ਮੁਹੱਬਤ ਦਾ ਮਰਕਜ਼: ਤਹਿਰੀਰ-ਏ-ਤਾਜ ਮਹਿਲ

ਆਗਰਾ ਵਿਚ ਤਾਜ ਮਹਿਲ ਮੁਗਲ ਸ਼ਹਿਨਸ਼ਾਹ ਸ਼ਾਹ ਜਹਾਨ ਨੇ ਆਪਣੀ ਤੀਜੀ ਬੇਗਮ ਮੁਮਤਾਜ ਮਹਿਲ ਦੀ ਯਾਦ ਵਿਚ ਤਾਮੀਰ ਕਰਵਾਇਆ ਸੀ। ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਇਹ ਇਮਾਰਤ ਸਦਾ ਚਰਚਾ ਵਿਚ ਰਹੀ ਹੈ। ਅੱਜ ਕੱਲ੍ਹ ਇਸ ਦੀ ਚਰਚਾ ਇਸ ਕਰ ਕੇ ਵੀ ਹੈ ਕਿ ਇਸ ਦੀ ਗਿਣਤੀ ਏਸ਼ੀਆ ਦੀਆਂ ਉਨ੍ਹਾਂ ਤਿੰਨ ਸੈਲਾਨੀ ਥਾਂਵਾਂ ਵਿਚ ਗਿਣਤੀ ਹੁੰਦੀ ਹੈ ਜਿਨ੍ਹਾਂ ਬਾਰੇ ਸੰਸਾਰ ਭਰ ਦੇ ਸੈਲਾਨੀ, ਗੂਗਲ ਸਟਰੀਟ ਵਿਊ ਉਤੇ ਸਭ ਤੋਂ ਵੱਧ ਖੋਜ ਕਰਦੇ ਹਨ।

ਸ਼ਾਹ ਜਹਾਨ ਨੇ ਆਪਣੀ ਇਸ ਪਿਆਰੀ ਅਰਜੂਮੰਦ ਬਾਨੋ ਬੇਗ਼ਮ ਨੂੰ ਮੁਮਤਾਜ ਮਹਿਲ ਦਾ ਖਿਤਾਬ ਦਿੱਤਾ ਸੀ ਅਤੇ ਫਿਰ ਉਸ ਦੀ ਮੌਤ ਪਿਛੋਂ ਦੁਨੀਆਂ ਦਾ ਅਜੂਬਾ ਤਾਜ ਮਹਿਲ ਬਣਵਾ ਕੇ ਉਸ ਨੂੰ ਅਮਰ ਕਰ ਦਿੱਤਾ। ਪਿਆਰ ਦੀ ਸ਼ਾਇਰੀ ਵਿਚ ਤਾਜ ਮਹਿਲ ਦਾ ਜ਼ਿਕਰ ਪਤਾ ਨਹੀਂ ਕਿੰਨੀ ਕੁ ਵਾਰ ਹੋਇਆ ਹੈ। ਇਸ ਅਜੂਬੇ ਬਾਰੇ ਕੁਝ ਵੱਖਰੀ ਜਾਣਕਾਰੀ ਇਸ ਲੇਖ ਵਿਚ ਜਗਜੀਤ ਸਿੰਘ ਸੇਖੋਂ ਨੇ ਦਿੱਤੀ ਹੈ। -ਸੰਪਾਦਕ

ਜਗਜੀਤ ਸਿੰਘ ਸੇਖੋਂ
ਤਾਜ ਮਹਿਲ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਸਦਾ ਚਰਚਾ ਵਿਚ ਰਿਹਾ ਹੈ। ਅੱਜ ਕੱਲ੍ਹ ਇਸ ਦੀ ਚਰਚਾ ਇਸ ਕਰ ਕੇ ਵੀ ਹੈ ਕਿ ਇਹ ਏਸ਼ੀਆ ਦੀਆਂ ਉਨ੍ਹਾਂ ਤਿੰਨ ਸੈਲਾਨੀ ਥਾਂਵਾਂ ਵਿਚ ਗਿਣਤੀ ਹੁੰਦੀ ਹੈ ਜਿਨ੍ਹਾਂ ਬਾਰੇ ਸੈਲਾਨੀ ਗੂਗਲ ਉਤੇ ਸਭ ਤੋਂ ਵੱਧ ਖੋਜ ਕਰਦੇ ਹਨ। ਪਹਿਲੇ ਨੰਬਰ ‘ਤੇ ਜਪਾਨ ਦਾ ਹੀਰੋਸ਼ੀਮਾ ਆਈਲੈਂਡ ਅਤੇ ਦੂਜੇ ਸਥਾਨ ‘ਤੇ ਮਾਊਂਟ ਫੂਜੀ ਆ ਰਿਹਾ ਹੈ। ਗੂਗਲ ਏਸ਼ੀਆ ਪੈਸਿਫਿਕ ਬਲੌਗ ਮੁਤਾਬਕ, ਤਾਜ ਮਹਿਲ ‘ਗੂਗਲ ਸਟਰੀਟ ਵਿਊ’ ਉਤੇ ਅਜੇ ਪਿਛਲੇ ਸਾਲ ਫਰਵਰੀ ਵਿਚ ਹੀ ਪਾਇਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸੈਲਾਨੀ ਇਸ ਸਟਰੀਟ ਉਤੇ ਲਗਾਤਾਰ ਵਿਜ਼ਿਟ ਕਰ ਰਹੇ ਹਨ। ਇਹ ਵਿਜ਼ਿਟ ਕਰਨ ਵਾਲਿਆਂ ਵਿਚ ਸਭ ਤੋਂ ਵੱਧ ਲੋਕ ਸਿੰਘਾਪੁਰ, ਆਸਟਰੇਲੀਆ, ਕੋਰੀਆ, ਫਿਲਪੀਨਜ਼ ਅਤੇ ਮਲੇਸ਼ੀਆ ਤੋਂ ਹਨ। ਗੌਰਤਲਬ ਹੈ ਕਿ ‘ਗੂਗਲ ਸਟਰੀਟ ਵਿਊ’ ਉਤੇ ਸੰਸਾਰ ਦੀਆਂ ਅਹਿਮ ਸੈਲਾਨੀ ਸ਼ਹਿਰਾਂ, ਥਾਂਵਾਂ ਅਤੇ ਟੂਰ ਨਾਲ ਸਬੰਧਤ ਵੇਰਵੇ ਫੋਟੋਆਂ ਸਹਿਤ ਮੁਹੱਈਆ ਕਰਵਾਏ ਗਏ ਹਨ। ਇਸ ਉਤੇ ਲਗਾਤਾਰ ਨਵੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਜਾ ਰਹੀਆਂ ਹਨ।
ਤਾਜ ਮਹਿਲ ਮੁਗਲ ਸ਼ਹਿਨਸ਼ਾਹ ਸ਼ਾਹ ਜਹਾਨ ਨੇ ਆਪਣੀ ਤੀਜੀ ਬੇਗ਼ਮ ਮੁਮਤਾਜ ਮਹਿਲ ਦੀ ਯਾਦ ਵਿਚ ਬਣਵਾਇਆ ਸੀ। ਇਹ ਇਮਾਰਤ 1632 ਵਿਚ ਬਣਨੀ ਸ਼ੁਰੂ ਹੋਈ ਸੀ ਅਤੇ ਪੂਰੇ 22 ਵਰ੍ਹਿਆਂ ਬਾਅਦ ਇਹ 1653 ਵਿਚ ਜਾ ਕੇ ਮੁਕੰਮਲ ਹੋਈ। ਇਸ ਇਮਾਰਤ ਲਈ ਤਕਰੀਬਨ 20 ਹਜ਼ਾਰ ਕਾਮਿਆਂ ਨੇ ਆਪਣਾ ਖੂਨ-ਪਸੀਨਾ ਵਹਾਇਆ। ਰਿਕਾਰਡ ਮੁਤਾਬਕ ਇਸ ਇਮਾਰਤ ਦੇ ਮੁੱਖ ਆਰਕੀਟੈਕਟ ਉਸਤਾਦ ਅਹਿਮਦ ਲਾਹੌਰੀ ਸਨ। ਉਨ੍ਹਾਂ ਇਸ ਇਮਾਰਤ ਲਈ ਅਣਗਿਣਤ ਆਰਕੀਟੈਕਟਾਂ ਨਾਲ ਮਸ਼ਵਰੇ ਕੀਤੇ ਅਤੇ ਇਸ ਇਮਾਰਤ ਲਈ ਨਿੱਕੀ-ਨਿੱਕੀ ਗੱਲ ਦਾ ਵੱਧ ਤੋਂ ਵੱਧ ਖਿਆਲ ਰੱਖਿਆ। ਇਸੇ ਦੀ ਬਦੌਲਤ ਇਸ ਇਮਾਰਤ ਅੰਦਰ ਨੱਕਾਸ਼ੀ ਦਾ ਜਿਹੜਾ ਕੰਮ ਇਨ੍ਹਾਂ ਕਾਮਿਆਂ ਨੇ ਰਲ-ਮਿਲ ਕੀਤਾ, ਉਹ ਬੇਜੋੜ ਹੈ; ਆਪਣੀ ਮਿਸਾਲ ਆਪ। ਇਹੀ ਕਾਰੀਗਰੀ ਸੈਲਾਨੀਆਂ ਨੂੰ ਖਿੱਚ ਰਹੀ ਹੈ ਅਤੇ ਦੰਗ ਕਰ ਰਹੀ ਹੈ।
ਤਾਜ ਮਹਿਲ ਨੂੰ ਵੇਖਣ ਲਈ ਲੋਕ ਸਾਰਾ ਸਾਲ ਆਗਰਾ (ਉਤਰ ਪ੍ਰਦੇਸ਼) ਦੀਆਂ ਵਹੀਰਾਂ ਘੱਤੀ ਰੱਖਦੇ ਹਨ। ਹਰ ਸਾਲ ਔਸਤਨ 20 ਲੱਖ ਲੋਕ ਇਸ ਇਮਾਰਤ ਦੇ ਦੀਦਾਰ ਕਰਦੇ ਹਨ। ਇਸ ਇਮਾਰਤ ਨੂੰ ਮੁਗਲ ਭਵਨ ਨਿਰਮਾਣ ਕਲਾ ਦਾ ਉਤਮ ਨਮੂਨਾ ਮੰਨਿਆ ਜਾਂਦਾ ਹੈ। ਇਹ ਇਮਾਰਤ ਆਗਰਾ ਵਿਚ ਯਮੁਨਾ ਦਰਿਆ ਦੇ ਕੰਢੇ ਉਤੇ ਵਾਕਿਆ ਹੈ।
ਮੁਮਤਾਜ ਮਹਿਲ ਦੀ ਮੌਤ 17 ਜੂਨ 1631 ਨੂੰ ਹੋ ਗਈ ਸੀ ਅਤੇ ਉਸ ਵਕਤ ਉਸ ਦੀ ਉਮਰ ਮਹਿਜ਼ 40 ਵਰ੍ਹੇ ਸੀ। ਉਹਦਾ ਅਸਲ ਨਾਂ ਅਰਜੂਮੰਦ ਬਾਨੋ ਬੇਗਮ ਸੀ ਤੇ ਉਹਦਾ ਵਿਆਹ 19 ਸਾਲ ਦੀ ਉਮਰ ਵਿਚ ਸ਼ਹਿਜ਼ਾਦਾ ਖੁਰਮ ਜੋ ਬਾਅਦ ਵਿਚ ਸ਼ਹਿਨਸ਼ਾਹ ਸ਼ਾਹ ਜਹਾਨ ਵਜੋਂ ਜਾਣਿਆ ਗਿਆ, ਨਾਲ 10 ਮਈ 1612 ਨੂੰ ਹੋਇਆ ਸੀ। ਸ਼ਾਹ ਜਹਾਨ ਨੇ ਆਪਣੀ ਇਸ ਪਿਆਰੀ ਬੇਗਮ ਨੂੰ ਲਾਡ ਨਾਲ ਮੁਮਤਾਜ ਮਹਿਲ ਦਾ ਖਿਤਾਬ ਦਿੱਤਾ ਸੀ। ਇਸ ਜੋੜੀ ਦੇ ਘਰ 14 ਬੱਚਿਆਂ ਨੇ ਜਨਮ ਲਿਆ ਅਤੇ 14ਵੇਂ ਬੱਚੇ ਗੌਹਰਾ ਬੇਗਮ ਦਾ ਜਨਮ ਮੁਮਤਾਜ ਮਹਿਲ ਲਈ ਜਾਨਲੇਵਾ ਸਾਬਤ ਹੋਇਆ।
__________________________________________
ਸਾਹਿਰ, ਸ਼ਹਿਨਸ਼ਾਹ ਤੇ ਤਾਜ ਮਹਿਲ
ਤਾਜ ਮਹਿਲ ਦੀ ਖੂਬਸੂਰਤੀ ਅਤੇ ਇਸ ਨਾਲ ਜੁੜੀ ਸ਼ਾਹ ਜਹਾਨ ਤੇ ਮੁਮਤਾਜ ਮਹਿਲ ਦੀ ਪਿਆਰ ਕਹਾਣੀ ਭਾਰਤੀ ਸ਼ਾਇਰੀ ਵਿਚ ਵੱਖ-ਵੱਖ ਰੰਗ ਵਿਚ ਪੇਸ਼ ਹੋਈ ਹੈ। ਲੁਧਿਆਣਾ ਦੇ ਲਾਡਲੇ ਸ਼ਾਇਰ ਸਾਹਿਰ ਲੁਧਿਆਣਵੀ ਨੇ ਵੀ ‘ਤਾਜ ਮਹਿਲ’ ਅਨੁਵਾਨ ਤਹਿਤ ਨਜ਼ਮ ਦੀ ਰਚਨਾ ਕੀਤੀ ਸੀ। ਇਸ ਨਜ਼ਮ ਦੀਆਂ ਆਖਰੀ ਸਤਰਾਂ ਵਿਚ ਉਹਨੇ ਅਜਿਹਾ ਵਿਅੰਗ-ਬਾਣ ਚਲਾਇਆ ਕਿ ਤਾਜ ਮਹਿਲ ਦੀ ਖੂਬਸੂਰਤੀ ਵਾਂਗ ਨਜ਼ਮ ਦੀਆਂ ਇਹ ਚੰਦ ਸਤਰਾਂ ਵੀ ਅਮਰ ਹੋ ਗਈਆਂ। ਹੁਣ ਜਦੋਂ ਵੀ ਕਿਤੇ ਤਾਜ ਮਹਿਲ ਦਾ ਜ਼ਿਕਰ ਛਿੜਦਾ ਹੈ, ਇਹ ਸਤਰਾਂ ਬਦੋ-ਬਦੀ ਆਣ ਕੇ ਥਾਂ ਮੱਲ ਲੈਂਦੀਆਂ ਹਨ:
ਇਕ ਸ਼ਹਿਨਸ਼ਾਹ ਨੇ ਦੌਲਤ ਦਾ ਸਹਾਰਾ ਲੇ ਕਰ,
ਹਮ ਗਰੀਬੋਂ ਕੀ ਮਹੱਬਤ ਕਾ ਉੜਾਇਆ ਹੈ ਮਜ਼ਾਕ।