ਨਗਰ ਕੀਰਤਨ

ਬੌਬ ਖਹਿਰਾ ਮਿਸ਼ੀਗਨ
ਫੋਨ: 734-925-0177

ਅਮਰੀਕਾ ਦੇ ਤਕਰੀਬਨ ਹਰ ਸ਼ਹਿਰ ਵਿਚ ਕਈ-ਕਈ ਨਗਰ ਕੀਰਤਨ ਸਜਾਏ ਜਾਂਦੇ ਹਨ। ਪੰਜਾਬ ਵਿਚ ਵੀ ਤਕਰੀਬਨ ਹਰ ਪਿੰਡ ਵਿਚ ਨਗਰ ਕੀਰਤਨ ਸਜਾਉਣ ਦਾ ਰਿਵਾਜ਼ ਬਣ ਰਿਹਾ ਹੈ। ਸਵਾਲ ਹੈ ਕਿ ਨਗਰ ਕੀਰਤਨ ਸਜਾਉਣਾ ਜਾਇਜ਼ ਹੈ? ਇਹ ਸਵਾਲ ਸਭ ਸਿੱਖਾਂ ਲਈ ਹੈ। ਆਸ ਹੈ ਕਿ ਮੇਰੇ ਵੀਰ, ਭੈਣਾਂ, ਬਜ਼ੁਰਗ, ਸਭ ਇਸ ਬਾਰੇ ਸਾਰੇ ਪੱਖਾਂ ਤੋਂ ਸੋਚ-ਵਿਚਾਰ ਕਰਨਗੇ।

ਸਾਰੇ ਜਾਣਦੇ ਹਨ ਕਿ ਸਿੱਖ ਧਰਮ ਵਿਚ ਅੱਜ ਬਹੁਤ ਕੁਰੀਤੀਆਂ ਆ ਗਈਆਂ ਹਨ। ਪਖੰਡ ਭਾਰੂ ਜਾਪ ਰਿਹਾ ਹੈ। ਇਸ ਮਾਮਲੇ ‘ਤੇ ਤਾਂ ਹਿੰਦੂਆਂ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ। ਜਿਨ੍ਹਾਂ ਭਰਮਾਂ, ਪਖੰਡਾਂ, ਕੁਰੀਤੀਆਂ ਵਿਚੋਂ ਗੁਰੂ ਨਾਨਕ ਅਤੇ ਦੂਜੇ ਸਾਰੇ ਸਿੱਖ ਗੁਰੂਆਂ ਨੇ ਲੋਕਾਈ ਨੂੰ ਕੱਢਿਆ ਸੀ, ਅਸੀਂ ਉਸ ਤੋਂ ਵੀ ਜ਼ਿਆਦਾ, ਉਨ੍ਹਾਂ ਵਿਚ ਜਕੜੇ ਗਏ ਹਾਂ। ਕੁਝ ਲੋਕ ਹਰ ਗੱਲ ਪਿੱਛੇ ਆਰæਐਸ਼ਐਸ਼ ਦਾ ਹੱਥ ਹੋਣ ਦੀਆਂ ਗੱਲਾਂ ਕਰ ਰਹੇ ਹਨ। ਕੁਝ ਗੱਲਾਂ ਬਾਰੇ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਸਭ ਨਾਲ ਮਸ਼ਵਰਾ ਕੀਤਾ ਜਾਵੇ। ਸੋਚਣਾ, ਕਿ ਇਹ ਠੀਕ ਹਨ, ਜਾਂ ਨਿਰਾ ਭਰਮ ਜਾਂ ਪਖੰਡ ਹਨ? ਜੇ ਇਹ ਭਰਮ ਤੇ ਪਖੰਡ ਹਨ, ਤਾਂ ਫਿਰ ਇਨ੍ਹਾਂ ਦਾ ਹੱਲ ਕੀ ਹੈ?
ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਤੇ ਕੈਨੇਡਾ ਵਰਗੇ ਦੇਸਾਂ ਦੀ, ਜਿਥੇ ਹਰ ਕੋਈ ਸੁਫਨਾ ਲੈ ਕੇ ਆਉਂਦਾ ਹੈ ਕਿ ਚੰਗੇ ਦੇਸ ਜਾ ਰਿਹਾ ਹਾਂ, ਚੰਗੀ ਜ਼ਿੰਦਗੀ ਜਿਉਣ ਲਈ। ਹੁਣ ਸਵਾਲ ਹੈ ਕਿ ਉਹ ਸਭ ਚੰਗੀ ਅਤੇ ਖੁਸ਼ਹਾਲ ਜ਼ਿੰਦਗੀ ਅਸੀਂ ਜੀ ਰਹੇ ਹਨ? ਦੂਜੀ ਗੱਲ, ਇਥੇ ਹਰ ਸ਼ਹਿਰ ਵਿਚ ਜ਼ਿਦੋ-ਜ਼ਿਦੀ ਕਈ-ਕਈ ਗੁਰਦੁਆਰੇ ਬਣਾ ਦਿੱਤੇ ਗਏ ਹਨ, ਅਜੇ ਹੋਰ ਵੀ ਬਣ ਰਹੇ ਹਨ। ਹਰ ਗੁਰਦੁਆਰੇ ਵਿਚ ਦੋ ਤੋਂ ਵੱਧ ਗਰੁਪ ਹਨ। ਕਿਉਂ? ਬਹੁਤ ਸਾਰੇ ਗੁਰਦੁਆਰੇ ਤਾਂ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਅਤੇ ਪ੍ਰਬੰਧਕ ਵਾਰ-ਵਾਰ ਸੰਗਤ ਨੂੰ ਮਾਇਆ ਦੀ ਸੇਵਾ ਦੀ ਬੇਨਤੀ ਕਰਦੇ ਹਨ। ਇਸ ਨਾਲ ਸੰਗਤ ‘ਤੇ ਵਾਧੂ ਬੋਝ ਪੈਂਦਾ ਹੈ। ਕਈ ਗੁਰਦੁਆਰਿਆਂ ‘ਤੇ ਵਿਤੋਂ ਵਧ ਪੈਸਾ ਲਾ ਦਿੱਤਾ ਗਿਆ, ਫਿਰ ਪ੍ਰਬੰਧਕਾਂ ਨੂੰ ਕਿਸੇ ਸੰਤ ਨੂੰ ਬੁਲਾ ਕੇ ਪੈਸਾ ਇਕੱਠਾ ਕਰਨਾ ਪੈਂਦਾ ਹੈ। ਇਹੀ ਨਹੀਂ, ਉਹ ਸੰਤ ਵੀ ਬੋਰੀਆਂ ਭਰ ਕੇ ਪੈਸੇ ਲੈ ਜਾਂਦੇ ਹਨ। ਹਕੀਕਤ ਇਹ ਹੈ ਕਿ ਇਨ੍ਹਾਂ ਸੰਤਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਹੀ ਨਹੀਂ ਹੁੰਦਾ।
ਹਰ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਜਦੋਂ ਵੀ ਚੋਲਾ ਚੜ੍ਹਾਇਆ ਜਾਂਦਾ ਹੈ, ਤਾਂ ਪਾਈਪ ਨੂੰ ਦੁੱਧ ਜਾਂ ਕੱਚੀ ਲੱਸੀ ਨਾਲ ਧੋਤਾ ਜਾਂਦਾ ਹੈ, ਸੰਗਤ ਮੁੱਠੀ-ਚਾਪੀ ਕਰਦੀ ਹੈ। ਜੇ ਹਿੰਦੂ ਲੋਕ ਪੱਥਰ ਦੀਆਂ ਮੂਰਤੀਆਂ ਨੂੰ ਦੁੱਧ ਪਿਲਾਉਣ ਦਾ ਪਖੰਡ ਕਰਦੇ ਹਨ ਤੇ ਪੱਥਰ ਦੇ ਬਣਾਏ ਸ਼ਿਵਲਿੰਗ ਨੂੰ ਦੁੱਧ ਨਾਲ ਨਹਾਉਂਦੇ ਹਨ ਤਾਂ ਸਿੱਖ ਲੋਹੇ ਦੇ ਪਾਈਪ ਨੂੰ ਦੁੱਧ ਜਾਂ ਕੱਚੀ ਲੱਸੀ ਨਾਲ ਨਹਾ ਕੇ ਕੀ ਦਰਸਾਉਣਾ ਚਾਹੁੰਦੇ ਹਨ ਭਲਾ? ਸਦੀਆਂ ਬਾਅਦ ਉਹੀ ਪਖੰਡ ਪੈਰ ਪਸਾਰੀ ਬੈਠਾ ਹੈ ਅਤੇ ਹੁਣ ਰੌਲਾ ਇਹ ਪਾਉਣਾ ਪੈ ਰਿਹਾ ਹੈ ਕਿ ਸਿੱਖ ਹਿੰਦੂ ਨਹੀਂ ਹਨ, ਸਿੱਖ ਵੱਖਰੀ ਕੌਮ ਹੈ!
ਹੁਣ ਤੱਥ ਵਾਲੀ ਗੱਲ। ਪਹਿਲਾਂ ਹਿੰਦੂਆਂ ਦੀ ਰੀਸ ਨਾਲ ਹੀ ਸਿੱਖਾਂ ਨੇ ਜਲੂਸ ਕੱਢਣਾ ਸ਼ੁਰੂ ਕੀਤਾ ਸੀ। ਫਿਰ ਜਲੂਸ ਦਾ ਨਾਮ ਬਦਲ ਕੇ ਨਗਰ ਕੀਰਤਨ ਕਰ ਦਿੱਤਾ ਗਿਆ; ਮਤਲਬ, ਕੁਝ ਸਮਾਂ ਪਹਿਲਾਂ ਤੱਕ ਨਗਰ ਕੀਰਤਨ ਕੱਢਿਆ ਜਾਂਦਾ ਸੀ, ਹੁਣ ਧਾਰਮਿਕ ਸ਼ਰਧਾ ਤਹਿਤ ਨਗਰ ਕੀਰਤਨ ਸਜਾਉਣਾ ਕਿਹਾ ਜਾ ਰਿਹਾ ਹੈ। ਕਈ ਸਾਲ ਪਹਿਲਾਂ ਮੈਂ ਟੋਰਾਂਟੋ (ਕੈਨੇਡਾ) ਗਿਆ ਹੋਇਆ ਸਾਂ। ਉਥੇ ਜੋ ਦੋ ਵੱਡੇ ਗੁਰਦੁਆਰੇ ਹਨ, ਉਨ੍ਹਾਂ ਦੋਹਾਂ ਦੇ ਪ੍ਰਬੰਧਕਾਂ ਨੇ ਜ਼ਿਦ ਨਾਲ ਹੀ ਨਾਮੀ ਸੰਤ ਬੁਲਾਏ ਸਨ ਇੰਡੀਆ ਤੋਂ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ‘ਆਪਣੇ’ ਨਗਰ ਕੀਰਤਨ ਵਿਚ ਲਿਆਂਦਾ ਜਾ ਸਕੇ। ਜਦੋਂ ਪਤਾ ਲੱਗਾ ਕਿ ਉਹ ਸੰਤ ਕਿੰਨਾ ਪੈਸਾ ਲੈ ਰਿਹਾ ਹੈ, ਤਾਂ ਸੁਣਨ ਵਾਲਿਆਂ ਦੇ ਕੰਨਾਂ ਦੇ ਪਰਦੇ ਪਾਟਣ ਤੱਕ ਪੁੱਜ ਗਏ। ਕਿਉਂ ਉਹ ਸੰਤ ਇੰਨਾ ਪੈਸਾ ਲੈਂਦੇ ਹਨ ਅਤੇ ਕਿਉਂ ਗੁਰਦੁਆਰਿਆਂ ਦੇ ਪ੍ਰਬੰਧਕ ਇੰਨਾ ਪੈਸਾ ਦਿੰਦੇ ਹਨ?
ਇਕ ਗੱਲ ਹੋਰ ਸਾਂਝੀ ਕਰਨੀ ਹੈ। ਪਿਛਲੇ ਸਾਲ ਮੈਂ ਪੰਜਾਬ ਗਿਆ, ਉਦੋਂ ਹਿੰਦੂਆਂ ਦਾ ਕੋਈ ਤਿਉਹਾਰ ਸੀ। ਅਸੀਂ ਜਦੋਂ ਲੁਧਿਆਣੇ ਤੋਂ ਬਾਹਰ ਨਿਕਲੇ ਅੰਮ੍ਰਿਤਸਰ ਜਾਣ ਲਈ, ਤਾਂ ਸਤਲੁਜ ਪੁਲ ‘ਤੇ ਬਹੁਤ ਭੀੜ ਸੀ, ਟਰੈਫਿਕ ਜਾਮ। ਉਂਜ, ਸਾਰੀ ਭੀੜ ਦੂਜੇ ਪਾਸੇ ਸੀ ਤੇ ਸਾਨੂੰ ਰੁਕਣਾ ਨਹੀਂ ਪਿਆ, ਪਰ ਜਦੋਂ ਦੂਜੇ ਪਾਸੇ ਵੇਖਿਆ ਤਾਂ ਬੜੀ ਦੂਰ ਤੱਕ ਜਾਮ ਲੱਗਿਆ ਹੋਇਆ ਸੀ। ਜਦੋਂ ਸਾਡੀ ਗੱਡੀ ਨੇ ਜਲੰਧਰ ਤੋਂ ਅੱਗੇ ਕਰਤਾਰਪੁਰ ਪਾਸ ਕੀਤਾ ਤਾਂ ਅੱਗੇ ਟਰੈਫਿਕ ਜਾਮ ਹੋ ਗਿਆ। ਦੂਜੇ ਪਾਸਿਉਂ ਆਉਣ ਵਾਲੇ ਦੱਸ ਰਹੇ ਸਨ ਕਿ ਬਿਆਸ ਦਰਿਆ ਦੇ ਪੁਲ ਤੱਕ ਜਾਮ ਹੈ, ਨਾਲ ਹੀ ਉਹ ਪਰਵਾਸੀ ਮਜ਼ਦੂਰਾਂ ਨੂੰ ਗਾਲ੍ਹਾਂ ਕੱਢ ਰਹੇ ਸਨ ਜਿਹੜੇ ਦਰਿਆ ਵਿਚ ਮੂਰਤੀਆਂ ਸੁੱਟ ਕੇ ਪੰਜਾਬ ਵਿਚ ਗੰਦ ਪਾ ਰਹੇ ਸਨ। ਅਸੀਂ ਉਥੋਂ ਗੱਡੀ ਵਾਪਸ ਮੋੜੀ ਅਤੇ ਕਰਤਾਰਪੁਰ ਤੋਂ ਕਪੂਰਥਲਾ ਹੋ ਕੇ ਤਰਨਤਾਰਨ ਪਹੁੰਚੇ। ਪਰਵਾਸੀ ਮਜ਼ਦੂਰਾਂ ਨੂੰ ਕੱਢੀਆਂ ਗਾਲ੍ਹਾਂ ਸੁਣ ਕੇ ਸੋਚ ਰਿਹਾ ਸਾਂ ਕਿ ਜਦੋਂ ਸਿੱਖ ਜ਼ਿਦੋ-ਜ਼ਿਦੀ ਨਗਰ ਕੀਰਤਨ ਕੱਢਦੇ ਹਨ, ਤਾਂ ਉਥੇ ਵੀ ਤਾਂ ਲੋਕ ਪ੍ਰੇਸ਼ਾਨ ਹੁੰਦੇ ਹੋਣਗੇ, ਤੇ ਫਿਰ ਉਹ ਲੋਕ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ? ਕੀ ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿਚ ਸਬੰਧਤ ਧਰਮ ਦੇ ਲੋਕਾਂ ਪ੍ਰਤੀ ਨਫ਼ਰਤ ਤਾਂ ਨਹੀਂ ਪੈਦਾ ਹੋ ਰਹੀ? ਕਿਤੇ ਆਪਣੇ ਬੱਚਿਆਂ ਲਈ ਅਸੀਂ ਕੰਡੇ ਤਾਂ ਨਹੀਂ ਬੀਜ ਰਹੇ?
ਦੋ ਹਫ਼ਤੇ ਪਹਿਲਾਂ ਦੀ ਖਬਰ ਹੈ ਕਿ ਵਾਸ਼ਿੰਗਟਨ ਵਿਚ ਮੰਦਰ ਦੀ ਕੰਧ ‘ਤੇ ਲਿਖਿਆ ਹੋਇਆ ਸੀ- ਗੈਟ ਆਊਟ। ਮਸਜਿਦ ਦੇ ਬਾਹਰ ਵੀ ਅਜਿਹਾ ਹੀ ਕੁਝ ਲਿਖਿਆ ਹੋਇਆ ਸੀ। ਇਕ ਗੁਰਦੁਆਰੇ ਦੀ ਬਿਲਡਿੰਗ ‘ਤੇ ਆਂਡੇ ਮਾਰੇ ਗਏ। ਵਿਸਕਾਨਸਿਨ ਵਿਚ ਗੁਰਦੁਆਰੇ ਵਿਚ ਗੋਲੀ ਚਲਾ ਕੇ 6 ਸ਼ਰਧਾਲੂ ਮਾਰ ਦਿੱਤੇ ਗਏ ਸਨ। ਇਸ ਲਈ ਇਸ ਬਾਰੇ ਤਾਂ ਸੋਚਣਾ ਹੀ ਪਵੇਗਾ। ਸਿੱਖਾਂ ਨੂੰ ਅਮਰੀਕਾ ਵਿਚ ਆਇਆਂ 100 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ, ਪਰ ਅੱਜ ਤੱਕ ਲੋਕਲ ਲੋਕਾਂ ਨੂੰ ਇਹ ਨਹੀਂ ਦੱਸਿਆ ਜਾ ਸਕਿਆ ਕਿ ਸਿੱਖ ਕੌਣ ਹਨ? ਭਾਵੇਂ ਸਭ ਕਹਿੰਦੇ ਇਹੀ ਹਨ ਕਿ ਹਜ਼ਾਰਾਂ ਵਿਚ ਖੜ੍ਹਾ ਸਿੰਘ ਵੀ ਪਛਾਣਿਆ ਜਾਂਦਾ ਹੈ। ਅਸਲ ਗੱਲ ਇਹ ਹੈ ਕਿ ਉਸ ਨੂੰ ਸਿਰਫ਼ ਕੋਈ ਸਿੱਖ ਹੀ ਪਛਾਣ ਸਕਦਾ ਹੈ, ਦੂਜੇ ਧਰਮਾਂ ਵਾਲੇ ਨਹੀਂ। ਦੂਜੇ ਧਰਮਾਂ ਵਾਲੇ ਉਦੋਂ ਹੀ ਪਛਾਣਨਗੇ ਜਦੋਂ ਕੋਈ ਸਾਂਝ ਹੋਵੇਗੀ।
ਜ਼ਰਾ ਸੋਚੋ, ਕਿੰਨੇ ਕਬੱਡੀ ਮੇਲੇ ਲਗਦੇ ਹਨ ਅਤੇ ਇਨ੍ਹਾਂ ਉਤੇ ਕਿੰਨੇ ਡਾਲਰ ਖਰਚੇ ਜਾਂਦੇ ਹਨ, ਪਰ ਇਨ੍ਹਾਂ ਮੇਲਿਆਂ ਵਿਚ ਦੂਜੇ ਧਰਮਾਂ ਦੇ ਕਿੰਨੇ ਕੁ ਲੋਕਾਂ ਨੂੰ ਬੁਲਾਇਆ ਜਾਂਦਾ ਹੈ? ਜਦੋਂ ਅਜਿਹੇ ਮੌਕਿਆਂ ‘ਤੇ ਕੋਈ ਸਾਂਝ ਹੀ ਨਹੀਂ ਬਣਨੀ, ਤਾਂ ਪਛਾਣ ਕਿਸ ਤਰ੍ਹਾਂ ਬਣੇਗੀ? ਇਹ ਕਬੱਡੀ ਮੇਲੇ ਵੀ ਕਈ ਵਾਰ ਜ਼ਿਦ ਤਹਿਤ ਲਗਦੇ ਹਨ। ਇਥੋਂ ਤੱਕ ਕਿ ਕਈ ਵਾਰ ਤਾਂ ਤਰੀਕ ਵੀ ਇਕ ਹੀ ਰੱਖ ਦਿੱਤੀ ਜਾਂਦੀ ਹੈ। ਕੀ ਇਹ ਚੰਗੀ ਗੱਲ ਹੈ?
ਹੁਣ ਗੱਲ ਪੰਜਾਬ ਦੀæææਉਥੇ ਵੀ ਇਕ-ਇਕ ਪਿੰਡ ਵਿਚ ਕਈ-ਕਈ ਗੁਰਦੁਆਰੇ ਹਨ। ਸ਼ਹਿਰਾਂ ਦੇ ਹਰ ਮੁਹੱਲੇ ਵਿਚ ਵੱਖਰੇ-ਵੱਖਰੇ ਗੁਰਦੁਆਰੇ ਹਨ। ਭੀੜ-ਭੜੱਕਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਨਗਰ ਕੀਰਤਨ ਕੱਢੇ ਜਾਂਦੇ ਹਨ। ਅੱਗੇ-ਅੱਗੇ ਨੌਜਵਾਨ ਮੁੰਡੇ ਹੁੰਦੇ ਹਨ ਜੋ ਨੰਗੀਆਂ ਕਿਰਪਾਨਾਂ ਲੈ ਕੇ ਤੁਰਦੇ ਹਨ। ਵੱਡੇ-ਵੱਡੇ ਪਟਾਕੇ ਕਿਰਪਾਨ ਵਿਚ ਫਸਾ ਕੇ ਚਲਾਏ ਜਾਂਦੇ ਹਨ। ਜੇ ਕੋਈ ਗਰੀਬ ਰਿਕਸ਼ੇ ਜਾਂ ਰੇਹੜੀ ਵਾਲਾ ਅੱਗੇ ਆ ਜਾਵੇ ਤਾਂ ਉਸ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਕੁੱਟਦੇ ਵੀ ਹਨ। ਅਗਲੇ ਦਿਨ ਅਖਬਾਰਾਂ ਵਿਚ ਲਿਖਿਆ ਹੁੰਦਾ ਹੈ-ਬੜੀ ਸ਼ਰਧਾ ਨਾਲ ਨਗਰ ਕੀਰਤਨ ਕੱਢਿਆ। ਕੀ ਗੁਰੂਆਂ ਦੀਆਂ ਇਹੀ ਸਿੱਖਿਆਵਾਂ ਹਨ? ਕੀ ਗੁਰੂ ਗ੍ਰੰਥ ਸਾਹਿਬ ਵਿਚ ਇਹੋ ਜਿਹਾ ਕਿਤੇ ਕੁਝ ਹੈ? ਹੋ ਸਕਦਾ ਹੈ ਕਿ ਇਹ ਗੱਲਾਂ ਕਿਸੇ ਨੂੰ ਚੰਗੀਆਂ ਨਾ ਲੱਗਣ, ਪਰ ਇਹ ਸਵਾਲ ਹਨ ਜਿਨ੍ਹਾਂ ਬਾਰੇ ਸਿੱਖਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਹੈ।
ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਗੁਰਦੁਆਰੇ ‘ਤੇ ਜੋ ਸੋਨਾ ਚੜ੍ਹਾਇਆ ਜਾ ਰਿਹਾ ਹੈ, ਇਸ ਦੀ ਜ਼ਰੂਰਤ ਹੈ? ਕਿਉਂ ਗੁਰਦਆਰੇ ਵਾਲੇ ਵੱਡੇ-ਵੱਡੇ ਬੋਰਡ ਲਾਉਂਦੇ ਹਨ ਤੇ ਅਖਬਾਰਾਂ ਵਿਚ ਇਸ਼ਤਿਹਾਰ ਦਿੰਦੇ ਹਨ ਕਿ ਫਲਾਣੇ ਗੁਰਦੁਆਰੇ ਦੇ ਗੁੰਬਦ ‘ਤੇ ਸੋਨੇ ਦੀ ਸੇਵਾ ਚੱਲ ਰਹੀ ਹੈ। ਜਿਵੇਂ ਹਿੰਦੂ, ਮੰਦਰਾਂ ਵਿਚ ਸੋਨਾ ਚੜ੍ਹਾਉਂਦੇ ਹਨ, ਉਸੇ ਤਰ੍ਹਾਂ ਸਿੱਖ ਵੀ ਗੁਰਦੁਆਰਿਆਂ ਵਿਚ ਸੋਨਾ ਚੜ੍ਹਾਈ ਜਾਂਦੇ ਹਨ। ਕਿਉਂ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖ ਕੌਣ ਹਨ, ਇਸ ਬਾਰੇ ਅਮਰੀਕਨ ਲੋਕਾਂ ਨੂੰ ਪਤਾ ਲੱਗੇ, ਕੋਈ ਵੀ ਕਿਸੇ ਸਿੱਖ ਬੱਚੇ ਨੂੰ ਸਕੂਲ ਵਿਚ ਅਤਿਵਾਦੀ ਨਾ ਕਹੇ, ਤਾਂ ਸਭ ਨੂੰ ਬੇਨਤੀ ਹੈ ਕਿ ਜਾਗੋ ਅਤੇ ਇਸ ਬਾਰੇ ਸੋਚੋ। ਸੋਚੋ ਕਿ ਅਸੀਂ ਆਉਣ ਵਾਲੇ ਬੱਚਿਆਂ ਨੂੰ ਚੰਗੀ, ਸੁਰੱਖਿਅਤ ਅਤੇ ਇੱਜ਼ਤ ਵਾਲੀ ਜ਼ਿੰਦਗੀ ਕਿਵੇਂ ਦੇ ਸਕੀਏ। ਸਿੱਖਾਂ ਨੇ ਜਿੰਨੀ ਮਿਹਨਤ ਇਥੇ ਆ ਕੇ ਕੀਤੀ ਹੈ, ਉਸ ਦਾ ਮੁੱਲ ਤਾਂ ਹੀ ਪੈਣਾ ਹੈ, ਜੇ ਬੱਚਿਆਂ ਦੇ ਭਵਿੱਖ ਲਈ ਰਾਹ ਖੁੱਲ੍ਹਣਗੇ। ਆਓ, ਇਸ ਬਾਰੇ ਵਿਚਾਰਾਂ ਕਰੀਏ ਅਤੇ ਅਜਿਹੇ ਕੰਮ ਕਰੀਏ ਜਿਸ ਨਾਲ ਇਥੋਂ ਦੇ ਲੋਕਾਂ ਨੂੰ ਆਪਣੇ ਬਾਰੇ ਵੱਧ ਤੋਂ ਵੱਧ ਜਾਣੂ ਕਰਵਾ ਸਕੀਏ, ਜ਼ਿਦਾਂ ਬੰਦ ਕਰਵਾ ਸਕੀਏ, ਪਖੰਡਾਂ ਵਿਚੋਂ ਬਾਹਰ ਨਿਕਲ ਸਕੀਏ ਅਤੇ ਸਿੱਖ ਗੁਰੂਆਂ ਦੀਆਂ ਦਿੱਤੀਆਂ ਚੰਗੀਆਂ ਸਿਖਿਆਵਾਂ ‘ਤੇ ਚੱਲ ਸਕੀਏ।