ਕਿਸਾਨਾਂ ‘ਤੇ ਕੁਦਰਤ ਦਾ ਕਹਿਰ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸਰਕਾਰ ਦੀ ਬੇਰੁਖ਼ੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾਂ ‘ਤੇ ਕੁਦਰਤ ਵੀ ਕਹਿਰ ਬਣ ਟੁੱਟੀ ਹੈ। ਸੂਬੇ ਵਿਚ ਬੇਮੌਸਮੀ ਬਾਰਸ਼ ਕਾਰਨ 18 ਲੱਖ 70 ਹਜ਼ਾਰ ਏਕੜ ਰਕਬੇ ਵਿਚ ਖੜ੍ਹੀ ਕਣਕ ਦੀ ਫਸਲ ਤੇ ਸਬਜ਼ੀਆਂ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ।

ਹਾੜ੍ਹੀ ਦੀ ਮੁੱਖ ਫਸਲ ਕਣਕ ਦਾ ਔਸਤਨ 20 ਫੀਸਦੀ ਤੱਕ ਨੁਕਸਾਨ ਹੋਇਆ ਹੈ ਜਦਕਿ ਸਬਜ਼ੀਆਂ 75 ਫੀਸਦੀ ਤੱਕ ਤਬਾਹ ਹੋ ਗਈਆਂ। ਇਸ ਸਾਲ ਮਾਰਚ ਵਿਚ ਜਿੰਨਾ ਮੀਂਹ ਪਿਆ ਹੈ, ਉਸ ਨਾਲ 1915 ਵਿਚ ਇਸ ਮਹੀਨੇ ਪਏ ਮੀਂਹ ਦਾ ਰਿਕਾਰਡ ਟੁੱਟ ਗਿਆ ਹੈ।
ਇਸ ਮਾਰ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਮਿਲਣ ਦੀ ਵੀ ਉਮੀਦ ਨਹੀਂ, ਕਿਉਂਕਿ ਕਣਕ ਦਾ ਨੁਕਸਾਨ 50 ਫੀਸਦੀ ਤੋਂ ਘੱਟ ਹੈ, ਇਸ ਲਈ ਕੇਂਦਰ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਕਿਸਾਨਾਂ ਦੀ ਭਰਪਾਈ ਸੰਭਵ ਨਹੀਂ। ਇਸ ਨੀਤੀ ਤਹਿਤ ਮੁਆਵਜ਼ਾ ਉਸ ਸੂਰਤ ਵਿਚ ਹੀ ਮਿਲ ਸਕਦਾ ਹੈ, ਜੇ ਕਿਸੇ ਜ਼ਿਲ੍ਹੇ ਦਾ 50 ਫ਼ੀਸਦੀ ਰਕਬਾ 75 ਫ਼ੀਸਦੀ ਤੋਂ ਵੱਧ ਨੁਕਸਾਨਿਆ ਜਾਵੇ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਾਲ ਹੀ ਵਿਚ ਫ਼ਸਲਾਂ ਦੇ ਲਾਗਤ ਮੁੱਲ ਉਤੇ ਪੰਜਾਹ ਫ਼ੀਸਦੀ ਮੁਨਾਫ਼ਾ ਦੇਣ ਤੋਂ ਇਨਕਾਰ ਕਰ ਕੇ ਕਿਸਾਨਾਂ ਨੂੰ ਵੱਡਾ ਝਟਕਾ ਦੇ ਚੁੱਕੀ ਹੈ। ਇਸ ਤੋਂ ਇਲਾਵਾ ਐਫ਼ਸੀæਆਈæ ਵਲੋਂ ਪੰਜਾਬ ਵਿਚ ਖਰੀਦ ਦਾ ਕੋਟਾ ਘਟਾਉਣ ਤੇ ਭੂਮੀ ਗ੍ਰਹਿਣ ਆਰਡੀਨੈਂਸ ਵਰਗੇ ਕਿਸਾਨਾਂ ਵਿਰੋਧੀ ਫੈਸਲਿਆਂ ਪਿੱਛੋਂ ਕੁਦਰਤ ਵਲੋਂ ਦਿੱਤੇ ਇਸ ਝਟਕੇ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਫਸਲ, ਸਬਜ਼ੀਆਂ ਤੇ ਫਲਾਂ ਦੇ ਦਰਖ਼ਤਾਂ ਦਾ ਇੰਨਾ ਜ਼ਿਆਦਾ ਨੁਕਸਾਨ ਪਿਛਲੇ ਕਈ ਦਹਾਕਿਆਂ ਦੌਰਾਨ ਨਹੀਂ ਹੋਇਆ। ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ ਅੰਮ੍ਰਿਤਸਰ, ਪਟਿਆਲਾ ਤੇ ਮੋਗਾ ਜ਼ਿਲ੍ਹਿਆਂ ਵਿਚ 80-80 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦਾ ਫਸਲ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਵਿਚ 50 ਹਜ਼ਾਰ, ਫਤਹਿਗੜ੍ਹ ਸਾਹਿਬ ਵਿਚ 54 ਹਜ਼ਾਰ, ਫਿਰੋਜ਼ਪੁਰ ਵਿਚ 65 ਹਜ਼ਾਰ, ਮੁਕਤਸਰ ਵਿਚ 42 ਹਜ਼ਾਰ, ਸੰਗਰੂਰ ਵਿਚ 28 ਹਜ਼ਾਰ, ਮਾਨਸਾ ਵਿਚ 33 ਹਜ਼ਾਰ, ਲੁਧਿਆਣਾ ਵਿਚ 30 ਹਜ਼ਾਰ, ਕਪੂਰਥਲਾ ਵਿਚ 28 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਸਮੁੱਚੇ ਪੰਜਾਬ ਵਿਚ 80 ਲੱਖ 20 ਹਜ਼ਾਰ ਏਕੜ (27æ18 ਹੈਕਟੇਅਰ) ਰਕਬੇ ਵਿਚ ਬੀਜੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ।
ਪਿਛਲੇ 20 ਸਾਲਾਂ ਤੋਂ ਭਾਰੀ ਕਰਜ਼ੇ ਤੇ ਹੋਰ ਕਾਰਨਾਂ ਕਰ ਕੇ ਹਰ ਰੋਜ਼ ਤਕਰੀਬਨ 2000 ਕਿਸਾਨ ਖੇਤੀ ਖੇਤਰ ਵਿਚੋਂ ਬਾਹਰ ਹੋ ਰਹੇ ਹਨ ਤੇ ਹਰ 37 ਮਿੰਟ ਬਾਅਦ ਮੁਲਕ ਦਾ ਇਕ ਕਿਸਾਨ ਖ਼ੁਦਕੁਸ਼ੀ ਕਰ ਲੈਂਦਾ ਹੈ। ਪੰਜਾਬ ਵਿਚ ਹਾਲ ਹੀ ਵਿਚ ਕਰਵਾਏ ਸਰਵੇਖਣ ਵਿਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ-ਮਜ਼ਦੂਰਾਂ ਦੀ ਗਿਣਤੀ 6926 ਦੱਸੀ ਗਈ ਸੀ। ਇਨ੍ਹਾਂ ਵਿਚੋਂ 2943 ਕਿਸਾਨਾਂ ਤੇ 1743 ਮਜ਼ਦੂਰਾਂ ਨੇ ਕਰਜ਼ੇ ਹੇਠ ਦਬਣ ਕਰ ਕੇ ਖ਼ੁਦਕੁਸ਼ੀਆਂ ਕੀਤੀਆਂ ਸਨ। ਪੰਜਾਬ ਸਰਕਾਰ ਨੇ ਮਜ਼ਦੂਰ-ਕਿਸਾਨ ਯੂਨੀਅਨਾਂ ਵਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ 2011 ਤੋਂ ਬਾਅਦ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ-ਮਜ਼ਦੂਰਾਂ ਦਾ ਸਰਵੇਖਣ ਕਰਨ ਲਈ ਅਜੇ ਤੱਕ ਫੰਡ ਜਾਰੀ ਨਹੀਂ ਕੀਤੇ। ਬੇਮੌਸਮੀਆਂ ਬਰਸਾਤਾਂ ਜਾਂ ਸੋਕੇ ਨਾਲ ਤਕਰੀਬਨ ਹਰ ਸਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਹੁਣ ਤੱਕ ਵੀ ਕੋਈ ਠੋਸ ਤੇ ਪ੍ਰਭਾਵਸ਼ਾਲੀ ਨੀਤੀ ਤੈਅ ਨਹੀਂ ਕੀਤੀ ਗਈ। ਸਰਕਾਰ ਵਲੋਂ ਬਣਾਈ ਗਈ ਫ਼ਸਲੀ ਬੀਮਾ ਯੋਜਨਾ ਵਿਚ ਪਿੰਡ ਨੂੰ ਆਧਾਰ ਮੰਨਿਆ ਗਿਆ ਹੈ, ਪਰ ਕਿਸਾਨ ਇਸ ਨੂੰ ਪ੍ਰਤੀ ਏਕੜ ਦੇ ਆਧਾਰ ਅਨੁਸਾਰ ਨਿਸ਼ਚਿਤ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਮੌਜੂਦਾ ਨੀਤੀ ਤਹਿਤ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਇਹੀ ਹਾਲ ਕੇਂਦਰ ਸਰਕਾਰ ਵਲੋਂ ਬਣਾਈ ਗਈ ਕੁਦਰਤੀ ਆਫ਼ਤਾਂ ਤੋਂ ਰਾਹਤ ਯੋਜਨਾ ਦਾ ਹੈ।
______________________________________
ਬਾਦਲ ਵਲੋਂ ਕੇਂਦਰ ਕੋਲ ਪਹੁੰਚ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੇਮੌਸਮੇ ਮੀਂਹ ਕਾਰਨ ਕਣਕ ਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਤੋਂ 700 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪ੍ਰਤੀ ਏਕੜ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਾਉਣੀ ਦੀ ਫ਼ਸਲ ਦੌਰਾਨ ਸੋਕੇ ਕਾਰਨ ਕਿਸਾਨਾਂ ਵੱਲੋਂ ਫੂਕੇ ਮਹਿੰਗੇ ਡੀਜ਼ਲ ਬਦਲੇ ਵੀ 3200 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਇਸ ਨੂੰ ਬੂਰ ਨਹੀ ਪਿਆ ਸੀ।