ਫਿਲਮ Ḕਦਮ ਲਗਾ ਕੇ ਹਈਸ਼ਾḔ ਨੇ ਫਿਲਮ ਜਗਤ ਵਿਚ ਨਵਾਂ ਝੰਡਾ ਲਹਿਰਾਇਆ ਹੈ। ਇਕ ਤਾਂ ਇਸ ਫਿਲਮ ਨੇ ਇਹ ਮਿਥ ਤੋੜ ਦਿੱਤੀ ਹੈ ਕਿ ਵੱਡੇ ਬਜਟ ਵਾਲੀਆਂ ਫਿਲਮਾਂ ਹੀ ਕਮਾਈ ਕਰ ਸਕਦੀਆਂ ਹਨ। ਦੂਜੇ, ਫਿਲਮ ਬਣਨ ਤੋਂ ਬਾਅਦ ਪ੍ਰਚਾਰ ਮੁਹਿੰਮਾਂ ਨਾਲ ਜਿਹੜੀਆਂ ਧੂੜਾਂ ਪੁੱਟੀਆਂ ਜਾਂਦੀਆਂ ਹਨ, ਉਸ ਬਾਰੇ ਵੀ ਇਸ ਫਿਲਮ ਨੇ ਚੰਗਾ ਸਬਕ ਦਿੱਤਾ ਹੈ।
ਛੋਟੇ ਬਜਟ ਵਾਲੀ ਇਸ ਫਿਲਮ ਦੀ ਚਾਣਚੱਕ ਸਫਲਤਾ ਨੇ ਸਾਬਤ ਕੀਤਾ ਹੈ ਕਿ ਜੇ ਫਿਲਮ ਵਿਚ ਜਾਨ ਹੋਵੇ ਤਾਂ ਇਹ ਕਮਾਈ ਵੀ ਕਰੇਗੀ ਅਤੇ ਪ੍ਰਸ਼ੰਸਾ ਵੀ ਖੱਟੇਗੀ। ਪਹਿਲਾਂ-ਪਹਿਲ ਬਾਕਸ ਆਫਿਸ ਉਤੇ ਇਹ ਫਿਲਮ ਭਾਵੇਂ ਕੋਈ ਖਾਸ ਕ੍ਰਿਸ਼ਮਾ ਨਹੀਂ ਸੀ ਦਿਖਾ ਸਕੀ ਪਰ ਦੋ ਦਿਨਾਂ ਬਾਅਦ ਜਦੋਂ ਦਰਸ਼ਕਾਂ ਨੇ ਫਿਲਮ ਦੀ ਪ੍ਰਸ਼ੰਸਾ ਅਰੰਭ ਕੀਤੀ ਤਾਂ ਫਿਲਮ ਆਪਣਾ ਭਾਰ ਸਾਂਭ ਗਈ। ਅਸਲ ਵਿਚ ਇਸ ਫਿਲਮ ਦੀ ਕਹਾਣੀ ਅੱਜ ਕੱਲ੍ਹ ਬਣ ਰਹੀਆਂ ਫਿਲਮਾਂ ਤੋਂ ਬਿਲਕੁੱਲ ਹਟਵੀਂ ਹੈ ਅਤੇ ਦਰਸ਼ਕਾਂ ਨੂੰ ਫਿਲਮ ਦਾ ਇਹੀ ਨਿਵੇਕਲਾਪਣ ਭਾਅ ਗਿਆ ਅਤੇ ਉਨ੍ਹਾਂ ਨੇ ਇਹ ਫਿਲਮ ਦੇਖਣ ਲਈ ਕਤਾਰਾਂ ਬੰਨ੍ਹ ਲਈਆਂ। ਸਿੱਟੇ ਵਜੋਂ ਬਾਕਸ ਆਫਿਸ ਉਤੇ ਜਿਹੜੀ ਫਿਲਮ ਪਹਿਲੇ ਦੋ ਦਿਨ ਡੋਲਣ-ਡੋਲਣ ਕਰ ਰਹੀ ਸੀ, ਅਚਾਨਕ ਕਮਾਈ ਕਰਨ ਦੇ ਰਾਹ ਪੈ ਗਈ। ਇਸ ਤੋਂ ਬਆਦ ਤਾਂ ਫਿਲਮ ਦੀ ਪ੍ਰਸ਼ੰਸਾ ਕਰਨ ਵਾਲਿਆਂ ਦਾ ਹੜ੍ਹ ਹੀ ਆ ਗਿਆ। ਇਸ ਫਿਲਮ ਵਿਚ ਅਦਾਕਾਰ ਆਯੂਸ਼ਮਾਨ ਖੁਰਾਣਾ ਅਤੇ ਨਵੀਂ-ਨਵੇਲੀ ਅਦਾਕਾਰਾ ਭੂਮੀ ਪੜਨੇਕਰ ਦੀਆਂ ਮੁੱਖ ਭੂਮਿਕਾਵਾਂ ਹਨ। ਆਯੂਸ਼ਮਾਨ ਖੁਰਾਣਾ ਜਿਹੜਾ ਵਧੀਆ ਗਾ ਵੀ ਲੈਂਦਾ ਹੈ, ਅਜਿਹੀਆਂ ਸਾਰਥਕ ਫਿਲਮਾਂ ਲਈ ਬੜਾ ਮਸ਼ਹੂਰ ਹੈ। ਚੰਡੀਗੜ੍ਹ ਤੋਂ ਉਠਿਆ ਇਹ ਮੁੰਡਾ ਅਜੇ 2012 ਵਿਚ ਹੀ ਫਿਲਮੀ ਦੁਨੀਆਂ ਵਿਚ ਆਇਆ ਸੀ ਅਤੇ ਇਸ ਨੇ ਆਪਣੀ ਪਹਿਲੀ ਹੀ ਫਿਲਮ Ḕਵਿੱਕੀ ਡੋਨਰḔ ਨਾਲ ਫਿਲਮ ਜਗਤ ਵਿਚ ਧੁੰਮਾਂ ਪਾ ਦਿੱਤੀਆਂ ਸਨ। ਇਸ ਪਹਿਲੀ ਫਿਲਮ ਦੀ ਕਹਾਣੀ ਅਤੇ ਨਿਵਕੇਲੇਪਣ ਨੇ ਵੀ ਉਦੋਂ ਸਭ ਨੂੰ ਦੰਗ ਕੀਤਾ ਸੀ। ਇਸ ਫਿਲਮ ਵਿਚ ਉਹਦੇ ਨਾਲ ਯਾਮੀ ਗੌਤਮ ਅਤੇ ਅਨੂ ਕਪੂਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਵਿਚ ਖੁਰਾਣੇ ਵਲੋਂ ਗਾਇਆ ਗੀਤ Ḕਪਾਣੀ ਦਾ ਰੰਗḔ ਬੇਹੱਦ ਮਕਬੂਲ ਹੋਇਆ ਅਤੇ ਉਹਨੇ ਬਤੌਰ ਗਾਇਕ ਵੀ ਆਪਣੀ ਪੈਂਠ ਬਣਾਈ। ਉਸ ਦੀ ਦੂਜੀ ਫਿਲਮ Ḕਨੌਟੰਕੀ ਸਾਲਾḔ (2013) ਵੀ ਵੱਖਰੀ ਤਰ੍ਹਾਂ ਦੀ ਕਾਮੇਡੀ ਫਿਲਮ ਸੀ। ਇਸ ਵਿਚ ਸ਼ਾਮਲ ਖੁਰਾਣਾ ਦੇ ਦੋ ਗੀਤ Ḕਸਾਡੀ ਗਲੀ ਆ ਜਾḔ ਅਤੇ Ḕਤੂ ਹੀ ਤੂḔ ਨੇ ਵੀ ਸਰੋਤਿਆਂ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਉਹਦੀਆਂ ਦੋ ਫਿਲਮਾਂ ḔਬੇਵਕੂਫੀਆਂḔ (2014) ਅਤੇ Ḕਹਵਾਈਜ਼ਾਦਾḔ (2015) ਵਪਾਰਕ ਪੱਖੋਂ ਤਾਂ ਭਾਵੇਂ ਢਿੱਲੀਆਂ ਰਹੀਆਂ, ਪਰ ਉਸ ਦੀ ਅਦਾਕਾਰੀ ਦੀ ਤਾਰੀਫ ਹੋਈ। ਉਂਜ, ਇਨ੍ਹਾਂ ਫਿਲਮਾਂ ਦੀ ਬਾਕਸ ਆਫਿਸ ਉਤੇ ਜਿਹੜੀ ਰੜਕ ਰਹਿ ਗਈ ਸੀ, ਉਹ ਹੁਣ Ḕਦਮ ਲਗਾ ਕੇ ਹਈਸ਼ਾḔ ਨੇ ਪੂਰੀ ਕਰ ਦਿੱਤੀ ਹੈ। Ḕਦਮ ਲਗਾ ਕੇ ਹਈਸ਼ਾḔ ਦੀ ਕਹਾਣੀ ਪਰਿਵਾਰਕ ਹੈ। ਫਿਲਮ-ਆਲੋਚਕਾਂ ਮੁਤਾਬਕ ਅਜਿਹੀ ਫਿਲਮ ਚਿਰਾਂ ਬਾਅਦ ਆਈ ਹੈ ਅਤੇ ਇਸ ਫਿਲਮ ਨਾਲ ਫਿਲਮੀ ਦੁਨੀਆਂ ਵਿਚ ਨਵੇਂ ਰੁਝਾਨ ਦਾ ਅਰੰਭ ਹੋਵੇਗਾ। ਆਯੂਸ਼ਮਾਨ ਖੁਰਾਣਾ ਦਾ ਵਾਅਦਾ ਹੈ ਕਿ ਉਹ ਅਗਾਂਹ ਤੋਂ ਵੀ ਸਾਰਥਕ ਫਿਲਮਾਂ ਹੀ ਕਰੇਗਾ।