ਧੂਰੀ ਜ਼ਿਮਨੀ ਚੋਣ ਲਈ ਵੋਟਾਂ 11 ਅਪਰੈਲ ਨੂੰ

ਚੰਡੀਗੜ੍ਹ: ਪੰਜਾਬ ਦੇ ਧੂਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ 11 ਅਪਰੈਲ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਜ਼ਿਮਨੀ ਚੋਣ ਦਾ ਐਲਾਨ ਕਰਦਿਆਂ ਸਮੁੱਚੇ ਸੰਗਰੂਰ ਜ਼ਿਲ੍ਹੇ ਵਿਚ ਚੋਣ ਜ਼ਾਬਤਾ ਵੀ ਲਗਾ ਦਿੱਤਾ ਹੈ। ਇਸ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਮਲ 17 ਮਾਰਚ ਤੋਂ ਸ਼ੁਰੂ ਹੋ ਜਾਵੇਗਾ।

ਵੋਟਾਂ ਦੀ ਗਿਣਤੀ 15 ਅਪਰੈਲ ਨੂੰ ਵਿਸਾਖੀ ਤੋਂ ਬਾਅਦ ਹੋਵੇਗੀ। ਇਸ ਹਲਕੇ ਤੋਂ 2012 ਦੀਆਂ ਆਮ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਤੋਂ ਚੁਣੇ ਗਏ ਅਰਵਿੰਦ ਖੰਨਾ ਵਲੋਂ ਅਸਤੀਫਾ ਦੇਣ ਤੋਂ ਬਾਅਦ ਚੋਣ ਕਰਾਈ ਜਾ ਰਹੀ ਹੈ। ਇਸ ਹਲਕੇ ਤੋਂ ਮੁੱਖ ਮੁਕਾਬਲਾ ਹਾਕਮ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਹੋਣ ਦੇ ਆਸਾਰ ਹਨ ਕਿਉਂਕਿ ਆਮ ਆਦਮੀ ਪਾਰਟੀ (ਆਪ) ਨੇ ਜ਼ਿਮਨੀ ਚੋਣ ਨਾ ਲੜਨ ਦਾ ਫੈਸਲਾ ਲਗਪਗ ਕਰ ਲਿਆ ਹੈ।
ਚੋਣ ਕਮਿਸ਼ਨ ਦੇ ਐਲਾਨ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਨੂੰ ਵੀ ਬਰੇਕਾਂ ਲੱਗ ਗਈਆਂ ਹਨ। ਸ੍ਰੀ ਬਾਦਲ ਇਸ ਤੋਂ ਪਹਿਲਾਂ ਇਸ ਹਲਕੇ ਨਾਲ ਸਬੰਧਤ ਸ਼ਹਿਰ ਧੂਰੀ ਅਤੇ ਦਿਹਾਤੀ ਖੇਤਰ ਵਿਚ ਸੰਗਤ ਦਰਸ਼ਨਾਂ ਰਾਹੀਂ 25 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਗਰਾਂਟਾਂ ਵੰਡ ਚੁੱਕੇ ਹਨ। ਕਾਂਗਰਸ ਅਤੇ ਹੋਰ ਕਿਸੇ ਰਾਜਸੀ ਧਿਰ ਨੇ ਇਸ ਵਿਧਾਨ ਸਭਾ ਖੇਤਰ Ḕਚ ਹਾਲ ਦੀ ਘੜੀ ਸਰਗਰਮੀਆਂ ਸ਼ੁਰੂ ਨਹੀਂ ਕੀਤੀਆਂ। ਪੰਜਾਬ ਦੀ ਰਾਜਨੀਤੀ ਵਿਚ ਧੂਰੀ ਵਿਧਾਨ ਸਭਾ ਹਲਕੇ ਦੀ ਚੋਣ ਰਾਜਸੀ ਧਿਰਾਂ ਲਈ ਮਹਿਜ਼ ਰਾਜਸੀ ਮਾਅਰਕਾ ਹੀ ਨਹੀਂ ਹੋਵੇਗਾ ਸਗੋਂ ਗਣਿਤ ਦੇ ਪੱਖ ਤੋਂ ਵੀ ਬਹੁਤ ਅਹਿਮ ਮੰਨੀ ਜਾ ਰਹੀ ਹੈ। ਇਸ ਹਲਕੇ ਤੋਂ ਜੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਹਾਸਲ ਕਰਦਾ ਹੈ ਤਾਂ ਇਸ ਪਾਰਟੀ ਨੂੰ ਵਿਧਾਨ ਸਭਾ ਵਿਚ ਸਪਸ਼ਟ ਬਹੁਮਤ ਹਾਸਲ ਹੋ ਜਾਵੇਗਾ ਤੇ ਭਾਰਤੀ ਜਨਤਾ ਪਾਰਟੀ ਦੇ ਸਹਾਰੇ ਦੀ ਜ਼ਰੂਰਤ ਨਹੀਂ ਪਵੇਗੀ। ਅਕਾਲੀ ਦਲ ਕੋਲ ਇਸ ਸਮੇਂ 58 ਵਿਧਾਇਕਾਂ ਦਾ ਅੰਕੜਾ ਹੈ ਤੇ ਇੱਕ ਵਿਧਾਇਕ ਨਾਲ ਗਿਣਤੀ 59 ਹੋ ਜਾਵੇਗੀ। ਧੜਿਆਂ Ḕਚ ਵੰਡੀ ਕਾਂਗਰਸ ਲਈ ਇਹ ਚੋਣ ਇਸ ਕਰ ਕੇ ਅਹਿਮ ਹੈ ਕਿਉਂਕਿ ਇਸ ਹਲਕੇ ਤੋਂ ਕਾਂਗਰਸ ਨੁਮਾਇੰਗੀ ਕਰ ਰਹੀ ਸੀ ਤੇ ਇਸ ਪਾਰਟੀ ਲਈ ਧੂਰੀ ਹਲਕੇ Ḕਤੇ ਕਬਜ਼ਾ ਬਰਕਰਾਰ ਰੱਖਣਾ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੇ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ਕਰੀਬ 36 ਹਜ਼ਾਰ ਵੋਟਾਂ ਦੀ ਲੀਡ ਲਈ ਸੀ। ਇਸ ਲਈ ਆਪ ਵਲੋਂ ਜ਼ਿਮਨੀ ਚੋਣ ਵਿਚੋਂ ਬਾਹਰ ਰਹਿਣ ਦੇ ਐਲਾਨ ਨੇ ਅਕਾਲੀ ਦਲ ਨੂੰ ਵੱਡੀ ਰਾਹਤ ਦਿੱਤੀ ਹੈ।