ਗੁਲਜ਼ਾਰ ਸਿੰਘ ਸੰਧੂ
ਮੇਰੇ ਤਾਏ ਦਾ ਪੁੱਤਰ ਹਰਬੰਸ ਸਿੰਘ ਪੰਜ ਦਹਾਕੇ ਪਹਿਲਾਂ ਭਾਰਤੀ ਪਰਬਤਾਰੋਹਨ (ਮਾਊਟੇਨੀਰਿੰਗ) ਸੰਸਥਾ, ਉਤਰਕਾਸ਼ੀ ਵਿਚ ਇੰਸਟ੍ਰਕਟਰ ਸੀ। ਉਸ ਦਾ ਇੱਕ ਹੋਣਹਾਰ ਵਿਦਿਆਰਥੀ ਕੌਮਾਂਤਰੀ ਪ੍ਰਸਿੱਧੀ ਵਾਲਾ ਪਰਬਤਾਰੋਹੀ ਹੈ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਦਾ ਜੰਮਪਲ ਮੁਹਿੰਦਰ ਸਿੰਘ।
ਉਸ ਨੇ ਸਿਵਲ ਇੰਜੀਨੀਅਰਿੰਗ ਕਰਨ ਪਿੱਛੋਂ 35 ਸਾਲ ਭਾਰਤ-ਤਿੱਬਤ ਸੀਮਾ ਸੁਰਖਸ਼ਾ ਪੁਲਿਸ ਵਿਚ ਨੌਕਰੀ ਕੀਤੀ ਅਤੇ 25 ਸਾਲ ਹਿਮਾਲਾ ਪਰਬਤ ਦੀਆਂ ਉਚਾਈਆਂ ਗਾਹੀਆਂ, ਯੂਰਪ ਦੀ ਸਭ ਤੋਂ ਉਚੀ ਪਹਾੜੀ ਐਲਪਸ ਵੀ। 1996 ਵਿਚ 29028 ਫੁੱਟ ਉਚੀ ਐਵਰੈਸਟ ਚੋਟੀ ਉਤੇ ਚੀਨ ਵਾਲੇ ਪਾਸਿਓਂ ਚੜ੍ਹਨ ਵਾਲੀ ਟੀਮ ਦਾ ਲੀਡਰ ਵੀ ਉਹੀਓ ਸੀ। ਉਸ ਨੂੰ 1995 ਵਿਚ ਭਾਰਤ-ਮੰਗੋਲੀਆ ਸਭਿਆਚਾਰ ਵਟਾਂਦਰਾ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਵਲੋਂ ‘ਖਾਨ ਗਰਿਡ’ ਸਨਮਾਨ ਵੀ ਮਿਲ ਚੁੱਕਿਆ ਹੈ।
ਆਪਣੇ ਸੇਵਾ ਕਾਲ ਵਿਚ ਉਹ ਕਈ ਸਾਲ ਲੇਹ ਲੱਦਾਖ, ਕਰਾਕੋ ਰਾਮ, ਗੜ੍ਹਵਾਲ-ਕਮਾਓਂ ਤੇ ਹਿਮਾਚਲ ਪ੍ਰਦੇਸ਼ ਦੀਆਂ ਟੀਸੀਆਂ ਸਰ ਕਰਨ ਵਾਲੀਆਂ ਟੀਮਾਂ ਦਾ ਲੀਡਰ ਰਹਿ ਚੁੱਕਾ ਹੈ। ਉਸ ਨੇ ਉਤਰਕਾਸ਼ੀ ਤੋਂ ਪਿਛੋਂ 1967 ਵਿਚ ਹਿਮਾਲੀਅਨ ਮਾਊਂਟੇਨੀਅਰਿੰਗ ਸੰਸਥਾ ਦਾਰਜੀਲਿੰਗ ਦਾ ਮੁਢਲਾ ਕੋਰਸ ਕਰਕੇ ਅਤੇ ਆਸਟਰੀਆ ਤੋਂ ਐਡਵਾਂਸ ਸਿੱਖਲਾਈ ਕੋਰਸ ਕਰਨ ਤੋਂ ਪਿਛੋਂ 1971 ਵਿਚ ਐਲਪਸ (ਯੂਰਪ) ਤੇ 1974 ਵਿਚ ਨੀਲਕੰਠ (ਭਾਰਤ) ਦੀਆਂ ਸਿਖਰਾਂ ਛੂਹੀਆਂ। 7 ਜੂਨ 1973 ਨੂੰ ਟ੍ਰਿਸ਼ੂਲ ਦੀ ਚੋਟੀ ਛੂਹ ਕੇ ਦੁਨੀਆਂ ਵਿਚ ਨਵਾਂ ਰਿਕਾਰਡ ਕਾਇਮ ਕਰਨ ਵਾਲਾ ਵੀ ਉਹੀ ਹੈ।
ਉਸ ਦੀ ਮਾਣਯੋਗ ਦੇਣ ਹੈ, ਜੋਸ਼ੀਮਠ ਵਿਖੇ ਆਉਲੀ ਨਾਂ ਦੇ ਸਥਾਨ ਉਤੇ ਪਰਬਤਾਰੋਹੀ ਸੰਸਥਾ ਸਥਾਪਤ ਕਰਨਾ। ਉਸ ਨੇ ਇਸ ਸੰਸਥਾ ਵਿਚ ਸਿਖਲਾਈ ਅਫਸਰ ਦਾ ਕੰਮ ਕੀਤਾ ਅਤੇ ਪ੍ਰਿੰਸੀਪਲ ਕਮਾਂਡੈਂਟ ਦੀ ਪਦਵੀ ਤੱਕ ਪਹੁੰਚਿਆ। ਭਗੀਰਥ, ਨੰਦਾ ਦੇਵੀ ਤੇ ਬਾਬਾ ਧੁੱਰਾ ਨਾਂ ਦੀਆਂ ਟੀਸੀਆਂ ਚੜ੍ਹਨ ਸਦਕਾ ਉਸ ਨੂੰ 1993 ਵਿਚ ਕੰਚਨਜੰਗਾ ਸਰ ਕਰਨ ਵਾਲੀ ਭਾਰਤ-ਯੂਕਰੇਨ (ਰੂਸ) ਟੀਮ ਦਾ ਸੰਯੋਜਕ ਅਤੇ ਫੇਰ 21,760 ਫੁੱਟ ਉਚੀ ਜੁਆਨਲੀ ਟੀਸੀ ਉਤੇ ਚੜ੍ਹਨ ਵਾਲੀ ਭਾਰਤ-ਮੰਗੋਲੀਆ ਟੀਮ ਦਾ ਲੀਡਰ ਨਿਯੁਕਤ ਕੀਤਾ ਗਿਆ।
ਡੇਢ ਦਰਜਨ ਦੇ ਕਰੀਬ ਉਤਮ ਸੰਨਦਾਂ-ਸਰਟੀਫਿਕੇਟ ਤੇ ਭਾਰਤ ਸਰਕਾਰ ਵਲੋਂ ਇੰਡੀਆ ਪੁਲਿਸ ਮੈਡਲ ਤੇ ਪੰਜਾਬ ਸਰਕਾਰ ਤੋਂ ਮਹਾਰਾਜਾ ਰਣਜੀਤ ਸਿੰਘ ਸਨਮਾਨ ਪ੍ਰਾਪਤ ਕਰਨ ਵਾਲਾ ਕਮਾਂਡੈਂਟ ਮੁਹਿੰਦਰ ਸਿੰਘ ਪਰਬਤਾਰੋਹਨ ਬਾਰੇ ਪੁਸਤਕਾਂ ਦਾ ਲੇਖਕ ਵੀ ਹੈ। ਅੰਤਰ-ਰਾਸ਼ਟਰੀ ਪੱਧਰ ਉਤੇ ਮਕਬੂਲ ਉਸ ਦੀਆਂ ਅੰਗਰੇਜ਼ੀ ਵਿਚ ਲਿਖੀਆਂ ਪੁਸਤਕਾਂ ਹੁਣ ਪੰਜਾਬੀ ਭਾਸ਼ਾ ਵਿਚ ਵੀ ਮਿਲਦੀਆਂ ਹਨ। ‘ਛੁਪੇ ਰਾਹਾਂ ਦੀ ਤਲਾਸ਼’ ਤੋਂ ਪਿਛੋਂ ਐਵਰਸਟ 1996 (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ) ਦੀ ਘੁੰਡ ਚੁਕਾਈ 11 ਮਾਰਚ ਵਾਲੇ ਦਿਨ ਚੰਡੀਗੜ੍ਹ ਪ੍ਰੈਸ ਕੱਲਬ ਵਿਚ ਹੋਈ ਜਿੱਥੇ ਇੱਡੋ-ਤਿਬਤ ਸੀਮਾ ਸੁਰੱਖਸ਼ਾ ਪੁਲਿਸ ਦੇ ਅਧਿਕਾਰੀਆਂ ਨੇ ਬੜੇ ਮਾਣ ਨਾਲ ਸ਼ਿਰਕਤ ਕੀਤੀ। 1996 ਵਾਲੀ ਪ੍ਰਾਪਤੀ ਕਮਾਂਡੈਂਟ ਮੁਹਿੰਦਰ ਸਿੰਘ ਦੀ ਉਚਤਮ ਪ੍ਰਾਪਤੀ ਹੈ। ਦੁਨੀਆਂ ਭਰ ਦੇ ਪਰਬਤਾਰੋਹੀ ਇਸ ਉਤੇ ਪਹੁੰਚਣ ਦੇ ਯਤਨ ਕਰਦੇ ਰਹਿੰਦੇ ਹਨ। ਇਸ ਦੀਆਂ ਬਰਫੀਲੀਆਂ ਉਚਾਈਆਂ ਨੂੰ ਛੂਹਣ ਸਮੇਂ ਇੱਕ ਪੈਰ ਜ਼ਿੰਦਗੀ ਤੇ ਦੂਜਾ ਮੌਤ ਵਿਚ ਧਰ ਕੇ ਤੁਰਨਾ ਪੈਂਦਾ ਹੈ।
ਇਹ ਪੁਸਤਕ ਇਸ ਉਦਮ ਦੀ ਸਾਹਸੂਤ ਕੇ ਮਾਣਨ ਵਾਲੀ ਕਥਾ ਹੈ। ਇਸ ਪੁਸਤਕ ਵਿਚ ਉਨ੍ਹਾਂ ਜਾਂਬਾਜ਼ਾਂ ਦੇ ਹੌਂਸਲੇ ਚਿਤਰੇ ਗਏ ਹਨ। ਮੰਜ਼ਿਲ ਤੇ ਪਹੁੰਚਣ ਦੀਆਂ ਆਸ਼ਾ-ਨਿਰਾਸ਼ਾ ਤੇ ਚਾਵਾਂ ਦਾ ਖੂਬਸੂਰਤ ਵਰਣਨ। ਖਾਸ ਕਰਕੇ ਇਸ ਮੌਕੇ ਬਰਫਬਾਰੀ ਤੇ ਤੂਫਾਨ ਦਾ ਸ਼ਿਕਾਰ ਹੋਏ ਮੁਹਿੰਦਰ ਸਿੰਘ ਦੀ ਟੀਮ ਦੇ ਤਿੰਨ ਸਾਥੀਆਂ ਦਾ ਚਲਾਣਾ। ਮੁਹਿੰਦਰ ਸਿੰਘ ਦੀ ਅਗਵਾਈ ਵਾਲੀ ਇਸ 30 ਮੈਂਬਰੀ ਟੀਮ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ 22 ਮਾਰਚ 1996 ਨੂੰ ਕਾਠਮੰਡੂ ਲਈ ਵਿਦਾ ਕੀਤਾ ਸੀ। 10 ਮਈ ਨੂੰ ਚੋਟੀ ਦੀ ਸ਼ਿਖਰ ਉਤੇ ਪਹੁੰਚ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਧਰਤੀ ਦੀ ਉਚੀਆਂ ਸ਼ਿਖਰਾਂ ਤੋਂ ਬੋਲ ਰਹੇ ਹਨ। ਉਨ੍ਹਾਂ ਦੀ ਗੱਲਬਾਤ ਸਮੇਂ ਅਜਿਹੀ ਬਰਫੀਲੀ ਹਨੇਰੀ ਝੁੱਲੀ ਕਿ ਵਾਪਸੀ ਸਫਰ ਦੀਆਂ ਤਿਆਰੀਆਂ ਕਰਕੇ ਪੂਰੇ ਹੋ ਗਏ। ਗੱਲਬਾਤ ਵੀ ਅਧ-ਵਿਚਕਾਰੋ ਕੱਟੀ ਗਈ ਸੀ।
ਸਥਿਤੀ ਅੰਤਾਂ ਦੀ ਨਿਰਾਸ਼ਾਜਨਕ ਸੀ, ਫਿਰ ਵੀ ਮੁਹਿੰਦਰ ਸਿੰਘ ਨੇ ਇੱਕ ਹਫਤੇ ਦੇ ਅੰਦਰ-ਅੰਦਰ ਪੰਜ ਮੈਂਬਰੀ ਨਵੀਂ ਟੀਮ ਤਿਆਰ ਕੀਤੀ ਤੇ ਉਹ ਵੀ ਸਿਖਰ ਉਤੇ ਪਹੁੰਚਣ ਵਿਚ ਸਫਲ ਹੋ ਗਈ। ਇਹ ਯਤਨ ਇਕ ਤਰ੍ਹਾਂ ਨਾਲ ਦੁਨੀਆਂ ਲਈ ਨਵਾਂ ਸੀ। ਹੌਸਲਾ ਨਾ ਹਾਰਨ ਦੀ ਵੱਡੀ ਦਾਸਤਾਨ। ਇਸ ਵਾਰੀ ਉਨ੍ਹਾਂ ਨੇ ਨਵੇਂ ਬਣੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।
ਜਦੋਂ 78 ਦਿਨਾਂ ਪਿਛੋਂ ਉਨ੍ਹਾਂ ਦੀ ਟੀਮ ਇਨੀ ਵੱਡੀ ਸਫਲਤਾ ਪ੍ਰਾਪਤ ਕਰਕੇ ਵਾਪਸ ਪਰਤੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੇਵ ਗੌੜਾ ਬਣ ਚੁੱਕਾ ਸੀ। ਖੁਸ਼ਵੰਤ ਸਿੰਘ ਦੇ ਲਿਖਣ ਅਨੁਸਾਰ ਭਾਰਤ ਦੀ ਇਨੀ ਵੱਡੀ ਪ੍ਰਾਪਤੀ ਘੜੀ ਦੀ ਘੜੀ ਦੇਸ਼ ਦੇ ਪ੍ਰਧਾਨ ਮੰਤਰੀਆਂ ਦੀ ਅਦਲਾ-ਬਦਲੀ ਵਿਚ ਰੁਲ ਗਈ। ਇਸ ਪੁਸਤਕ ਦੀ ਘੁੰਡ ਚੁਕਾਈ ਸਮੇਂ ਮੁਹਿੰਦਰ ਸਿੰਘ ਨੇ ਆਪਣੀ ਟੀਮ ਦੇ ਸਮੁੱਚੇ ਉਦਮ ਨੂੰ ਪੇਸ਼ ਕਰਦੀ ਇੱਕ ਡਾਕੂਮੈਂਟਰੀ ਵੀ ਦਿਖਾਈ ਜਿਸ ਵਿਚ ਟੀਮ ਦੇ ਮੈਂਬਰਾਂ ਨੂੰ ਬਿਖੜੇ ਪੈਡਿਆਂ ਵਿਚ ਰਸਤੇ ਬਣਾਉਂਦਿਆ ਦਿਖਾਇਆ ਗਿਆ ਹੈ। ਪੁਸਤਕ ਪੜ੍ਹਦਿਆਂ ਪਾਠਕ ਨੂੰ ਇਦਾਂ ਜਾਪਦਾ ਹੈ, ਜਿਵੇਂ ਉਹ ਮਹਿੰਦਰ ਸਿੰਘ ਦੀ ਟੀਮ ਦਾ ਮੈਂਬਰ ਹੈ ਤੇ ਉਨ੍ਹਾਂ ਦੇ ਨਾਲ-ਨਾਲ ਤੁਰ ਰਿਹਾ ਹੈ। ਸਾਡਾ ਵਿਚਾਰ ਹੈ ਕਿ ਇਹ ਪੁਸਤਕ ਪੂਰੀ ਨਹੀਂ ਤਾਂ ਇਸ ਦੇ ਕੁੱਝ ਕਾਂਡ ਭਾਰਤੀ ਸਕੂਲਾਂ ਦੇ ਸਲੇਬਸ ਵਿਚ ਜਰੂਰ ਸ਼ਾਮਲ ਕਰਨੇ ਚਾਹੀਦੇ ਹਨ ਤਾਂ ਕਿ ਅੱਜ ਦੇ ਨੌਜਵਾਨ ਨਸ਼ਿਆਂ ਤੇ ਹੋਰ ਕੁਕਰਮਾ ਤੋਂ ਮੂੰਹ ਮੋੜ ਕੇ ਚੰਗੇ ਪਾਸੇ ਲਗ ਸਕਣ।
ਮੇਰਾ ਭਰਾ ਤੇ ਕਮਾਂਡੈਂਟ ਮੁਹਿੰਦਰ ਸਿੰਘ ਦਾ ਰਹਿ ਚੁੱਕਾ ਉਸਤਾਦ ਹਰਬੰਸ ਸਿੰਘ 5 ਅਪਰੈਲ 2003 ਨੂੰ ਅਕਾਲ ਚਲਾਣਾ ਕਰ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਨੂੰ ਆਪਣੇ ਉਦਮੀ ਵਿਦਿਆਰਥੀ ਦਾ ਚੇਤਾ ਵੀ ਸੀ ਜਾਂ ਨਹੀਂ ਪਰ ਜੇ ਉਹ ਜੀਵਤ ਹੁੰਦਾ ਤਾਂ ਉਹ ਮੁਹਿੰਦਰ ਸਿੰਘ ਦੀਆਂ ਸਫਲਤਾਵਾਂ ਜਾਣ ਕੇ ਸੱਚਮੁੱਚ ਹੀ ਬੜਾ ਖੁਸ਼ ਹੁੰਦਾ। ਮੈਂ ਜਦੋਂ ਵੀ ਅਪਣੇ ਪਿੰਡ ਗਿਆ ਉਸ ਦੀ ਪਤਨੀ ਸਤਿੰਦਰ ਕੌਰ ਤੇ ਬੇਟੇ ਰਿੰਕਾ ਤੇ ਜੀਵਾ ਨੂੰ ਇਹ ਪੁਸਤਕ ਦਿਖਾਵਾਂਗਾ।
ਡਾæ ਜਸਪਾਲ ਸਿੰਘ ਨੂੰ ਭਾਸ਼ਾ ਪੁਰਸਕਾਰ: ਕੇਂਦਰੀ ਸਾਹਿਤ ਅਕਾਡਮੀ ਦਾ ਭਾਸ਼ਾ ਪੁਰਸਕਾਰ ਇੱਕ ਵਾਰੀ ਫਿਰ ਪੰਜਾਬੀ ਭਾਸ਼ਾ ਦੀ ਝੋਲੀ ਪੈ ਗਿਆ ਹੈ। ਇਹ ਪੁਰਸਕਾਰ ਹਰ ਸਾਲ 24 ਭਾਸ਼ਾਵਾਂ ਵਿਚੋਂ ਕੇਵਲ ਇਕ ਨੂੰ ਮਿਲਦਾ ਹੈ ਜਿਹੜਾ 2007 ਵਿਚ ਗੁਰਦੇਵ ਸਿੰਘ ਸਿੱਧੂ ਨੂੰ ਮਿਲ ਚੁੱਕਾ ਹੈ। ਇਸ ਵਾਰ ਦਾ ਜੇਤੂ ਪੰਜਾਬੀ ਯੂਨੀਵਰਸਟੀ, ਪਟਿਆਲਾ ਦਾ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਹੈ। ਉਸ ਨੂੰ ਇਹ ਪੁਰਸਕਾਰ ਦੇਣ ਲਈ ਤਾਮਿਲ, ਤੈਲਗੂ, ਹਿੰਦੀ ਅਤੇ ਸੰਸਕ੍ਰਿਤ ਦੇ ਉਨ੍ਹਾਂ ਲਿਖਾਰੀਆਂ ਵਿਚੋਂ ਚੁਣਿਆ ਗਿਆ ਹੈ। ਜਿਹੜੇ ਅੰਤਲੇ ਗੇੜ ਵਿਚ ਉਹਦੇ ਨਾਲ ਸਨ। ਇਹ ਪੰਜਾਬੀ ਭਾਸ਼ਾ ਲਈ ਬੜੀ ਮਾਣ ਵਾਲੀ ਗੱਲ ਹੈ।
ਅੰਤਿਕਾ: (ਹਰਿਭਜਨ ਸਿੰਘ)
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ,
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।
ਲਿਆਵੋ ਕੋਈ ਜਾ ਕੇ ਪਰਵਾਨਿਆ ਨੂੰ,
ਮੈਂ ਦੀਵੇ ਤਾਂ ਥਾਂ-ਥਾਂ ਸ਼ਿੰਗਾਰੇ ਬੜੇ ਨੇ।