਰੀਓ ਕੱਢ ਲਿਓ’। ਪਤਾ ਨਹੀਂ ਮਰਨ ਵਾਲੇ ਦੀ ਜੇਬ ਵੀ ਖਾਲੀ ਕਰ ਦਿੰਦੇ ਹੋਣ!
ਇਹੋ ਜਿਹੇ ਨੇ ਹੁਣ ਆਪਣੇ ਪੰਜਾਬ ਦੇ ਹਾਲਾਤ। ਪਤਾ ਨਹੀਂ ਤੁਸੀਂ ਸਵੇਰ ਦਾ ਨਾਸ਼ਤਾ ਕਰ ਕੇ ਗਏ ਹੋ, ਤਾਂ ਰਾਤ ਦੀ ਰੋਟੀ ਨੂੰ ਘਰ ਸਹੀ-ਸਲਾਮਤ ਮੁੜ ਸਕੋਗੇ ਕਿ ਨਹੀਂ! ਟਰੈਫਿਕ ਦਾ ਬੁਰਾ ਹਾਲ ਹੈ। ਸੂਬਾ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ।
ਬਾਈ ਜੀ ਨੇ ਇਕ ਹੋਰ ਗੱਲ ਕੀਤੀ ਜੋ ਰੁਆ ਹੀ ਗਈæææਉਹ ਕਿਸੇ ਵਿਆਹ ਵਿਚ ਸ਼ਾਮਲ ਹੋਇਆ। ਚੰਗਾ ਮਹਿੰਗਾ ਤੇ ਵੱਡਾ ਮੈਰਿਜ ਪੈਲੇਸ ਸੀ। ਬੜੇ ਲੋਕ ਆਏ ਹੋਏ ਸਨ। ਅਚਾਨਕ ਉਹਦੀ ਨਿਗ੍ਹਾ ਬਾਰਾਂ-ਤੇਰਾਂ ਸਾਲ ਦੇ ਮੁੰਡੇ-ਕੁੜੀ ‘ਤੇ ਪਈ ਜੋ ਖਿਲਰਿਆ ਕੂੜਾ-ਕਰਕਟ ਇਕੱਠਾ ਕਰ ਰਹੇ ਸੀ। ਸੁਆਦਲੇ ਖਾਣੇ ਦੀ ਮਹਿਕ ਉਨ੍ਹਾਂ ਦੇ ਬੁੱਲ੍ਹਾਂ ‘ਤੇ ਪਾਣੀ ਲਿਆ ਰਹੀ ਸੀ। ਉਹ ਬੁੱਲ੍ਹਾਂ ‘ਤੇ ਜੀਭ ਫੇਰ ਰਹੇ ਸਨ। ਬਾਈ ਉਨ੍ਹਾਂ ਕੋਲ ਗਿਆ ਤੇ ਪੁੱਛਿਆ-ਕੌਣ ਹੋ? ਮੁੰਡੇ ਨੇ ਜਵਾਬ ਦਿੱਤਾ-ਸਾਨੂੰ ਭੈਣ-ਭਰਾ ਨੂੰ ਇਸ ਮੈਰਿਜ ਪੈਲੇਸ ਦੇ ਮਾਲਕ ਨੇ ਦੋ ਸੌ ਰੁਪਏ ਦਿਹਾੜੀ ‘ਤੇ ਲਿਆਂਦਾ ਹੈ, ਸਵੇਰੇ ਅੱਠ ਵਜੇ ਤੋਂ ਰਾਤੀਂ ਅੱਠ ਵਜੇ ਤੱਕ। ਬੱਚੇ ਦੀ ਗੱਲ ਸੁਣ ਕੇ ਬਾਈ ਦਾ ਮਨ ਭਰ ਆਇਆ, ਪੁਛਿਆ-ਤੇਰਾ ਪਿਤਾ ਕਿਥੇ ਹੈ? ਮੁੰਡੇ ਦਾ ਜਵਾਬ ਸੀ-ਉਹ ਤਾਂ ਮਰ ਗਿਆ। ਤੇਰੀ ਮਾਂ? ਉਹਨੂੰ ਕੈਂਸਰ ਦੀ ਬਿਮਾਰੀ ਹੈ ਤੇ ਉਹ ਘਰ ਹੈ। ਬਾਈ ਬੱਚਿਆਂ ਦੇ ਹਾਲਾਤ ਬੁੱਝ ਗਿਆ ਤੇ ਹੋਰ ਕੁਝ ਨਾ ਪੁੱਛਿਆ। ਜੇਬ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਮੁੰਡੇ ਦੀ ਜੇਬ ਵਿਚ ਪਾ ਦਿੱਤਾ। ਉਸ ਨੇ ਕਈ ਵਾਰ ਨੋਟ ਕੱਢ ਕੇ ਦੇਖਿਆ ਕਿ ਸੱਚੀਂ ਪੰਜ ਸੌ ਦਾ ਨੋਟ ਉਹਦੀ ਜੇਬ ਵਿਚ ਹੈ। ਕੁੜੀ ਦੇ ਮੁੱਖ ‘ਤੇ ਆਈ ਰੌਣਕ ਨੇ ਬਾਈ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਹਨੇ ਵੇਟਰ ਨੂੰ ਸੱਦ ਕੇ ਉਨ੍ਹਾਂ ਨੂੰ ਰੋਟੀ ਖੁਆ ਦਿੱਤੀ ਤੇ ਸੋਚਿਆ, ਕਾਸ਼! ਸਾਨੂੰ ਸਮਝ ਆ ਜਾਵੇ ਕਿ ਅਸੀਂ ਆਪਣੀਆਂ ਧੀਆਂ-ਭੈਣਾਂ ਨੂੰ ਸਟੇਜਾਂ ‘ਤੇ ਨਚਾਉਣ ਨਾਲੋਂ ਆਹ ਮਾਸੂਮਾਂ ਦਾ ਬਚਪਨ ਨਾ ਖੋਹੀਏ ਤੇ ਇਨ੍ਹਾਂ ਨੂੰ ਵੀ ਵਿਦਿਆ ਦਾ ਦਾਨ ਬਖਸ਼ੀਸ਼ੇ; ਪਰ ਲੱਗਦਾ ਨਹੀਂ ਕਿ ਲੋਕ ਇਸ ਪਾਸੇ ਮੁੜਨ ਲਈ ਸੋਚਣਗੇ।
ਵਿਆਹਾਂ ‘ਤੇ ਬੋਲੋੜਾ ਖਰਚਾ, ਲੋਕਾਂ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਕਰੀ ਜਾਂਦਾ ਹੈ। ਲੋਕ ਫੋਕੀ ਟੌਹਰ ਬਣਾਉਣ ਲਈ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ। ਵੱਡੇ ਸ਼ਹਿਰਾਂ ਦੇ ਲਾਗਲੀਆਂ ਜ਼ਮੀਨਾਂ ਕਰੋੜਾਂ ਦੀਆਂ ਵਿਕ ਗਈਆਂ। ਉਨ੍ਹਾਂ ਦੇ ਮਾਲਕਾਂ ਨੇ ਵੇਚ-ਵੱਟ ਕੇ ਅਗਾਂਹ ਪਿੰਡਾਂ ਵਿਚ ਜ਼ਮੀਨਾਂ ਖਰੀਦ ਲਈਆਂ। ਪੰਜਾਬ ਦੀਆਂ ਸੜਕਾਂ ‘ਤੇ ਚਲਦੀਆਂ ਮਹਿੰਗੀਆਂ ਗੱਡੀਆਂ ਮਹਿੰਗੀ ਜ਼ਮੀਨ ਵੇਚ ਕੇ ਹੀ ਖਰੀਦੀਆਂ ਹੋਈਆਂ ਹਨ। ਨਾ-ਸਰਦੇ ਵਾਲਾ ਕਰਜ਼ ਚੁੱਕ ਕੇ ਲੈ ਰਿਹਾ ਹੈ। ਅੱਜ ਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਵਧੀਆ ਕੋਠੀ ਹੋਵੇ ਤੇ ਅੱਗੇ ਵਧੀਆ ਗੱਡੀ ਖੜ੍ਹੀ ਹੋਵੇ। ਕਮਾਈ ਦੇ ਸਾਧਨ ਨਾ ਜ਼ਿਮੀਂਦਾਰ ਪੈਦਾ ਕਰਦਾ ਹੈ, ਨਾ ਸੂਬਾ ਸਰਕਾਰ ਹੀ। ਆਦਮਨ ਨਾਲੋਂ ਵੱਧ ਖਰਚਾ ਹੋਣ ਕਰ ਕੇ ਕਿਸਾਨ ਫਾਹਾ ਲੈਂਦਾ ਹੈ। ਸਿਹਤ ਦੀ ਗੱਲ ਕਰੀਏ ਤਾਂ ਗਰੀਬ ਦੇ ਹੱਥੋਂ ਇਲਾਜ ਨਿਕਲ ਗਿਆ ਹੈ। ਸਿਹਤ ਸਹੂਲਤਾਂ ਤੋਂ ਪੰਜਾਬ ਸਾਧ ਦੇ ਲੋਟੇ ਵਾਂਗ ਮਾਂਜਿਆ ਗਿਆ ਹੈ। ਪੰਜਾਬ ਦਾ ਵਿਕਾਸ ਗੱਲਾਂ ਅਤੇ ਲਿਖਤਾਂ ਨਾਲ ਭਾਵੇਂ ਭਰਿਆ ਹੋਇਆ ਹੋਵੇ, ਪਰ ਵਿਕਾਸ ਕਿਤੇ ਨਜ਼ਰ ਨਹੀਂ ਆਉਂਦਾ।
ਕਿਸੇ ਦੇ ਅਖੰਡ ਪਾਠ ਦਾ ਭੋਗ ਪੈ ਰਿਹਾ ਹੈ। ਲੋਕ ਇਕ ਘੰਟਾ ਵੀ ਬੈਠ ਕੇ ਪਾਠ, ਕਥਾ-ਵਿਚਾਰ ਨਹੀਂ ਸੁਣਦੇ। ਪਕੌੜੇ ਖਾ ਕੇ ਕਿਥੇ ਬੈਠ ਹੁੰਦਾ ਹੈ! ਫਿਰ ਇਕ ਘੰਟੇ ਬਾਅਦ ਰੋਟੀ ਤਿਆਰ ਹੁੰਦੀ ਹੈ। ਅਖੰਡਪਾਠ ਕਰਵਾਉਣ ਵਾਲਾ ਆਏ ਹੋਏ ਸੱਜਣਾਂ ਅੱਗੇ ਹੱਥ ਜੋੜ ਕੇ ਖੜ੍ਹ ਜਾਂਦਾ ਹੈ ਤੇ ਕਹਿੰਦਾ ਹੈ- ਬਾਈ ਜੀ! ਸਾਰੇ ਪ੍ਰਸ਼ਾਦਾ ਛਕ ਕੇ ਜਾਇਓ। ਲੋਕ ਸਮੇਂ ਦੀ ਘਾਟ ਦਾ ਵਾਸਤਾ ਪਾ ਕੇ ਤੁਰ ਜਾਂਦੇ ਹਨ, ਪਰ ਗੇਟ ਅੱਗੇ ਮੰਗਤਿਆਂ ਦੇ ਇਕੱਠ ਨੂੰ ਬਗੈਰ ਕੁਝ ਦਿੱਤਿਆਂ ਭਜਾ ਦਿੱਤਾ ਜਾਂਦਾ ਹੈ।æææਕਿਉਂ ਅਸੀਂ ਰੱਜਿਆਂ ਨੂੰ ਰਜਾ ਰਹੇ ਹਾਂ? ਕਿਉਂ ਨਹੀਂ ਲੋੜਵੰਦਾਂ ਦੇ ਮੂੰਹ ਭੋਜਨ ਪਾਉਂਦੇ? ਭੋਜਨ ਦੀ ਬੇਕਦਰੀ ਜਿੰਨੀ ਮੈਰਿਜ ਪੈਲੇਸਾਂ ਵਿਚ ਹੁੰਦੀ ਹੈ, ਉਸ ਭੋਜਨ ਨਾਲ ਤਾਂ ਲੱਖਾਂ ਲੋੜਵੰਦਾਂ ਦਾ ਢਿੱਡ ਭਰਿਆ ਜਾ ਸਕਦਾ ਹੈ। ਵਿਆਹ ਵਾਲਾ ਸਾਰਾ ਪ੍ਰਬੰਧ ਮੈਰਿਜ ਪੈਲੇਸ ਵਿਚ ਹੁੰਦਾ ਹੈ ਤੇ ਘਰੋਂ ਮੰਗਤੇ ਭੁੱਖੇ ਹੀ ਮੁੜੀ ਜਾਂਦੇ ਹਨ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਮੰਗਤੇ ਵਸਦੇ-ਰਸਦੇ ਘਰਾਂ ਵਿਚ ਹੀ ਆਉਂਦੇ ਹਨ ਤੇ ਭੁੱਖਾ ਬੰਦਾ ਜ਼ਿੰਦਰਾ ਤੋੜਨ ਲੱਗਿਆਂ ਨਹੀਂ ਦੇਖਦਾ ਹੁੰਦਾ।
ਅਮਰੀਕਾ ਤੋਂ ਇਕ ਸੱਜਣ ਮਿੱਤਰ ਆਪਣੇ ਮੁੰਡੇ ਦਾ ਵਿਆਹ ਕਰਨ ਪੰਜਾਬ ਗਿਆ। ਕਈ ਕੁੜੀਆਂ ਦੇਖੀਆਂ, ਕਿਤੇ ਗੱਲ ਨਾ ਬਣੀ। ਕੀ ਕਾਰਨ ਹੋ ਸਕਦਾ ਸੀ ਭਲਾ? ਪਤਾ ਲੱਗਿਆ, ਮੁੰਡਾ ਵਿਕਾਊ ਕੀਤਾ ਹੋਇਆ ਸੀ। ਕੋਈ ਚਾਲੀ ਲੱਖ ਦਿੰਦਾ ਸੀ, ਕੋਈ ਪੰਜਾਹ; ਪਰ ਮੁੰਡੇ ਵਾਲੇ ਸੱਠ ਲੱਖ ‘ਤੇ ਅੜੇ ਹੋਏ ਸਨ। ਮੁੰਡੇ ਦੇ ਪਿਉ ਤੋਂ ਪਤਾ ਕੀਤਾ ਕਿ ਇੰਜ ਕਿਉਂ ਕਰਦੇ ਹੋ? ਉਹ ਅੱਗਿਉਂ ਬੋਲਿਆ-ਕੁੜੀ ਦੀ ਕੀ ਗਾਰੰਟੀ, ਉਥੇ ਜਾ ਕੇ ਮੁੰਡੇ ਨੂੰ ਨਹੀਂ ਛੱਡੇਗੀ! ਜੇ ਅਸੀਂ ਸੱਠ ਲੱਖ ਲਿਆ ਹੋਊ ਤਾਂ ਇਹਦੇ ਮਾਪੇ ਵੀ ਕਹਿਣਗੇ ਕਿ ਕੁੜੀਏ ਦੇਖੀਂ, ਸਾਡੀ ਰਕਮ ਨਾ ਰੋੜ੍ਹ ਦੇਈਂ। ਜੇ ਕੁੜੀ ਨਹੀਂ ਭੱਜੇਗੀ ਤਾਂ ਮੁੰਡਾ ਇਨ੍ਹਾਂ ਪੈਸਿਆਂ ਦਾ ਉਥੇ ਘਰ ਖਰੀਦ ਲਵੇਗਾ। ਕੁੜੀ ਦੇ ਮਾਪੇ ਰੁਪਏ ਇਸ ਕਰ ਕੇ ਦਿੰਦੇ ਹਨ ਕਿ ਕੁੜੀ ਜਾਊਗੀ, ਮਗਰੇ ਅਸੀਂ ਚਾਰ ਜੀਅ ਜਾਣ ਵਾਲੇ ਬਣਾਂਗੇ। ਇਸ ਤਰ੍ਹਾਂ ਦੀਆਂ ਕਹਾਣੀਆਂ ਅੱਜ ਪੰਜਾਬ ਵਿਚ ਆਮ ਹਨ।
ਕਿਸੇ ਰਿਸ਼ਤੇਦਾਰ ਮਿੱਤਰ ਦੇ ਘਰ ਚਲੇ ਜਾਓ, ਹਰ ਘਰ ਕਿਸੇ ਨਾ ਕਿਸੇ ਡੇਰੇ ਨਾਲ ਜੁੜਿਆ ਹੈ। ਆਹ ਫਲਾਣੇ ਬਾਬਾ ਜੀ ਨੇ, ਤੇ ਆਹ ਫਲਾਣੇ। ਕੁੜੀ-ਮੁੰਡੇ ਦਾ ਰਿਸ਼ਤਾ ਕਰਨ ਲੱਗਿਆਂ ਵੀ ਇਕ-ਦੂਜੇ ਨੂੰ ਪੁੱਛਿਆ ਜਾਂਦਾ ਹੈ, ਤੁਸੀਂ ਜੀ ਕਿਹੜੇ ਡੇਰੇ ਜਾਂਦੇ ਹੋ? ਜਿੰਨਾ ਹਨ੍ਹੇਰ ਪੰਜਾਬ ਵਿਚ ਡੇਰੇ ਵਾਲਿਆਂ ਨੇ ਪਾਇਆ ਹੈ, ਪੁੱਛੋ ਕੁਝ ਨਾ। ਲੋਕ ਟਰਾਲੀਆਂ ਭਰ-ਭਰ ਤੁਰੀ ਜਾਂਦੇ ਹਨ, ਜਿਵੇਂ ਭਗਵਾਨ ਗੁਆਚ ਗਿਆ ਹੋਵੇ। ਪਿਉ ਸ਼ਰਾਬ ਪੀਈ ਜਾਂਦਾ ਹੈ, ਪੁੱਤ ਚਿੱਟੇ ਦਾ ਨਸ਼ਾ ਕਰੀ ਜਾਂਦਾ ਹੈ, ਮਾਂ ਸਾਧ ਦੇ ਗੋਡੇ ਘੁੱਟੀ ਜਾਂਦੀ ਹੈ, ‘ਸਾਡੇ ਘਰੋਂ ਨਸ਼ਾ ਦੂਰ ਕਰੋ’ ਤੇ ਸਾਧ ਬੀਬੀ ਤੋਂ ਪੈਸੇ ਲੁੱਟੀ ਜਾਂਦਾ ਹੈ। ਰਹਿੰਦੀ-ਖੂੰਹਦੀ ਕਮਾਈ ਆੜ੍ਹਤੀਏ ਦੀ ਲਾਲ ਬਹੀ ਹੜੱਪੀ ਜਾਂਦੀ ਹੈ। ਪਰਦੇਸੀਆਂ ਨੂੰ ਮਗਰਲਿਆਂ ਦਾ ਹੇਰਵਾ ਮਾਰੀ ਜਾਂਦਾ ਹੈ। ਮਗਰਲੇ ਕਹੀ ਜਾਂਦੇ ਹਨ, ਤੁਸੀਂ ਰੁਪਏ ਭੇਜੋ, ਇਥੇ ਸਭ ਕੁਝ ਠੀਕ-ਠਾਕ ਹੈ।
ਇਕ ਵਿਆਹ ਦੇਖਣ ਦਾ ਮੌਕਾ ਮਿਲਿਆ। ਕੁੜੀ ਮੁੰਡਾ ਇਕੱਠੇ ਐਮæਏæ ਕਰਦੇ ਸਨ। ਦੋਵਾਂ ਵਿਚਕਾਰ ਪਿਆਰ ਹੋ ਗਿਆ। ਗੱਲ ਵਿਆਹ ਤੱਕ ਅੱਪੜ ਗਈ। ਮੁੰਡਾ ਗੁਰਸਿੱਖ ਸੀ। ਕੁੜੀ ਨੂੰ ਵੀ ਤਿਆਰ ਕਰ ਲਿਆ ਕਿ ਉਹ ਵੀ ਅੰਮ੍ਰਿਤ ਛਕ ਲਵੇਗੀ। ਮਾਪਿਆਂ ਦਾ ਇਕਲੌਤਾ ਪੁੱਤ ਤੇ ਦੂਜੇ ਪਾਸੇ ਕੁੜੀ ਦੇ ਦੋ ਭਰਾ। ਕਹਿੰਦੇ, ਅਸੀਂ ਭੈਣ ਦਾ ਵਿਆਹ ਧੂਮ-ਧਾਮ ਨਾਲ ਕਰਨਾ ਹੈ, ਤੇ ਮੁੰਡੇ ਵਾਲੇ ਵੀ ਇੰਜ ਹੀ ਆਖਣ; ਪਰ ਮੁੰਡੇ-ਕੁੜੀ ਨੇ ਸਾਦੇ ਵਿਆਹ ਨੂੰ ਪਹਿਲ ਦਿੱਤੀ। ਪੰਦਰਾਂ ਲੱਖ ਕੁੜੀ ਨੇ ਦਾਜ ਦਾ ਲਿਆਂਦਾ ਤੇ ਮੁੰਡੇ ਨੇ ਮਾਪਿਆਂ ਤੋਂ ਵਿਆਹ ਦਾ ਕੁੱਲ ਖਰਚਾ ਦਸ ਲੱਖ ਲੈ ਲਿਆ। ਦੋਵਾਂ ਨੇ ਪੱਚੀ ਲੱਖ ਬੈਂਕ ਵਿਚ ਜਮ੍ਹਾਂ ਕਰਵਾ ਦਿੱਤਾ, ਗੁਰਦੁਆਰੇ ਮਾਪਿਆਂ ਦੀ ਮੌਜੂਦਗੀ ਵਿਚ ਵਿਆਹ ਕਰਵਾ ਲਿਆ। ਪਿੰਡ ਵਿਚ ਚਾਰ ਦਿਨ ਗੱਲਾਂ ਹੋਈਆਂ ਕਿ ਹੁਣ ਖੁਆਉਣ ਦੀ ਵਾਰੀ ਨਿੱਕਾ ਕੱਤ ਗਏ, ਪਰ ਮਗਰੋਂ ਸਾਰੇ ਕਹਿਣ-ਆਹ ਤਾਂ ਬਹੁਤ ਵਧੀਆ ਹੋਇਆæææਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।
ਪੰਜਾਬ ਦਾ ਇਹ ਹਾਲ ਤੁਹਾਡੇ ਨਾਲ ਸਾਂਝਾ ਕੀਤਾ ਹੈ। ਪਾਠਕ ਸਹਿਮਤ ਹੋਣ ਜਾਂ ਅਸਹਿਮਤ ਪਰ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ। ਜਿੰਨਾ ਦੁੱਖ ਸਾਨੂੰ ਇਥੇ ਪਰਦੇਸੀਆਂ ਨੂੰ ਪੰਜਾਬ ਦਾ ਹੈ, ਇੰਨਾ ਹੀ ਦੁੱਖ ਉਥੇ ਵਾਲੇ ਸਮਝਣ ਤਾਂ ਸ਼ਾਇਦ ਹਵਾ ਦਾ ਠੰਢਾ ਬੁੱਲਾ ਸਾਡੇ ਤਪਦੇ ਹਿਰਦਿਆਂ ਨੂੰ ਸ਼ਾਂਤ ਕਰ ਜਾਵੇ!