ਅੱਜ ਕੱਲ੍ਹ ਅਭੈ ਦਿਓਲ ਅਮਰੀਕਾ ਵਿਚ ਛੁੱਟੀਆਂ ਮਨਾ ਰਿਹਾ ਹੈ। ਉਹ ਦੱਸਦਾ ਹੈ ਕਿ ਛੇਤੀ ਹੀ ਉਹ ਭਾਰਤ ਜਾ ਰਿਹਾ ਹੈ ਜਿੱਥੇ ਦੋ ਅਹਿਮ ਪ੍ਰਾਜੈਕਟ ਉਹਦੀ ਉਡੀਕ ਵਿਚ ਹਨ। ਇਨ੍ਹਾਂ ਵਿਚੋਂ ਇਕ ਪ੍ਰਾਜੈਕਟ ਤਾਂ ਕਮਰਸ਼ੀਅਲ ਫਿਲਮ ਦਾ ਹੈ ਅਤੇ ਦੂਜਾ ਇਕ ਛੋਟੀ, ਪਰ ਆਮ ਨਾਲੋਂ ਹਟ ਕੇ ਬਣਾਈ ਜਾ ਰਹੀ ਫਿਲਮ ਦਾ ਪ੍ਰਾਜੈਕਟ ਹੈ।
ਯਾਦ ਰਹੇ, ਅਭੈ ਦਿਓਲ ਨੇ ਬਤੌਰ ਨਿਰਮਾਤਾ ਫਿਲਮ ‘ਵੰਨ ਬਾਈ ਵੰਨ’ ਬਣਾਈ ਸੀ ਪਰ ਇਸ ਦਾ ਉਹਨੂੰ ਬੇਹੱਦ ਨੁਕਸਾਨ ਹੋਇਆ। ਉਂਜ ਅਭੈ ਇਸ ਬਾਰੇ ਹਾਂ-ਪੱਖੀ ਪਹੁੰਚ ਰੱਖਦਾ ਹੈ ਅਤੇ ਕਹਿੰਦਾ ਹੈ ਕਿ ਇਸ ਫਿਲਮ ਦੇ ਨਿਰਮਾਣ ਨਾਲ ਉਹਨੇ ਸਿਖਿਆ ਬਹੁਤ ਕੁਝ ਹੈ। ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਫਿਲਮ ਨਿਰਮਾਣ ਸਮੇਂ ਤੋਂ ਪਹਿਲਾਂ ਕੀਤਾ ਤਜਰਬਾ ਸੀ। ਉਸ ਦਾ ਕਹਿਣਾ ਹੈ ਕਿ ਸਫਲਤਾ-ਅਸਫਲਤਾ ਜ਼ਿੰਦਗੀ ਦਾ ਹਿੱਸਾ ਹਨ। ਉਹ ਬਹੁਤ ਸਾਰੇ ਪ੍ਰਾਜੈਕਟਾਂ ਵਿਚ ਸਫਲ ਵੀ ਹੋਇਆ ਹੈ, ਪਰ ਅਸਫਲਤਾ ਲਈ ਵੀ ਹਰ ਵਕਤ ਤਿਆਰ ਰਹਿੰਦਾ ਹੈ।
ਅਭੈ ਇਹ ਗੱਲ ਪੂਰੇ ਦਿਲ ਨਾਲ ਸਵੀਕਾਰ ਕਰਦਾ ਹੈ ਕਿ ਉਹਨੇ ਮੀਡੀਆ ਨੂੰ ਖੁਸ਼ ਕਰਨ ਲਈ ਕਦੀ ਉਚੇਚ ਨਹੀਂ ਕੀਤਾ। ਉਹ ਕਹਿੰਦਾ ਹੈ, “ਮੀਡੀਆ ਨੂੰ ਮੇਰਾ ਕੰਮ ਦੇਖਣਾ ਚਾਹੀਦਾ ਹੈ ਅਤੇ ਉਸ ਮੁਤਾਬਕ ਕੋਈ ਟਿੱਪਣੀ ਕਰਨੀ ਚਾਹੀਦੀ। ਇਹ ਤਾਂ ਕੋਈ ਗੱਲ ਨਹੀਂ ਬਣਦੀ ਕਿ ਮੈਂ ਆਪਣੀ ਕਿਸੇ ਫਿਲਮ ਜਾਂ ਪ੍ਰਾਜੈਕਟ ਦੇ ਪ੍ਰਚਾਰ ਲਈ ਅਗਾਂਹ ਮੀਡੀਆ ਨੂੰ ਪਤਿਆਉਂਦਾ ਫਿਰਾਂ।” ਇਸ ਦੇ ਨਾਲ ਹੀ ਉਹ ਇਹ ਵੀ ਸਵੀਕਾਰ ਕਰਦਾ ਹੈ ਕਿ ਅੱਜ ਕੱਲ੍ਹ ਦਾ ਯੁੱਗ ਸਿਰਫ ਪ੍ਰਚਾਰ ਦਾ ਯੁੱਗ ਬਣ ਕੇ ਰਹਿ ਗਿਆ ਹੈ। ਫਿਲਮਾਂ ਵਾਲਿਆਂ ਦਾ ਇੰਨਾ ਜ਼ੋਰ ਫਿਲਮ ਬਣਾਉਣ ‘ਤੇ ਨਹੀਂ ਲੱਗਦਾ ਜਿੰਨਾ ਪ੍ਰਚਾਰ ‘ਤੇ ਲਾਉਣਾ ਪੈ ਰਿਹਾ ਹੈ। ਆਪਣੀਆਂ ਫਿਲਮਾਂ ਵਿਚੋਂ ਆਪਣੀ ਪਸੰਸੀਦਾ ਫਿਲਮਾਂ ਬਾਰੇ ਪੁੱਛਣ ‘ਤੇ ਉਹ ਆਪਣੀਆਂ ਤਿੰਨ ਫਿਲਮਾਂ ਦੇ ਨਾਂ ਬੜਾ ਹੁੱਬ ਕੇ ਲੈਂਦਾ ਹੈ: ਦੇਵ ਡੀ, ਸ਼ੰਘਾਈ ਅਤੇ ਮਨੋਰਮਾ ਸਿਕਸ ਫੀਟ ਅੰਡਰ। ਉਸ ਅਨੁਸਾਰ ਇਨ੍ਹਾਂ ਫਿਲਮਾਂ ਦੇ ਕਿਰਦਾਰ ਬੜੇ ਜ਼ੋਰਦਾਰ ਸਨ ਅਤੇ ਇਹ ਫਿਲਮਾਂ ਇਨ੍ਹਾਂ ਕਿਰਦਾਰਾਂ ‘ਤੇ ਸਿਰ ‘ਤੇ ਹੀ ਟਿਕੀਆਂ ਹੋਈਆਂ ਸਨ।
ਫਿਲਮ ਡਾਇਰੈਕਟ ਕਰਨ ਬਾਰੇ ਉਹ ਅਜੇ ਕੋਈ ਹੁੰਗਾਰਾ ਨਹੀਂ ਭਰਦਾ। ਉਹ ਅਜੇ ਸਾਰਾ ਧਿਆਨ ਅਦਾਕਾਰੀ ਅਤੇ ਫਿਲਮ ਨਿਰਮਾਣ ਵੱਲ ਹੀ ਲਾਉਣਾ ਚਾਹੁੰਦਾ ਹੈ। ਫਿਲਹਾਲ ਡਾਇਰੈਕਟਰ ਬਣਨ ਦੀ ਕੋਈ ਯੋਜਨਾ ਹੀ ਨਹੀਂ ਹੈ। ਪ੍ਰੀਤੀ ਦੇਸਾਈ ਜੋ ਕਾਫੀ ਸਮੇਂ ਤੋਂ ਉਹਦੀ ਸਹੇਲੀ ਵਜੋਂ ਵਿਚਰ ਰਹੀ ਹੈ, ਬਾਬਤ ਪੁੱਛਣ ‘ਤੇ ਅਭੈ ਦਿਓਲ ਦਾ ਚਿਹਰਾ ਕੰਨਾਂ ਤੱਕ ਲਾਲ ਹੋ ਜਾਂਦਾ ਹੈ। ਉਹ ਹੱਸਦਾ-ਹੱਸਦਾ ਹੌਲੀ ਜਿਹੀ ਫੁਸਫੁਸਾਉਂਦਾ ਹੈ, “ਪ੍ਰੀਤੀ ਬਾਰੇ ਸਵਾਲ ਤੋਂ ਬਗੈਰ ਮੇਰੀ ਇੰਟਰਵਿਊ ਪੂਰੀ ਹੀ ਨਹੀਂ ਹੁੰਦੀ ਸ਼ਾਇਦ! ਓ ਭਾਈ ਮੇਰਿਓ!æææਪ੍ਰੀਤੀ ਨਾਲ ਮੇਰਾ ਰਿਸ਼ਤਾ ਦਿਲਬਰੀ ਵਾਲਾ ਹੈ, ਬੜਾ ਗਹਿਰਾਈ ਵਾਲਾæææ। ਇਸ ਦੀ ਕੋਈ ਪਰਿਭਾਸ਼ਾ ਨਹੀਂ ਬੰਨ੍ਹੀ ਜਾ ਸਕਦੀ। ਅਸੀਂ ਦੋਵੇਂ ਇਕ-ਦੂਜੇ ਤੋਂ ਸਿੱਖਦੇ ਹਾਂ। ਬੱਸ, ਜ਼ਿੰਦਗੀ ਇਸੇ ਤਰ੍ਹਾਂ ਚੱਲ ਰਹੀ ਹੈ ਅਤੇ ਸੋਹਣੀ ਚੱਲ ਰਹੀ ਹੈ। ਦੁੱਖ-ਸੁੱਖ ਵਿਚ ਅਸੀਂ ਇਕ-ਦੂਜੇ ਦੇ ਨਾਲ ਖੜ੍ਹਦੇ ਹਾਂ।”
-ਜਗਜੀਤ ਸਿੰਘ ਸੇਖੋਂ