ਡਰੱਗ ਕੇਸ: ਬਿਕਰਮ ਸਿੰਘ ਮਜੀਠੀਆ ਫਿਰ ਘਿਰੇ

ਚੰਡੀਗੜ੍ਹ: ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਨਸ਼ਾ ਤਸਕਰੀ ਨਾਲ ਜੁੜੇ ਕੁਝ ਅਹਿਮ ਖੁਲਾਸਿਆਂ ਨਾਲ ਪੰਜਾਬ ਦੀ ਸਿਆਸਤ ਮੁੜ ਗਰਮਾ ਗਈ ਹੈ। ਛੇ ਹਜ਼ਾਰ ਕਰੋੜ ਡਰੱਗ ਰੈਕਟ ਦੇ ਸਰਗਨਾ ਜਗਦੀਸ਼ ਭੋਲਾ ਤੋਂ ਬਾਅਦ ਇਸੇ ਮਾਮਲੇ ਵਿਚ ਕਾਬੂ ਜਗਜੀਤ ਚਾਹਲ ਨੇ ਐਨਫੋਰਸਮੈਂਟ ਡਾਇਰੈਕਟਰ (ਈæਡੀæ) ਕੋਲ ਪੁੱਛਗਿੱਛ ਦੌਰਾਨ ਸ਼ ਮਜੀਠੀਆ ਦਾ ਨਾਂ ਲਿਆ ਹੈ।

ਚਾਹਲ ਨੇ ਮੰਨਿਆ ਹੈ ਕਿ ਸ਼ ਮਜੀਠੀਆ ਨੇ ਉਸ ਤੋਂ 35 ਲੱਖ ਰੁਪਏ ਵਸੂਲੇ ਸਨ। ਹੁਣ ਸ਼ ਮਜੀਠੀਆ ਕੈਨੇਡਾ ਦੇ ਤਿੰਨ ਪਰਵਾਸੀ ਭਾਰਤੀਆਂ ਸਤਪ੍ਰੀਤ ਸੱਤਾ ਤੇ ਅਮਨਿੰਦਰ ਲਾਡੀ ਤੇ ਪਰਮਿੰਦਰ ਪਿੰਦੀ ਤੋਂ ਵਸੂਲੀ ਕਰਨ ਦੇ ਦੋਸ਼ ਵਿਚ ਘਿਰ ਗਏ ਹਨ।
ਇਹੀ ਨਹੀਂ ਸ਼ ਮਜੀਠੀਆ ਨੇ ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਦੇ ਬਾਹਰਵਾਰ ਨਿਊ ਓਬਰਾਏ ਰਿਜ਼ੋਰਟ ਦੇ ਨੇੜੇ ਦੋ ਕਨਾਲ ਵਿਚ ਜਿਹੜਾ ਸ਼ਾਨਦਾਰ ਘਰ ਬਣਾਇਆ ਹੈ, ਉਹ ਵੀ ਸ਼ੱਕ ਦੇ ਘੇਰੇ ਵਿਚ ਹੈ। ਈæਡੀæ ਉਨ੍ਹਾਂ ਦੇ ਨੇੜਲਿਆਂ ਦੀ ਭਾਰਤ ਤੇ ਵਿਦੇਸ਼ਾਂ ਵਿਚਲੀਆਂ ਸੰਪਤੀਆਂ ਦਾ ਪਤਾ ਲਗਾ ਰਿਹਾ ਹੈ। ਦੱਸਣਯੋਗ ਹੈ ਕਿ ਈæਡੀæ ਨਸ਼ਾ ਤਸਕਰੀ ਨਾਲ ਜੁੜੇ ਹਵਾਲਾ ਕਾਰੋਬਾਰ ਮਾਮਲੇ ਵਿਚ ਸ਼ ਮਜੀਠੀਆ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਰਿਹਾ ਹੈ। ਚਾਹਲ ਤੇ ਮਹਿੰਦਰ ਸਿੰਘ ਬਿੱਟੂ ਔਲਖ ਨੂੰ ਈæਡੀæ ਨੇ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਲੋਂ ਈæਡੀæ ਨੂੰ ਦਿੱਤੇ ਇਨ੍ਹਾਂ ਹਲਫਨਾਮਿਆਂ ਨੂੰ ਜਾਂਚ ਏਜੰਸੀ ਨੇ ਚਾਰਜਸ਼ੀਟ ਦੇ ਹਿੱਸੇ ਵਜੋਂ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ ਹੈ। ਚਾਹਲ ਦੀਆਂ ਹਿਮਾਚਲ ਪ੍ਰਦੇਸ਼ ਵਿਚ ਦਵਾਈਆਂ ਬਣਾਉਣ ਵਾਲੀਆਂ ਤਿੰਨ ਕੰਪਨੀਆਂ ਹਨ। ਇਨ੍ਹਾਂ ਬਿਆਨਾਂ ਦੀ ਸਭ ਤੋਂ ਸਨਸਨੀਖੇਜ਼ ਗੱਲ ਇਹ ਹੈ ਕਿ ਇਹ ਸ਼ ਮਜੀਠੀਆ ਵੱਲ ਇਸ਼ਾਰਾ ਕਰ ਰਹੇ ਹਨ ਕਿ ਉਹ ਕੈਨੇਡਾ ਸਥਿਤ ਸੱਤਾ, ਲਾਡੀ ਤੇ ਪਿੰਦੀ ਦੇ ਸਰਪ੍ਰਸਤ ਹਨ। ਚਾਹਲ ਦੇ ਬਿਆਨ ਮੁਤਾਬਕ ਇਹ ਪਰਵਾਸੀ ਭਾਰਤੀ ਆਮ ਤੌਰ ‘ਤੇ ਮੰਤਰੀ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚਲੀਆਂ ਸਰਕਾਰੀ ਤੇ ਨਿੱਜੀ ਰਿਹਾਇਸ਼ਾਂ ਵਿਚ ਠਹਿਰਦੇ ਸਨ। ਚਾਹਲ ਵਲੋਂ 9 ਫਰਵਰੀ ਨੂੰ ਦਰਜ ਕਰਵਾਏ ਬਿਆਨ ਵਿਚ ਕਿਹਾ ਹੈ ਕਿ ਸਾਲ 2007 ਤੋਂ 2012 ਤੱਕ ਉਸ ਨੇ ਮੰਤਰੀ ਨੂੰ ਚੋਣ ਫੰਡ ਵਜੋਂ ਕਿਸ਼ਤਾਂ ਵਿਚ 35 ਲੱਖ ਰੁਪਏ ਦਿੱਤੇ ਸਨ। ਬਿੱਟੂ ਔਲਖ ਨੇ 13 ਜਨਵਰੀ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਸੱਤਾ, ਸ਼ ਮਜੀਠੀਆ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਘਰ ਵਿਚ ਆਮ ਆਉਂਦਾ-ਜਾਂਦਾ ਸੀ। ਸ਼ ਮਜੀਠੀਆ ਨੇ ਇਹ ਦੋਸ਼ ਰੱਦ ਕੀਤੇ ਹਨ ਅਤੇ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਮੌਕੇ ਇਹ ਜਾਣਕਾਰੀ ਜਾਣ-ਬੁੱਝ ਕੇ ਲੀਕ ਕੀਤੀ ਗਈ ਹੈ।
_________________________________________
ਸੁਖਪਾਲ ਸਿੰਘ ਖਹਿਰਾ ਨੂੰ ਵੀ ਪਿਆ ਘੇਰਾ
ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਨਾਂ ਵੀ ਨਸ਼ਾ ਤਸਕਰੀ ਮਾਮਲੇ ਵਿਚ ਬੋਲਿਆ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਕ ਕੌਮਾਂਤਰੀ ਹੈਰੋਇਨ ਤਸਕਰੀ ਦੇ ਸਰਗਨੇ ਗੁਰਦੇਵ ਸਿੰਘ ਭੁਲੱਥ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ) ਨਾਲ ਸ਼ ਖਹਿਰਾ ਦੇ ਗੂੜ੍ਹੇ ਸਬੰਧ ਹਨ। ਦੱਸਣਯੋਗ ਹੈ ਕਿ ਪੁਲਿਸ ਨੇ ਗੁਰਦੇਵ ਸਿੰਘ ਨੂੰ ਸੱਤ ਹੋਰ ਵਿਅਕਤੀਆਂ ਨਾਲ ਗ੍ਰਿਫਤਾਰ ਕਰ ਕੇ ਉਸ ਕੋਲੋਂ ਦੋ ਕਿਲੋ ਹੈਰੋਇਨ, ਸੋਨੇ ਦੇ 24 ਬਿਸਕੁਟ ਬਰਾਮਦ ਕੀਤੇ ਹਨ। ਪੰਜਾਬ ਪੁਲਿਸ ਮੁਤਾਬਕ ਗੁਰਦੇਵ ਸਿੰਘ ਉਰਫ ਚੇਅਰਮੈਨ ਸ਼ ਖਹਿਰਾ ਦਾ ਨਜ਼ਦੀਕੀ ਹੈ ਤੇ ਪਿਛਲੇ 11 ਮਹੀਨਿਆਂ ਦੌਰਾਨ ਦੋਵਾਂ ਨੇ ਫੋਨ ਉਪਰ 78 ਵਾਰ ਗੱਲ ਕੀਤੀ ਹੈ। ਪੁਲਿਸ ਨੂੰ ਸ਼ੱਕ ਹੋਣ ‘ਤੇ ਗੁਰਦੇਵ ਨੇ 28 ਫਰਵਰੀ 2015 ਨੂੰ ਆਪਣਾ ਮੋਬਾਈਲ ਬੰਦ ਕਰ ਦਿੱਤਾ ਸੀ। ਗੁਰਦੇਵ ਦੀ ਵਿਦੇਸ਼ ਵਿਚ ਰਹਿੰਦੀ ਭੈਣ ਵੀ ਸ਼ ਖਹਿਰਾ ਦੇ ਸੰਪਰਕ ਵਿਚ ਹੈ। ਉਧਰ ਸ਼ ਖਹਿਰਾ ਦਾ ਦੋਸ਼ ਹੈ ਕਿ ਸੁਖਬੀਰ ਸਿੰਘ ਬਾਦਲ, ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਤੇ ਜਗੀਰ ਕੌਰ ਨੇ ਉਸ ਦਾ ਸਿਆਸੀ ਜੀਵਨ ਤਬਾਹ ਕਰਨ ਲਈ ਉਸ ਦਾ ਨਾਂ ਡਰੱਗ ਮਾਫੀਏ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਹੈ ਕਿ ਸਬੰਧਤ ਕੇਸਾਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਜਾਂ ਕਿਸੇ ਸਿਟਿੰਗ ਜੱਜ ਕੋਲੋਂ ਜਾਂਚ ਕਰਵਾਈ ਜਾਵੇ।