ਸ੍ਰੀ ਹਰਿਮੰਦਰ ਸਾਹਿਬ ਦੇ ਵਿਸ਼ਵ ਵਿਰਾਸਤੀ ਦਰਜੇ ਤੋਂ ਟਲ ਰਹੀ ਹੈ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਲਈ ਕੋਸ਼ਿਸ਼ਾਂ ਤੋਂ ਟਲਦੀ ਜਾਪਦੀ ਹੈ। ਸ਼੍ਰੋਮਣੀ ਕਮੇਟੀ ਹਲਕਿਆਂ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜੇਕਰ ਯੂਨੈਸਕੋ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਗੁਰਦੁਆਰਿਆਂ ਦੇ ਮਾਮਲਿਆਂ ਵਿਚ ਪੁਰਾਤਤਵ ਵਿਭਾਗ ਦੀ ਦਖ਼ਲਅੰਦਾਜ਼ੀ ਸ਼ੁਰੂ ਹੋ ਜਾਵੇਗੀ,

ਜੋ ਕਿਸੇ ਵੀ ਤਰ੍ਹਾਂ ਸੰਗਤੀ ਪ੍ਰਬੰਧ ਲਈ ਜਾਇਜ਼ ਨਹੀਂ ਹੈ ਤੇ ਸੰਗਤ ਵਲੋਂ ਵੀ ਇਸ ਦਾ ਵਿਰੋਧ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ 2004 ਵਿਚ ਇਸ ਤਰ੍ਹਾਂ ਦੀ ਇਕ ਮੁਹਿੰਮ ਨੂੰ ਉਸ ਵੇਲੇ ਰੱਦ ਕਰ ਦਿੱਤਾ ਗਿਆ ਸੀ ਜਦੋਂ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਇਕ ਡੋਜੀਅਰ ਯੂਨੈਸਕੋ ਨੂੰ ਭੇਜਿਆ ਗਿਆ ਸੀ। ਉਸ ਵੇਲੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਾਂਝੇ ਤੌਰ ‘ਤੇ ਇਹ ਡੋਜੀਅਰ ਤਿਆਰ ਕੀਤਾ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਦੀ ਅਪੀਲ ਕੀਤੀ ਸੀ ਪਰ ਕੁਝ ਸਮੇਂ ਬਾਅਦ ਹੀ ਜਦੋਂ ਇਹ ਦਰਜਾ ਮਿਲਣ ਨੇੜੇ ਸੀ ਤਾਂ ਸਿੱਖ ਜਥੇਬੰਦੀ ਨੇ ਅਚਨਚੇਤੀ ਆਪਣਾ ਫੈਸਲਾ ਬਦਲ ਲਿਆ ਤੇ ਡੋਜੀਅਰ ਵਾਪਸ ਮੰਗਵਾ ਲਿਆ ਸੀ। ਉਸ ਵੇਲੇ ਡੋਜੀਅਰ ਤਿਆਰ ਕਰਨ ਲਈ ਡੂੰਘਾਈ ਨਾਲ ਖੋਜ ਦਾ ਕੰਮ ਵੀ ਕੀਤਾ ਗਿਆ ਸੀ।
ਇਸ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਜਿਨ੍ਹਾਂ ਇਹ ਡੋਜੀਅਰ ਤਿਆਰ ਕਰਨ ਲਈ ਅਹਿਮ ਰੋਲ ਨਿਭਾਇਆ ਸੀ, ਨੇ ਕਿਹਾ ਕਿ ਹੁਣ ਤਾਂ ਸ਼ੱਕ ਹੈ ਕਿ ਯੂਨੈਸਕੋ ਸ਼ਾਇਦ ਇਸ ਰੂਹਾਨੀ ਅਸਥਾਨ ਨੂੰ ਇਹ ਦਰਜਾ ਨਾ ਦੇਵੇ ਕਿਉਂਕਿ ਇਸ ਦੀ ਬਾਹਰੀ ਬਣਤਰ ਵਿਚ ਵੱਡੀਆਂ ਤਬਦੀਲੀਆਂ ਹੋ ਚੁੱਕੀਆਂ ਹਨ। ਪੁਰਾਣੀ ਬਣਤਰ ਹੋਰ ਸੀ ਤੇ ਹੁਣ ਆਧੁਨਿਕ ਬਣਤਰ ਤਿਆਰ ਹੋ ਚੁੱਕੀ ਹੈ। ਪ੍ਰਵੇਸ਼ ਦੁਆਰ ਪਲਾਜ਼ਾ ਦੀ ਉਸਾਰੀ ਨਾਲ ਇਸ ਦਾ ਬਾਹਰੀ ਸਰੂਪ ਤਬਦੀਲ ਹੋ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਤਬਦੀਲੀਆਂ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ 2004 ਵਿਚ ਜਦੋਂ ਇਹ ਦਰਜਾ ਪ੍ਰਾਪਤ ਕਰਨ ਲਈ ਜਦੋਜਹਿਦ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਇਹ ਮਾਮਲਾ ਆਖਰੀ ਪੜਾਅ ‘ਤੇ ਸੀ। ਸਿਰਫ਼ ਇਕ ਮਹੀਨਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੀ ਅਪੀਲ ਦੇ ਆਧਾਰ ਉਤੇ ਭਾਰਤ ਸਰਕਾਰ ਨੇ ਇਹ ਮੰਗ ਵਾਪਸ ਲੈ ਲਈ ਸੀ। ਕੀ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ‘ਤੇ ਮੁੜ ਸੋਚਣਾ ਚਾਹੀਦਾ ਹੈ, ਬਾਰੇ ਉਨ੍ਹਾਂ ਆਖਿਆ ਕਿ ਸ਼ਾਇਦ ਹੁਣ ਇਹ ਅਪੀਲ ਦੁਬਾਰਾ ਸਵੀਕਾਰ ਨਾ ਹੋਵੇ ਕਿਉਂਕਿ ਹੁਣ ਇਥੇ ਆਲੇ ਦੁਆਲੇ ਵੱਡੀਆਂ ਤਬਦੀਲੀਆਂ ਆ ਚੁੱਕੀਆਂ ਹਨ। ਇਹ ਮਾਮਲਾ ਰਾਜ ਸਭਾ ਵਿਚ ਵਿਚਾਰਿਆ ਗਿਆ ਹੈ, ਜਿਥੇ ਕੇਂਦਰੀ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਮਹੇਸ਼ ਸ਼ਰਮਾ ਨੇ ਇਕ ਲਿਖਤੀ ਜਵਾਬ ਵਿਚ ਦੱਸਿਆ ਕਿ ਅਪਰੈਲ 2014 ਵਿਚ ਸਰਕਾਰ ਨੇ ਯੂਨੈਸਕੋ ਨੂੰ ਭਾਰਤ ਦੀਆਂ 46 ਥਾਂਵਾਂ ਦੀ ਸੂਚੀ ਸੌਂਪੀ ਸੀ, ਜਿਨ੍ਹਾਂ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਲਈ ਵਿਚਾਰਨ ਵਾਸਤੇ ਅਪੀਲ ਕੀਤੀ ਸੀ। ਇਸ ਸੂਚੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਨਾਂ ਵੀ ਸ਼ਾਮਲ ਹੈ। ਇਸ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਹੈ ਪਰ ਉਨ੍ਹਾਂ ਆਖਿਆ ਕਿ ਇਹ ਮਾਮਲਾ ਅੰਤ੍ਰਿੰਗ ਕਮੇਟੀ ਵਿਚ ਰੱਖਣਗੇ ਤੇ ਅੰਤ੍ਰਿੰਗ ਕਮੇਟੀ ਵਲੋਂ ਕੀਤੇ ਸਮੂਹਿਕ ਫੈਸਲੇ ਨੂੰ ਲਾਗੂ ਕਰਨਗੇ। ਉਨ੍ਹਾਂ ਅਸਿੱਧੇ ਤੌਰ ‘ਤੇ ਕੇਂਦਰ ਸਰਕਾਰ ਵਲੋਂ ਇਸ ਸੂਚੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਨਾਂ ਸ਼ਾਮਲ ਕੀਤੇ ਜਾਣ ‘ਤੇ ਵਿਸ਼ੇਸ਼ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ।