ਜੰਮੂ ਕਸ਼ਮੀਰ ਵਿਚ ਕਸੂਤੀ ਫਸੀ ਭਾਜਪਾ

ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਵਿਚ ਦੋ ਅਸਲੋਂ ਵਿਰੋਧੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀæਡੀæਪੀæ) ਅਤੇ ਭਾਜਪਾ ਦੇ ਹਕੂਮਤੀ ਗੱਠਜੋੜ ਦਾ ਤਜਰਬਾ ਪਹਿਲੇ ਹੱਲੇ ਹੀ ਫੇਲ੍ਹ ਹੁੰਦਾ ਜਾਪ ਰਿਹਾ ਹੈ। ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਵੱਲੋਂ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਆਗੂ ਤੇ ਮੁਸਲਿਮ ਲੀਗ ਦੇ ਚੇਅਰਮੈਨ ਮਸੱਰਤ ਆਲਮ ਦੀ ਰਿਹਾਈ ਨੇ ਦੇਸ਼ ਭਰ ਵਿਚ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ

ਤੇ ਜੰਮੂ ਕਸ਼ਮੀਰ ਸਰਕਾਰ ਵਿਚ ਭਾਈਵਾਲ ਬਣੀ ਭਾਜਪਾ ਨੂੰ ਇਸ ਦਾ ਜਵਾਬ ਦੇਣਾ ਔਖਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸੰਸਦ ਵਿਚ ਜੰਮੂ ਕਸ਼ਮੀਰ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਦੇਸ਼ ਦੀ ਏਕਤਾ ਲਈ ਉਨ੍ਹਾਂ ਦੀ ਸਰਕਾਰ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।
ਮਸੱਰਤ ਖ਼ਿਲਾਫ਼ ਜੰਗ ਛੇੜਨ ਸਣੇ ਦਰਜਨਾਂ ਮਾਮਲੇ ਦਰਜ ਹਨ ਤੇ ਉਸ ਉਪਰ 10 ਲੱਖ ਰੁਪਏ ਦਾ ਇਨਾਮ ਵੀ ਸੀ। ਮੁਫਤੀ ਸਰਕਾਰ ਵੱਖਵਾਦੀ ਮਸਰਤ ਆਲਮ ਦੀ ਰਿਹਾਈ ਪਿੱਛੋਂ ਹੁਣ 22 ਸਾਲ ਤੋਂ ਸ੍ਰੀਨਗਰ ਜੇਲ੍ਹ ਵਿਚ ਬੰਦ ਮੁਹੰਮਦ ਕਾਸਿਮ ਫਕਤੂ ਸਮੇਤ 800 ਅਤਿਵਾਦੀਆਂ ਦੀ ਰਿਹਾਈ ਦੀ ਤਿਆਰੀ ਕਰ ਰਹੀ ਹੈ। ਫਕਤੂ ਘਾਟੀ ਵਿਚ ਸਭ ਤੋਂ ਲੰਬਾ ਸਮਾਂ ਜੇਲ੍ਹ ਵਿਚ ਰਹਿਣ ਵਾਲਾ ਕੈਦੀ ਹੈ, ਉਹ ਇਸਲਾਮੀ ਸੰਗਠਨ ਜਮਾਤ-ਉਲ-ਮੁਜੁਹਦੀਨ ਦਾ ਸਾਬਕਾ ਕਮਾਂਡਰ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਿਥੇ ਜੰਮੂ ਕਸ਼ਮੀਰ ਸਰਕਾਰ ਤੋਂ ਸਪਸ਼ਟੀਕਰਨ ਮੰਗ ਕੇ ਖਹਿੜਾ ਛਡਾਉਣ ਦੀ ਕੋਸ਼ਿਸ਼ ਵਿਚ ਹੈ, ਉਥੇ ਮੁੱਖ ਮੰਤਰੀ ਮੁਫਤੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਭਾਈਵਾਲ ਭਾਜਪਾ ਨੂੰ ਭਰੋਸੇ ਵਿਚ ਲੈ ਕੇ ਇਹ ਕਦਮ ਚੁੱਕੇ ਜਾ ਰਹੇ ਹਨ।
ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਨੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਭਗਵੀਂ ਪਾਰਟੀ ਮੁਫ਼ਤੀ ਮੁਹੰਮਦ ਸਈਦ ਦੀ ਸਰਕਾਰ ਨਾਲ ਜੁੜ ਕੇ ਅਪਣੀਆਂ ਉਂਗਲੀਆਂ ਤਾਂ ਸਾੜ ਹੀ ਰਹੀ ਹੈ, ਨਾਲ ਹੀ ਇਸ ਨਾਲ ਪੂਰੇ ਦੇਸ਼ ਲਈ ਸੰਕਟ ਵੀ ਪੈਦਾ ਹੋ ਸਕਦਾ ਹੈ। ਉਧਰ, ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੀæਡੀæਪੀæ ਨੂੰ ਪਤਾ ਹੈ ਕਿ ਸਾਂਝੀ ਸਰਕਾਰ ਜ਼ਿਆਦਾ ਦੇਰ ਟਿਕਣ ਵਾਲੀ ਨਹੀਂ ਤੇ ਛੇਤੀ ਹੀ ਸੂਬੇ ਵਿਚ ਮੁੜ ਚੋਣਾਂ ਦਾ ਮਾਹੌਲ ਬਣ ਰਿਹਾ ਹੈ। ਇਸ ਲਈ ਪੀæਡੀæਪੀæ ਵੱਖਵਾਦੀ ਆਗੂਆਂ ਨੂੰ ਰਿਹਾਅ ਕਰ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵਿਚ ਹੈ ਕਿ ਉਹ ਆਪਣੇ ਏਜੰਡੇ ‘ਤੇ ਕਾਇਮ ਹੈ। ਦੱਸਣਯੋਗ ਹੈ ਕਿ ਪੀæਡੀæਪੀæ-ਭਾਜਪਾ ਸਰਕਾਰ ਵੱਲੋਂ ਪਹਿਲੀ ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਹਰ ਦਿਨ ਇਕ ਨਵਾਂ ਵਿਵਾਦ ਜਨਮ ਲੈ ਰਿਹਾ ਹੈ। ਉਸੇ ਦਿਨ ਮੁੱਖ ਮੰਤਰੀ ਵੱਲੋਂ ਰਿਆਸਤ ਵਿਚ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਨ ਦਾ ਸਿਹਰਾ ਪਾਕਿਸਤਾਨ ਸਰਕਾਰ ਤੇ ਵੱਖਵਾਦੀ ਆਗੂਆਂ ਨੂੰ ਦੇਣ ਨਾਲ ਵਿਵਾਦ ਪੈਦਾ ਹੋ ਗਿਆ ਸੀ ਤੇ ਦੇਸ਼ ਦੀ ਸੰਸਦ ਵਿਚ ਮੋਦੀ ਸਰਕਾਰ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਕੁਝ ਦਿਨ ਬਾਅਦ ਪੀæਡੀæਪੀæ ਦੇ ਅੱਠ ਵਿਧਾਇਕਾਂ ਨੇ ਅਫ਼ਜ਼ਲ ਗੁਰੂ ਦੀਆਂ ਨਿਸ਼ਾਨੀਆਂ ਉਸ ਦੇ ਪਰਿਵਾਰ ਨੂੰ ਸੌਂਪਣ ਦਾ ਮਤਾ ਭੇਜ ਦਿੱਤਾ ਜਿਸ ਨੇ ਇਕ ਹੋਰ ਵਿਵਾਦ ਨੂੰ ਜਨਮ ਦੇ ਦਿੱਤਾ।
ਗਿਲਾਨੀ ਵੱਲੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ: ਜੰਮੂ ਕਸ਼ਮੀਰ ਦੇ ਵੱਖਵਾਦੀ ਆਗੂ ਮਸੱਰਤ ਆਲਮ ਦੀ ਰਿਹਾਈ ਦੇ ਚੱਲ ਰਹੇ ਵਿਵਾਦ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਨਵੀਂ ਦਿੱਲ ਿਵਿਚ ਹੁਰੀਅਤ ਕਾਨਫਰੰਸ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਮੁਲਾਕਾਤ ਕਰ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਮੀਟਿੰਗ ਭਾਰਤ ਦੇ ਵਿਦੇਸ਼ ਸਕੱਤਰ ਐਸ਼ ਜੈਸ਼ੰਕਰ ਦੀ ਪਾਕਿਸਤਾਨ ਫੇਰੀ ਦੌਰਾਨ ਵਿਚਾਰੇ ਮਾਮਲਿਆਂ ਬਾਰੇ ਕੀਤੀ ਗਈ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਦੋਵਾਂ ਦੇਸ਼ਾਂ ਦਰਮਿਆਨ ਵਿਦੇਸ਼ ਸਕੱਤਰ ਪੱਧਰੀ ਵਾਰਤਾ ਇਸ ਕਰਕੇ ਰੱਦ ਕਰ ਦਿੱਤੀ ਗਈ ਸੀ ਕਿ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਹੁਰੀਅਤ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਹੁਣ ਦੋਵਾਂ ਦੇਸ਼ਾਂ ਵਿਚ ਵਿਦੇਸ਼ ਸਕੱਤਰ ਪੱਧਰੀ ਵਾਰਤਾ ਦਾ ਪਿੜ ਮੁੜ ਬੱਝਾ ਹੈ ਪਰ ਇਨ੍ਹਾਂ ਆਗੂਆਂ ਦੀ ਮਿਲਣੀ ਕਾਰਨ ਹਾਲਾਤ ਮੁੜ ਬਦਲ ਸਕਦੇ ਹਨ।